ਕਿਸਾਨ ਰਣਧੀਰ ਦੇ ਬਾਗ ਵਿੱਚ ਦੋ ਫੁੱਟ ਚਾਰ ਇੰਚ ਦੀ ਅਰਬੀ ਹੋਈ ਤਿਆਰ
ਪੱਤਰ ਪ੍ਰੇਰਕ ਸ਼ਾਹਬਾਦ ਮਾਰਕੰਡਾ, 13 ਮਾਰਚ ਇੱਥੇ ਕੁਰੂਕਸ਼ੇਤਰ ਦੇ ਸੈਕਟਰ-8 ਦੇ ਪ੍ਰਗਤੀਸ਼ੀਲ ਕਿਸਾਨ ਰਣਧੀਰ ਸ਼ਯੋਕੰਦ ਨੇ ਆਪਣੇ ਰਸੋਈ ਗਾਰਡਨ ਵਿੱਚ 2 ਫੁੱਟ 4 ਇੰਚ ਦੀ ਅਰਬੀ ਤਿਆਰ ਕੀਤੀ ਹੈ। ਅਰਬੀ ਦੇ ਪੌਦੇ ਦਾ ਭਾਰ 4 ਕਿੱਲੋ ਤੋਂ ਵਧੇਰੇ ਹੈ। ਹੁਣ...
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 13 ਮਾਰਚ
ਇੱਥੇ ਕੁਰੂਕਸ਼ੇਤਰ ਦੇ ਸੈਕਟਰ-8 ਦੇ ਪ੍ਰਗਤੀਸ਼ੀਲ ਕਿਸਾਨ ਰਣਧੀਰ ਸ਼ਯੋਕੰਦ ਨੇ ਆਪਣੇ ਰਸੋਈ ਗਾਰਡਨ ਵਿੱਚ 2 ਫੁੱਟ 4 ਇੰਚ ਦੀ ਅਰਬੀ ਤਿਆਰ ਕੀਤੀ ਹੈ। ਅਰਬੀ ਦੇ ਪੌਦੇ ਦਾ ਭਾਰ 4 ਕਿੱਲੋ ਤੋਂ ਵਧੇਰੇ ਹੈ। ਹੁਣ ਉਹ ਅਰਬੀ ਦੀ ਲੰਬਾਈ ਤੇ ਵਜ਼ਨ ਨੂੰ ਲਿਮਕਾ ਬੁੱਕ ਆਫ ਰਿਕਾਰਡ ਵਿੱਚ ਦਰਜ ਕਰਾਉਣ ਲਈ ਅਰਜ਼ੀ ਦੇਵੇਗਾ। ਜ਼ਿਕਰਯੋਗ ਹੈ ਕਿ ਰਣਧੀਰ ਸ਼ਯੋਕੰਦ ਨੇ ਸਬਜ਼ੀਆਂ ਦੀਆਂ ਵੱਖ-ਵੱਖ ਕਿਸਮਾਂ ਨੂੰ ਲੈ ਕੇ 16 ਵਾਰ ਆਪਣਾ ਨਾਂ ਲਿਮਕਾ ਬੁੱਕ ਆਫ ਰਿਕਾਰਡ ਵਿਚ ਦਰਜ ਕਰਵਾ ਚੁੱਕਿਆ ਹੈ। ਉਸ ਨੇ ਦੱਸਿਆ ਕਿ ਉਹ ਕੈਥਲ ਜ਼ਿਲ੍ਹੇ ਦੇ ਪਿੰਡ ਜਾਜਨਪੁਰ ਵਿੱਚ ਪਿਛਲੇ ਕਈ ਸਾਲਾਂ ਤੋਂ 20 ਏਕੜ ਜ਼ਮੀਨ ’ਤੇ ਖੇਤੀ ਕਰ ਰਿਹਾ ਹੈ। ਇਸ ਦੇ ਨਾਲ-ਨਾਲ ਉਸ ਨੂੰ ਸਬਜ਼ੀਆਂ ਉਗਾਉਣ ਦਾ ਸ਼ੌਕ ਹੈ। ਉਸ ਨੂੰ 2001 ਵਿੱਚ ਸਬਜ਼ੀ ਉਤਪਾਦਨ ਲਈ ਰਾਸ਼ਟਰੀ ਪੁਰਸਕਾਰ, ਰਾਮ ਬਹਾਦਰ, ਰਾਮ ਧਨ ਸਿੰਘ ਪੁਰਸਕਾਰ, ਸਰ ਛੋਟੂ ਰਾਮ ਪੁਰਸਕਾਰ, ਦੇਵੀ ਲਾਲ ਪੁਰਸਕਾਰ, 23 ਦਸੰਬਰ 2023 ਨੂੰ ਹਿਸਾਰ ’ਚ ਪ੍ਰਗਤੀਸ਼ੀਲ ਕਿਸਾਨ ਪੁਰਸਕਾਰ ਮਿਲ ਚੁੱਕਿਆ ਹੈ। ਇਸ ਤੋਂ ਇਲਾਵਾ ਹਰਿਆਣਾ ਤੇ ਪੰਜਾਬ ਦੇ ਵੱਖ ਵੱਖ ਮੁਕਾਬਲਿਆਂ ’ਚ ਸਬਜ਼ੀਆਂ ਦੀਆਂ ਕਿਸਮਾਂ ਬੀਜਣ ਲਈ 215 ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ।

