ਬਹਾਦਰੀ ਦੀ ਵਿਰਾਸਤ: ਪੰਜਵੀਂ ਤੇ ਚੌਥੀ ਪੀੜ੍ਹੀ ਵਿੱਚੋਂ ਬਣੇ ਫੌਜੀ ਅਫਸਰ
ਪਰਿਵਾਰ ਦੀ ਵਿਰਾਸਤ ਨੂੰ ਰੱਖਿਆ ਕਾਇਮ; ਸਰਤਾਜ ਸਿੰਘ, ਹਰਮਨਮੀਤ ਸਿੰਘ ਤੇ ਯੁਵਰਾਜ ਨੂੰ ਮਿਲਿਆ ਭਾਰਤੀ ਫੌਜ ਵਿਚ ਕਮਿਸ਼ਨ
ਦੇਹਰਾਦੂਨ ਦੀ ਇੰਡੀਅਨ ਮਿਲਟਰੀ ਅਕੈਡਮੀ (ਆਈਐਮਏ) ਵਿਚ 525 ਨਵੇਂ ਕੈਡਿਟਾਂ ਨੂੰ ਭਾਰਤੀ ਫੌਜ ਵਿਚ ਕਮਿਸ਼ਨ ਮਿਲਿਆ ਹੈ। ਇਨ੍ਹਾਂ ਵਿੱਚੋਂ ਇੱਕ ਲੈਫਟੀਨੈਂਟ ਸਰਤਾਜ ਸਿੰਘ ਨੂੰ ਪੰਜ ਪੀੜ੍ਹੀਆਂ ਦੀ ਫੌਜੀ ਵਿਰਾਸਤ ਮਿਲਣ ਦਾ ਮਾਣ ਹਾਸਲ ਹੋਇਆ ਹੈ। ਸਰਤਾਜ ਤੋਂ ਇਲਾਵਾ ਦੋ ਜਣੇ ਹੋਰ ਹਨ, ਇਹ ਉਨ੍ਹਾਂ ਪਰਿਵਾਰਾਂ ਤੋਂ ਆਏ ਸਨ ਜਿਨ੍ਹਾਂ ਦੀਆਂ ਚਾਰ ਪੀੜ੍ਹੀਆਂ ਨੇ ਫੌਜੀ ਵਰਦੀ ਪਾਈ।
ਇਸ ਪਾਸਿੰਗ ਆਊਟ ਪਰੇਡ ਦੀ ਫੌਜ ਦੇ ਮੁਖੀ ਜਨਰਲ ਉਪੇਂਦਰ ਦਿਵੇਦੀ ਵਲੋਂ ਸਮੀਖਿਆ ਕੀਤੀ ਗਈ। ਲੈਫਟੀਨੈਂਟ ਸਰਤਾਜ ਸਿੰਘ 20 ਜਾਟ ਵਿੱਚ ਕਮਿਸ਼ਨਡ ਹੋਇਆ। ਉਸ ਦੇ ਪਿਤਾ ਬ੍ਰਿਗੇਡੀਅਰ ਉਪਿੰਦਰ ਪਾਲ ਸਿੰਘ ਦੀ ਵੀ ਇਹੀ ਯੂਨਿਟ ਸੀ। ਲੈਫਟੀਨੈਂਟ ਸਰਤਾਜ ਸਿੰਘ ਉਨ੍ਹਾਂ ਪੀੜ੍ਹੀਆਂ ਵਿਚੋਂ ਹੈ ਜਿਸ ਦੀਆਂ ਜੜ੍ਹਾਂ 1897 ਤੋਂ ਫੌਜ ਵਿਚ ਹਨ। ਉਨ੍ਹਾਂ ਦੇ ਪੁਰਖੇ ਸਿਪਾਹੀ ਕਿਰਪਾਲ ਸਿੰਘ ਨੇ 36 ਸਿੱਖ ਰੈਜੀਮੈਂਟ ਵਜੋਂ ਅਫਗਾਨ ਮੁਹਿੰਮ ਵਿੱਚ ਹਿੱਸਾ ਲਿਆ ਸੀ ਜਿਸ ਨੇ ਹਿੰਮਤ ਅਤੇ ਕੁਰਬਾਨੀ ਨਾਲ ਫੌਜੀ ਪ੍ਰੰਪਰਾ ਅੱਗੇ ਤੋਰੀ।
ਇਸ ਪ੍ਰੰਪਰਾ ਨੂੰ ਉਨ੍ਹਾਂ ਦੇ ਪੜਦਾਦਾ 2 ਫੀਲਡ ਰੈਜੀਮੈਂਟ ਦੇ ਸੂਬੇਦਾਰ ਅਜਮੇਰ ਸਿੰਘ ਨੇ ਹੋਰ ਮਜ਼ਬੂਤ ਕੀਤਾ ਜੋ ਦੂਜੇ ਵਿਸ਼ਵ ਯੁੱਧ ਵਿੱਚ ਬੀੜ ਹਕੀਮ ਵਿਚ ਲੜੇ ਸਨ ਅਤੇ ਬਹਾਦਰੀ ਲਈ ਬ੍ਰਿਟਿਸ਼ ਇੰਡੀਆ ਦਾ ਦੁਰਲੱਭ ਆਰਡਰ ਪ੍ਰਾਪਤ ਕੀਤਾ ਸੀ। ਉਨ੍ਹਾਂ ਦੇ ਦਾਦਾ ਜੀ ਬ੍ਰਿਗੇਡੀਅਰ ਹਰਵੰਤ ਸਿੰਘ ਨੇ 1965 ਅਤੇ 1971 ਦੀਆਂ ਭਾਰਤ-ਪਾਕਿ ਜੰਗਾਂ ਵਿੱਚ ਬਹਾਦਰੀ ਦੇ ਨਵੇਂ ਕਿੱਸੇ ਲਿਖੇ। ਉਨ੍ਹਾਂ ਦੇ ਚਾਚਾ ਕਰਨਲ ਹਰਵਿੰਦਰ ਪਾਲ ਸਿੰਘ ਨੇ 1999 ਦੇ ਕਾਰਗਿਲ ਯੁੱਧ ਦੌਰਾਨ ਸਿਆਚਿਨ ਵਿੱਚ ਪਰਿਵਾਰਕ ਪ੍ਰੰਪਰਾ ਨੂੰ ਕਾਇਮ ਰੱਖਿਆ।
ਇੰਡੀਅਨ ਮਿਲਟਰੀ ਅਕੈਡਮੀ ਨੇ ਕਿਹਾ ਕਿ ਸਰਤਾਜ ਦੀ ਮਾਂ ਵਾਲੇ ਪਾਸੇ ਵੀ ਕਹਾਣੀ ਓਨੀ ਹੀ ਪ੍ਰੇਰਨਾਦਾਇਕ ਹੈ ਜਿਸ ਦੇ ਪਰਿਵਾਰ ਵਿਚੋਂ ਕੈਪਟਨ ਹਰਭਗਤ ਸਿੰਘ, ਕੈਪਟਨ ਗੁਰਮੇਲ ਸਿੰਘ (ਸੇਵਾਮੁਕਤ), ਕਰਨਲ ਗੁਰਸੇਵਕ ਸਿੰਘ (ਸੇਵਾਮੁਕਤ) ਅਤੇ ਕਰਨਲ ਇੰਦਰਜੀਤ ਸਿੰਘ ਵਰਗੇ ਅਫਸਰਾਂ ਨੇ ਪਹਿਲੇ ਵਿਸ਼ਵ ਯੁੱਧ, ਦੂਜੇ ਵਿਸ਼ਵ ਯੁੱਧ, 1971 ਦੀ ਜੰਗ ਅਤੇ ਉਸ ਤੋਂ ਬਾਅਦ ਵੀ ਇਹ ਵਰਦੀ ਸ਼ਾਨਦਾਰ ਢੰਗ ਨਾਲ ਪਾਈ। ਅਜਿਹੇ ਮਾਹੌਲ ਵਿੱਚ ਵੱਡਾ ਹੋ ਕੇ ਸਰਤਾਜ ਨੇ ਸੇਵਾ, ਅਨੁਸ਼ਾਸਨ ਅਤੇ ਦੇਸ਼ ਭਗਤੀ ਨੂੰ ਵਿਚਾਰਾਂ ਵਜੋਂ ਨਹੀਂ, ਸਗੋਂ ਜੀਵਨ ਦੇ ਇੱਕ ਢੰਗ ਵਜੋਂ ਗ੍ਰਹਿਣ ਕੀਤਾ। ਉਸ ਲਈ ਕਮਿਸ਼ਨਿੰਗ ਸਿਰਫ਼ ਇੱਕ ਨਿੱਜੀ ਮੀਲ ਪੱਥਰ ਨਹੀਂ ਹੈ; ਇਹ ਉਹ ਪਲ ਹੈ ਜਦੋਂ ਇਹ ਵਿਰਾਸਤ ਉਸ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਉਸ ਦੀ ਯਾਤਰਾ ਨੌਜਵਾਨਾਂ ਨੂੰ ਯਾਦ ਦਿਵਾਉਂਦੀ ਹੈ ਕਿ ਸੱਚਾ ਸਨਮਾਨ ਨਾਮ ਰਾਹੀਂ ਵਿਰਾਸਤ ਵਿੱਚ ਨਹੀਂ ਮਿਲਦਾ, ਸਗੋਂ ਪਹਿਲਾਂ ਆਏ ਲੋਕਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਤੇ ਮਾਰੇ ਮਾਅਰਕੇ ’ਤੇ ਖਰਾ ਉਤਰ ਕੇ ਪ੍ਰਾਪਤ ਹੁੰਦਾ ਹੈ।
ਲੈਫਟੀਨੈਂਟ ਹਰਮਨਮੀਤ ਸਿੰਘ ਰੀਨ ਵੀ ਫੌਜੀ ਪਰਿਵਾਰ ਵਿਚੋਂ ਹੈ। ਉਸ ਦੇ ਪਰਿਵਾਰ ਦੀਆਂ ਚਾਰ ਪੀੜ੍ਹੀਆਂ ਫੌਜ ਵਿਚ ਰਹੀਆਂ ਹਨ।
ਉਨ੍ਹਾਂ ਦੇ ਪੜਦਾਦਾ ਨੇ ਸਿੱਖ ਰੈਜੀਮੈਂਟ ਵਿੱਚ ਸੇਵਾ ਕੀਤੀ, ਜਿਸ ਨਾਲ ਚਾਰ ਪੀੜ੍ਹੀਆਂ ਤੱਕ ਫੈਲੀ ਵਿਰਾਸਤ ਲਈ ਮੰਚ ਤਿਆਰ ਹੋਇਆ। ਉਨ੍ਹਾਂ ਦੇ ਦਾਦਾ ਜੀ ਸਿਗਨਲਜ਼ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਦੇ ਦੋ ਭਰਾਵਾਂ ਨੇ 1965 ਦੀ ਭਾਰਤ-ਪਾਕਿ ਜੰਗ ਵਿੱਚ ਆਰਟਿਲਰੀ ਰੈਜੀਮੈਂਟ ਦੇ ਅਫਸਰਾਂ ਵਜੋਂ ਲੜਾਈ ਲੜੀ। ਉਨ੍ਹਾਂ ਵਿੱਚੋਂ ਇੱਕ ਕੈਪਟਨ ਉਜਾਗਰ ਸਿੰਘ ਨੂੰ ਬਹਾਦਰੀ ਲਈ ਸੈਨਾ ਮੈਡਲ ਨਾਲ ਨਿਵਾਜਿਆ ਗਿਆ ਸੀ।
ਹਰਮਨਮੀਤ ਦੇ ਪਿਤਾ ਕਰਨਲ ਹਰਮੀਤ ਸਿੰਘ ਇਸ ਵੇਲੇ ਮਰਾਠਾ ਲਾਈਟ ਇਨਫੈਂਟਰੀ ਵਿੱਚ ਸੇਵਾ ਨਿਭਾ ਰਹੇ ਹਨ। ਇਹ ਉਹੀ ਰੈਜੀਮੈਂਟ ਹੈ ਜਿਸ ਵਿੱਚ ਹਰਮਨਮੀਤ ਸ਼ਾਮਲ ਹੋਇਆ ਹੈ। ਮਿਲਟਰੀ ਕਾਲਜ ਆਫ਼ ਟੈਲੀਕਮਿਊਨੀਕੇਸ਼ਨ ਇੰਜੀਨੀਅਰਿੰਗ ਦੇ ਕੈਡੇਟ ਟ੍ਰੇਨਿੰਗ ਵਿੰਗ ਵਿੱਚ ਸਿਲਵਰ ਮੈਡਲ ਜੇਤੂ ਹਰਮਨਮੀਤ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਵੀ ਮੋਹਰੀ ਰਿਹਾ ਹੈ।
ਲੈਫਟੀਨੈਂਟ ਯੁਵਰਾਜ ਸਿੰਘ ਨੁਘਾਲ ਆਪਣੇ ਪਰਿਵਾਰ ਦੀ ਚੌਥੀ ਪੀੜ੍ਹੀ ਵਿਚੋਂ ਹੈ। ਉਸ ਦੇ ਪਿਤਾ ਨੂੰ 7 ਮਕੈਨਾਈਜ਼ਡ ਇਨਫੈਂਟਰੀ ਵਿੱਚ ਕਮਿਸ਼ਨ ਕੀਤਾ ਗਿਆ ਸੀ ਅਤੇ ਉਸ ਤੋਂ ਪਹਿਲਾਂ ਉਸ ਦੇ ਦਾਦਾ ਨੇ 16 ਗ੍ਰੇਨੇਡੀਅਰਜ਼ ਵਿੱਚ ਵਿਸ਼ੇਸ਼ ਤੌਰ ’ਤੇ ਸੇਵਾ ਕੀਤੀ ਸੀ। ਯੁਵਰਾਜ ਦੇ ਪੜਦਾਦਾ ਨੇ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ 7 ਜਾਟ ਵਿੱਚ ਸੇਵਾ ਕੀਤੀ ਸੀ।

