DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੰਬਾਲਾ ਛਾਉਣੀ ਰੇਲਵੇ ਸਟੇਸ਼ਨ ’ਤੇ ਡਿਸਪਲੇ ਉਲਟੀ ਹੋਣ ਕਰਕੇ ਅਫ਼ਰਾ ਤਫ਼ਰੀ ਮਚੀ

ਸੰਪਰਕ ਕ੍ਰਾਂਤੀ ਐਕਸਪ੍ਰੈੱਸ ਦੇ ਯਾਤਰੀਆਂ ਨੂੰ ਆਈ ਪ੍ਰੇਸ਼ਾਨੀ; ੲਿਧਰ ਉੱਧਰ ਭੱਜਦੇ ਨਜ਼ਰ ਆਏ ਯਾਤਰੀ
  • fb
  • twitter
  • whatsapp
  • whatsapp

ਰਤਨ ਸਿੰਘ ਢਿੱਲੋਂ

ਅੰਬਾਲਾ, 15 ਜੁਲਾਈ

ਅੰਬਾਲਾ ਛਾਉਣੀ ਰੇਲਵੇ ਸਟੇਸ਼ਨ ’ਤੇ ਅੱਜ ਸਵੇਰੇ ਤਕਨੀਕੀ ਖ਼ਾਮੀ ਕਰਕੇ ਮੁਸਾਫ਼ਰਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦਰਅਸਲ ਪਲੈਟਫ਼ਾਰਮ ’ਤੇ ਲੱਗੇ ਡਿਸਪਲੇ ’ਤੇ ਕੋਚ ਪੁਜ਼ੀਸ਼ਨ ਉਲਟੀ ਦਿਖਾਈ ਗਈ ਸੀ ਜਿਸ ਕਰਕੇ ਗੱਡੀ ਨੰਬਰ 22686 ਕਰਨਾਟਕ ਸੰਪਰਕ ਕ੍ਰਾਂਤੀ ਐਕਸਪ੍ਰੈੱਸ ਵਿਚ ਚੜ੍ਹਨ ਵਾਲੇ ਮੁਸਾਫ਼ਰਾਂ ਵਿਚ ਅਫ਼ਰਾ ਤਫ਼ਰੀ ਮੱਚ ਗਈ। ਮੁਸਾਫ਼ਰ ਪਲੈਟਫ਼ਾਰਮ ’ਤੇ ਇੱਧਰ-ਉੱਧਰ ਭੱਜਦੇ ਹੋਏ ਨਜ਼ਰ ਆਏ। ਇਸ ਦੌਰਾਨ ਕੁਝ ਮੁਸਾਫ਼ਰ ਸੱਟਾਂ ਖਾਣ ਤੋਂ ਮਸੀਂ ਬਚੇ। ਉਨ੍ਹਾਂ ਇਸ ਦੀ ਸ਼ਿਕਾਇਤ ਰੇਲਵੇ ਪ੍ਰਸ਼ਾਸਨ ਅਤੇ ਆਰਪੀਐੱਫ ਨੂੰ ਕੀਤੀ ਹੈ। ਸ਼ਿਕਾਇਤ ਮਿਲਣ ਮਗਰੋਂ ਰੇਲਵੇ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਆਮ ਕਰਕੇ ਗੱਡੀ ਆਉਣ ਤੋਂ ਪਹਿਲਾਂ ਪਲੈਟਫ਼ਾਰਮ ’ਤੇ ਡਿਸਪਲੇ ਤੇ ਗੱਡੀ ਨੰਬਰ ਅਤੇ ਕੋਚ ਦਰਸਾ ਦਿੱਤੇ ਜਾਂਦੇ ਹਨ ਤਾਂ ਕਿ ਮੁਸਾਫ਼ਰ ਕੋਚ ਆਉਣ ਵਾਲੇ ਸਥਾਨ ਤੇ ਪਹਿਲਾਂ ਹੀ ਖੜ੍ਹੇ ਹੋ ਜਾਣ। ਅੱਜ ਸਵੇਰੇ 4.20 ਵਜੇ ਜਦੋਂ ਕਰਨਾਟਕ ਸੰਪਰਕ ਕ੍ਰਾਂਤੀ ਐਕਸਪ੍ਰੈੱਸ ਅੰਬਾਲਾ ਛਾਉਣੀ ਰੇਲਵੇ ਸਟੇਸ਼ਨ ਦੇ ਪਲੈਟਫ਼ਾਰਮ ਨੰਬਰ-2 ’ਤੇ ਪਹੁੰਚੀ ਤਾਂ ਉਸ ਦੇ ਕੋਚਾਂ ਦੀ ਪੁਜ਼ੀਸ਼ਨ ਉਲਟੀ ਦਰਸਾਈ ਗਈ ਸੀ ਜਿਸ ਕਰਕੇ ਏਸੀ ਕੋਚ ਵਾਲੀ ਥਾਂ ਸਲੀਪਰ ਕੋਚ ਆ ਗਏ ਅਤੇ ਨਤੀਜੇ ਵਜੋਂ ਮੁਸਾਫ਼ਰਾਂ ਵਿਚ ਭਗਦੜ ਮੱਚ ਗਈ। ਉਹ ਆਪਣੇ ਕੋਚਾਂ ਤੱਕ ਦੌੜਦੇ ਨਜ਼ਰ ਆਏ।

ਮੁਸਾਫ਼ਰਾਂ ਨੇ ਸ਼ਿਕਾਇਤ ਕੀਤੀ ਕਿ ਗੱਡੀ 4.20 ਦੀ ਥਾਂ 4.23 ’ਤੇ ਤਿੰਨ ਮਿੰਟ ਦੇਰੀ ਨਾਲ ਪਹੁੰਚੀ ਤੇ 5 ਮਿੰਟ ਦੀ ਥਾਂ ਕੇਵਲ ਤਿੰਨ ਮਿੰਟ ਹੀ ਰੁਕੀ ਅਤੇ 4.26 ਤੇ ਚੱਲ ਪਈ ਜਿਸ ਕਰਕੇ ਉਨ੍ਹਾਂ ਨੂੰ ਹੋਰ ਪ੍ਰੇਸ਼ਾਨੀ ਹੋਈ। ਅੰਬਾਲਾ ਡਿਵੀਜ਼ਨ ਦੇ ਸੀਨੀਅਰ ਡੀਸੀਐਮ ਨਵੀਨ ਕੁਮਾਰ ਝਾਅ ਨੇ ਦੱਸਿਆ ਕਿ ਉਨ੍ਹਾਂ ਨੂੰ ਅੰਬਾਲਾ ਛਾਉਣੀ ਰੇਲਵੇ ਸਟੇਸ਼ਨ ’ਤੇ ਡਿਸਪਲੇ ਗਲਤ ਹੋਣ ਦੀ ਸ਼ਿਕਾਇਤ ਮਿਲੀ ਹੈ, ਇਸ ਦੀ ਜਾਂਚ ਕਰਾਈ ਜਾ ਰਹੀ ਹੈ ਅਤੇ ਸਬੰਧਤ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇਗਾ।