ਪੀ ਪੀ ਵਰਮਾ
ਹਰਿਆਣਾ ਦੇ ਮੁੱਖ ਨਾਇਬ ਸਿੰਘ ਸੈਣੀ ਨੇ ਅੱਜ ਸ਼ਾਮ ਇਥੋਂ ਦੇ ਸੈਕਟਰ-21 ਦੇ ਘੱਗਰ ਘਾਟ ਉੱਤੇ ਸੂਬਾ ਪੱਧਰੀ ਛੱਠ ਪੂਜਾ ਵਿੱਚ ਸ਼ਮੂਲੀਅਤ ਕੀਤੀ। ਇਸ ਦੌਰਾਨ ਹਜ਼ਾਰਾਂ ਪਰਵਾਸੀਆਂ ਨੇ ਡੁੱਬਦੇ ਸੂਰਜ ਨੂੰ ਅਰਗ ਦਿੱਤਾ। ਇਸ ਮੌਕੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਛੱਠ ਪੂਜਾ ਦੇ ਇਸ ਘਾਟ ਨੂੰ ਆਉਣ ਵਾਲੇ ਦਿਨਾਂ ਵਿੱਚ ਹੋਰ ਵਧੀਆ ਬਣਾਇਆ ਜਾਵੇਗਾ। ਛੱਠ ਪੂਜਾ ਧਾਰਮਿਕ ਆਸਥਾ ਹੀ ਨਹੀਂ, ਸਗੋਂ ਸਮਾਜਿਕ ਏਕਤਾ, ਅਨੁਸ਼ਾਸਨ ਤੇ ਸਦਭਾਵਨਾ ਦਾ ਪ੍ਰਤੀਕ ਹੈ। ਅੱਜ ਛੱਠ ਘਾਟ ਉੱਤੇ ਆਸਥਾ ਅਤੇ ਏਕਤਾ ਦਾ ਸੰਗਮ ਦੇਖਣ ਨੂੰ ਮਿਲਿਆ। ਇਸ ਮੌਕੇ ਭਜਨ ਗਾਏ ਗਏ। ਇਸ ਮੌਕੇ ਪੰਚਕੂਲਾ ਪੁਲੀਸ ਨੇ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਹੋਏ ਸਨ। ਲੋਕਾਂ ਦੀ ਸੁਰੱਖਿਆ ਲਈ 534 ਮੁਲਾਜ਼ਮ ਤਾਇਨਾਤ ਸਨ। ਛੱਠ ਪੂਜਾ ਲਈ ਪੰਚਕੂਲਾ ਵਿੱਚ ਹੋਰ ਕਈ ਥਾਵਾਂ ’ਤੇ ਵੀ ਘਾਟ ਬਣਾਏ ਗਏ ਤਾਂ ਜੋ ਸ਼ਰਧਾਲੂਆਂ ਨੂੰ ਪੂਜਾ ਕਰਨ ਵਿੱਚ ਪ੍ਰੇਸ਼ਾਨੀ ਨਾ ਹੋਵੇ। ਇਸ ਮੌਕੇ ਪੰਚਕੂਲਾ ਦੇ ਡਿਪਟੀ ਕਮਿਸ਼ਨਰ ਸਤਪਾਲ ਸ਼ਰਮਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈ ਮਿੱਤਲ ਤੇ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਅਧਿਕਾਰੀ ਮੌਜੂਦ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਸੈਣੀ ਨੇ ਭਾਜਪਾ ਦੇ ਪ੍ਰਦੇਸ਼ ਦਫ਼ਤਰ ਪੰਚਕਮਲ ਪੰਚਕੂਲਾ ਵਿੱਚ ਡਾ. ਮੰਗਲਸੈਨ ਦੀ ਜੈਯੰਤੀ ਸਬੰਧੀ ਰੱਖੇ ਪ੍ਰੋਗਰਾਮ ਵਿੱਚ ਹਿੱਸਾ ਲਿਆ। ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਗਿਆਨ ਚੰਦ ਗੁਪਤਾ, ਨਗਰ ਨਿਗਮ ਦੇ ਮੇਅਰ ਕੁਲਭੂਸ਼ਣ ਗੋਇਲ, ਕਾਲਕਾ ਦੀ ਵਿਧਾਇਕਾ ਸ਼ਕਤੀ ਰਾਣੀ ਸ਼ਰਮਾ ਸਣੇ ਕਈ ਭਾਜਪਾ ਆਗੂ ਇਸ ਸਮੇਂ ਹਾਜ਼ਰ ਸਨ।

