ਮੀਂਹ ਕਾਰਨ 80 ਹਜ਼ਾਰ ਕੁਇੰਟਲ ਖੰਡ ਖਰਾਬ
ਦਵਿੰਦਰ ਸਿੰਘ
ਯਮੁਨਾਨਗਰ, 30 ਜੂਨ
ਜ਼ਿਲ੍ਹੇ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸਰਸਵਤੀ ਸ਼ੂਗਰ ਮਿੱਲ ਨੂੰ ਭਾਰੀ ਨੁਕਸਾਨ ਹੋਇਆ ਹੈ। ਖੰਡ ਦੇ ਗੁਦਾਮਾਂ ਵਿੱਚ ਪਾਣੀ ਵੜਨ ਕਾਰਨ ਲਗਪਗ 80 ਹਜ਼ਾਰ ਕੁਇੰਟਲ ਖੰਡ ਖਰਾਬ ਹੋ ਗਈ। ਜਾਣਕਾਰੀ ਮੁਤਾਬਕ ਗੁਦਾਮ ਵਿੱਚ ਦੋ ਲੱਖ 20 ਹਜ਼ਾਰ ਕੁਇੰਟਲ ਖੰਡ ਸੀ। ਖੰਡ ਤੋਂ ਇਲਾਵਾ, ਸੀਵਰੇਜ ਦੇ ਪਾਣੀ ਕਾਰਨ ਮਸ਼ੀਨਰੀ ਨੂੰ ਵੀ ਨੁਕਸਾਨ ਪਹੁੰਚਿਆ ਹੈ। ਮਿਲ ਅਧਿਕਾਰੀਆਂ ਵੱਲੋਂ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਇਸ ਵੇਲੇ ਨੁਕਸਾਨ ਕਰੋੜਾਂ ਵਿੱਚ ਦੱਸਿਆ ਜਾ ਰਿਹਾ ਹੈ। ਖੰਡ ਮਿੱਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮਿਲ ਦੇ ਨੇੜੇ ਤੋਂ ਲੰਘਦੇ ਗੰਦੇ ਨਾਲੇ ਦੇ ਓਵਰਫਲੋਅ ਹੋਣ ਕਾਰਨ ਪਾਣੀ ਗੁਦਾਮਾਂ ਵਿੱਚ ਦਾਖਲ ਹੋ ਗਿਆ ਹੈ। ਸਰਸਵਤੀ ਸ਼ੂਗਰ ਮਿੱਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਐੱਸਕੇ ਸਚਦੇਵਾ ਨੇ ਕਿਹਾ ਕਿ ਯਮੁਨਾ ਸਿੰਡੀਕੇਟ ਦੇ ਨੇੜੇ ਖੰਡ ਦੇ ਗੁਦਾਮ ਹਨ। ਗੁਦਾਮਾਂ ਨੇੜੇ ਗੰਦਾ ਨਾਲਾ ਲੰਘ ਰਿਹਾ ਹੈ। ਐਤਵਾਰ ਦੇਰ ਰਾਤ ਭਾਰੀ ਬਾਰਿਸ਼ ਕਾਰਨ ਨਾਲਾ ਓਵਰਫਲੋਅ ਹੋ ਗਿਆ ਇਸ ਤੋਂ ਇਲਾਵਾ ਨਾਲੇ ’ਤੇ ਉਸਾਰੀ ਦਾ ਕੰਮ ਵੀ ਚਲ ਰਿਹਾ ਹੈ ਜਿਸ ਕਾਰਨ ਨਿਕਾਸੀ ਵਿੱਚ ਵੀ ਰੁਕਾਵਟ ਆਈ। ਅਜਿਹੀ ਸਥਿਤੀ ਵਿੱਚ, ਇੱਥੇ ਪਾਣੀ ਇਕੱਠਾ ਹੋਣਾ ਸ਼ੁਰੂ ਹੋ ਗਿਆ ਅਤੇ ਸ਼ਟਰ ਦੇ ਹੇਠਾਂ ਤੋਂ ਖੰਡ ਦੇ ਗੁਦਾਮਾਂ ਵਿੱਚ ਲਗਪਗ ਚਾਰ ਚਾਰ ਫੁੱਟ ਪਾਣੀ ਦਾਖਲ ਹੋ ਗਿਆ। ਜਿਵੇਂ ਹੀ ਮਿੱਲ ਪ੍ਰਸ਼ਾਸਨ ਨੂੰ ਇਸ ਬਾਰੇ ਜਾਣਕਾਰੀ ਮਿਲੀ, ਤੁਰੰਤ ਪਾਣੀ ਕੱਢਣ ਦੇ ਪ੍ਰਬੰਧ ਕੀਤੇ ਗਏ । ਪਾਣੀ ਕੱਢਣ ਲਈ ਸਵੇਰ ਤੋਂ ਸ਼ਾਮ ਤੱਕ ਦੋ ਪੰਪ ਚੱਲਦੇ ਰਹੇ। ਦੂਸ਼ਿਤ ਪਾਣੀ ਨੂੰ ਪੰਪਾਂ ਨਾਲ ਕੱਢਣ ਵਿੱਚ ਵੀ ਦਿੱਕਤ ਆ ਰਹੀ ਹੈ। ਨਾਲੇ ਵਿੱਚ ਵੱਡੀ ਮਾਤਰਾ ਵਿੱਚ ਕੂੜਾ ਫੈਲਿਆ ਹੋਇਆ ਦੇਖਿਆ ਗਿਆ। ਜਦੋਂ ਕਿ ਠੇਕੇਦਾਰ ਦਾਅਵਾ ਕਰ ਰਹੇ ਹਨ ਕਿ ਨਗਰ ਨਿਗਮ ਦੇ ਸਾਰੇ ਨਾਲਿਆਂ ਦੀ ਸਫਾਈ ਸਮੇਂ ਸਿਰ ਕਰਵਾ ਦਿੱਤੀ ਗਈ ਹੈ। ਮਿੱਲ ਪ੍ਰਸ਼ਾਸਨ ਅਨੁਸਾਰ, ਪਾਣੀ ਦੇ ਸੰਪਰਕ ਵਿੱਚ ਆਉਣ ’ਤੇ ਖੰਡ ਤੁਰੰਤ ਖਰਾਬ ਹੋ ਜਾਂਦੀ ਹੈ। ਗੁਦਾਮ ਤੋਂ ਖੰਡ ਚੁੱਕਣ ਦਾ ਕੰਮ ਚੱਲ ਰਿਹਾ ਹੈ। ਦੂਸ਼ਿਤ ਪਾਣੀ ਦੀ ਸਲਾਬ ਨਾਲ ਖੰਡ ਪੂਰੀ ਤਰ੍ਹਾਂ ਨਾਲ ਖਰਾਬ ਹੋ ਗਈ ਹੈ, ਨੁਕਸਾਨ ਦਾ ਅੰਕੜਾ ਹੋਰ ਵੀ ਵੱਧ ਸਕਦਾ ਹੈ।