ਕੌਮੀ ਰਾਜਧਾਨੀ ’ਚ 33 ਆਯੂਸ਼ਮਾਨ ਅਰੋਗਿਆ ਮੰਦਰ ਤੇ 17 ਜਨ ਔਸ਼ਧੀ ਕੇਂਦਰਾਂ ਦਾ ਉਦਘਾਟਨ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 17 ਜੂਨ
ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਕੌਮੀ ਰਾਜਧਾਨੀ ਵਿੱਚ 33 ਆਯੂਸ਼ਮਾਨ ਅਰੋਗਿਆ ਮੰਦਰ ਅਤੇ 17 ਜਨ ਔਸ਼ਧੀ ਕੇਂਦਰਾਂ ਦਾ ਉਦਘਾਟਨ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਅਗਲੇ 8 ਮਹੀਨਿਆਂ ਵਿੱਚ ਅਤੇ ਅਗਲੇ ਸਾਲ ਮਾਰਚ ਤੱਕ 1,100 ਤੋਂ ਵੱਧ ਆਯੂਸ਼ਮਾਨ ਅਰੋਗਿਆ ਮੰਦਰਾਂ ਦਾ ਉਦਘਾਟਨ ਕੀਤਾ ਜਾਵੇਗਾ। ਉਨ੍ਹਾਂ ਨੇ ਭ੍ਰਿਸ਼ਟਾਚਾਰ ਅਤੇ ਦਿੱਲੀ ਦੇ ਢਹਿ-ਢੇਰੀ ਹੋ ਰਹੇ ਸਿਹਤ ਬੁਨਿਆਦੀ ਢਾਂਚੇ ਦੇ ਦੋਸ਼ਾਂ ਨੂੰ ਲੈ ਕੇ ਪਿਛਲੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਦਿੱਲੀ ਸਰਕਾਰ ’ਤੇ ਵੀ ਨਿਸ਼ਾਨਾ ਸੇਧਿਆ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਨੇ 5 ਸਾਲ ਪਹਿਲਾਂ ਇਸ ਪ੍ਰਾਜੈਕਟ ਲਈ 2 ਹਜ਼ਾਰ 400 ਕਰੋੜ ਰੁਪਏ ਦਿੱਤੇ ਸਨ, ਪਰ ‘ਆਪ’ ਸਰਕਾਰ ਨੇ ਕਦੇ ਵੀ ਇਸ ਪ੍ਰਾਜੈਕਟ ਨੂੰ ਅਮਲ ਵਿੱਚ ਨਹੀਂ ਲਿਆਂਦਾ। ਉਨ੍ਹਾਂ ਅੱਗੇ ਕਿਹਾ ਕਿ ਅਰੋਗਿਆ ਮੰਦਰ, ਆਪਣੀ ਸਥਾਈ ਬਣਤਰ ਅਤੇ ਜ਼ਰੂਰੀ ਸਹੂਲਤਾਂ ਦੇ ਨਾਲ, ਮਹੱਤਵਪੂਰਨ ਮੁੱਢਲੀਆਂ ਸਿਹਤ ਸੰਭਾਲ ਸੇਵਾਵਾਂ ਦੇਣਗੇ ਅਤੇ ਪਿਛਲੇ ਮੁਹੱਲਾ ਕਲੀਨਿਕਾਂ ਨਾਲੋਂ ਵੱਡੇ ਅੱਪਗ੍ਰੇਡ ਹੋਣਗੇ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਕੁੱਲ 1,140 ਅਰੋਗਿਆ ਮੰਦਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਤੇ ਸਾਨੂੰ ਮਾਰਚ ਤੱਕ ਕੰਮ ਪੂਰਾ ਕਰਨਾ ਪਵੇਗਾ ਨਹੀਂ ਤਾਂ ਫੰਡ ਖਤਮ ਹੋ ਜਾਣਗੇ। ਉਨ੍ਹਾਂ ਕਿਹਾ ਕਿ ਜੋ ਕੰਮ ਪਿਛਲੇ ਪੰਜ ਸਾਲਾਂ ਵਿੱਚ ਲੋਕਾਂ ਦੇ ਭਲੇ ਲਈ ਆਸਾਨੀ ਨਾਲ ਕੀਤਾ ਜਾ ਸਕਦਾ ਸੀ, ਉਹ ਅਗਲੇ ਅੱਠ ਮਹੀਨਿਆਂ ਵਿੱਚ ਕਰਨਾ ਪਵੇਗਾ ਤਾਂ ਜੋ ਲੋਕਾਂ ਲਈ ਅਲਾਟ ਕੀਤੇ ਗਏ ਫੰਡ ਖਤਮ ਨਾ ਹੋ ਜਾਣ। ਅੱਜ 33 ‘ਏਏਐੱਮਜ਼’ ਦਾ ਉਦਘਾਟਨ ਕੌਮੀ ਰਾਜਧਾਨੀ ਵਿੱਚ ਮੁੱਖ ਮੰਤਰੀ ਗੁਪਤਾ ਦੇ ਨਾਲ ਉਨ੍ਹਾਂ ਦੇ ਛੇ ਕੈਬਨਿਟ ਮੰਤਰੀਆਂ, ਸੱਤ ਸੰਸਦ ਮੈਂਬਰਾਂ ਤੇ ਵਿਧਾਇਕਾਂ ਨਾਲ ਕੀਤਾ ਗਿਆ। ਗੁਪਤਾ ਨੇ ਤੀਸ ਹਜ਼ਾਰੀ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਿੱਲੀ ਵਿੱਚ ਇੱਕੋ ਸਮੇਂ 33 ਆਯੂਸ਼ਮਾਨ ਅਰੋਗਿਆ ਮੰਦਰ ਅਤੇ 17 ਜਨ ਔਸ਼ਧੀ ਕੇਂਦਰ ਖੋਲ੍ਹੇ ਜਾ ਰਹੇ ਹਨ। ਕੈਬਨਿਟ ਮੰਤਰੀ ਪਰਵੇਸ਼ ਵਰਮਾ ਨੇ ਬਾਬਰ ਰੋਡ ‘ਤੇ ਸਹੂਲਤ ਦਾ ਉਦਘਾਟਨ ਕੀਤਾ, ਜਦੋਂ ਕਿ ਕਪਿਲ ਮਿਸ਼ਰਾ ਨੇ ਖਜ਼ੂਰੀ ਖਾਸ ਵਿੱਚ ਅਤੇ ਆਸ਼ੀਸ਼ ਸੂਦ ਨੇ ਜਨਕਪੁਰੀ ਵਿੱਚ ਇਸ ਦਾ ਉਦਘਾਟਨ ਕੀਤਾ।
ਦੱਖਣੀ ਦਿੱਲੀ ਦੇ ਸੰਸਦ ਮੈਂਬਰ ਰਾਮਵੀਰ ਸਿੰਘ ਬਿਧੂੜੀ ਨੇ ਤੁਗਲਕਾਬਾਦ ਵਿੱਚ ਸਹੂਲਤ ਦਾ ਉਦਘਾਟਨ ਕੀਤਾ ਜਦੋਂ ਕਿ ਉੱਤਰ ਪੂਰਬੀ ਦਿੱਲੀ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਯਮੁਨਾ ਵਿਹਾਰ ਵਿੱਚ ਸਹੂਲਤ ਦਾ ਉਦਘਾਟਨ ਕੀਤਾ।
ਮੁੱਖ ਮੰਤਰੀ ਨੇ ਪਿਛਲੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਮੁਹੱਲਾ ਕਲੀਨਿਕਾਂ ਦੀ ਆਲੋਚਨਾ ਕੀਤੀ।
ਮੁਹੱਲਾ ਕਲੀਨਿਕਾਂ ਨੂੰ ਪੇਂਟ ਕਰਕੇ ਆਯੂਸ਼ਮਾਨ ਅਰੋਗਿਆ ਮੰਦਰ ਬਣਾਇਆ: ਭਾਰਦਵਾਜ
ਨਵੀਂ ਦਿੱਲੀ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਨੇ ਭਾਜਪਾ ਸਰਕਾਰ ’ਤੇ ਕੇਜਰੀਵਾਲ ਸਰਕਾਰ ਦੌਰਾਨ ਬਣੇ ਮੁਹੱਲਾ ਕਲੀਨਿਕਾਂ ਅਤੇ ਡਿਸਪੈਂਸਰੀਆਂ ਦਾ ਨਾਮ ਬਦਲ ਕੇ ਆਯੂਸ਼ਮਾਨ ਅਰੋਗਿਆ ਮੰਦਰ ਰੱਖਣ ਦਾ ਦੋਸ਼ ਲਾਇਆ ਹੈ। ਇਹ ਦੋਸ਼ ‘ਆਪ’ ਦੇ ਦਿੱਲੀ ਪ੍ਰਦੇਸ਼ ਕਨਵੀਨਰ ਸੌਰਭ ਭਾਰਦਵਾਜ ਨੇ ਲਾਏ ਹਨ। ਅੱਜ ਉਨ੍ਹਾਂ ਸੋਸ਼ਲ ਮੀਡੀਆ ’ਤੇ ਚਿਰਾਗ ਦਿੱਲੀ ਵਿੱਚ ਸਥਿਤ ਏਅਰ-ਕੰਡੀਸ਼ਨਡ ਡਿਸਪੈਂਸਰੀ ਦਾ ਵੀਡੀਓ ਸਾਂਝਾ ਕੀਤਾ ਅਤੇ ਕਿਹਾ ਕਿ ਕੇਜਰੀਵਾਲ ਸਰਕਾਰ ਦੌਰਾਨ ਬਣੇ ਮੁਹੱਲਾ ਕਲੀਨਿਕਾਂ ਅਤੇ ਡਿਸਪੈਂਸਰੀਆਂ ਨੂੰ ਪੇਂਟ ਕਰਕੇ ਭਾਜਪਾ ਸਰਕਾਰ ਦਿੱਲੀ ਵਾਸੀਆਂ ਨੂੰ ਦੱਸ ਰਹੀ ਹੈ ਕਿ ਇਸ ਨੇ ਨਵਾਂ ਆਯੂਸ਼ਮਾਨ ਅਰੋਗਿਆ ਮੰਦਰ ਬਣਾਇਆ ਹੈ। ਚਿਰਾਗ ਦਿੱਲੀ ਵਿੱਚ ਸਥਿਤ ਡਿਸਪੈਂਸਰੀ ਦਾ ਉਦਘਾਟਨ ਉਸ ਸਮੇਂ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕੀਤਾ ਸੀ ਅਤੇ ਅੱਜ ਵੀ ਡਿਸਪੈਂਸਰੀ ’ਤੇ ਸਤੇਂਦਰ ਜੈਨ ਅਤੇ ਉਨ੍ਹਾਂ ਦਾ ਨਾਮ ਲਿਖਿਆ ਇੱਕ ਪੱਥਰ ਹੈ। ਇਸੇ ਤਰ੍ਹਾਂ ਬਾਕੀ ਮੁਹੱਲਾ ਕਲੀਨਿਕਾਂ ਦਾ ਨਾਮ ਵੀ ਅਰੋਗਿਆ ਮੰਦਰ ਰੱਖਿਆ ਜਾ ਰਿਹਾ ਹੈ। ਸੌਰਭ ਭਾਰਦਵਾਜ ਨੇ ਇੰਸਟਾਗ੍ਰਾਮ ’ਤੇ ਕਿਹਾ ਕਿ ਕੇਜਰੀਵਾਲ ਸਰਕਾਰ ਵੱਲੋਂ ਬਣਾਏ ਗਏ ਮੁਹੱਲਾ ਕਲੀਨਿਕਾਂ ਅਤੇ ਡਿਸਪੈਂਸਰੀਆਂ ਨੂੰ ਨਵੇਂ ਸਿਰਿਓਂ ਪੇਂਟ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਨਵੇਂ ਆਰੋਗਿਆ ਅਰੋਗਿਆ ਮੰਦਰ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਕਹਿਣਾ ਹੈ ਕਿ ਉਸ ਨੇ ਹੁਣ ਤੱਕ ਦਿੱਲੀ ਵਿੱਚ 33 ਆਯੂਸ਼ਮਾਨ ਅਰੋਗਿਆ ਮੰਦਰ ਬਣਾਏ ਹਨ, ਜੋ ਝੂਠ ਹੈ, ਕਿਉਂਕਿ ਚਿਰਾਗ ਦਿੱਲੀ ਵਿੱਚ ਭਾਜਪਾ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਏਅਰ-ਕੰਡੀਸ਼ਨਡ ਡਿਸਪੈਂਸਰੀ ਬਣਾਈ ਗਈ ਸੀ, ਇਸ ਨੂੰ ਕੇਜਰੀਵਾਲ ਸਰਕਾਰ ਨੇ 2017 ਵਿੱਚ ਬਣਾਇਆ ਸੀ। ਹੁਣ ਭਾਜਪਾ ਕਹਿ ਰਹੀ ਹੈ ਕਿ ਉਸ ਨੇ ਇੱਥੇ ਇੱਕ ਨਵਾਂ ਆਯੂਸ਼ਮਾਨ ਅਰੋਗਿਆ ਮੰਦਰ ਬਣਾਇਆ ਹੈ।