ਸਤੰਬਰ ਦੇ ਪਹਿਲੇ ਹਫ਼ਤੇ ’ਚ ਪਏ ਭਾਰੀ ਮੀਂਹ ਮਗਰੋਂ 35 ਤੋਂ ਵੱਧ ਪਿੰਡਾਂ ਵਿੱਚ 25 ਹਜ਼ਾਰ ਏਕੜ ’ਚ ਫਸਲਾਂ ਪਾਣੀ ਵਿੱਚ ਡੁੱਬ ਗਈਆਂ ਹਨ। ਜਦੋਂ ਕਿ ਨੁਕਸਾਨ ਪੂਰਤੀ ਪੋਰਟਲ ਉੱਤੇ 75 ਹਜ਼ਾਰ 47 ਏਕੜ ਵਿੱਚ ਨੁਕਸਾਨ ਦੀ ਸ਼ਿਕਾਇਤ ਰਿਪੋਰਟ ਆ ਚੁੱਕੀ ਹੈ।
ਜੁਲਾਨਾ ਇਲਾਕੇ ਦੇ ਮਾਲਵੀ ਪਿੰਡ ਵਿੱਚ ਹਾਲਾਤ ਕਾਫੀ ਖਰਾਬ ਹਨ। ਪਿੰਡਾਂ ਦੇ ਚਾਰੇ ਪਾਸੇ ਖੇਤਾਂ ਵਿੱਚ ਪਾਣੀ ਭਰਿਆ ਹੋਇਆ ਹੈ। ਜਿਸ ਕਾਰਨ ਸੈਂਕੜੇ ਏਕੜ ਵਿੱਚ ਹਾੜੀ ਦੀ ਫਸਲ ਦੀ ਬਿਜਾਈ ਨਾ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਸਮਸ਼ਾਨਘਾਟ ਵਿੱਚ ਵੀ ਤਿੰਨ-ਤਿੰਨ ਫੁੱਟ ਪਾਣੀ ਭਰਿਆ ਹੋਇਆ ਹੈ। ਸਕੂਲ ਦੇ ਗੇਟ ਤੱਕ ਵੀ ਪਾਣੀ ਆਇਆ ਹੋਇਆ ਹੈ। ਪਿੰਡ ਦੇਵਰੜ, ਝਮੋਲਾ, ਬੁਆਨਾ ਤੇ ਬਰਾੜ, ਉੱਧਰ ਪਿੱਲੁਖੇੜਾ ਬਲਾਕ ਦੇ ਪਿੰਡ ਭੜਤਾਨਾ, ਮੋਰਖੀ, ਨਰਵਾਣਾ ਹਲਕੇ ਦੇ ਪਿੰਡ ਧਰੋਦੀ, ਇਸਮਾਈਲਪੁਰ, ਖਾਨਪੁਰ, ਫਰੈਣ, ਭਿਖੇਵਾਲਾ, ਦਨੌਦਾ ਅਤੇ ਦਬਲੈਣ ਆਦਿ ਵਿੱਚ ਵੀ ਪਾਣੀ ਭਰਨ ਮਗਰੋਂ ਹਜ਼ਾਰਾਂ ਏਕੜ ਫਸਲਾਂ ਦਾ ਨੁਕਸਾਨ ਹੋਇਆ ਹੈ। ਉੱਧਰ ਪਿੱਲੁਖੇੜਾ ਬਲਾਕ ਵਿੱਚ ਭੜਤਾਨਾ-ਮੋਰਖੀ ਮਾਰਗ ਉੱਤੇ ਬਣੇ ਰੇਲਵੇ ਅੰਡਰਪਾਸ ਵਿੱਚ ਪਾਣੀ ਭਰਿਆ ਹੋਇਆ ਹੈ। ਜਿਸ ਕਾਰਨ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਮੋਰਖੀ ਦੇ ਕਿਸਾਨ ਵਿਜਿੰਦਰ ਨੇ ਦੱਸਿਆ ਕਿ ਪਿੰਡ ਵਿੱਚ ਸੈਂਕੜੇ ਏਕੜ ਜ਼ਮੀਨ ਦੀ ਫਸਲ ਵਿੱਚ ਪਾਣੀ ਭਰਿਆ ਹੋਇਆ ਹੈ। ਖੇਤਾਂ ‘ਚੋਂ ਪਾਣੀ ਕੱਢਣ ਲਈ 24 ਘੰਟੇ ਮਿਲਣ ਵਾਲੀ ਬਿਜਲੀ ਵੀ ਪੰਜ ਸਤੰਬਰ ਤੋਂ ਬੰਦ ਹੈ।