ਮਾਪਿਆਂ ਨਾਲ ਐਕਟਿਵਾ ’ਤੇ ਜਾ ਰਹੇ 2 ਸਾਲਾ ਮਾਸੂਮ ਦੀ ਹਾਦਸੇ ’ਚ ਦਰਦਨਾਕ ਮੌਤ
ਅੰਬਾਲਾ ਸ਼ਹਿਰ ਦੇ ਸੈਕਟਰ-9 ਵਿੱਚ ਵਾਪਰੇ ਦਰਦਨਾਕ ਹਾਦਸੇ ਵਿੱਚ 2 ਸਾਲ ਦੇ ਅਦਵਿਤ ਨਾਂ ਦੇ ਮਾਸੂਮ ਦੀ ਜਾਨ ਚਲੀ ਗਈ। ਬੱਚਾ ਸੋਮਵਾਰ ਸ਼ਾਮ ਨੂੰ ਬਜ਼ਾਰੋਂ ਸਮਾਨ ਲਿਆਉਣ ਲਈ ਨਿਕਲੇ ਆਪਣੇ ਮਾਪਿਆਂ ਨਾਲ ਐਕਟਿਵਾ 'ਤੇ ਸਵਾਰ ਸੀ। ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਕਾਲੇ ਰੰਗ ਦੀ ਥਾਰ ਕਾਰ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ।
ਹਾਦਸੇ ਵਿਚ ਬੱਚਾ ਸੜਕ ’ਤੇ ਡਿਗ ਪਿਆ ਅਤੇ ਥਾਰ ਦਾ ਪਿਛਲਾ ਟਾਇਰ ਉਸ ਦੇ ਉੱਤੋਂ ਦੀ ਲੰਘ ਗਿਆ। ਹਾਦਸੇ ਤੋਂ ਬਾਅਦ ਥਾਰ ਚਾਲਕ ਬੱਚੇ ਤੇ ਉਸ ਦੇ ਮਾਪਿਆਂ ਨੂੰ ਸਰਵਾਲ ਹਸਪਤਾਲ ਵਿਚ ਲੈ ਗਿਆ ਤੇ ਫਿਰ ਉਥੋਂ ਚੁੱਪ-ਚਾਪ ਖਿਸਕ ਗਿਆ। ਬਾਅਦ ਵਿਚ ਮਾਪੇ ਬੱਚੇ ਨੂੰ ਹੀਲਿੰਗ ਟੱਚ ਪਾਰਕ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸੂਚਨਾ ਮਿਲਣ ’ਤੇ ਸੈਕਟਰ-9 ਪੁਲੀਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਖ਼ਾਨੇ ਵਿਚ ਰਖਵਾਇਆ। ਜਾਂਚ ਅਧਿਕਾਰੀ ਜਸਬੀਰ ਸਿੰਘ ਨੇ ਕਿਹਾ ਕਿ ਸ਼ਿਕਾਇਤ ਵਿੱਚ ਇੱਕ ਕਾਲੇ ਰੰਗ ਦੀ ਥਾਰ ਕਾਰ ਦਾ ਜ਼ਿਕਰ ਹੈ ਤੇ ਉਹ ਥਾਰ ਦੇ ਫਰਾਰ ਡਰਾਈਵਰ ਦੀ ਭਾਲ ਕਰ ਰਹੇ ਹਨ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਜਾਣਕਾਰੀ ਅਨੁਸਾਰ ਮਾਸੂਮ ਦਾ ਪਿਤਾ ਵਿਕਾਸ ਮੂਲ ਰੂਪ ਵਿੱਚ ਕੈਥਲ ਦਾ ਰਹਿਣ ਵਾਲਾ ਹੈ ਅਤੇ ਪਾਣੀਪਤ ਰਿਫਾਇਨਰੀ ਵਿੱਚ ਕੰਮ ਕਰਦਾ ਹੈ। ਇੱਥੇ ਉਹ ਸੈਕਟਰ-10 ਵਿੱਚ ਕਿਰਾਏ ਦੇ ਮਕਾਨ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਿਹਾ ਹੈ।