ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਨ ਦੇ ਨਾਮ ’ਤੇ 14.50 ਲੱਖ ਰੁਪਏ ਠੱਗੇ
ਸੈਕਟਰ 62 ਫਰੀਦਾਬਾਦ ਦੇ ਵਾਸੀ ਨੇ ਸਾਈਬਰ ਪੁਲੀਸ ਸਟੇਸ਼ਨ ਬੱਲਭਗੜ੍ਹ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਹੈ ਕਿ 7 ਜਨਵਰੀ ਨੂੰ ਕਿਸੇ ਨੇ ਉਸ ਨੂੰ ਏ8 ਹਰੀ ਸਿੰਘ ਬੁੱਕ ਡਿਸਸ਼ਨ ਗਰੁੱਪ ਵਿੱਚ ਸ਼ਾਮਲ ਕੀਤਾ ਅਤੇ ਐਡਮਿਨ ਨੇ ਆਪਣਾ ਨਾਮ ਡਾ. ਹਰੀ ਸਿੰਘ ਦੱਸਿਆ। ਉਸ ਨੂੰ ਦੱਸਿਆ ਕਿ ਉਹ ਅਮਰੀਕਾ ਵਿੱਚ ਪੜ੍ਹਿਆ ਹੋਇਆ ਹੈ ਅਤੇ ਉੱਥੇ ਰਹਿੰਦਿਆਂ ਨਿਊਯਾਰਕ ਸਟਾਕ ਐਕਸਚੇਂਜ ਵਿੱਚ ਲੰਬੇ ਸਮੇਂ ਤੱਕ ਅਰਬਾਂ ਰੁਪਏ ਦਾ ਪ੍ਰਬੰਧਨ ਕਰਨ ਦੇ ਆਪਣੇ ਤਜਰਬੇ ਬਾਰੇ ਦੱਸਿਆ, ਜਿਸ ਤੋਂ ਬਾਅਦ ਆਨਲਾਈਨ ਗਰੁੱਪ ਵਿੱਚ ਵਪਾਰ ਕਰਨ ਲਈ ਸੁਝਾਅ ਦਿੱਤੇ ਗਏ। ਮਗਰੋ ਉਸ ਨੇ ਹੇਜਿੰਗ ਟ੍ਰੇਡ ਬਾਰੇ ਦੱਸਿਆ, ਜਿਸ ਰਾਹੀਂ ਪਿਛਲੇ ਸਮੇਂ ਵਿੱਚ ਸਟਾਕ ਮਾਰਕੀਟ ਵਿੱਚ ਹੋਏ ਨੁਕਸਾਨ ਦੀ ਭਰਪਾਈ ਵੀ ਕਰ ਸਕਦੇ ਹੋ। ਸ਼ਿਕਾਇਤਕਰਤਾ ਨੂੰ ਪਹਿਲਾਂ ਵੀ ਸਟਾਕ ਮਾਰਕੀਟ ਵਿੱਚ ਬਹੁਤ ਨੁਕਸਾਨ ਹੋਇਆ ਸੀ, ਜਿਸ ਕਾਰਨ ਉਹ ਧੋਖਾਧੜੀ ਵਿੱਚ ਫਸ ਗਿਆ ਅਤੇ ਵੱਖ-ਵੱਖ ਲੈਣ-ਦੇਣ ਰਾਹੀਂ ਸਟਾਕ ਮਾਰਕੀਟ ਵਿੱਚ 14,50,000 ਰੁਪਏ ਦਾ ਨਿਵੇਸ਼ ਕੀਤਾ ਅਤੇ ਜਦੋਂ ਉਸ ਨੇ ਨਿਵੇਸ਼ ਕੀਤੇ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਅਜਿਹਾ ਕਰਨ ਵਿੱਚ ਅਸਮਰੱਥ ਰਿਹਾ। ਇਸ ’ਤੇ ਸਾਈਬਰ ਪੁਲੀਸ ਸਟੇਸ਼ਨ ਬੱਲਭਗੜ੍ਹ ਵਿੱਚ ਕੇਸ ਦਰਜ ਕੀਤਾ ਗਿਆ। ਪੁਲੀਸ ਬੁਲਾਰੇ ਨੇ ਦੱਸਿਆ ਕਿ ਹਰੀਸ਼ ਕੁਮਾਰ (21) ਵਾਸੀ ਪਿੰਡ ਮਾਹਵਾ ਜ਼ਿਲ੍ਹਾ ਸੀਕਰ ਰਾਜਸਥਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਹਰੀਸ਼ ਧੋਖਾਧੜੀ ਕਰਨ ਵਾਲਿਆਂ ਨੂੰ ਖਾਤੇ ਮੁਹੱਈਆ ਕਰਵਾਉਂਦਾ ਸੀ।