ਨੌਜਵਾਨ ਸੋਚ: ਵਾਤਾਵਰਨ ਸੰਭਾਲ ’ਚ ਮਨੁੱਖੀ ਭੂਮਿਕਾ
ਆਓ ਰੁੱਖਾਂ ਨੂੰ ਪਾਲ਼ੀਏ ਜੰਗਲਾਂ ਦੇ ਦਰੱਖਤਾਂ ਦੀਆਂ ਛਾਵਾਂ ’ਚ ਪਲਿਆ ਮਨੁੱਖ ਵਿਗਿਆਨਿਕ ਯੁੱਗ ਵਿੱਚ ਪੈਰ ਧਰਦਿਆਂ ਹੀ ਮੋਢੇ ’ਤੇ ਕੁਹਾੜਾ ਚੁੱਕ ਕੇ ਵਣਾਂ ਵਿਚੋਂ ਰੁੱਖ ਵੱਢ ਕੇ ਰੜਾ ਮੈਦਾਨ ਬਣਾਉਣ ਨਿਕਲ ਤੁਰਿਆ। ਕਹਿੰਦੇ ਹਨ ਕਿ ਦਰੱਖਤ ਉਂਨਾ ਚਿਰ ਸੌਂਦੇ...
ਆਓ ਰੁੱਖਾਂ ਨੂੰ ਪਾਲ਼ੀਏ
ਜੰਗਲਾਂ ਦੇ ਦਰੱਖਤਾਂ ਦੀਆਂ ਛਾਵਾਂ ’ਚ ਪਲਿਆ ਮਨੁੱਖ ਵਿਗਿਆਨਿਕ ਯੁੱਗ ਵਿੱਚ ਪੈਰ ਧਰਦਿਆਂ ਹੀ ਮੋਢੇ ’ਤੇ ਕੁਹਾੜਾ ਚੁੱਕ ਕੇ ਵਣਾਂ ਵਿਚੋਂ ਰੁੱਖ ਵੱਢ ਕੇ ਰੜਾ ਮੈਦਾਨ ਬਣਾਉਣ ਨਿਕਲ ਤੁਰਿਆ। ਕਹਿੰਦੇ ਹਨ ਕਿ ਦਰੱਖਤ ਉਂਨਾ ਚਿਰ ਸੌਂਦੇ ਨਹੀਂ ਜਿੰਨਾ ਸਮਾਂ ਉਸ ’ਤੇ ਪੰਛੀ ਨਾ ਸੌਂ ਜਾਣ, ਪਰ ਮਨੁੱਖ ਨੇ ਰੁੱਖ ਵੱਢ ਕੇ ਵਾਤਾਵਰਨ ਵਿਚ ਐਨੀ ਗਰਮੀ ਪੈਦਾ ਕਰ ਦਿੱਤੀ ਕਿ ਸਰਦੀ ਦੀ ਰੁੱਤ ਹੀ ਘਟਾ ਦਿੱਤੀ। ਪਿਛਲੀਆਂ ਬਰਸਾਤਾਂ ਦੌਰਾਨ ਹਿਮਾਚਲ ਪ੍ਰਦੇਸ਼ ’ਚ ਆਏ ਭਾਰੀ ਮੀਹਾਂ ਤੇ ਹੜ੍ਹਾਂ ਦੀ ਤਬਾਹੀ ਸਭ ਦੇ ਸਾਹਮਣੇ ਹੈ। ਕਾਰਨ ਇਹ ਕਿ ਅਸੀਂ ਰੁੱਖ ਵੱਢ ਕੇ ਤੇ ਪਹਾੜ ਢਾਹ ਕੇ ਉਥੇ ਆਪਦੇ ਰਹਿਣ ਲਈ ਮਕਾਨ ਬਣਾ ਲਏ। ਹਾਲੇ ਵੀ ਵੇਲਾ ਹੈ, ਆਓ ਰੁੱਖਾਂ ਨੂੰ ਪਾਲ਼ੀਏ, ਇਨ੍ਹਾਂ ਨਾਲ ਪਿਆਰ ਕਰੀਏ ਨਾ ਕਿ ਘਰਾਂ ਦੇ ਦਰਵਾਜ਼ੇ ਤੇ ਫਰਨੀਚਰ ਬਣਾਉਣ ਲਈ ਵਰਤੀਏ।
ਸੁਮਨਪ੍ਰੀਤ ਕੌਰ ਕੌਲਧਾਰ, ਸ਼ਹੀਦ ਸੂਬੇਦਾਰ ਅਵਤਾਰ ਸਿੰਘ ਸਸਸ ਸਕੂਲ, ਮਾਛੀ ਕੇ, ਮੋਗਾ।
ਵਾਤਾਵਰਨ ਦੀ ਸੰਭਾਲ ਮਨੁੱਖ ਦਾ ਮੁੱਢਲਾ ਫ਼ਰਜ਼
ਵਾਤਾਵਰਨ ਦੀ ਸਾਂਭ ਸੰਭਾਲ ਮਨੁੱਖ ਦਾ ਮੁੱਢਲਾ ਫਰਜ਼ ਹੈ ਤਾਂ ਜੋ ਸਾਡਾ ਆਲਾ ਦੁਆਲਾ ਸਾਫ਼ ਸੁਥਰਾ ਰਹੇ। ਗੁਰੂ ਸਾਹਿਬਾਨ ਨੇ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਹੈ। ਪਰ ਮਨੁੱਖ ਨੇ ਹਵਾ, ਪਾਣੀ ਅਤੇ ਧਰਤੀ ਨੂੰ ਗੰਧਲੇ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਫਸਲਾਂ ਦੀ ਵੱਧ ਪੈਦਾਵਾਰ ਲਈ ਅਸੀਂ ਪਹਿਲਾਂ ਰੇਹਾਂ, ਸਪਰੇਆਂ ਦੀ ਵਰਤੋਂ ਕਰ ਕੇ ਹਵਾ ਜ਼ਹਿਰੀਲੀ ਕਰਦੇ ਹਾਂ, ਫਿਰ ਉਹੀ ਰੇਹ ਸਪਰੇਅ ਕੀਤੀ ਫਸਲ ਖਾਣੇ ਦੇ ਰੂਪ ਵਿਚ ਸਾਡੇ ਸਰੀਰ ਅੰਦਰ ਜਾਂਦੀ ਹੈ। ਇਸ ਕਾਰਨ ਅਸੀਂ ਹਵਾ ਪ੍ਰਦੂਸ਼ਣ ਕਰਨ ਤੋਂ ਬਾਅਦ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਾਂ। ਕਾਰਖਾਨਿਆਂ ਦੀ ਰਹਿੰਦ-ਖੂੰਹਦ, ਸ਼ਹਿਰਾਂ ਦਾ ਕੂੜਾ, ਖੇਤੀ ਰਸਾਇਣਾਂ ਦੀ ਵਰਤੋਂ, ਪਲਾਸਟਿਕ, ਪੌਲੀਥੀਨ ਦੇ ਲਿਫਾਫਿਆਂ ਜਾਂ ਹੋਰ ਗੰਦ ਮਿਲਾ ਕੇ ਅਸੀਂ ਪਾਣੀ ਨੂੰ ਵੀ ਜ਼ਹਿਰਾਂ ਨਾਲ ਭਰ ਦਿੱਤਾ ਹੈ। ਸਾਡਾ ਫ਼ਰਜ਼ ਹੈ ਕਿ ਅਸੀਂ ਆਪਣੇ ਵਾਤਾਵਰਨ ਪ੍ਰਤੀ ਸੁਚੇਤ ਹੋਈਏ। ਅਸੀਂ ਜਿੰਨਾ ਪ੍ਰਦੂਸ਼ਣ ਕਰ ਫੈਲਾ ਰਹੇ ਹਾਂ, ਓਨਾ ਹੀ ਸਾਨੂੰ ਵਾਤਾਵਰਨ ਸੰਤੁਲਨ ਕਰਨ ਦੀ ਲੋੜ ਹੈ।
ਸੁਖਮੰਦਰ ਪੁੰਨੀ, ਘੱਟਿਆਂ ਵਾਲੀ ਜੱਟਾਂ, ਜਲਾਲਾਬਾਦ। ਸੰਪਰਕ: 9815788001
ਪ੍ਰਦੂਸ਼ਣ ਲਈ ਕੌਣ ਜ਼ਿੰਮੇਵਾਰ?
ਵਿਸ਼ਵ ਤਾਪਮਾਨ ਵਿੱਚ ਹੋ ਰਿਹਾ ਵਾਧਾ ਵਾਤਾਵਰਨ ਦੇ ਵਿਗਾੜ ਦਾ ਸਭ ਤੋਂ ਵੱਡਾ ਚਿਹਰਾ ਹੈ। ਇਸਦੇ ਕਾਰਨਾਂ ਦੀ ਪੜਤਾਲ ਤੋਂ ਪਤਾ ਲਗਦਾ ਹੈ ਕਿ ਧਰਤੀ ਉਤੇ ਗਰੀਨਹਾਊਸ ਗੈਸਾਂ ਦੇ ਅਨੁਪਾਤ ਵਿੱਚ ਲਗਾਤਾਰ ਤਬਦੀਲੀ ਹੋ ਰਹੀ ਹੈ। ਇਸ ਦਾ ਵੱਡਾ ਕਾਰਨ ਜੈਵਿਕ ਬਾਲਣ ਦੀ ਵਰਤੋਂ ਨਾਲ ਕਾਰਬਨ ਡਾਈਆਕਸਾਈਡ ਦਾ ਭਾਰੀ ਮਾਤਰਾ ਵਿੱਚ ਪੈਦਾ ਹੋਣਾ ਹੈ। ਜੈਵਿਕ ਬਾਲਣ ਵਿਚ ਕਟੌਤੀ ਵਤਾਵਰਨ ਦੀ ਸੰਭਾਲ ਦੀ ਸਭ ਤੋਂ ਪਹਿਲੀ ਜ਼ਰੂਰਤ ਹੈ, ਪਰ 27 ਅੰਤਰਰਾਸ਼ਟਰੀ ਮੀਟਿੰਗਾਂ ਦੇ ਬਾਵਜੂਦ ਕਿਸੇ ਮੁਲਕ ਨੇ ਜੈਵਿਕ ਬਾਲਣ ਨੂੰ ਧਰਤੀ ਹੇਠੋਂ ਕੱਢਣ ਤੇ ਇਸਦੀ ਵਰਤੋਂ ’ਚ ਕੋਈ ਜ਼ਿਕਰਯੋਗ ਕਟੌਤੀ ਨਹੀਂ ਕੀਤੀ। ਅਮਰੀਕੀ ਫੌਜ ਸਭ ਤੋਂ ਵੱਧ ਕਾਰਬਨ ਪੈਦਾ ਕਰਦੀ ਹੈ। ਅੰਦਾਜ਼ਾ ਹੈ ਕਿ 2004 ਤੱਕ ਇਸ ਨੇ ਇੱਕ ਸਾਲ ਵਿੱਚ 14 ਕਰੋੜ 40 ਲੱਖ ਬੈਰਲ (1 ਬੈਰਲ ਤੇਲ 158.987 ਲਿਟਰ) ਤੇਲ ਦੀ ਖਪਤ ਕੀਤੀ ਭਾਵ 3.95 ਲੱਖ ਬੈਰਲ ਰੋਜ਼ਾਨਾ। ਇਸ ਤਰ੍ਹਾਂ ਪ੍ਰਦੂਸ਼ਣ ਲਈ ਏਸ਼ੀਆ, ਅਫ਼ਰੀਕਾ ਤੇ ਲਾਤੀਨੀ ਅਮਰੀਕਾ ਦੇ ਮੁਲਕਾਂ ਵਿੱਚ ਵਸਣ ਵਾਲੀਆਂ ਕੌਮਾਂ ਦੇ ਮੁਕਾਬਲੇ ਸਭ ਤੋਂ ਵੱਧ ਕਸੂਰਵਾਰ ਅਮਰੀਕਾ, ਰੂਸ ਵਰਗੇ ਸਾਮਰਾਜੀ ਹਨ, ਜਿਸਦੇ ਖ਼ਿਲਾਫ਼ ਚੇਤੰਨ ਤੌਰ ’ਤੇ ਲਾਮਬੰਦ ਹੋਣ ਦੀ ਸਖਤ ਲੋੜ ਹੈ।
ਹਰਪ੍ਰੀਤ, ਐੱਸਡੀ ਕਾਲਜ, ਬਰਨਾਲਾ। ਸੰਪਰਕ: 97808-45721
ਵਾਤਾਵਰਨ ਦੀ ਸੰਭਾਲ ਜ਼ਰੂਰੀ![]()
ਅਜੋਕੇ ਸਮੇਂ ਵਾਤਾਵਰਨ ਵਿਚ ਪ੍ਰਦੂਸ਼ਣ ਦਿਨ ਪ੍ਰਤੀ ਦਿਨ ਵਧ ਰਿਹਾ ਹੈ, ਜਿਸ ਦਾ ਜ਼ਿੰਮੇਵਾਰ ਮਨੁੱਖ ਹੈ। ਅੱਜ ਪੰਜਾਬ ਦਾ ਵਾਤਾਵਰਨ ਵੀ ਕਾਫ਼ੀ ਪ੍ਰਦੂਸ਼ਿਤ ਹੋ ਚੁੱਕਾ ਹੈ, ਜਿਸ ਕਾਰਨ ਬਾਬਾ ਬੁੱਲ੍ਹੇ ਸ਼ਾਹ ਦੇ ਬੋਲ ਬਹੁਤ ਸਾਰਥਕ ਅਤੇ ਢੁਕਵੇਂ ਜਾਪਦੇ ਹਨ: “ਦਰ ਖੁੱਲ੍ਹਾ ਹਸ਼ਰ ਅਜ਼ਾਬ ਦਾ, ਬੁਰਾ ਹਾਲ ਹੋਇਆ ਪੰਜਾਬ ਦਾ।” ਇਸ ਹਾਲਾਤ ਨੂੰ ਸੁਧਾਰਨ ਲਈ ਅੱਜ ਲੋੜ ਹੈ ਕਿ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਵੀ ਦਿੱਤੀ ਜਾਵੇ, ਜਿਸ ਨਾਲ ਸਚਿਆਰ ਮਨੁਖਾਂ ਦੀ ਘਾੜਤ ਹੋਵੇਗੀ ਤੇ ਵਿਦਿਆਰਥੀ ਵਾਤਾਵਰਨ ਦੀ ਸੰਭਾਲ ਸਬੰਧੀ ਕਦਮ ਚੁੱਕ ਸਕਣਗੇ। ਹਰ ਕਿਸੇ ਔਕੜ ਦਾ ਨਿਵਾਰਨ ਛੋਟੇ-ਛੋਟੇ ਕਦਮਾਂ ਨਾਲ ਕੀਤਾ ਜਾਣਾ ਸੰਭਵ ਹੈ। ਇਸ ਤਰ੍ਹਾਂ ਹੀ ਵਾਤਾਵਰਨ ਦੀ ਸੰਭਾਲ ਸਬੰਧੀ ਵੀ ਹਰ ਇੱਕ ਵਿਅਕਤੀ ਦੀ ਸ਼ਮੂਲੀਅਤ ਅਤਿ ਜ਼ਰੂਰੀ ਹੈ। ਹਰੇਕ ਵਿਅਕਤੀ ਨੂੰ ਆਪਣਾ ਨਿੱਜੀ ਫਰਜ਼ ਸਮਝ ਕੇ ਵਾਤਾਵਰਨ ਦੀ ਸੰਭਾਲ ਪ੍ਰਤੀ ਕਦਮ ਚੁੱਕਣੇ ਚਾਹੀਦੇ ਹਨ।
ਜਸ਼ਨਦੀਪ ਸਿੰਘ, ਟੌਹੜਾ ਇੰਸਟੀਚਿਊਟ ਬਹਾਦਰਗੜ੍ਹ, ਪਟਿਆਲਾ। ਸੰਪਰਕ: 90569-73097
(ਇਹ ਵਿਚਾਰ ਚਰਚਾ ਅਗਲੇ ਅੰਕ ਵਿਚ ਜਾਰੀ ਰਹੇਗੀ)