ਬੜਜਾਤੀਆ ਨਾਲ ਕੰਮ ਕਰਨਾ ਸੁਫਨਾ ਸੱਚ ਹੋਣ ਵਾਂਗ: ਆਯੂਸ਼ਮਾਨ
ਅਦਾਕਾਰ ਆਯੂਸ਼ਮਾਨ ਖੁਰਾਣਾ ਨੇ ਕਿਹਾ ਕਿ ਪਰਿਵਾਰਕ ਫਿਲਮਾਂ ਲਈ ਜਾਣੇ ਜਾਂਦੇ ਸੂਰਜ ਬੜਜਾਤੀਆ ਨਾਲ ਕੰਮ ਕਰਨਾ ਸੁਫ਼ਨਾ ਸੱਚ ਹੋਣ ਵਾਂਗ ਹੈ। ਉਸ ਨੇ ਬੜਜਾਤੀਆ ਨਾਲ ਆਪਣੇ ਸਬੰਧਾਂ ਨੂੰ ‘ਸ਼ਾਨਦਾਰ ਜੋੜੀ’ ਕਰਾਰ ਦਿੱਤਾ। ਖੁਰਾਣਾ ‘ਮੈਨੇ ਪਿਆਰ ਕੀਆ, ‘ਹਮ ਆਪਕੇ ਹੈਂ ਕੌਣ’...
ਅਦਾਕਾਰ ਆਯੂਸ਼ਮਾਨ ਖੁਰਾਣਾ ਨੇ ਕਿਹਾ ਕਿ ਪਰਿਵਾਰਕ ਫਿਲਮਾਂ ਲਈ ਜਾਣੇ ਜਾਂਦੇ ਸੂਰਜ ਬੜਜਾਤੀਆ ਨਾਲ ਕੰਮ ਕਰਨਾ ਸੁਫ਼ਨਾ ਸੱਚ ਹੋਣ ਵਾਂਗ ਹੈ। ਉਸ ਨੇ ਬੜਜਾਤੀਆ ਨਾਲ ਆਪਣੇ ਸਬੰਧਾਂ ਨੂੰ ‘ਸ਼ਾਨਦਾਰ ਜੋੜੀ’ ਕਰਾਰ ਦਿੱਤਾ। ਖੁਰਾਣਾ ‘ਮੈਨੇ ਪਿਆਰ ਕੀਆ, ‘ਹਮ ਆਪਕੇ ਹੈਂ ਕੌਣ’ ‘ਵਿਵਾਹ’ ਅਤੇ ‘ਉਂਚਾਈ’ ਵਰਗੀਆਂ ਫਿਲਮਾਂ ਲਈ ਜਾਣੇ ਜਾਂਦੇ ਫਿਲਮ ਨਿਰਮਾਤਾ ਬੜਜਾਤੀਆ ਦੀ ਅਗਲੀ ਫ਼ਿਲਮ ਵਿੱਚ ਨਜ਼ਰ ਆਵੇਗਾ। ਇਸ ਵਿੱਚ ਉਸ ਨਾਲ ਸ਼ਰਵਰੀ ਵੀ ਮੁੱਖ ਭੂਮਿਕਾ ਵਿੱਚ ਹੋਵੇਗੀ। ਉਸ ਨੇ ਕਿਹਾ, ‘‘ਇਹ ਬਹੁਤ ਰੋਮਾਂਚਕ ਹੈ। ਚੰਗੀ ਗੱਲ ਇਹ ਹੈ ਕਿ ਇਹ ‘ਪ੍ਰੇਮ’ ਮੇਰੇ ਬਹੁਤ ਨਜ਼ਦੀਕ ਹੈ। ਇਸ ਫ਼ਿਲਮ ਰਾਹੀਂ ਮੈਂ ਸੂਰਜ ਜੀ ਦੇ ਹੋਰ ਨੇੜੇ ਆ ਗਿਆ ਹਾਂ... ਇਹ ਇੱਕ ‘ਸ਼ਾਨਦਾਰ ਜੋੜੀ’ ਵਾਂਗ ਹੈ।’’ ਖੁਰਾਣਾ ਨੇ ਬੜਜਾਤੀਆ ਬਾਰੇ ਕਿਹਾ, ‘‘ਉਹ ਬਹੁਤ ਘੱਟ ਫਿਲਮਾਂ ਬਣਾਉਂਦੇ ਹਨ ਪਰ ਉਹ ਸਾਡੇ ਦੇਸ਼ ਦੇ ਦਸ ਸਭ ਤੋਂ ਸਫਲ ਨਿਰਦੇਸ਼ਕਾਂ ਵਿੱਚੋਂ ਹਨ। ਉਨ੍ਹਾਂ ਦਾ ਟਰੈਕ ਰਿਕਾਰਡ ਅਤੇ ਸਫਲਤਾ ਦਾ ਰਿਕਾਰਡ ਭਾਰਤ ਵਿੱਚ ਸਭ ਤੋਂ ਸ਼ਾਨਦਾਰ ਹੈ। ਮੇਰੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਮੈਂ ਸੂਰਜ ਬੜਜਾਤੀਆ ਨਾਲ ਫਿਲਮ ਵਿੱਚ ਕੰਮ ਕਰ ਰਿਹਾ ਹਾਂ। ਇਹ ਮੇਰਾ ਬਚਪਨ ਦਾ ਸੁਫ਼ਨਾ ਸੀ। ਅਸੀਂ ਪਹਿਲੀ ਨਵੰਬਰ ਤੋਂ ਫਿਲਮ ’ਤੇ ਕੰਮ ਸ਼ੁਰੂ ਕਰ ਦੇਵਾਂਗੇ। ਜਦੋਂ ਵੀ ਮੈਂ ਉਨ੍ਹਾਂ ਨੂੰ ਮਿਲਦਾ ਹਾਂ, ਮੈਂ ਉਨ੍ਹਾਂ ਦੇ ਪੈਰੀਂ ਹੱਥ ਲਾਉਂਦਾ ਹਾਂ ਕਿਉਂਕਿ ਉਹ ਇਸ ਦੇ ਹੱਕਦਾਰ ਹਨ।’’ ਇਸ ਫ਼ਿਲਮ ਵਿੱਚ ਖੁਰਾਣਾ ‘ਪ੍ਰੇਮ’ ਦੇ ਕਿਰਦਾਰ ਵਿੱਚ ਨਜ਼ਰ ਆਵੇਗਾ। ‘ਪ੍ਰੇਮ’ ਦਾ ਕਿਰਦਾਰ ਬੜਜਾਤੀਆ ਦੀਆਂ ਪਰਿਵਾਰਕ ਫਿਲਮਾਂ ਦਾ ਅਹਿਮ ਹਿੱਸਾ ਬਣ ਗਿਆ ਹੈ ਅਤੇ ਇਸ ਨੂੰ ਹਮੇਸ਼ਾ ਅਦਾਕਾਰ ਸਲਮਾਨ ਖਾਨ ਨਿਭਾਉਂਦਾ ਰਿਹਾ ਹੈ।

