ਅਨੁਰਾਗ ਨਾਲ ਕੰਮ ਕਰਨ ਦਾ ਤਜਰਬਾ ਸ਼ਾਨਦਾਰ: ਸਾਨਿਆ ਮਲਹੋਤਰਾ
ਅਦਾਕਾਰਾ ਸਾਨਿਆ ਮਲਹੋਤਰਾ ਨੇ ਫਿਲਮ ਨਿਰਦੇਸ਼ਕ ਅਨੁਰਾਗ ਕਸ਼ਯਪ ਨਾਲ ਕੰਮ ਕਰਨ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਉਸ ਲਈ ਵਿਲੱਖਣ ਤਜਰਬਾ ਸੀ। ਅਦਾਕਾਰਾ, ਕਸ਼ਯਪ ਦੀ ਅਗਲੀ ਫਿਲਮ ‘ਬਾਂਦਰ’ ਵਿੱਚ ਨਜ਼ਰ ਆਵੇਗੀ। ਉਸ ਨੇ ਕਿਹਾ ਕਿ ਅਨੁਰਾਗ ਦੀ ਅਗਵਾਈ ’ਚ ਪੂਰੇ ਸਪਰਪਣ ਨਾਲ ਕੰਮ ਕਰਨਾ ਸ਼ਾਨਦਾਰ ਤਜਰਬਾ ਰਿਹਾ ਹੈ। ਉਸ ਨੇ ਕਿਹਾ ਕਿ ਕਸ਼ਯਪ ਨੂੰ ਉਸ ਦੀਆਂ ਫਿਲਮਾਂ ‘ਬਲੈਕ ਫਰਾਈਡੇਅ’, ‘ਦੇਵ ਡੀ’, ‘ਗੈਂਗਜ਼ ਆਫ ਵਾਸੇਪੁਰ’ ਅਤੇ ‘ਮੁੱਕਾਬਾਜ਼’ ਲਈ ਜਾਣਿਆ ਜਾਂਦਾ ਹੈ। ਉਸ ਨੇ ਸਾਲ 2020 ਵਿੱਚ ਆਈ ਫਿਲਮ ‘ਲੁੱਡੋ’ ਵਿੱਚ ਅਨੁਰਾਗ ਬਾਸੂ ਨਾਲ ਕੰਮ ਕਰਨ ਬਾਰੇ ਵੀ ਗੱਲਬਾਤ ਕੀਤੀ। ਅਦਾਕਾਰਾ ਨੇ ਕਿਹਾ,‘‘ਕਸ਼ਯਪ ਬਹੁਤ ਚੰਗਾ ਇਨਸਾਨ ਹੈ। ਮੈਂ ਇਹ ਫਿਲਮ ਕਰਨ ਤੋਂ ਪਹਿਲਾਂ ਇਸ ਦੀ ਸਕ੍ਰਿਪਟ ਨਹੀਂ ਸੀ ਪੜ੍ਹੀ। ਮੈਨੂੰ ਇਹ ਵੀ ਅੰਦਾਜ਼ਾ ਨਹੀਂ ਸੀ ਕਿ ਫਿਲਮ ਵਿੱਚ ਮੇਰੀ ਭੂਮਿਕਾ ਕੀ ਹੋਵੇਗੀ। ਮੈਂ ਇਸ ਫਿਲਮ ਵਿੱਚ ਕੰਮ ਕਰਨ ਦਾ ਆਨੰਦ ਮਾਣਿਆ ਹੈ। ਮੇਰੇ ਨਾਲ ਅਜਿਹਾ ਆਖ਼ਰੀ ਵਾਰ ਫਿਲਮ ‘ਲੁੱਡੋ’ ਵਿੱਚ ਹੋਇਆ ਸੀ। ਉਸ ਨੇ ਕਿਹਾ ਕਿ ਮੈਂ ਫਿਲਮ ਦੇ ਸੈੱਟ ’ਤੇ ਥੋੜ੍ਹਾ ਉਲਝੀ ਹੋਈ ਸੀ ਪਰ ਜਦੋਂ ਗੱਲ ਅਦਾਕਾਰੀ ਦੀ ਆਉਂਦੀ ਤਾਂ ਮੈਂ ਪਹਿਲੀ ਕਤਾਰ ’ਚ ਖੜ੍ਹੀ ਹੁੰਦੀ ਸੀ ਕਿਉਂਕਿ ਮੈਨੂੰ ਆਪਣਾ ਹੋਮ ਵਰਕ ਕਰਨਾ ਪਸੰਦ ਹੈ।’’ ਉਸ ਨੇ ਕਿਹਾ, ‘‘ਜਦੋਂ ਨਿਰਦੇਸ਼ਕ ਕਹਿੰਦਾ ਹੈ ਕਿ ਤੁਸੀਂ ਸਿਰਫ਼ ਸਾਨੂੰ ਸੁਣਨਾ ਹੈ, ਜ਼ਿਆਦਾ ਸੋਚਣਾ ਨਹੀਂ, ਤਾਂ ਮੈਨੂੰ ਇਸ ਤਰ੍ਹਾਂ ਕੰਮ ਕਰਨ ਦਾ ਢੰਗ ਪਸੰਦ ਹੈ। ਮੈਂ ਉੱਥੇ ਆਪਣਾ ਸਮਰਪਣ ਕਰ ਦਿੱਤਾ ਸੀ। ਨਿਰਦੇਸ਼ਕ ਦੀ ਚੰਗੀ ਅਗਵਾਈ ਹੇਠ ਅਸੀਂ ਹਰ ਸੀਨ ਨੂੰ ਬਿਹਤਰੀਨ ਤਰੀਕੇ ਨਾਲ ਫਿਲਮਾਇਆ ਹੈ।’’ ਇਸ ਫਿਲਮ ਵਿੱਚ ਸਬਾ ਆਜ਼ਾਦ ਅਤੇ ਸਪਨਾ ਪੱਬੀ ਵੀ ਨਜ਼ਰ ਆਉਣਗੇ। ਨਿਰਦੇਸ਼ਕ ਕਸ਼ਯਪ ਨੇ ਫਿਲਮ ਦੀ ਸਕ੍ਰਿਪਟ ਸੁਦੀਪ ਸ਼ਰਮਾ ਨਾਲ ਮਿਲ ਕੇ ਲਿਖੀ ਹੈ।