ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ ਅੰਦਰ ਪਰਵਾਸੀ-ਪਰਵਾਸੀ ਦਾ ਰੌਲਾ ਕਿਉਂ?

‘ਪਰਵਾਸੀ ਭਜਾਓ’ ਦੀ ਕਾਵਾਂਰੌਲੀ ਅੱਜ ਕੱਲ੍ਹ ਸੋਸ਼ਲ ਮੀਡੀਆ ’ਤੇ ਬਹੁਤ ਹੈ। ਨਾ ਸਿਰਫ ਕਾਵਾਂਰੌਲੀ ਬਲਕਿ ਕਈ ਥਾਵਾਂ ’ਤੇ ਪਰਵਾਸੀਆਂ ਨੂੰ ਖੱਜਲ ਖੁਆਰ ਕਰਨ ਦੀਆਂ ਇੱਕਾ-ਦੁੱਕਾ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਇਸ ਕਾਵਾਂਰੌਲੀ ਦਾ ਤਾਜ਼ਾ ਸਬੱਬ ਇੱਕ ਪਰਵਾਸੀ ਵੱਲੋਂ ਹੁਸ਼ਿਆਰਪੁਰ ਦੇ...
Advertisement

‘ਪਰਵਾਸੀ ਭਜਾਓ’ ਦੀ ਕਾਵਾਂਰੌਲੀ ਅੱਜ ਕੱਲ੍ਹ ਸੋਸ਼ਲ ਮੀਡੀਆ ’ਤੇ ਬਹੁਤ ਹੈ। ਨਾ ਸਿਰਫ ਕਾਵਾਂਰੌਲੀ ਬਲਕਿ ਕਈ ਥਾਵਾਂ ’ਤੇ ਪਰਵਾਸੀਆਂ ਨੂੰ ਖੱਜਲ ਖੁਆਰ ਕਰਨ ਦੀਆਂ ਇੱਕਾ-ਦੁੱਕਾ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਇਸ ਕਾਵਾਂਰੌਲੀ ਦਾ ਤਾਜ਼ਾ ਸਬੱਬ ਇੱਕ ਪਰਵਾਸੀ ਵੱਲੋਂ ਹੁਸ਼ਿਆਰਪੁਰ ਦੇ ਪੰਜ ਸਾਲਾ ਬੱਚੇ ਹਰਵੀਰ ਦਾ ਕਤਲ ਕੀਤੇ ਜਾਣਾ ਬਣਾਇਆ ਜਾ ਰਿਹਾ ਹੈ। ਇਸ ਗੱਲ ’ਚ ਕੋਈ ਦੋ ਰਾਵਾਂ ਨਹੀਂ ਕਿ ਅਣਭੋਲ ਬਾਲਕ ਨੂੰ ਮਾਰਨ ਵਾਲੇ ਸ਼ਖ਼ਸ ਦੀ ਪਛਾਣ ਹੋਣ ਦੇ ਨਾਲ-ਨਾਲ ਉਹਨੂੰ ਕਾਨੂੰਨ ਮੁਤਾਬਿਕ ਬਣਦੀ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਬਣਦਾ ਕਿ ਸਾਰੇ ਪਰਵਾਸੀ ਭਾਈਚਾਰੇ ਨੂੰ ਹੀ ਦੋਸ਼ੀ ਕਰਾਰ ਦੇ ਦਿੱਤਾ ਜਾਵੇ ਅਤੇ ਉਸ ਭਾਈਚਾਰੇ ਵਿਰੁੱਧ ਅੱਗ ਵਰਤਾਈ ਜਾਵੇ। ਇਸ ‘ਪਰਵਾਸੀ ਭਜਾਓ’ ਵਰਤਾਰੇ ਨੂੰ ਬਿਨਾਂ ਕੋਈ ਡੂੰਘੀ ਵਿਚਾਰ ਕੀਤਿਆਂ ਸਿਰਫ਼ ਕੁਝ ਸਿਰਫਿਰਿਆਂ ਸਿਰ ਦੋਸ਼ ਮੜ੍ਹ ਕੇ ਛੱਡ ਦੇਣਾ ਵੀ ਕੋਈ ਢੁੱਕਵਾਂ ਜੁਆਬ ਨਹੀਂ ਬਣਦਾ। ਇਸ ਮਾਮਲੇ ਦੀਆਂ ਡੂੰਘੀਆਂ ਤਹਿਆਂ ਫਰੋਲਣੀਆਂ ਪੈਣਗੀਆਂ। ਇਹਨੂੰ ਸਾਡੇ ਮੁਲਕ ਦੇ ਸਮੁੱਚੇ ਆਰਥਿਕ ਅਤੇ ਸਿਆਸੀ ਢਾਂਚੇ ਦੇ ਪ੍ਰਸੰਗ ਵਿੱਚ ਵਿਚਾਰਿਆਂ ਹੀ ਕਿਸੇ ਫਲਦਾਇਕ ਸਿੱਟੇ ’ਤੇ ਪਹੁੰਚਿਆ ਜਾ ਸਕਦਾ ਹੈ ਅਤੇ ਕੋਈ ਢੁੱਕਵੀਂ ਵਿਉਂਤਬੰਦੀ ਕੀਤੀ ਜਾ ਸਕਦੀ ਹੈ।

ਕੁਝ ਸੱਜਣ ਇਹ ਕਹਿੰਦੇ ਹਨ ਕਿ ਇਹ ਵਰਤਾਰਾ ਇਸ ਕਰ ਕੇ ਸਾਹਮਣੇ ਆਇਆ ਹੈ ਕਿ ਪਰਵਾਸੀ ਇੱਥੇ ਆ ਕੇ ਸਾਡੀਆਂ ਧੀਆਂ-ਭੈਣਾਂ ਨੂੰ ਮਾੜੀ ਨਜ਼ਰ ਨਾਲ ਦੇਖਦੇ ਹਨ ਅਤੇ ਉਨ੍ਹਾਂ ਨੂੰ ਉਧਾਲ ਕੇ ਲੈ ਜਾਂਦੇ ਹਨ, ਜਾਂ ਫਿਰ ਲੈ ਜਾਣਗੇ। ਪੰਜਾਬ ਅੰਦਰ ਇਨ੍ਹਾਂ ਦੀ ਗਿਣਤੀ ਵਧ ਜਾਣ ਨਾਲ ਪੰਜਾਬ ਅੰਦਰ ਡੈਮੋਗ੍ਰਾਫਿਕ ਤਬਦੀਲੀਆਂ ਆ ਜਾਣਗੀਆਂ; ਭਾਵ, ਆਬਾਦੀ ਦੀ ਬਣਤਰ ਬਦਲ ਜਾਣ ਨਾਲ ਆਬਾਦੀ ਦਾ ਤਵਾਜ਼ਨ ਵਿਗੜ ਜਾਵੇਗਾ ਅਤੇ ਇਸ ਨਾਲ ਪੰਜਾਬ ਦੀ ਨਵੇਕਲੀ ਪਛਾਣ ਖ਼ਤਮ ਹੋ ਜਾਵੇਗੀ। ਪੰਜਾਬੀ ਕੌਮ ਖ਼ਤਮ ਹੋ ਜਾਵੇਗੀ ਆਦਿ ਦੇ ਖ਼ਦਸ਼ੇ ਵੀ ਪ੍ਰਗਟ ਕੀਤੇ ਗਏ ਹਨ।

Advertisement

ਧੀਆਂ-ਭੈਣਾਂ ਨੂੰ ਉਧਾਲਣ ਅਤੇ ਵਿਆਹ ਸਬੰਧ ਸਥਾਪਤ ਕਰਨ ਦੀ ਗੱਲ ਨੂੰ ਇਕੱਲੇ ਇੱਕ ਫਿਰਕੇ ਸਿਰ ਮੜ੍ਹਨਾ ਠੀਕ ਪਹੁੰਚ ਨਹੀਂ ਹੈ। ਇਸ ਮਾਮਲੇ ਅੰਦਰ ਬਹੁਤ ਸਾਰੇ ਕਾਰਕ ਸ਼ਾਮਿਲ ਹਨ। ਇਨ੍ਹਾਂ ਨੂੰ ਨਾ ਸਮਝਦਿਆਂ ਸਮਾਜ ਅੰਦਰ ਆਮ ਵਾਪਰ ਰਹੇ ਇਸ ਵਰਤਾਰੇ ਨੂੰ ਇਉਂ ਇੱਕ ਫਿਰਕੇ ਸਿਰ ਮੜ੍ਹਨਾ ਜਗੀਰੂ ਮਾਨਸਿਕਤਾ ਦਾ ਇਜ਼ਹਾਰ ਹੈ। ਇਸ ਦੀ ਤਹਿ ਫਰੋਲਣ ਲਈ ਇਹ ਦੇਖੀਏ ਕਿ ਅਜਿਹੀ ਕਿਸਮ ਦਾ ਰੌਲਾ-ਰੱਪਾ ਹੁਣੇ ਹੀ ਕਿਉਂ ਸਾਹਮਣੇ ਆਇਆ ਹੈ? ਇਹਨੂੰ ਹਵਾ ਦੇਣ ਵਾਲੇ ਕੌਣ ਹਨ? ਅਸੀਂ ਦੇਖਦੇ ਹਾਂ ਕਿ ਇਹ ਗੱਲ ਅੱਜ ਹੀ ਕਿਉਂ ਸਾਹਮਣੇ ਆਈ। ਅਗਸਤ ਦੇ ਅੰਤਲੇ ਹਫਤੇ ’ਚ ਆਏ ਮੌਨਸੂਨ ਦੇ ਭਾਰੇ ਮੀਂਹਾਂ ਨੇ ਉੱਤਰੀ ਭਾਰਤ ਦੇ ਹੋਰਨਾਂ ਇਲਾਕਿਆਂ ਦੇ ਨਾਲ-ਨਾਲ ਪੰਜਾਬ ਦੇ 13 ਜ਼ਿਲ੍ਹਿਆਂ ਦੇ 2100 ਤੋਂ ਵਧੇਰੇ ਪਿੰਡਾਂ ਦੇ ਲੱਖਾਂ ਲੋਕਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। 56 ਕੀਮਤੀ ਜਾਨਾਂ, ਲੱਖਾਂ ਏਕੜ ਫ਼ਸਲਾਂ, ਪਸ਼ੂ-ਡੰਗਰ, ਹਰਾ ਚਾਰਾ, ਮਕਾਨ, ਟਰੈਕਟਰ ਆਦਿ ਖੇਤੀ ਮਸ਼ੀਨਰੀ ਤੇ ਘਰਾਂ ਦੇ ਆਮ ਸਮਾਨ ਦਾ ਵੱਡੇ ਪੱਧਰ ’ਤੇ ਬੇਹਿਸਾਬਾ ਨੁਕਸਾਨ ਕੀਤਾ ਹੈ। ਦੁੱਖ ਦੀ ਇਸ ਘੜੀ ਅੰਦਰ ਸਰਕਾਰ ਜਾਂ ਸਰਕਾਰੀ ਮਸ਼ੀਨਰੀ ਨਾਂ ਦੀ ਚੀਜ਼ ਨਾਦਾਰਦ ਸੀ। ਲੋਕਾਂ ਦੀ ਭਾਈਚਾਰਕ ਸਾਂਝ ਨੇ ਹੀ ਇੱਕ ਦੂਜੇ ਦਾ ਹੱਥ ਵੰਡਾਇਆ ਅਤੇ ਲੋਕਾਂ ਨੂੰ ਰਾਹਤ ਪਹੁੰਚਾਈ।

ਹੁਣ ਜਦੋਂ ਮੀਂਹਾਂ ਦਾ ਸੀਜ਼ਨ ਖ਼ਤਮ ਹੋ ਗਿਆ ਹੈ ਤਾਂ ਲੋਕਾਂ ਦੇ ਮਨਾਂ ਅੰਦਰ ਸਰਕਾਰੀ ਇਮਦਾਦ ਹਾਸਲ ਨਾ ਹੋਣ ਸਬੰਧੀ ਅਤੇ ਨੁਕਸਾਨੀ ਗਈ ਜਾਇਦਾਦ ਤੇ ਫ਼ਸਲਾਂ ਦੇ ਮੁਆਵਜ਼ੇ ਦੀ ਗੱਲ ਉਠਾਈ ਜਾਣੀ ਹੈ ਅਤੇ ਜ਼ਿੰਮੇਵਾਰੀ ਵੀ ਤੈਅ ਕੀਤੀ ਜਾਣੀ ਹੈ। ਹੜ੍ਹਾਂ ਕਾਰਨ ਫ਼ੈਲੀਆਂ ਬਿਮਾਰੀਆਂ ਵਰਗੀਆਂ ਮੈਡੀਕਲ ਸਮੱਸਿਆਵਾਂ ਨਾਲ ਜੂਝ ਰਹੇ ਹੜ੍ਹ ਪੀੜਤਾਂ ਨੂੰ ਕੋਈ ਰਾਹਤ ਪਹੁੰਚਾਈ ਜਾਣੀ ਹੈ ਤਾਂ ਹਾਕਮਾਂ ਨੂੰ ਲੋਕਾਂ ਦੇ ਇਸ ਗੁੱਸੇ ਦਾ ਡਰ ਲਗਾਤਾਰ ਸਤਾ ਰਿਹਾ ਹੈ। ਇਸ ਤੋਂ ਪਹਿਲਾਂ ਪਿੱਛੇ ਜਿਹੇ ਹੀ ਲੈਂਡ ਪੂਲਿੰਗ ਪਾਲਿਸੀ ਨੂੰ ਲੋਕਾਂ ਦੇ ਵੱਡੇ ਏਕੇ ਨਾਲ ਕੀਤੇ ਗਏ ਵਿਰੋਧ ਕਰ ਕੇ ਵਾਪਸ ਲੈਣ ਲਈ ਹਾਕਮਾਂ ਨੂੰ ਮਜਬੂਰ ਹੋਣਾ ਪਿਆ ਸੀ। ਲੋਕਾਂ ਦੇ ਅਜਿਹੇ ਵਿਸ਼ਾਲ ਏਕੇ ਤੋਂ ਯਰਕੇ ਹਾਕਮਾਂ ਨੇ ਹੜ੍ਹਾਂ ਤੋਂ ਅਤੇ ਲੋਕਾਂ ਨੂੰ ਦਰਪੇਸ਼ ਹੋਰਨਾਂ ਮਸਲਿਆਂ ਤੋਂ ਲੋਕਾਂ ਦਾ ਧਿਆਨ ਪਾਸੇ ਤਿਲਕਾਉਣ ਲਈ ਲੋਕਾਂ ਨੂੰ ਅੱਜ ਦਰਪੇਸ਼ ਤੰਗੀਆਂ-ਤੁਰਸ਼ੀਆਂ ਦਾ ਮੁੱਖ ਕਾਰਨ ਪਰਵਾਸੀਆਂ ਸਿਰ ਮੜ੍ਹ ਕੇ ਇਹ ਫੁੱਟਪਾਊ ਤੇ ਭਰਾ-ਮਾਰ ਚਾਲ ਚੱਲੀ ਹੈ। ਇਹ ਪਹਿਲੀ ਵਾਰ ਨਹੀਂ ਕਿ ਅਜਿਹਾ ਕੁਝ ਵਾਪਰਿਆ ਹੈ। ਅਸਲ ਵਿੱਚ, ਲੋਕ ਜਦੋਂ ਵੀ ਸਰਕਾਰ ਸਾਹਮਣੇ ਕੋਈ ਸਵਾਲ ਉਠਾਉਂਦੇ ਹਨ ਤਾਂ ਹਾਕਮਾਂ ਵੱਲੋਂ ਕੋਈ ਨਾ ਕੋਈ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜੋ ਲੋਕਾਂ ਦਾ ਧਿਆਨ ਸਹੀ ਨਿਸ਼ਾਨੇ ਵੱਲ ਸੇਧਿਤ ਲੜਾਈ ਤੋਂ ਭਟਕਾਇਆ ਜਾ ਸਕੇ। ਇਤਿਹਾਸਕ ਕਿਸਾਨ ਘੋਲ ਦੌਰਾਨ ਵੀ ਧਰਮਾਂ-ਖਿੱਤਿਆਂ ਤੋਂ ਨਿਰਪੱਖ ਕਿਸਾਨਾਂ ਦੀ ਮਿਸਾਲੀ ਭਾਈਚਾਰਕ ਏਕਤਾ ਨੂੰ ਸੰਨ੍ਹ ਮਾਰਨ ਲਈ ਅਜਿਹਾ ਬਹੁਤ ਕੁਝ ਕਰਨ ਦੀਆਂ ਕੋਸ਼ਿਸ਼ਾਂ ਹਾਕਮਾਂ ਸਮੇਤ ਲੋਕ ਵਿਰੋਧੀ ਅਨਸਰਾਂ ਨੇ ਕੀਤੀਆਂ ਸਨ।

ਸਵਾਲ ਉੱਠਦਾ ਹੈ ਕਿ ਆਮ ਲੋਕ ਅਜਿਹੇ ਸਮਾਜ ਵਿਰੋਧੀ ਅਨਸਰਾਂ ਦੇ ਝਾਂਸੇ ’ਚ ਆ ਕੇ ਆਪਣੇ ਹੀ ਭਰਾਵਾਂ ਸੰਗ ਆਢਾ ਲਾਉਣ ਨੂੰ ਰਾਜ਼ੀ ਕਿਵੇਂ ਹੋ ਜਾਂਦੇ ਹਨ? ਮੁਲਕ ਅੰਦਰ ਵੱਡੀ ਪੱਧਰ ’ਤੇ ਫੈਲੀ ਬੇਰੁਜ਼ਗਾਰੀ ਅਜਿਹਾ ਕਾਰਕ ਹੈ ਜਿਹੜਾ ਅਜਿਹੇ ਲੋਕ ਵਿਰੋਧੀ ਅਨਸਰਾਂ ਲਈ ਰਿਜ਼ਰਵ ਫੋਰਸ, ਭਾਵ, ਸਟੋਰ ਹਾਊਸ ਦਾ ਕੰਮ ਕਰਦਾ ਹੈ ਅਤੇ ਇਹ ਗਰੀਬੀ-ਭੁੱਖਮਰੀ ਦੇ ਸਤਾਏ ਚੰਦ ਦਮੜਿਆਂ ਦੇ ਲਾਲਚ ਵੱਸ ਬਿਨਾਂ ਕੋਈ ਸੋਚ ਵਿਚਾਰ ਕੀਤਿਆਂ ਲੋਕ ਵਿਰੋਧੀ ਸਿਆਸੀ ਪਾਰਟੀਆਂ ਅਤੇ ਸੰਸਥਾਵਾਂ ਦੇ ਮਗਰ ਲੱਗ ਆਪਸੀ ਭਰਾ-ਮਾਰ ਜੰਗ ਅੰਦਰ ਜਾ ਸ਼ਾਮਿਲ ਹੁੰਦੇ ਹਨ। ਅੰਕੜਿਆਂ ’ਤੇ ਮੋਟੀ ਜਿਹੀ ਝਾਤ ਹੀ ਇਸ ਗੱਲ ਦੀ ਸ਼ਾਹਦੀ ਭਰਦੀ ਹੈ ਕਿ 2021 ਦੀ ਜਨਗਨਣਾ ਨਾ ਕੀਤੇ ਜਾਣ ਕਰ ਕੇ ਇਸ ਤੋਂ ਪਹਿਲਾਂ ਹੋਈ 2011 ਦੀ ਜਨਗਣਨਾ ਮੁਤਾਬਿਕ ਪੰਜਾਬ ਦੀ ਕੁੱਲ ਆਬਾਦੀ 2.77 ਕਰੋੜ ਹੈ ਜਿਸ ’ਚੋਂ 98.97 ਲੱਖ ਕੰਮ ਕਰਨ ਵਾਲੇ ਹਨ। 22.22 ਲੱਖ ਲੋਕ ਬੇਰੁਜ਼ਗਾਰ ਹਨ, 15.55 ਲੱਖ ਕੰਮ ਦੀ ਤਲਾਸ਼ ’ਚ ਹਨ। ਅਤੇ 14.46 ਲੱਖ ਨੂੰ ਕਦੇ ਕਦਾਈਂ ਕੰਮ ਮਿਲ ਜਾਂਦਾ ਹੈ, ਕਦੇ ਨਹੀਂ। ਜਿਨ੍ਹਾਂ ਨੂੰ ਕੰਮ ਮਿਲਦਾ ਵੀ ਹੈ, ਉਹ ਵੀ 3 ਤੋਂ 6 ਮਹੀਨੇ ਹੀ ਕੰਮ ਕਰਦੇ ਹਨ। 18-29 ਸਾਲ ਦੀ ਉਮਰ ਵਾਲੇ ਨੌਜਵਾਨਾਂ ਅੰਦਰ ਬੇਰੁਜ਼ਗਾਰੀ ਦੀ ਦਰ 16.6% ਹੈ ਜਦਕਿ ਇਹੀ ਦਰ ਮੁਲਕ ਪੱਧਰ ’ਤੇ 10.2% ਹੈ। 2015-16 ਮੁਤਾਬਿਕ ਪੰਜਾਬ ਦੇ ਨੌਜਵਾਨਾਂ ਅੰਦਰ ਬੇਰੁਜ਼ਗਾਰੀ ਦੀ ਦਰ 16.5% ਹੈ ਜਦਕਿ ਮੁਲਕ ਪੱਧਰ ’ਤੇ ਇਹੀ ਦਰ 7% ਘੱਟ, ਭਾਵ, 9.2% ਹੈ। ਨੈਸ਼ਨਲ ਸੈਂਪਲ ਸਰਵੇ ਦੇ ਅਠਾਰਵੇਂ ਰਾਊਂਡ ਮੁਤਾਬਿਕ ਪੰਜਾਬ ਦੇ ਬੇਰੁਜ਼ਗਾਰਾਂ ’ਚੋਂ 72% ਪੜ੍ਹੇ ਲਿਖੇ ਹਨ ਅਤੇ ਇਨ੍ਹਾਂ ’ਚੋਂ 22% ਤਕਨੀਕੀ ਯੋਗਤਾ ਪ੍ਰਾਪਤ ਹਨ ਜਦਕਿ 78% ਗੈਰ-ਤਕਨੀਕੀ ਯੋਗਤਾ ਹਾਸਲ ਹਨ।

ਸਾਮਰਾਜਵਾਦ ਤੇ ਕਾਰਪੋਰੇਟੀ ਵਿਕਾਸ ਮਾਡਲ ਵੀ ਲੋਕਾਂ ਅੰਦਰ ਫੈਲੀ ਬੇਚੈਨੀ ਦਾ ਇੱਕ ਕਾਰਨ ਹੈ। ਆਪਣੀ ਪੂੰਜੀ ਨੂੰ ਸੁਰੱਖਿਅਤ ਰੱਖਣ ਅਤੇ ਵਧਾਉਣ ਦੇ ਨਾਂ ਹੇਠ ਕੀਤਾ ਵਿਕਾਸ ਬਹੁਤ ਅਸਾਵਾਂ ਹੁੰਦਾ ਹੈ। ਭਾਰਤਮਾਲਾ ਸੜਕਾਂ ਦਾ ਨਿਰਮਾਣ, ਝੋਨੇ ਦੀ ਪੰਜਾਬ ਅੰਦਰ ਖੇਤੀ ਨੂੰ ਉਤਸ਼ਾਹਿਤ ਕਰਨਾ, ਇੱਕ ਪਾਸੇ ਪਰਾਲੀ ਸਾੜ ਕੇ ਪ੍ਰਦੂਸ਼ਣ ਫੈਲਾਉਣ ਦੇ ਦੋਸ਼ ਹੇਠ ਕਿਸਾਨਾਂ ’ਤੇ ਕੇਸ ਮੜ੍ਹਨੇ ਅਤੇ ਆਪਣੇ ਮਾਡਲ ਤਹਿਤ ਅਜਿਹੀਆਂ ਸਨਅਤਾਂ ਨੂੰ ਉਤਾਸ਼ਾਹਿਤ ਕਰਨਾ ਜਿਹੜੀਆਂ ਪ੍ਰਦੂਸ਼ਣ ਫੈਲਾ ਕੇ ਲੋਕਾਂ ਨੂੰ ਕੈਂਸਰ, ਫੇਫੜਿਆਂ ਅਤੇ ਹੋਰ ਜਾਨਲੇਵਾ ਬਿਮਾਰੀਆਂ ਦੀ ਗ੍ਰਿਫ਼ਤ ’ਚ ਲਿਆ ਰਹੀਆਂ ਹਨ। ਅਜਿਹੇ ਅਸਾਵੇਂ ਵਿਕਾਸ ਨਾਲ ਲੋਕਾਂ ਦਾ ਚੌਤਰਫੀ ਵਿਕਾਸ ਕਿਸੇ ਰੂਪ ’ਚ ਵੀ ਸੰਭਵ ਨਹੀਂ, ਬਲਕਿ ਉਨ੍ਹਾਂ ਦੀ ਜ਼ਿੰਦਗੀ ਤਾਂ ਹੋਰ ਵੀ ਬਦਤਰ ਹੋ ਰਹੀ ਹੈ। ਲੋਕਾਂ ਅੰਦਰ ਬੇਚੈਨੀ ਦਾ ਇਹ ਵੀ ਇੱਕ ਕਾਰਨ ਹੈ।

ਆਪਣਾ ਉੱਲੂ ਸਿੱਧਾ ਕਰਨ ਲਈ ਹਾਕਮ ਬਹੁਤ ਸਾਰੇ ਮਸਲਿਆਂ ਨੂੰ ਲੋਕਾਂ ਦੀ ਆਮ ਰਾਇ ਨਾਲ ਹੱਲ ਕਰਨ ਦੀ ਬਜਾਏ ਆਪਣੇ ਹਿੱਤਾਂ ਮੂਜਬ ਹੱਲ ਕਰਦੇ ਹਨ। ਹਿੰਦੋਸਤਾਨ ਵਰਗਾ ਵਿਸ਼ਾਲ ਮੁਲਕ ਭਾਸ਼ਾਵਾਂ, ਪਹਿਰਾਵੇ, ਤਹਿਜ਼ੀਬ, ਧਰਮ, ਧਾਰਮਿਕ ਅਕੀਦਾ, ਜਾਤ-ਪਾਤ, ਜਨਜਾਤੀ, ਆਦਿਵਾਸੀਆਂ ਆਦਿ ਵੱਖੋ-ਵੱਖਰੀਆਂ ਵੰਨਗੀਆਂ ਦੇ ਲੋਕਾਂ ਦਾ ਬਣਿਆ ਹੋਇਆ ਹੈ। ਅਜਿਹੇ ਵਖਰੇਵਿਆਂ ਨੂੰ ਨਜ਼ਰਅੰਦਾਜ਼ ਕਰਦਿਆਂ ਆਪਣੇ ਹੀ ਹਿੱਤਾਂ ਮੂਜਬ ਇਲਾਕਾਈ ਹੱਦਬੰਦੀਆਂ ਮੁਕੱਰਰ ਕਰਨੀਆਂ, ਅਲੱਗ-ਅਲੱਗ ਇਲਾਕਿਆਂ ਦੀਆਂ ਬੋਲੀਆਂ ਨੂੰ ਪਾਸੇ ਰੱਖਦਿਆਂ ਹਿੰਦੀ ਨੂੰ ‘ਕੌਮੀ’ ਭਾਸ਼ਾ ਦਾ ਰੁਤਬਾ ਦੇ ਕੇ ਮੁਲਕ ਦੇ ਸਮੂਹ ਲੋਕਾਂ ਸਿਰ ਮੜ੍ਹਨ ਵਰਗੇ ਕਦਮ ਜਿੱਥੇ ਇੱਕ ਪਾਸੇ ਲੋਕਾਂ ਅੰਦਰ ਪਨਪਦੇ ਰਹਿੰਦੇ ਹਨ, ਨਾਲ ਹੀ ਉਹ ਗੱਦੀ ’ਤੇ ਬਿਰਾਜਮਾਨ ਹਾਕਮਾਂ ਤੇ ਸੱਤਾ ਤੋਂ ਬਾਹਰ ਰਹਿ ਰਹੇ ਹਾਕਮ ਹਿੱਸਿਆਂ ਨੂੰ ਵੀ ਅਜਿਹੀ ਜ਼ਰਖੇਜ਼ ਭੋਇੰ ਮੁਹੱਈਆ ਕਰਵਾਉਂਦੇ ਹਨ, ਜਿਹੜੀ ਲੋਕਾਂ ਦੇ ਜਾਇਜ਼ ਤੇ ਹੱਕੀ ਸੰਘਰਸ਼ਾਂ ਨੂੰ ਭਟਕਾਉਣ ਅਤੇ ਲੀਹੋਂ ਲਾਹੁਣ ਵਿੱਚ ਵੀ ਸਹਾਈ ਹੁੰਦੀ ਹੈ।

ਪਰਵਾਸ, ਹਿਜਰਤ, ਇਮੀਗ੍ਰੇਸ਼ਨ, ਸੱਤ ਸਮੁੰਦਰੋਂ ਪਾਰ ਆਦਿ ਕਿੰਨੇ ਹੀ ਲਫ਼ਜ਼ ਹਨ ਜਿਹੜੇ ਕਿਸੇ ਵਿਅਕਤੀ ਦੇ ਇੱਕ ਥਾਂ ਤੋਂ ਕਿਸੇ ਦੂਜੇ ਥਾਂ ’ਤੇ ਜਾ ਵਸਣ ਨੂੰ ਬਿਆਨਦੇ ਹਨ। ਆਮ ਕਰ ਕੇ ਇਹ ਪਰਵਾਸ ਕਿਸੇ ਵਿਅਕਤੀ ਵੱਲੋਂ ਰੁਜ਼ਗਾਰ ਲਈ ਜਾਂ ਫਿਰ ਆਪਣੇ ਲਈ ਵਧੀਆ ਖੁਸ਼ਗਵਾਰ ਹਾਲਾਤ ਦੀ ਤਲਾਸ਼ ਕਰਨਾ ਹੈ। ਅਜਿਹੇ ਹਾਲਾਤ ਮੁੱਢ ਤੋਂ ਹੀ ਬਣਦੇ ਰਹੇ ਹਨ ਕਿ ਕਿਸੇ ਥਾਂ ’ਤੇ ਹਾਲਾਤ ਅਗਰ ਲੋਕਾਂ ਦੇ ਰਹਿਣ ਲਈ ਮੁਆਫ਼ਕ ਨਾ ਰਹੇ ਤਾਂ ਉਹ ਉਹ ਥਾਂ ਛੱਡ ਕੇ ਕਿਸੇ ਹੋਰ ਥਾਂ ਜਾ ਰਹਿਣ ਲੱਗ ਪਏ। ਮਨੁੱਖ ਜਾਤੀ ਨੇ ਆਪਣੇ ਮੁੱਢ ਤੋਂ ਹੀ ਅਜਿਹੀਆਂ ਨਾਖੁਸ਼ਗਵਾਰ ਤੇ ਖੁਸ਼ਗਵਾਰ ਹਾਲਾਤ ਦਾ ਸਾਹਮਣਾ ਕੀਤਾ ਹੈ। ਇਹਦਾ ਹੀ ਨਤੀਜਾ ਹੈ ਕਿ ਅੱਜ ਦਾ ਮਨੁੱਖ ਸਾਰੀ ਦੁਨੀਆ ’ਤੇ ਛਾਇਆ ਹੋਇਆ ਹੈ।

ਮਨੁੱਖਾ ਇਤਿਹਾਸ ਨੇ ਕਰਵਟ ਲਈ ਅਤੇ ਆਪੋ-ਆਪਣੇ ਕਬੀਲੇ, ਪਰਿਵਾਰ ਆਦਿ ਦੀ ਸਲਾਮਤੀ ਬਣਾਈ ਰੱਖਣ ਲਈ ਖੋਹ-ਖਿੰਝ ਦੀ ਲੜਾਈ ’ਚ ਆਪਸ ਵਿੱਚ ਇਸ ਧਰਤੀ ’ਤੇ ਲਕੀਰਾਂ ਵਾਹ ਲਈਆਂ। ਇਹ ਮੁਲਕ, ਇਹ ਇਲਾਕਾ, ਇਹ ਦੇਸ਼, ਇੱਹ ਖਿੱਤਾ ਮੇਰਾ ਹੈ, ਇਹ ਤੇਰਾ ਹੈ। ਇਉਂ ਕਰ ਕੇ ਮੁਲਕ ਆਦਿ ਹੋਂਦ ’ਚ ਆਏ। ਇਹ ਵੀ ਲੋਕਾਂ ਨੂੰ ਇੱਕ ਖਾਸ ਧਿਰ ਨਾਲ ਬੰਨ੍ਹਣ ਦਾ ਸਬੱਬ ਬਣਾਏ ਜਾਂਦੇ ਹਨ।

ਆਪਣੀ ਲੁੱਟ-ਖਸੁੱਟ ਤੇ ਗ਼ਲਬੇ ਵਾਲੇ ਅੱਜ ਦੇ ਕਾਰਪੋਰੇਟੀ ਪੂੰਜੀ ਤੇ ਸਾਮਰਾਜਵਾਦ ਦੀ ਜਕੜ ਵਾਲੇ ਸਮਿਆਂ ਅੰਦਰ ਪੱਛੜੇ ਮੁਲਕਾਂ ਦਾ ਵਿਕਾਸ ਸਾਵਾਂ-ਪੱਧਰਾ ਨਾ ਹੋ ਕੇ ਅਸਾਵਾਂ ਤੇ ਲੋਕ ਵਿਰੋਧੀ ਹੈ। ਇਸੇ ਦੀ ਹੀ ਦੇਣ ਹੈ ਕਿ ਹਰ ਪਾਸੇ ਗਰੀਬੀ, ਭੁੱਖਮਰੀ, ਅਨਪੜ੍ਹਤਾ, ਬੇਰੁਜ਼ਗਾਰੀ, ਭਰਾ-ਮਾਰ ਲੜਾਈਆਂ, ਨਸਲੀ ਵਿਤਕਰੇ ਆਦਿ ਵਰਗੀਆਂ ਸਮਾਜ ਨੂੰ ਚਿੰਬੜੀਆਂ ਕੁਲਿਹਣੀਆਂ ਅਲਾਮਤਾਂ ਦਾ ਬੋਲਬਾਲਾ ਹੈ। ਵਿਤਕਰਿਆਂ ਦੇ ਇਸ ਦੌਰ ਅੰਦਰ ਹਾਕਮਾਂ ਦੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਸਮਾਜ ਦੇ ਕਿਸੇ ਇੱਕ ਵਰਗ ਨੂੰ ਕਿਸੇ ਦੂਜੇ ਵਰਗ ਦੇ ਵਿਰੁੱਧ ਖੜ੍ਹਾ ਕੀਤਾ ਜਾਵੇ ਤਾਂ ਕਿ ਲੋਕ ਆਪਣੀ ਬਿਹਤਰੀ ਵੱਲ ਸਹੀ ਰੁਖ਼ ਕਦਮ ਨਾ ਵਧਾ ਸਕਣ ਅਤੇ ਉਨ੍ਹਾਂ ਦੀ ਲੁੱਟ-ਖਸੁੱਟ ਬਰਕਰਾਰ ਰਹੇ।

ਵੱਡਾ ਰੌਲਾ ਇਹ ਪਾਇਆ ਜਾ ਰਿਹਾ ਹੈ ਕਿ ਪਰਵਾਸੀਆਂ ਦੇ ਇੱਥੇ ਰਹਿਣ ਅਤੇ ਉਨ੍ਹਾਂ ਦੀ ਗਿਣਤੀ ਵਧਣ ਨਾਲ ਆਬਾਦੀ ਅੰਦਰ ਅਸੰਤੁਲਨ ਪੈਦਾ ਹੋ ਜਾਂਦਾ ਹੈ। ਫੇਸਬੁੱਕ ’ਤੇ ਇੱਕ ਬੜੀ ਸੁਲਝੀ ਹੋਈ ਪੋਸਟ ਇਸ ਬਾਰੇ ਸਾਰੇ ਭੁਲੇਖਿਆਂ ਨੂੰ ਦੂਰ ਕਰਨ ਲਈ ਕਾਫ਼ੀ ਹੈ। 2011 ਵਾਲੀ ਮਰਦਮਸ਼ੁਮਾਰੀ ’ਚ ਪੰਜਾਬ ਅੰਦਰ 13 ਲੱਖ ਪਰਵਾਸੀ ਸਨ। ਪੋਸਟ ਕਹਿੰਦੀ ਹੈ ਕਿ ਮੰਨ ਲਓ ਅੱਜ ਇਹ ਗਿਣਤੀ 30 ਲੱਖ ਵੀ ਹੋ ਗਈ ਹੋਊ, ਤਾਂ ਵੀ ਉਹ ਕੁੱਲ ਆਬਾਦੀ ਦਾ 0.85 ਫੀਸਦੀ ਹੀ ਬਣਦੀ ਹੈ। ਇਸੇ ਹੀ ਸਮੇਂ 2021 ਵਿੱਚ ਕੈਨੇਡਾ ਅੰਦਰ ਵੱਸਦੇ ਹਿੰਦੋਸਤਾਨੀਆਂ ਦੀ ਆਬਾਦੀ 3.3 ਫੀਸਦੀ ਸੀ, ਇਹਦੇ ’ਚੋਂ ਪੰਜਾਬੀਆਂ ਦੀ ਗਿਣਤੀ 2.1 ਫੀਸਦੀ ਹੈ। ਸਿੰਗਾਪੁਰ ਅੰਦਰ ਹਿੰਦੋਸਤਾਨੀਆਂ ਦੀ ਆਬਾਦੀ 9% ਹੈ ਅਤੇ ਪੰਜਾਬੀਆਂ ਦੀ 0.85% ਹੈ। ਆਸਟਰੇਲੀਆ ਵਿੱਚ ਹਿੰਦੋਸਤਾਨੀਆਂ ਦੀ ਆਬਾਦੀ 3.2% ਹੈ ਤੇ ਪੰਜਾਬੀਆਂ ਦੀ ਗਿਣਤੀ 0.9% ਹੈ।

ਇਨ੍ਹਾਂ ਮੁਲਕਾਂ ਅੰਦਰ ਤਾਂ ਪੰਜਾਬੀਆਂ ਨੇ ਉਨ੍ਹਾਂ ਲੋਕਾਂ ਦੇ ਆਬਾਦੀ ਅਨੁਪਾਤ ਨੂੰ ਪ੍ਰਭਾਵਤ ਨਹੀਂ ਕੀਤਾ ਤੇ ਨਾ ਹੀ ਸੱਭਿਆਚਾਰ ਨੂੰ ਕੋਈ ਨੁਕਸਾਨ ਪਹੁੰਚਾਇਆ ਹੈ। ਅਸਲ ’ਚ ਸੱਭਿਆਚਾਰ ਨੂੰ ਨੁਕਸਾਨ ਬਾਹਰੋਂ ਨਹੀਂ, ਅੰਦਰੋਂ ਹੁੰਦਾ ਹੈ। ਇੱਥੇ ਵੀ ਪੰਜਾਬੀ ਜ਼ੁਬਾਨ ਨੂੰ ਖ਼ਤਰਾ ਪੰਜਾਬੀਆਂ ਤੋਂ ਹੀ ਹੈ। ਆਪਣੀ ਗ਼ੁਲਾਮ ਜ਼ਹਿਨੀਅਤ ਕਾਰਨ ਪੰਜਾਬੀ ਜਦੋਂ ਵਿਆਹ ਸ਼ਾਦੀਆਂ ਦੇ ਸੱਦਾ ਪੱਤਰ ਅੰਗਰੇਜ਼ੀ ’ਚ ਛਪਾਉਂਦੇ ਹਨ ਅਤੇ ਆਪਣੇ ਬੱਚਿਆਂ ਨੂੰ ਪੰਜਾਬੀ ਜ਼ੁਬਾਨ ਵਾਲੇ ਸਕੂਲਾਂ ਦੀ ਬਜਾਏ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ’ਚ ਪੜ੍ਹਨੇ ਪਾਉਂਦੇ ਹਨ ਤਾਂ ਪੰਜਾਬੀ ਜ਼ੁਬਾਨ ਨੂੰ ਉਚਾਈਆਂ ਵੱਲ ਪੰਜਾਬੀਆਂ ਦੀ ਥਾਂ ਕੌਣ ਲੈ ਕੇ ਜਾਊ? ਅਗਰ ਜ਼ੁਬਾਨ ਹੀ ਖੁੱਸ ਗਈ ਤਾਂ ਸੱਭਿਆਚਾਰ ਕਿਸ ਨੂੰ ਕਹਾਂਗੇ? ਅੱਜ ਦੇ ਜ਼ਮਾਨੇ ’ਚ ਅੰਗਰੇਜ਼ੀ ਦੇ ਗਿਆਨ ਨੂੰ ਇੰਨਾ ਅਹਿਮ ਇਸ ਲਈ ਮੰਨਿਆ ਜਾਣ ਲੱਗਿਆ ਹੈ ਕਿਉਂਕਿ ਸਾਮਰਾਜਵਾਦ ਨੇ ਪੱਛੜੇ ਮੁਲਕਾਂ ਦੇ ਅਰਥਚਾਰਿਆਂ ਨੂੰ ਇਸ ਢੰਗ ਨਾਲ ਆਪਣੇ ਜਕੜਪੰਜੇ ਹੇਠ ਲਿਆ ਹੋਇਆ ਹੈ ਕਿ ਅਗਰ ਕੋਈ ਵੀ ਆਪਣੇ ਆਪਨੂੰ ਤਰੱਕੀ ਦੇ ਰਾਹ ’ਤੇ ਲਿਜਾਣਾ ਚਾਹੁੰਦਾ ਹੈ ਤਾਂ ਉਹਨੂੰ ਅੰਗਰੇਜ਼ੀ ਪੜ੍ਹਨੀ ਹੀ ਪਊ।

ਇਨਸਾਫਪਸੰਦ ਲੋਕਾਂ ਦਾ ਛੋਟਾ ਜਿਹਾ ਹਿੱਸਾ ਇਹ ਵੀ ਕਹਿੰਦਾ ਸੁਣਿਆ ਗਿਆ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਅੰਦਰ ਰਾਖਵਾਂਕਰਨ ਕੀਤਾ ਜਾਵੇ ਪਰ ਇਹ ਦਲੀਲ ਜਚਦੀ ਨਹੀਂ ਕਿਉਂਕਿ ਮੁਲਕ ਦੇ ਅਣਸਾਵੇਂ ਵਿਕਾਸ ਦੇ ਜ਼ਿੰਮੇਵਾਰ ਹਾਕਮਾਂ ਨੇ ਲੋਕਾਂ ਅੰਦਰ ਪਾਟਕ ਪਾਉਣ ਦੇ ਮਨਸ਼ਿਆਂ ਅਧੀਨ ਅੱਡ-ਅੱਡ ਸੂਬਿਆਂ ਅੰਦਰ ਜ਼ਮੀਨ-ਜਾਇਦਾਦ ਦੀ ਮਾਲਕੀ ਸਬੰਧੀ ਅਤੇ ਨੌਕਰੀਆਂ ’ਚ ਸੂਬੇ ਦੇ ਵਸਨੀਕਾਂ ਲਈ ਰਾਖਵੇਂਕਰਨ ਦੀ ਤਰਕਹੀਣ ਨੀਤੀ ਲਾਗੂ ਕੀਤੀ ਹੋਈ ਹੈ। ਮੁਲਕ ਦੇ ਸਾਰੇ ਬਾਸ਼ਿੰਦਿਆਂ ਲਈ ਵਿਕਾਸ ਦੇ ਸਾਰੇ ਰਾਹ ਖੋਲ੍ਹਣ ਲਈ ਅਜਿਹੇ ਤਰਕ ਰਹਿਤ ਫ਼ੈਸਲਿਆਂ ’ਤੇ ਨਜ਼ਰਸਾਨੀ ਦੀ ਲੋੜ ਹੈ।

ਇੱਥੇ ਇਹ ਜ਼ਿਕਰ ਵੀ ਕੁਥਾਂ ਨਹੀਂ ਕਿ ਪਰਵਾਸੀਆਂ ਦਾ ਇਹ ਏਜੰਡਾ ਕੇਂਦਰੀ ਹਕੂਮਤ ਲਈ ਆਉਣ ਵਾਲੀਆਂ ਬਿਹਾਰ ਦੀਆਂ ਚੋਣਾਂ ਮੌਕੇ ਰਾਮ ਬਾਣ ਸਾਬਤ ਹੋਵੇਗਾ। ਭਾਜਪਾ ਹਕੂਮਤ ਇਹਨੂੰ ਆਪਣੀ ਫਿਰਕੂ ਫਾਸ਼ੀਵਾਦੀ ਸਿਆਸਤ ਨੂੰ ਅੱਗੇ ਵਧਾਉਣ ਦੇ ਸੰਦ ਦੇ ਰੂਪ ’ਚ ਵਰਤੇਗੀ।

ਇਸ ਦੌਰ ਅੰਦਰ ਹਾਂ-ਪੱਖੀ ਵਰਤਾਰੇ ਦੀ ਗੱਲ ਕਰਨ ਬਿਨਾਂ ਇਹ ਲਿਖਤ ਅਧੂਰੀ ਲੱਗੇਗੀ ਕਿ ਲੋਕਾਂ ਦਾ ਬਹੁਤ ਵੱਡਾ ਹਿੱਸਾ ਅਜਿਹਾ ਵੀ ਸਾਹਮਣੇ ਆਇਆ ਹੈ ਜਿਸ ਨੇ ਇਸ ਮਸਾਲੇ ਨੂੰ ਬਹੁਤ ਹੀ ਤਵਾਜ਼ਨ ਨਾਲ ਲਿਆ ਹੈ ਅਤੇ ਆਪਣੀ ਬਣਦੀ ਹੈਸੀਅਤ ਮੂਜਬ ਪਰਵਾਸੀਆਂ ਦੀ ਇਮਦਾਦ ਕੀਤੀ ਹੈ ਤੇ ਉਨ੍ਹਾਂ ਦੇ ਖ਼ਦਸ਼ਿਆਂ ਨੂੰ ਦੂਰ ਕਰਨ ਲਈ ਯਤਨ ਜੁਟਾਏ ਹਨ। ਯਾਦ ਰੱਖਣਾ ਚਾਹੀਦਾ ਹੈ ਕਿ ਕੋਈ ਵੀ ਪਰਵਾਸੀ ਕਿਸੇ ਮੂਲ ਬਾਸ਼ਿੰਦੇ ਦਾ ਦੋਖੀ ਨਹੀਂ ਹੁੰਦਾ। ਹਰੀਕਤ ਹੈ ਕਿ ਦੋਹਾਂ ਦੇ ਦੁਸ਼ਮਣ ਸਾਂਝੇ ਹਨ, ਜਿਹੜੇ ਕਿਰਤ ਦੀ ਲੁੱਟ ਕਰਨ ਲਈ ਭਰਾ-ਮਾਰ ਲੜਾਈਆਂ ਵਿੱਚ ਕਿਰਤੀ ਲੋਕਾਂ ਨੂੰ ਉਲਝਾਉਂਦੇ ਹਨ। ਜਮਹੂਰੀ ਤੇ ਇਨਸਾਫਪਸੰਦ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਲੋਕ ਏਕਤਾ ਦੀਆਂ ਕੋਸ਼ਿਸ਼ਾਂ ਕਰਦਿਆਂ ਇਨ੍ਹਾਂ ਲੋਕ ਦੋਖੀ ਹਾਕਮਾਂ ਤੋਂ ਮੁਕਤੀ ਲਈ ਵੀ ਅੱਗੇ ਆਉਣ।

ਸੰਪਰਕ: 94170-79720

Advertisement
Show comments