ਅਸੀਂ ਸਾਰੇ ਮਨੁੱਖੀ ਸਮਾਜ ਦਾ ਹਿੱਸਾ ਹਾਂ, ਜਿੱਥੇ ਹਰ ਵਿਅਕਤੀ ਨੂੰ ਬਰਾਬਰੀ ਅਤੇ ਇੱਜ਼ਤ ਨਾਲ ਜਿਊਣ ਦਾ ਅਧਿਕਾਰ ਹੈ ਪਰ ਅਜੇ ਵੀ ਸਾਡੇ ਸਮਾਜ ਵਿੱਚ ਅਪਾਹਜਾਂ (ਦਿਵਿਆਂਗਾਂ) ਨਾਲ ਭੇਦਭਾਵ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਨਫਰਤ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਅਤੇ ਸਮਾਜਿਕ ਕਲੰਕ ਕਿਹਾ ਜਾਂਦਾ ਹੈ। ਇਹ ਸਥਿਤੀ ਨਾ ਸਿਰਫ ਉਨ੍ਹਾਂ ਦਾ ਮਨੋਬਲ ਤੋੜਦੀ ਹੈ, ਸਗੋਂ ਉਨ੍ਹਾਂ ਦੀ ਤਰੱਕੀ ਵਿੱਚ ਵੀ ਰੁਕਾਵਟ ਬਣਦੀ ਹੈ। ਅਪੰਗਤਾ ਕੋਈ ਅਪਰਾਧ ਨਹੀਂ, ਨਾ ਹੀ ਇਹ ਕਿਸੇ ਵਿਅਕਤੀ ਦੀ ਯੋਗਤਾ ਨੂੰ ਮਾਪਣ ਦਾ ਪੈਮਾਨਾ ਹੈ। ਹਰ ਵਿਅਕਤੀ ਵਿੱਚ ਕੋਈ ਨਾ ਕੋਈ ਖਾਸ ਯੋਗਤਾ ਹੁੰਦੀ ਹੈ, ਭਾਵੇਂ ਉਸ ਦੀ ਸਰੀਰਕ ਜਾਂ ਮਾਨਸਿਕ ਸਥਿਤੀ ਕੁਝ ਵੀ ਹੋਵੇ।ਰਾਸ਼ਟਰੀ ਸਰਵੇਖਣ-2018 ਅਨੁਸਾਰ, ਭਾਰਤ ਦੇ 2.68 ਕਰੋੜ (2.21%) ਵਿਅਕਤੀ ਦਿਵਿਆਂਗ ਹਨ। 75% ਦਿਵਿਆਂਗ ਵਿਅਕਤੀ ਗੁਆਂਢੀਆਂ ਜਾਂ ਰਿਸ਼ਤੇਦਾਰਾਂ ਦੇ ਭੇਦਭਾਵ ਦਾ ਸ਼ਿਕਾਰ ਹੁੰਦੇ ਹਨ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਦਿਵਿਆਂਗਾਂ ਦੀ ਮਦਦ ਕਰੀਏ, ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਲਈ ਪ੍ਰੇਰਿਤ ਕਰੀਏ। ਉਨ੍ਹਾਂ ਨੂੰ ਵੀ ਸਿੱਖਿਆ, ਰੁਜ਼ਗਾਰ ਅਤੇ ਹੋਰ ਸਹੂਲਤਾਂ ਪ੍ਰਾਪਤ ਕਰਨ ਦੇ ਮੌਕੇ ਮਿਲਣੇ ਚਾਹੀਦੇ ਹਨ। ਜਦੋਂ ਅਸੀਂ ਉਨ੍ਹਾਂ ਨੂੰ ਆਪਣੇ ਹੁਨਰ ਨੂੰ ਨਿਖਾਰਨ ਦਾ ਮੌਕਾ ਦਿੰਦੇ ਹਾਂ ਤਾਂ ਉਹ ਵੀ ਸਮਾਜ ਵਿੱਚ ਸਹਿਯੋਗ ਕਰ ਸਕਦੇ ਹਨ ਅਤੇ ਆਪਣੇ ਟੀਚੇ ਪ੍ਰਾਪਤ ਕਰ ਸਕਦੇ ਹਨ।ਅਫਸੋਸ ਕਿ ਅਜੇ ਵੀ ਦਿਵਿਆਂਗਾਂ ਨੂੰ ਹੀਣ ਭਾਵਨਾ, ਭੇਦਭਾਵ ਅਤੇ ਕਈ ਵਾਰ ਨਫਰਤ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਇਹ ਸਿਰਫ ਸਮਾਜਿਕ ਬੁਰਾਈ ਹੀ ਨਹੀਂ, ਸਗੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਅਪੰਗਤਾ ਕੋਈ ਕਮੀ ਨਹੀਂ, ਸਗੋਂ ਵੱਖਰੀ ਯੋਗਤਾ ਹੈ: ਕਿਸੇ ਵਿਅਕਤੀ ਦਾ ਦਿਵਿਆਂਗ ਹੋਣਾ ਕਾਬਲੀਅਤ, ਹੁਨਰ ਜਾਂ ਸੰਭਾਵਨਾ ਨੂੰ ਪਰਿਭਾਸ਼ਿਤ ਨਹੀਂ ਕਰਦਾ। ਹਰੇਕ ਵਿਅਕਤੀ ਵਿੱਚ ਅਨੋਖੀ ਸ਼ਕਤੀ ਅਤੇ ਯੋਗਤਾ ਹੁੰਦੀ ਹੈ। ਕਈ ਅਜਿਹੇ ਵਿਅਕਤੀ ਹਨ ਜਿਨ੍ਹਾਂ ਨੂੰ ਭਾਵੇਂ ਚੱਲਣ, ਦੇਖਣ, ਬੋਲਣ, ਸੁਣਨ ਜਾਂ ਸਿੱਖਣ ਵਿੱਚ ਔਖਿਆਈਆਂ ਹਨ, ਪਰ ਆਪਣੇ ਪੱਕੇ ਇਰਾਦੇ ਅਤੇ ਹੌਸਲੇ ਨਾਲ ਅਜਿਹੇ ਵਿਅਕਤੀਆਂ ਨੇ ਕਲਾ, ਵਿਗਿਆਨ, ਖੇਡਾਂ, ਟੈਕਨਾਲੋਜੀ, ਸਿੱਖਿਆ, ਵਪਾਰ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਸਫਲਤਾ ਦੀਆਂ ਉੱਚੀਆਂ ਮੰਜ਼ਿਲਾਂ ਹਾਸਲ ਕੀਤੀਆਂ ਹਨ।ਇਸ ਪ੍ਰਸੰਗ ਵਿੱਚ ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣੀ ਸੋਚ ਬਦਲਣੀ ਚਾਹੀਦੀ ਹੈ। ਦਿਵਿਆਂਗ ਨਾਲ ਸਤਿਕਾਰ ਨਾਲ ਪੇਸ਼ ਆਉਣਾ ਚਾਹੀਦਾ ਹੈ, ਤਰਸ ਜਾਂ ਡਰ ਨਾਲ ਨਹੀਂ। ਉਨ੍ਹਾਂ ਦੀਆਂ ਚੁਣੌਤੀਆਂ ਨੂੰ ਸਮਝੋ। ਅਪਾਹਜ ਜਾਂ ਨਕਾਰਾ ਕਹਿ ਕੇ ਹਾਸੇ-ਮਖੌਲ ਦਾ ਪਾਤਰ ਬਣਾਉਣਾ, ਛੇੜਨਾ ਜਾਂ ਚਿੜਾਉਣਾ ਇੱਕ ਕਿਸਮ ਦਾ ਮਾਨਸਿਕ ਸ਼ੋਸ਼ਣ ਹੈ। ਅਪਮਾਨਜਨਕ ਸ਼ਬਦਾਂ ਦੀ ਵਰਤੋਂ ਨਾ ਕਰੋ। ਵ੍ਹੀਲ ਚੇਅਰ ਯੂਜਰ, ਵਿਜ਼ੂਅਲੀ ਚੈਲੰਜਡ, ਦਿਵਿਆਂਗਜਨ ਵਰਗੇ ਸਤਿਕਾਰਜਨਕ ਸ਼ਬਦਾਂ ਦੀ ਵਰਤੋਂ ਕਰੋ। ਜੇ ਕੋਈ ਵਿਅਕਤੀ ਵ੍ਹੀਲਚੇਅਰ ’ਤੇ ਹੈ ਜਾਂ ਕਿਸੇ ਹੋਰ ਸਹਾਇਕ ਉਪਕਰਨ ਦੀ ਵਰਤੋਂ ਕਰ ਰਿਹਾ ਹੈ ਤਾਂ ਉਹਦੇ ਲਈ ਰਾਹ ਬਣਾਓ, ਰੁਕਾਵਟਾਂ ਹਟਾਓ, ਜ਼ਰੂਰਤ ਪੈਣ ’ਤੇ ਮਦਦ ਦੀ ਪੇਸ਼ਕਸ਼ ਕਰੋ, ਪਰ ਜਬਰਨ ਮਦਦ ਨਾ ਕਰੋ।ਹਰੇਕ ਬੱਚੇ ਨੂੰ, ਭਾਵੇਂ ਉਸ ਦੀ ਅਪੰਗਤਾ ਕੋਈ ਵੀ ਹੋਵੇ, ਗੁਣਵੱਤਾਪੂਰਨ ਸਿੱਖਿਆ ਪ੍ਰਾਪਤ ਕਰਨ ਦਾ ਉਸ ਦਾ ਅਧਿਕਾਰ ਹੈ। ਸਾਰੇ ਸਕੂਲਾਂ ਨੂੰ ਵਿਸ਼ੇਸ਼ ਸਿਖਲਾਈ ਪ੍ਰਾਪਤ ਅਧਿਆਪਕ, ਸੰਕੇਤਕ ਭਾਸ਼ਾ ਮਾਹਿਰ ਅਤੇ ਢੁਕਵੀਂ ਸਿਖਲਾਈ ਸਮੱਗਰੀ, ਸਾਜ਼ੋ-ਸਾਮਾਨ ਨਾਲ ਲੈਸ ਕਰਨਾ ਚਾਹੀਦਾ ਹੈ। ਕੰਪਨੀਆਂ, ਸੰਗਠਨਾਂ ਅਤੇ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਯੋਗ ਦਿਵਿਆਂਗ ਉਮੀਦਵਾਰਾਂ ਨੂੰ ਨੌਕਰੀਆਂ ’ਤੇ ਰੱਖਣ ਲਈ ਖੁੱਲ੍ਹੇ ਦਿਲ ਅਤੇ ਦਿਮਾਗ ਨਾਲ ਵਿਚਾਰ ਕਰਨ। ਉਨ੍ਹਾਂ ਦੇ ਹੁਨਰ ਅਤੇ ਲਗਨ ’ਤੇ ਧਿਆਨ ਦਿਓ, ਉਨ੍ਹਾਂ ਦੀਆਂ ਸਰੀਰਕ ਸੀਮਾਵਾਂ ’ਤੇ ਨਹੀਂ। ਉਨ੍ਹਾਂ ਦੀ ਕੰਮ ਕਰਨ ਦੀ ਜਗ੍ਹਾ ਨੂੰ ਜ਼ਰੂਰੀ ਸਹੂਲਤਾਂ ਜਿਵੇਂ ਰੈਂਪ, ਵਿਸ਼ੇਸ਼ ਕੰਪਿਊਟਰ ਸਾਫਟਵੇਅਰ, ਅਪਰੇਟਸ ਮਸ਼ੀਨਾਂ, ਇੰਟਰਪਰੇਟਰ ਆਦਿ ਨਾਲ ਲੈਸ ਕਰੋ। ਉਨ੍ਹਾਂ ਨੂੰ ਸਮਾਜਿਕ, ਸੱਭਿਆਚਾਰਕ ਅਤੇ ਰਾਜਨੀਤਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਮੌਕਾ ਦਿਓ, ਉਨ੍ਹਾਂ ਦੀ ਰਾਏ ਮਹੱਤਵਪੂਰਨ ਹੈ।ਸਮਾਜਿਕ ਜਾਗਰੂਕਤਾ ਦੇ ਨਾਲ-ਨਾਲ ਸਰਕਾਰ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਨੈਤਿਕ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਦਿਵਿਆਂਗ ਨਾਗਰਿਕਾਂ ਲਈ ਸਹੂਲਤਾਂ ਦਾ ਪ੍ਰਬੰਧ ਕਰੇ। ਦਿਵਿਆਂਗਾਂ ਲਈ ਵਿਸ਼ੇਸ਼ ਰੁਜ਼ਗਾਰ ਮੁਹਿੰਮ ਚਲਾਈ ਜਾਵੇ, ਨਵੀਆਂ ਸਰਕਾਰੀ ਅਸਾਮੀਆਂ ਸਥਾਪਿਤ ਕੀਤੀਆਂ ਜਾਣ ਅਤੇ ਸਰਕਾਰੀ ਵਿਭਾਗਾਂ ਵਿੱਚ ਇਨ੍ਹਾਂ ਦੇ ਕੋਟੇ ਵਾਲੀਆਂ ਖਾਲੀ ਪਈਆਂ ਰਾਖਵੀਆਂ ਅਸਾਮੀਆਂ ਤੁਰੰਤ ਭਰੀਆਂ ਜਾਣ। ਸਾਰੀਆਂ ਪਬਲਿਕ ਇਮਾਰਤਾਂ ਜਿਵੇਂ ਸਕੂਲ, ਹਸਪਤਾਲ, ਦਫਤਰ, ਬੈਂਕ, ਆਵਾਜਾਈ ਟਰਮਿਨਲ, ਪਾਰਕਾਂ ਤੇ ਫੁੱਟਪਾਥਾਂ ਵਿੱਚ ਰੈਂਪ, ਲਿਫਟਾਂ, ਵਿਸ਼ੇਸ਼ ਪਖਾਨੇ ਅਤੇ ਬ੍ਰੇਲ ਚਿੰਨ੍ਹਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਇਹ ਸਹੂਲਤਾਂ ਸਿਰਫ ਕਾਗਜਾਂ ’ਤੇ ਨਹੀਂ, ਅਸਲ ਵਿੱਚ ਲਾਗੂ ਹੋਣੀਆਂ ਚਾਹੀਦੀਆਂ ਹਨ।ਦਿਵਿਆਂਗਾਂ ਨੂੰ ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਦੇ ਕੇ ਸੁਤੰਤਰ ਕੰਮਾਂ ਲਈ ਵਿਸ਼ੇਸ਼ ਵਿੱਤੀ ਸਹਾਇਤਾ ਗ੍ਰਾਂਟ, ਰਿਆਇਤੀ ਕਰਜ਼ੇ ਅਤੇ ਮਾਰਗ ਦਰਸ਼ਨ ਮੁਹੱਈਆ ਕਰਵਾਇਆ ਜਾਵੇ। ਯੋਗ ਦਿਵਿਆਂਗਾਂ ਨੂੰ ਨੌਕਰੀ ਦੇਣ ਵਾਲੀਆਂ ਪ੍ਰਾਈਵੇਟ ਕੰਪਨੀਆਂ ਅਤੇ ਅਦਾਰਿਆਂ ਨੂੰ ਟੈਕਸ ਰਿਆਇਤਾਂ ਜਾਂ ਹੋਰ ਲਾਭ ਦਿੱਤਾ ਜਾਵੇ। ਦਿਵਿਆਂਗਾਂ ਨੂੰ ਮੁਫਤ ਤੇ ਵਧੀਆ ਸਿਹਤ ਸੇਵਾਵਾਂ ਅਤੇ ਸਹਾਇਕ ਉਪਕਰਨ ਜਿਵੇਂ ਸਟਿਕ, ਵ੍ਹੀਲਚੇਅਰ, ਕੰਨਾਂ ਦੀ ਮਸ਼ੀਨ, ਆਡੀਓ ਏਡਜ਼ ਆਦਿ ਆਸਾਨੀ ਨਾਲ ਉਪਲਬਧ ਕਰਵਾਏ ਜਾਣ। ਹਰ ਜ਼ਿਲ੍ਹੇ ਵਿੱਚ ਵਿਸ਼ੇਸ਼ ਫਿਜ਼ੀਓਥੈਰੇਪੀ ਸੈਂਟਰ ਅਤੇ ਬਣਾਉਟੀ ਅੰਗ ਲਗਾਉਣ ਦੇ ਸਹਿ-ਸੈਂਟਰ ਖੋਲ੍ਹੇ ਜਾਣ। ਪਬਲਿਕ ਟਰਾਂਸਪੋਰਟ ਵਿੱਚ ਆਡੀਓ ਅਨਾਊਂਸਮੈਂਟ ਅਤੇ ਰੈਂਪ ਲਗਾਉਣਾ ਲਾਜ਼ਮੀ ਕੀਤਾ ਜਾਵੇ। ਲੋਕਾਂ ਨੂੰ ਜਾਗਰੂਕ ਕਰਨ ਲਈ ਵਿਦਿਅਕ ਅਦਾਰਿਆਂ ਅਤੇ ਹਰ ਪਿੰਡ ਕਸਬੇ ਵਿੱਚ ਇਨ੍ਹਾਂ ਦੇ ਹੱਕਾਂ ਤੇ ਕਾਨੂੰਨਾਂ ਸਬੰਧੀ ਜਾਗਰੂਕਤਾ ਬਾਰੇ ਸੈਮੀਨਾਰ ਲਗਾਏ ਜਾਣ। ਮੀਡੀਆ ਰਾਹੀਂ ਸਫਲ ਦਿਵਿਆਂਗਾਂ ਦੀਆਂ ਕਹਾਣੀਆਂ ਪ੍ਰਸਾਰਿਤ ਕੀਤੀਆਂ ਜਾਣ। ਦਿਵਿਆਂਗਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਾਲੇ ਕਾਨੂੰਨਾਂ ਨੂੰ ਸਰਕਾਰ ਸਖਤੀ ਨਾਲ ਲਾਗੂ ਕਰੇ।ਦਿਵਿਆਂਗ ਸਾਡੇ ਭਰਾ-ਭੈਣ, ਬੱਚੇ, ਮਾਪੇ, ਦੋਸਤ ਅਤੇ ਸਾਥੀ ਨਾਗਰਿਕ ਹਨ; ਆਓ, ਅਜਿਹੇ ਸਮਾਜ ਦੀ ਰਚਨਾ ਕਰੀਏ ਜਿੱਥੇ ਹਰੇਕ ਵਿਅਕਤੀ, ਉਸ ਦੀਆਂ ਸਰੀਰਕ ਜਾਂ ਮਾਨਸਿਕ ਸੀਮਾਵਾਂ ਦੇ ਬਾਵਜੂਦ, ਆਤਮ-ਸਨਮਾਨ ਨਾਲ ਜੀਣ ਅਤੇ ਆਪਣੀਆਂ ਸੰਭਾਵਨਾਵਾਂ ਨੂੰ ਪੂਰਾ ਕਰਨ ਦੇ ਯੋਗ ਹੋਵੇ।ਸੰਪਰਕ: 98146-56257