DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਦੋਂ ਅਸੀਂ ਇੰਟਰਨੈੱਟ ਰਾਹੀਂ ਚੋਰ ਫੜੇ...

ਅੱਜ ਦੇ ਜ਼ਮਾਨੇ ਵਿੱਚ ਸੋਸ਼ਲ ਮੀਡੀਆ ਸਾਡੇ ਜੀਵਨ ਦਾ ਇੱਕ ਅਟੁੱਟ ਅੰਗ ਬਣ ਚੁੱਕਾ ਹੈ। ਇਹ ਸਾਡੀ ਰੋਜ਼ਮੱਰ੍ਹਾ ਦੀ ਜ਼ਿੰਦਗੀ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਇਸ ਦੇ ਜਿੰਨੇ ਫ਼ਾਇਦੇ ਹਨ ਓਨੇ ਹੀ ਨੁਕਸਾਨ ਵੀ ਹਨ। ਇਹ ਤੁਹਾਡੇ ਉੱਪਰ...

  • fb
  • twitter
  • whatsapp
  • whatsapp
Advertisement

ਅੱਜ ਦੇ ਜ਼ਮਾਨੇ ਵਿੱਚ ਸੋਸ਼ਲ ਮੀਡੀਆ ਸਾਡੇ ਜੀਵਨ ਦਾ ਇੱਕ ਅਟੁੱਟ ਅੰਗ ਬਣ ਚੁੱਕਾ ਹੈ। ਇਹ ਸਾਡੀ ਰੋਜ਼ਮੱਰ੍ਹਾ ਦੀ ਜ਼ਿੰਦਗੀ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਇਸ ਦੇ ਜਿੰਨੇ ਫ਼ਾਇਦੇ ਹਨ ਓਨੇ ਹੀ ਨੁਕਸਾਨ ਵੀ ਹਨ। ਇਹ ਤੁਹਾਡੇ ਉੱਪਰ ਨਿਰਭਰ ਕਰਦਾ ਹੈ ਕਿ ਤੁਸੀਂ ਇਸ ਦਾ ਪ੍ਰਯੋਗ ਕਿੰਝ ਕਰਦੇ ਹੋ। ਇੱਥੋਂ ਤੱਕ ਕਿ ਚੋਰ ਵੀ ਫੜ ਸਕਦੇ ਹੋ। ਹੋਇਆ ਇੰਝ ਕਿ ਤਿੰਨ-ਚਾਰ ਸਾਲ ਸਾਡੇ ਦਫ਼ਤਰ ਵਿੱਚ ‘ਹਰੀ ਸੋਨੀ’ ਨਾਮਕ ਨੇਪਾਲੀ ਮੂਲ ਦਾ 35 ਕੁ ਸਾਲਾ ਮੁੰਡਾ ਡਰਾਈਵਰ ਦੀ ਨੌਕਰੀ ਕਰਦਾ ਆ ਰਿਹਾ ਸੀ। ਉਹ ਮੇਰੇ ਭਾਈਵਾਲ ਦੀ ਗੱਡੀ ਚਲਾਉਂਦਾ ਸੀ। ਉਹ ਧੋਖੇ ਨਾਲ ਸਾਡੇ ਇੱਕ ਲੱਖ ਰੁਪਏ ਲੈ ਕੇ ਨੇਪਾਲ ਭੱਜ ਗਿਆ। ਭਾਈਵਾਲ ਨੇ ਉਸਨੂੰ ਆਪਣੇ ਘਰ ਵਿੱਚ ਨਿੱਕੇ ਭਰਾ ਵਾਂਗ ਹੀ ਰੱਖਿਆ ਹੋਇਆ ਸੀ। ਉਸ ਡਰਾਈਵਰ ਦਾ ਇਹ ਧੋਖਾ ਦੇਣ ਵਾਲਾ ਕਾਰਾ ਮੈਨੂੰ ਹਰ ਸਮੇਂ ਤੰਗ ਕਰਦਾ ਰਹਿੰਦਾ ਸੀ। ਮੈਂ ਉਸਦੇ ਫੇਸਬੁੱਕ ਪ੍ਰੋਫਾਈਲ ਦੀਆਂ ਗਤੀਵਿਧੀਆਂ ਉੱਪਰ ਲਗਾਤਾਰ ਨਿਗਾਹ ਰੱਖੀ। ਕਾਫ਼ੀ ਦਿਨ ਉਸ ਨੇ ਫੇਸਬੁੱਕ ਉੱਪਰ ਘੇਸਲ ਵੱਟੀ ਰੱਖੀ।

ਕਈ ਮਹੀਨੇ ਬੀਤਣ ਤੋਂ ਬਾਅਦ ਉਸਨੇ ਸੋਚਿਆ ਕਿ ਮਾਮਲਾ ਠੰਢਾ ਪੈ ਗਿਆ ਹੋਵੇਗਾ। ਉਹ ਫੇਸਬੁੱਕ ਉੱਪਰ ਦੁਬਾਰਾ ਸਰਗਰਮ ਹੋ ਗਿਆ। ਇੱਕ ਦਿਨ ਉਸਨੇ ਆਪਣੀਆਂ ਸੈਲਫ਼ੀਆਂ ਫੇਸਬੁੱਕ ਉੱਪਰ ਸਾਂਝੀਆਂ ਕੀਤੀਆਂ। ਮੈਂ ਤਸਵੀਰਾਂ ਦੇ ਰੰਗ ਰੂਪ ਤੇ ਪਿਛੋਕੜ ਤੋਂ ਪਛਾਣ ਲਿਆ ਕਿ ਉਹ ਵਾਪਸ ਪੰਜਾਬ ਪਰਤ ਆਇਆ ਹੈ। ਉਸ ਨੂੰ ਕਾਬੂ ਕਰਨ ਦੀ ਮੈਂ ਤਰਕੀਬ ਸੋਚਣ ਲੱਗਾ।

Advertisement

ਮੈਂ ਇੱਕ ਪੁਰਾਣੀ ਨੇਪਾਲੀ ਐਕਟਰਸ ਦੀ ਤਸਵੀਰ ਨੂੰ ਵਰਤ ਕੇ ਇੱਕ ਜਾਅਲੀ ਪ੍ਰੋਫਾਈਲ ਬਣਾ ਕੇ ਉਸਨੂੰ ਦੋਸਤ ਬਣਨ ਦੀ ਬੇਨਤੀ ਕੀਤੀ ਜੋ ਉਸਨੇ ਕਬੂਲ ਕਰ ਲਈ। ਮੈਂ ਲੜਕੀ ਦਾ ਕਿਰਦਾਰ ਬਣ ਕੇ ਉਸ ਨਾਲ ਚੈਟਿੰਗ ਸ਼ੁਰੂ ਕੀਤੀ। ਉਸਨੇ ਦੱਸਿਆ ਕਿ ਉਹ ਜਲੰਧਰ ਵਿੱਚ ਕਿਸੇ ਦਫ਼ਤਰ ਵਿੱਚ ਬਤੌਰ ਡਰਾਈਵਰ ਨੌਕਰੀ ਕਰਦਾ ਹੈ। ਮੈਂ ਉਸਨੂੰ ਮੰਗਲਵਾਰ ਸਵੇਰੇ ਮਿਲਣ ਵਾਸਤੇ ਮੁਹਾਲੀ ਨੇੜੇ ਪੈਂਦੇ ਕਸਬੇ ਖਰੜ ਦੇ ਬੱਸ ਅੱਡੇ ਉੱਪਰ ਬੁਲਾ ਲਿਆ। ਸੋਮਵਾਰ ਨੂੰ ਮੈਂ ਲੋਕਲ ਪੁਲੀਸ ਨਾਲ ਵੀ ਆਪਣਾ ਪਲਾਨ ਸਾਂਝਾ ਕਰ ਲਿਆ। ਤੈਅਸ਼ੁਦਾ ਪ੍ਰੋਗਰਾਮ ਮੁਤਾਬਿਕ ਡਰਾਈਵਰ ਸਹੀ ਸਮੇਂ ’ਤੇ ਨਿਰਧਾਰਿਤ ਟਿਕਾਣੇ ਉੱਪਰ ਪਹੁੰਚ ਗਿਆ। ਪੁਲਿਸ ਨੇ ਉਸਨੂੰ ਦਬੋਚ ਲਿਆ।

Advertisement

ਪੁਲਿਸ ਨੇ ਤਿੰਨ-ਚਾਰ ਦਿਨ ਦਾ ਰਿਮਾਂਡ ਲੈ ਲਿਆ। ਪੁਲਿਸ ਨਾਲ ਮਿਲ ਕੇ ਅਸੀਂ ਉਸ ਤੋਂ ਤੀਹ-ਪੈਂਤੀ ਹਜ਼ਾਰ ਰੁਪਏ ਕਢਵਾ ਵੀ ਲਏ। ਫਿਰ ਮਾਣਯੋਗ ਅਦਾਲਤ ਨੇ ਉਸਨੂੰ ਜੇਲ੍ਹ ਭੇਜ ਦਿੱਤਾ । ਬਾਅਦ ਉਸਨੂੰ ਜ਼ਮਾਨਤ ਮਿਲ ਗਈ। ਉਹ ਦੁਬਾਰਾ ਨੇਪਾਲ ਭੱਜ ਗਿਆ। ਕੁਝ ਅਰਸੇ ਬਾਅਦ ਕਚਹਿਰੀ ਦੀ ਕਾਰਵਾਈ ਅਨੁਸਾਰ ਮਾਣਯੋਗ ਅਦਾਲਤ ਨੇ ਉਸ ਨੂੰ ਪੀ.ਓ. (ਭਗੌੜਾ ਅਪਰਾਧੀ) ਘੋਸ਼ਿਤ ਕਰ ਦਿੱਤਾ। ਉਹ ਅਜੇ ਵੀ ਕਾਨੂੰਨ ਦੇ ਹੱਥੇ ਨਹੀਂ ਚੜ੍ਹਿਆ ਹੈ। ਅੱਜ ਵੀ ਮੇਰੀ ਨਜ਼ਰ ਉਸਨੂੰ ਲੱਭ ਰਹੀ ਹੈ।

ਦੂਸਰਾ ਚੋਰੀ ਕਾਂਡ ਕੁਝ ਹਫ਼ਤੇ ਪਹਿਲਾਂ ਹੀ ਸਾਡੇ ਨਾਲ ਵਾਪਰਿਆ ਹੈ। ਮੁਹਾਲੀ ਆਪਣੇ ਘਰ ਦੇ ਸਾਹਮਣੇ ਬਣੇ ਇੱਕ ਛੋਟੇ ਜਿਹੇ ਪਾਰਕ ਵਿੱਚ ਸਾਲ ਭਰ ਤੋਂ ਅਸੀਂ ਸਵੇਰ ਦੀ ਸੈਰ ਕਰਦੇ ਆ ਰਹੇ ਹਾਂ। ਇਸ ਪਾਰਕ ਦੇ ਇੱਕ ਪਾਸੇ ਵਹਿੰਦੇ ਬਰਸਾਤੀ ਨਾਲ਼ੇ ਦੀ ਸੀਮਿੰਟ ਨਾਲ ਬਣੀ ਧੁੱਸੀਨੁਮਾ ਡੇਢ ਦੋ ਫੁੱਟ ਚੌੜੀ ਕੰਧ ਵੀ ਹੈ। ਅਸੀਂ ਸਵੇਰੇ ਉਸ ਕੰਧ ਉੱਪਰ ਪੰਖੇਰੂਆਂ ਤੇ ਗਲਹਿਰੀਆਂ ਵਾਸਤੇ ਚੋਗਾ, ਖਾਣਾ ਤੇ ਪਾਣੀ ਦਾ ਬੰਦੋਬਸਤ ਵੀ ਕਰਦੇ ਆ ਰਹੇ ਹਾਂ। ਕੰਧ ਉੱਪਰ ਇੱਕ ਇੱਟ ਦੀ ਢੋਅ ਲਗਾ ਕੇ ਆਪਣੇ ਮੋਬਾਈਲ ਫ਼ੋਨ ਰਾਹੀਂ ਉਨ੍ਹਾਂ ਪੰਛੀਆਂ ਦੀ ਲਾਈਵ ਵੀਡੀਓ ਰਿਕਾਰਡ ਤੇ ਨਸ਼ਰ ਕਰਦੇ ਆ ਰਹੇ ਹਾਂ। ਕੰਧ ਦੀ ਡੂੰਘਾਈ ਨਾਲ਼ੇ ਵਾਲ਼ੇ ਪਾਸੇ ਤੋਂ ਸੱਤ-ਅੱਠ ਫੁੱਟ ਦੇ ਕਰੀਬ ਹੈ। ਅਸੀਂ ਸੈਰ ਤੇ ਯੋਗਾ ਕਰਦੇ ਮੋਬਾਈਲ ਫ਼ੋਨ ਉੱਪਰ ਨਜ਼ਰ ਰੱਖਦੇ ਸਾਂ। ਇਹ ਸਿਲਸਿਲਾ ਲਗਪਗ ਇੱਕ ਸਾਲ ਚੱਲਦਾ ਰਿਹਾ ਸੀ।

ਖ਼ੈਰ, ਉਸ ਦਿਨ ਸਵੇਰੇ ਉਹੀ ਕਾਂਡ ਹੋ ਗਿਆ ਜਿਸਦਾ ਡਰ ਸੀ। ਮੈਂ, ਮੇਰੀ ਮਾਂ ਤੇ ਪਤਨੀ ਸੈਰ ਕਰਦੇ ਅਚਾਨਕ ਕਿਸੇ ਗੱਲਬਾਤ ਵਿੱਚ ਉਲਝ ਗਏ। ਕੁਝ ਸਮੇਂ ਬਾਅਦ ਅਸੀਂ ਦੇਖਿਆ ਤਾਂ ਮੋਬਾਈਲ ਫ਼ੋਨ ਆਪਣੀ ਜਗ੍ਹਾ ਉੱਪਰ ਨਹੀਂ ਸੀ। ਪਹਿਲਾਂ ਵੀ ਕਈ ਵਾਰ ਤੋਤੇ, ਕਬੂਤਰਾਂ ਤੇ ਗਲਹਿਰੀਆਂ ਦੁਆਰਾ ਉਹ ਕੰਧ ਤੋਂ ਪਾਰਕ ਵਾਲੇ ਪਾਸੇ ਜਾਂ ਨਾਲ਼ੇ ਵਾਲ਼ੇ ਪਾਸੇ ਹੇਠਾਂ ਡੇਗ ਦਿੱਤਾ ਜਾਂਦਾ ਸੀ। ਭੱਜ ਕੇ ਦੇਖਿਆ ਤਾਂ ਮੋਬਾਈਲ ਨਹੀਂ ਲੱਭਾ। ਸਵੇਰ ਦੇ ਸਵਾ ਕੁ ਛੇ ਵਜੇ ਦਾ ਵਕਤ ਸੀ। ਸਾਨੂੰ ਪਤਾ ਲੱਗ ਗਿਆ ਕਿ ਫ਼ੋਨ ਚੋਰੀ ਹੋ ਗਿਆ ਹੈ। ਅਸੀਂ ਇੱਧਰ-ਉੱਧਰ ਅੱਗੇ-ਪਿੱਛੇ ਭੱਜੇ ਪਰ ਸਾਨੂੰ ਚੋਰ ਨਹੀਂ ਮਿਲ਼ਿਆ। ਗੁਆਂਢੀਆਂ ਦੇ ਘਰ ਲੱਗੇ ਕੈਮਰੇ ਦੀ ਰਿਕਾਰਡਿੰਗ ਦੇਖਣ ਦੀ ਕੋਸ਼ਿਸ਼ ਕੀਤੀ ਪਰ ਉਹ ਦੇਖ ਨਾ ਸਕੇ। ਮਾਯੂਸ ਹੋ ਕੇ ਘਰ ਆਏ। ਪੁਲੀਸ ਨੂੰ ਫ਼ੋਨ ਕਰਨ ਦੀ ਗੱਲ ਹੋਈ ਪਰ ਮੇਰੇ ਦਿਮਾਗ ਅੰਦਰਲਾ ਡਿਜੀਟਲ ਖ਼ੋਜੀ ਜਾਗ ਪਿਆ।

ਮੈਂ ਆਪਣੇ ਵੱਡੇ ਭਤੀਜੇ ਨਾਲ ਗੱਲ ਕੀਤੀ। ਉਸਨੇ ਆਪਣੇ ਐਪਲ ਮੋਬਾਈਲ ਰਾਹੀਂ ਚੋਰੀ ਹੋਏ ਮੋਬਾਈਲ ਦੀ ਭਾਲ ਕੀਤੀ। ਚੋਰ ਨੇ ਕੁਝ ਮਿੰਟਾਂ ਵਿੱਚ ਹੀ ਮੋਬਾਈਲ ਦਾ ਸਾਰਾ ਡਾਟਾ ਡਿਲੀਟ ਕਰ ਦਿੱਤਾ। ਮੇਰਾ ਭਤੀਜਾ ਕੁਝ ਮਾਯੂਸ ਹੋ ਗਿਆ। ਭਤੀਜੇ ਨੇ ਦੱਸਿਆ ਕਿ ਚੋਰ ਨੇ ਦੋ ਤਿੰਨ ਫ਼ੋਟੋਆਂ ਤਾਜ਼ਾ ਖਿੱਚੀਆਂ ਹਨ ਜਿਸ ਵਿੱਚ ਇੱਕ ਦੁਕਾਨ ਤੇ ਇੱਕ ਮੁੱਛ ਫੁੱਟ ਮੁੰਡੇ ਦੀ ਸੀ। ਜੋ ਮੋਬਾਈਲ ਨਾਲ ਜੁੜੀ ਈਮੇਲ ਰਾਹੀਂ ਸਾਡੇ ਕੋਲ ਪਹੁੰਚ ਗਈਆਂ। ਈਮੇਲ ਨੂੰ ਉਹ ਡਿਲੀਟ ਕਰਨਾ ਸ਼ਾਇਦ ਭੁੱਲ ਗਿਆ ਸੀ। ਨਾਲ ਹੀ ਉਨ੍ਹਾਂ ਦਾ ਥਹੁ-ਟਿਕਾਣਾ, ਜੋ ਕਿ ਮੁਹਾਲੀ ਵਿੱਚ ਪੈਂਦੇ ਪਿੰਡ ਮਟੌਰ ਦਾ ਸੀ। ਮੈਂ ਤੇ ਮੇਰਾ ਭਤੀਜਾ ਗੱਡੀ ਲੈ ਕੇ ਫ਼ੋਟੋ ’ਚ ਦਿਖਾਈ ਦੇ ਰਹੀ ਦੁਕਾਨ ਕੋਲ ਪਹੁੰਚ ਗਏ। ਤਸਵੀਰ ਵਾਲੇ ਮੁੰਡੇ ਸਮੇਤ ਤਿੰਨੋਂ ਮੁੰਡੇ ਦੁਕਾਨ ਸਾਹਮਣੇ ਬੈਠ ਸਾਡੇ ਹੀ ਮੋਬਾਈਲ ਫ਼ੋਨ ਦੀਆਂ ਖੂਬੀਆਂ ਪਰਖ ਰਹੇ ਸਨ। ਭਤੀਜੇ ਨੇ ਤਸਵੀਰ ਵਾਲ਼ੇ ਮੁੰਡੇ ਨੂੰ ਪਛਾਣ ਲਿਆ।

ਬਸ ਫਿਰ ਕੀ ਸੀ ਅਸੀਂ ਤਿੰਨੋਂ ਲੰਮੇ ਪਾ ਕੇ ਚੰਗੀ ਤਰ੍ਹਾਂ ਝੰਬ ਸੁੱਟੇ ਤੇ ਖੁਦ ਪੁਲੀਸ ਨੂੰ ਬੁਲਾ ਕੇ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਲਗਪਗ ਸਾਢੇ ਕੁ ਨੌਂ ਵਜੇ ਅਸੀਂ ਆਪਣਾ ਚੋਰੀ ਹੋਇਆ ਮੋਬਾਈਲ ਫ਼ੋਨ ਲੈ ਕੇ ਘਰ ਪਰਤ ਆਏ। ਸੋ ਦੋਸਤੋ ਸਾਰੇ ਰਲ ਕੇ ਬੋਲੋ “ਜੈ ਇੰਟਰਨੈੱਟ ਦੀ”। ਆਮੀਨ!

ਸੰਪਰਕ: 9417173700

Advertisement
×