ਮੈਂ ਅੱਜ ਜੋ ਵੀ ਹਾਂ, ਆਪਣੇ ਅਧਿਆਪਕਾਂ ਸਦਕਾ ਹਾਂ: ਅਨੁਪਮ ਖੇਰ
ਅਧਿਆਪਕ ਦਿਵਸ ਮੌਕੇ ਉੱਘੇ ਬੌਲੀਵੁੱਡ ਅਦਾਕਾਰ ਅਨੁਪਮ ਖੇਰ ਨੇ ਆਪਣੇ ਸਕੂਲ, ਕਾਲਜ ਅਤੇ ਡਰਾਮਾ ਸਕੂਲ ਦੇ ਅਧਿਆਪਕਾਂ ਦੀਆਂ ਸਿੱਖਿਆਵਾਂ ਨੂੰ ਯਾਦ ਕੀਤਾ, ਜਿਨ੍ਹਾਂ ਨੇ ਉਸ ਨੂੰ ਚੰਗਾ ਅਦਾਕਾਰ ਬਣਨ ਅਤੇ ਜ਼ਿੰਦਗੀ ਵਿੱਚ ਸਫ਼ਲ ਹੋਣ ਵਿੱਚ ਮਦਦ ਕੀਤੀ। ਅਨੁਪਮ ਖੇਰ ਨੇ ਅਧਿਆਪਕ ਦਿਵਸ ਦੀ ਸਾਰਿਆਂ ਨੂੰ ਵਧਾਈਆਂ ਦਿੰਦਿਆਂ ਕਿਹਾ, ‘ਵਿਦਿਆਰਥੀ ਦੇ ਜੀਵਨ ਨੂੰ ਸਫ਼ਲ ਬਣਾਉਣ ਵਿੱਚ ਅਧਿਆਪਕਾਂ ਦਾ ਵੱਡਾ ਹੱਥ ਹੁੰਦਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਅਧਿਆਪਕ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ। ਮੈਂ ਅੱਜ ਜੋ ਵੀ ਹਾਂ, ਮੇਰੇ ਸਕੂਲ, ਕਾਲਜ ਅਤੇ ਡਰਾਮਾ ਸਕੂਲ ਦੇ ਅਧਿਆਪਕਾਂ, ਮਾਪਿਆਂ ਅਤੇ ਦਾਦਾ-ਦਾਦੀ ਸਕਦਾ ਹਾਂ। ਮੈਂ ਉਨ੍ਹਾਂ ਨੂੰ ਸਲਾਮ ਕਰਦਾ ਹਾਂ, ਕਿਉਂਕਿ ਮੈਂ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ ਹੈ। ਅਧਿਆਪਕ ਤੁਹਾਨੂੰ ਸਿਰਫ਼ ਕਿਤਾਬੀ ਗਿਆਨ ਹੀ ਨਹੀਂ ਦਿੰਦੇ, ਸਗੋਂ ਉਹ ਤੁਹਾਨੂੰ ਜ਼ਿੰਦਗੀ ਬਾਰੇ ਵੀ ਬਹੁਤ ਕੁਝ ਸਿਖਾਉਂਦੇ ਹਨ।’ ਬੌਲੀਵੁੱਡ ਅਦਾਕਾਰ ਨੇ ਨੈਸ਼ਨਲ ਸਕੂਲ ਆਫ ਡਰਾਮਾ ਦੇ ਸਾਬਕਾ ਨਿਰਦੇਸ਼ਕ ਮਰਹੂਮ ਇਬਰਾਹਿਮ ਅਲਕਾਜ਼ੀ ਦਾ ਉਨ੍ਹਾਂ ਦੀਆਂ ਸਿੱਖਿਆਵਾਂ ਲਈ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ (ਅਨੁਪਮ) ਦੇ ਅਦਾਕਾਰੀ ਦੇ ਹੁਨਰ ਨੂੰ ਨਿਖਾਰਨ ਵਿੱਚ ਮਦਦ ਕੀਤੀ। ਅਨੁਪਮ ਨੇ ਯਾਦਾਂ ਸਾਂਝੀਆਂ ਕਰਦਿਆਂ ਕਿਹਾ, ‘ਨੈਸ਼ਨਲ ਸਕੂਲ ਆਫ ਡਰਾਮਾ ਦੇ ਨਿਰਦੇਸ਼ਕ ਅਤੇ ਮਹਾਨ ਭਾਰਤੀ ਅਦਾਕਾਰ ਇਬਰਾਹਿਮ ਅਲਕਾਜ਼ੀ ਸਰ ਨੇ ਮੈਨੂੰ ਸਿਖਾਇਆ ਕਿ ਤੁਹਾਡਾ ਮਨ ਜਿੰਨਾ ਵੱਡਾ ਹੋਵੇਗਾ, ਤੁਹਾਡੀ ਦੁਨੀਆ ਓਨੀ ਹੀ ਵੱਡੀ ਹੋਵੇਗੀ ਅਤੇ ਤੁਹਾਡਾ ਦਿਲ ਜਿੰਨਾ ਵੱਡਾ ਹੋਵੇਗਾ, ਓਨਾ ਹੀ ਮਨੁੱਖਤਾ ਦੀ ਕਦਰ ਕਰੋਗੇ ਅਤੇ ਇਹ ਸੱਚ ਹੈ।’ ਅਦਾਕਾਰ ਨੇ ਖੁਲਾਸਾ ਕੀਤਾ ਕਿ ਡਰਾਮਾ ਸਕੂਲ ਪਾਸ ਕਰਨ ਤੋਂ ਬਾਅਦ ਉਸ ਨੇ ਪਹਿਲੀ ਨੌਕਰੀ ਅਧਿਆਪਕ ਵਜੋਂ ਕੀਤੀ ਸੀ।