ਮਮਦਾਨੀ ਵਾਲਾ ਮਾਜਰਾ ਕੀ ਹੈ?
ਦਰਬਾਰਾ ਸਿੰਘ ਕਾਹਲੋਂ
ਅਮਰੀਕਾ ਦੀ ਵਿੱਤੀ ਰਾਜਧਾਨੀ ਵਜੋਂ (ਭਾਰਤ ਦੀ ਵਿੱਤੀ ਰਾਜਧਾਨੀ ਮੁੰਬਈ ਵਾਂਗ) ਜਾਣੇ ਜਾਂਦੇ ਨਿਊਯਾਰਕ ਸ਼ਹਿਰ ਦੇ ਮੇਅਰ ਪਦ ਲਈ 4 ਨਵੰਬਰ 2025 ਨੂੰ ਚੋਣਾਂ ਹੋਣੀਆਂ ਹਨ। ਇਨ੍ਹਾਂ ਚੋਣਾਂ ਵਿਚ ਕਿਸ ਰਾਜਨੀਤਕ ਪਾਰਟੀ ਦਾ ਕਿਹੜਾ ਉਮੀਦਵਾਰ ਚੋਣ ਮੈਦਾਨ ਵਿਚ ਉਤਰੇਗਾ, ਇਸ ਦਾ ਫ਼ੈਸਲਾ ਉਸ ਪਾਰਟੀ ਸਬੰਧੀ ਅੰਦਰੂਨੀ ਪ੍ਰਾਇਮਰੀ ਚੋਣਾਂ ਤੈਅ ਕਰਦੀਆਂ ਹਨ।
24 ਜੂਨ ਨੂੰ ਡੈਮੋਕ੍ਰੈਟਿਕ ਪਾਰਟੀ ਦੀਆਂ ਅੰਦਰੂਨੀ ਪ੍ਰਾਇਮਰੀ ਚੋਣਾਂ ਦੇ ਦੇਰ ਰਾਤ ਨੂੰ ਐਲਾਨ ਕੀਤੇ ਨਤੀਜਿਆਂ ਨੇ ਨਾ ਸਿਰਫ ਨਿਊਯਾਰਕ, ਅਮਰੀਕੀ ਰਾਸ਼ਟਰ ਬਲਕਿ ਕੌਮਾਂਤਰੀ ਪੱਧਰ ’ਤੇ ਰਾਜਨੀਤਕ, ਡਿਪਲੋਮੈਟਿਕ, ਵਿਚਾਰਧਾਰਕ ਅਤੇ ਯੁੱਧਨੀਤਕ ਹਲਕਿਆਂ ਵਿਚ ਤਰਥੱਲੀ ਮਚਾ ਕੇ ਰੱਖ ਦਿੱਤੀ। ਅਮਰੀਕੀ ਰਾਜਨੀਤਕ, ਕਾਰਪੋਰੇਟਰ, ਪ੍ਰਸ਼ਾਸਨਿਕ ਹਲਕੇ ਹੀ ਨਹੀਂ ਸਗੋਂ ਮੂੰਹ-ਜ਼ੋਰ, ਧੱਕੜ ਅਤੇ ਤਾਨਾਸ਼ਾਹ ਵਜੋਂ ਵਰਤਾਉ ਕਰਨ ਲਈ ਬਦਨਾਮ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੀ ਅਚੰਭੇ ਵਾਲੇ ਇਸ ਰਾਜਨੀਤਕ ਵਰਤਾਰੇ ਤੋਂ ਹੈਰਾਨ ਪ੍ਰੇਸ਼ਾਨ ਹੋ ਉੱਠਿਆ। ਸਭ ਇਸ ਨੂੰ ਡੂੰਘਾਈ ਨਾਲ ਜਾਣਨ ਲਈ ਬਿਹਬਲ ਹੋ ਉੱਠੇ। ਸਭ ਇੰਨੇ ਉਤਸਕ ਹੋ ਗਏ ਕਿ ਸਭ ਦੀ ਜ਼ੁਬਾਨ’ਤੇ ਇਹੀ ਸ਼ਬਦ ਗੂੰਜ ਰਹੇ ਸਨ: ਇਹ ਮਾਜਰਾ ਕੀ ਹੈ?
ਦਰਅਸਲ ਜ਼ੋਹਰਾਨ ਕਵਾਮੇ ਮਮਦਾਨੀ ਨਾਮਕ 33 ਸਾਲਾ ਨੌਜਵਾਨ ਨੇ ਨਿਊਯਾਰਕ ਪ੍ਰਾਂਤ ਦੇ ਸੰਨ 2011 ਤੋਂ 2021 ਤੱਕ ਗਵਰਨਰ ਰਹੇ 66 ਸਾਲਾ ਗਵਰਨਰ ਐਂਡਰਿਊ ਕੂਮੋ ਨੂੰ 44 ਪ੍ਰਤੀਸ਼ਤ ਵੋਟਿੰਗ ਦੇ ਮੁਕਾਬਲੇ 56 ਪ੍ਰਤੀਸ਼ਤ ਵੋਟਾਂ ਦੀ ਹਮਾਇਤ ਨਾਲ ਪ੍ਰਾਇਮਰੀ ਚੋਣਾਂ ਵਿਚ ਹਾਰ ਦੇ ਦਿੱਤੀ। ਇਹ ਨੌਜਵਾਨ ਰਾਜਨੀਤੀ ਅੰਦਰ ਬਿਲਕੁਲ ਨਵਾਂ ਹੈ। ਅਜੇ 2021 ਵਿਚ ਨਿਊਯਾਰਕ ਅਸੈਂਬਲੀ ਦਾ ਮੈਂਬਰ ਚੁਣਿਆ ਗਿਆ ਸੀ। ਉਸ ਕੋਲ ਅਮਰੀਕਾ ਅੰਦਰ ਮੇਅਰ ਪਦ ਵਰਗੀਆਂ ਮਹਿੰਗੀਆਂ ਚੋਣਾਂ ਲੜਨ ਲਈ ਲੋੜੀਂਦਾ ਧਨ ਵੀ ਨਹੀਂ ਸੀ। ਉਸ ਦੀ ਪਿੱਠ ’ਤੇ ਸਿਵਾਏ ਇਨਕਲਾਬੀ ਕਿਸਮ ਦੇ ਅਮਰੀਕੀ ਰਾਜਨੀਤੀਵਾਨਾਂ ਜਿਵੇਂ ਅਲੈਗਜ਼ੈਂਡਰੀਆ ਓਕਾਸੀਓ ਕੋਰਟਜ਼, ਬਰਨੀ ਸੈਂਡਰਜ਼ ਆਦਿ ਤੋਂ ਕੋਈ ਖਾਸ ਲੋਕ ਨਹੀਂ ਸਨ। ਉਸ ਦੇ ਹਮਾਇਤੀ ਵਾਲੰਟੀਅਰਾਂ ਦੀ ਗਿਣਤੀ ਵੀ ਕੋਈ ਬਹੁਤ ਜ਼ਿਆਦਾ ਨਹੀਂ ਸੀ। ਉਸ ਦਾ ਆਪਣਾ ਕਹਿਣਾ ਹੈ ਕਿ ਜਦੋਂ ਉਸ ਨੇ ਮੇਅਰ ਪਦ ਦੀਆਂ ਚੋਣਾਂ ਲਈ ਮੁਹਿੰਮ ਸ਼ੁਰੂ ਕੀਤੀ, ਉਸ ਕੋਲ ਮਸਾਂ ਇੱਕ ਪ੍ਰਤੀਸ਼ਤ ਹਮਾਇਤ ਪ੍ਰਾਪਤ ਸੀ।
ਦੂਸਰੇ ਪਾਸੇ ਐਂਡਰਿਊ ਕੂਮੋ ਪਿੱਛੇ ਵੱਡੇ-ਵੱਡੇ ਪਾਰਟੀ ਆਗੂ, ਧਨਾਢ ਕਾਰਪੋਰੇਟਰ, ਵੱਖ-ਵੱਖ ਖੇਤਰਾਂ ਦੇ ਆਗੂ, ਲੰਮਾ ਰਾਜਨੀਤਕ ਤਜਰਬਾ, ਸਮਾਜ ਤੇ ਪ੍ਰਸ਼ਾਸਨ ਵਿਚ ਵੱਡੀ ਹਮਾਇਤ ਹਾਸਲ ਸੀ। ਸਭ ਪਾਸੇ ਚਰਚਾ ਸੀ ਕਿ ਮਮਦਾਨੀ ਉਸ ਸਾਹਮਣੇ ਟਿਕ ਨਹੀਂ ਸਕੇਗਾ।
ਇਹ ਮੁਕਾਬਲਾ ਕਿਵੇਂ ਦਿਲਚਸਪ ਬਣਿਆ? ਅਮਰੀਕਾ ਵਿਚ ਰਾਜਨੀਤਕ, ਸਮਾਜਿਕ, ਵਿਚਾਰਧਾਰਕ ਤਬਦੀਲੀ ਦਾ ਸਾਇਰਨ ਕਿਵੇਂ ਵੱਜਣਾ ਸ਼ੁਰੂ ਹੋਇਆ? ਕਿਵੇਂ ਤਿੱਖਾ, ਟਕਰਾਅ ਭਰਿਆ ਜਨਤਕ ਉਭਾਰ ਛਲਕਦਾ ਨਜ਼ਰ ਆ ਰਿਹਾ ਹੈ? ਕੀ ਇਹ ਸਮੇਂ ਦੀ ਮੰਗ ਹੈ? ਅਮਰੀਕੀ ਲੋਕਸ਼ਾਹੀ ਦੀ ਲੋੜ ਹੈ? ਇਸ ਮੁਕਾਬਲੇ ਨੇ ਇਨ੍ਹਾਂ ਸਵਾਲਾਂ ਦੇ ਹੱਲ ਲਈ ਇਨਕਲਾਬੀ ਪਰਚਮ ਬੁਲੰਦ ਕਰ ਕੇ ਰੱਖ ਦਿੱਤਾ ਹੈ।
ਇੱਕ ਨਿਊਯਾਰਕ ਨਿਵਾਸੀ ਇਸ ਮੁਕਾਬਲੇ ਵਿਚੋਂ ਉਭਰਦੀ ਤਬਦੀਲੀ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਖੂਬਸੂਰਤ ਢੰਗ ਨਾਲ ਪੇਸ਼ ਕਰਦਾ ਹੈ, “ਇਹ ਮੁਕਾਬਲਾ ਨਾ ਸਿਰਫ ਪੁਰਾਣੇ ਅਤੇ ਨਵੇਂ ਨਿਊਯਾਰਕ ਦਰਮਿਆਨ ਸੀ ਬਲਕਿ ਪ੍ਰਤੱਖ ਅਤੇ ਅਪ੍ਰਤੱਖ ਰਾਜਨੀਤੀ ਦਰਮਿਆਨ ਸੀ।” ਪ੍ਰਤੱਖ ਰਾਜਨੀਤੀ ਵਿਚ ਉਹ ਟਵੀਟ, ਟਿੱਕ-ਟੌਕ, ਨਿਊਯਾਰਕ ਨਿਵਾਸੀਆਂ ਦਾ ਦਰਵਾਜ਼ਾ ਖੜਕਾਉਣਾ ਅਤੇ ਕੁਸ਼ਲ ਚੋਣ ਪ੍ਰਬੰਧ ਸ਼ਾਮਿਲ ਕਰਦਾ ਹੈ; ਅਪ੍ਰਤੱਖ ਰਾਜਨੀਤੀ ਵਿਚ ਸੱਤਾ, ਤਾਕਤ, ਅਮੀਰ ਅਤੇ ਪ੍ਰਭਾਵਸ਼ਾਲੀ ਜਮਾਤ ਦੇ ਆਪਸੀ ਸਬੰਧ ਤੇ ਜਾਣ-ਪਛਾਣ ਸ਼ਾਮਿਲ ਕਰਦਾ ਹੈ।
ਨੌਜਵਾਨ ਮਮਦਾਨੀ ਅਤੇ ਹਮਾਇਤੀ ਇਨਕਲਾਬੀ ਤੇ ਨੌਜਵਾਨ ਵਲੰਟੀਅਰਾਂ ਨੇ ਅਮਰੀਕੀ ਮਹਿੰਗੀ, ਦਿਖਾਵੇ ਭਰੀ, ਪ੍ਰਭਾਵ ਅਤੇ ਦਬਾਅ ਵਾਲੀ ਚੋਣ ਮੁਹਿੰਮ ਵਰਤਾਰੇ ਦੇ ਬਦਲ ਵਜੋਂ ਸਾਦਗੀ ਅਤੇ ਸਚਾਈ ਭਰੀ, ਸਰਬ ਸਾਂਝੀਵਾਲਤਾ, ਊਚ-ਨੀਚ, ਭੇਦ-ਭਾਵ, ਨਸਲਪ੍ਰਤੀ, ਕਾਲੇ-ਗੋਰੇ ਦੀ ਪਛਾਣ ਰਹਿਤ, ਜਨਤਾ ਦੀ ਨਬਜ਼ ’ਤੇ ਹੱਥ ਰੱਖਣ ਵਾਲੀ, ਅਮਰੀਕੀਆਂ ਵਿਚ ਵਧਦੀ ਨਿਰਾਸ਼ਾ ਨੂੰ ਆਸ਼ਾਵਾਦ ਮੁਹੱਈਆ ਕਰਾਉਣ, ਨਫ਼ਰਤੀ ਰਾਸ਼ਟਰੀ ਵਰਤਾਰੇ ਨੂੰ ਮੁਹੱਬਤਾਂ ਭਰੇ ਵਰਤਾਰੇ, ਸੁਧਾਰਵਾਦੀ, ਕਿਰਤੀਆਂ ਨੂੰ ਖੁਸ਼ਹਾਲ ਅਤੇ ਦਬਾਓ ਰਹਿਤ ਜੀਵਨ ਦੇਣ ਵਾਲੀ ਵਿਚਾਰਧਾਰਾ ਭਰੀ ਚੋਣ ਮੁਹਿੰਮ ਸ਼ੁਰੂ ਕੀਤੀ। ਆਪਣੀ ਰਾਜਨੀਤੀ ਨੂੰ ਬੜੀ ਸੰਜੀਦਗੀ ਭਰੇ ਰਣਨੀਤਕ ਜਲੌਅ ਰਾਹੀਂ ਸਜੀਵ ਜੀਵਨ ਸ਼ਕਤੀ ਵਿਚ ਤਬਦੀਲ ਕਰ ਦਿੱਤਾ।
ਜਿਵੇਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਾਰਾਕ ਓਬਾਮਾ ਨੇ ਅਮਰੀਕੀ ਨਾਗਰਿਕਾਂ ਨਾਲ ਜੁੜਨ ਲਈ ਫੇਸਬੁੱਕ ਤਕਨੀਕ ਦੀ ਵਰਤੋਂ ਕੀਤੀ ਸੀ, ਮਮਦਾਨੀ ਨੇ ਟਿੱਕ-ਟੌਕ ਦੀ ਵਰਤੋਂ ਕੀਤੀ। ਇਸ ਢੰਗ ਨਾਲ ਉਸ ਨੇ ਬੁੱਢੇ, ਰੂੜੀਵਾਦੀ, ਪੁਰਾਣੇ ਉਮੀਦਵਾਰ ਐਂਡਰਿਊ ਕੂਮੋ ਦੀ ਧਨ, ਸੱਤਾ, ਸ਼ਕਤੀ, ਵੱਡੀ ਜਾਣ-ਪਛਾਣ ਅਤੇ ਵੱਡੇ ਨਾਮ ਵਾਲੀ ਚੋਣ ਮੁਹਿੰਮ ਠੁੱਸ ਕਰ ਦਿੱਤੀ। ਉਸ ਨੇ ਲਲਕਾਰਿਆ ਕਿ ਜੇ ਉਹ ਮੇਅਰ ਚੁਣਿਆ ਗਿਆ ਤਾਂ ਜੇ ਨਸਲਘਾਤੀ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨਿਊਯਾਰਕ ਵੜਿਆ ਤਾਂ ਗ੍ਰਿਫਤਾਰ ਕਰ ਲਿਆ ਜਾਵੇਗਾ।
ਮਮਦਾਨੀ ਦੀ ਚੋਣ ਮੁਹਿੰਮ ਸਜੀਵ, ਤਾਜ਼ੀ, ਦਿਲਕਸ਼, ਦੂਰਦ੍ਰਿਸ਼ਟੀ ਅਤੇ ਜੀਵਨ ਦੀਆਂ ਸਚਾਈਆਂ ਭਰਪੂਰ ਨਿਊਯਾਰਕ ਨਿਵਾਸੀ ਦੇ ਸੀਨੇ ਖਿੱਚ ਪਾਉਂਦੀ ਨਜ਼ਰ ਆਈ। ਧਨ, ਜਾਣ-ਪਛਾਣ, ਸੰਪਰਕ ਸਾਧਣਾ, ਸਥਾਪਿਤ ਨਿਜ਼ਾਮ ਆਦਿ ਘਾਟ ਉਦੋਂ ਦੂਰ ਹੋ ਗਈ ਜਦੋਂ ਉਸ ਦੇ 50000 ਨੌਜਵਾਨ ਵਲੰਟੀਅਰਾਂ ਨੇ ਉਸ ਦੀ ਚੋਣ ਮੁਹਿੰਮ ਦੀ ਨਾਦ 80 ਲੱਖ ਨਿਊਯਾਰਕ ਨਿਵਾਸੀਆਂ ਦੇ ਕਰੀਬ 10 ਲੱਖ ਘਰਾਂ ਦੇ ਦਰਵਾਜ਼ੇ ਖੜਕਾ ਕੇ ਵਜਾਈ। ਇਹ ਪੂਰੇ ਵਿਸ਼ਵ ਲਈ ਅਚੰਭਾ ਸੀ। ਉਨ੍ਹਾਂ ਲੋਕਾਂ ਨੂੰ ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਜੋੜਨ ਵਿਚ ਸਫਲਤਾ ਪ੍ਰਾਪਤ ਕੀਤੀ ਜਿਹੜੇ ਕੋਈ ਖਾਸ ਦਿਲਚਸਪੀ ਹੀ ਨਹੀਂ ਲੈਂਦੇ ਸਨ।
ਉਸ ਦੀ ਨਵੀਨਤਮ, ਇਨਕਲਾਬੀ, ਚੁਸਤ-ਦਰੁਸਤ, ਜੋਬਨ ਰੁੱਤੀ ਤਾਜ਼ਗੀ ਭਰੀ ਸੰਜੀਦਾ, ਨਫਰਤ ਤੇ ਭੇਦਭਾਵ ਰਹਿਤ, ਕਿਰਤੀ ਤੇ ਮੱਧ ਵਰਗ ਦੇ ਹਿਰਦੇ ਠਾਰਨ ਵਾਲੀ ਰਾਜਨੀਤੀ ਤੋਂ ਪ੍ਰਭਾਵਿਤ ਪ੍ਰੌਢ ਸੈਨੇਟਰ ਬਰਨੀ ਸੈਂਡਰਜ਼ ਦਾ ਕਹਿਣਾ ਸੀ ਕਿ ਜੇ ਡੈਮੋਕ੍ਰੈਟਿਕ ਰਾਸ਼ਟਰਪਤੀ ਪਦ ਦੀ ਉਮੀਦਵਾਰ ਕਮਲਾ ਹੈਰਿਸ ਨੇ ਅਮਰੀਕੀ ਧਰਤੀ ਨਾਲ ਜੁੜੀ ਰਾਜਨੀਤੀ ਵਾਲੀ ਚੋਣ ਮੁਹਿੰਮ ਸ਼ੈਲੀ ਨੂੰ ਮਮਦਾਨੀ ਦੀ ਤਰਜ਼ ’ਤੇ ਅਪਣਾਇਆ ਹੰੁਦਾ ਤਾਂ ਅੱਜ ਵ੍ਹਾਈਟ ਹਾਊਸ ਵਿਚ ਡੋਨਲਡ ਟਰੰਪ ਦੀ ਥਾਂ ਉਹ ਬੈਠੀ ਹੁੰਦੀ।
ਮਮਦਾਨੀ ਡੈਮੋਕ੍ਰੈਟਿਕ ਸੋਸ਼ਲਿਸਟ ਵਿਚਾਰਧਾਰਾ ਰੱਖਣ ਵਾਲਾ ਨੌਜਵਾਨ ਹੈ ਅਤੇ ਅਮਰੀਕੀ ਰਾਜਨੀਤੀ ਵਿਚ ਨਵੀਨ, ਸਜੀਵ, ਸਚਾਈ ਤੇ ਅਗਾਂਹਵਧੂ ਵਿਚਾਰਧਾਰਾ ਨੂੰ ਲੈ ਕੇ ਤੁਰਨ ਵਾਲੇ ਰਾਜਨੀਤਕ ਪਾਂਧੀ ਵਜੋਂ ਤੇਜ਼ੀ ਨਾਲ ਉੱਭਰ ਰਿਹਾ ਹੈ। ਉਸ ਦੀ ਹਮਾਇਤ ਤੇ ਕਾਲੇ, ਹਿਸਪੈਨਿਕ, ਏਸ਼ੀਅਨ ਮੂਲ ਦੇ ਲੋਕ ਹੀ ਨਹੀਂ ਸਗੋਂ ਯਹੂਦੀ ਵੀ ਬਾਹਾਂ ਪਸਾਰ ਕੇ ਅੱਗੇ ਆਏ। ਨਿਊਯਾਰਕ ਯਹੂਦੀ ਕਾਂਗਰਸਮੈਨ ਜੇਰੀ ਨਾਡਲਰ ਜਿਸ ਦਾ ਯਹੂਦੀ ਭਾਈਚਾਰੇ ਵਿਚ ਵੱਡਾ ਨਾਮ ਹੈ, ਉਸ ਦੀ ਹਮਾਇਤ ਲਈ ਅੱਗੇ ਆਇਆ।
ਜਨਤਕ ਵਿਰੋਧ ਕਰ ਕੇ ਪਿਛਲੇ ਇਕ ਦਹਾਕੇ ਤੋਂ ਅਮਰੀਕੀ ਰਾਜਨੀਤੀਵਾਨ ਫਲਸਤੀਨ ਆਜ਼ਾਦੀ, ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਉਨ੍ਹਾਂ ਦੀ ਹੋਂਦ ਸਬੰਧੀ ਆਵਾਜ਼ ਉਠਾਉਣ ਤੋਂ ਕਤਰਾਉਂਦੇ ਸਨ। ਮਮਦਾਨੀ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਆਧਾਰ ’ਤੇ ਬੜੀ ਬੇਬਾਕੀ, ਤਰਕ, ਸਚਾਈ ਅਤੇ ਤੱਥਾਂ ਆਧਾਰਿਤ ਫਲਸਤੀਨੀਆਂ ਦਾ ਪੱਖ ਪੇਸ਼ ਕੀਤਾ। ਨਤੀਜੇ ਵਜੋਂ ਨਿਊਯਾਰਕ ਦਾ ਯਹੂਦੀ ਭਾਈਚਾਰਾ ਵੀ ਉਸ ਦੇ ਰਾਜਨੀਤਕ ਕਾਰਵਾਂ ਵਿਚ ਸ਼ਾਮਿਲ ਹੋ ਗਿਆ। ਗਾਜ਼ਾ ਦੇ ਨਸਲਘਾਤ, ਨਾਕਾਬੰਦੀ, ਭੁੱਖਮਰੀ, ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਰੂਹ ਕੰਬਾਊ ਦ੍ਰਿਸ਼ਾਂ ਦੀ ਪੇਸ਼ਕਾਰੀ ਨੇ ਨਿਊਯਾਰਕ ਨਿਵਾਸੀਆਂ ਦੀ ਸੋਚ ਬਦਲ ਕੇ ਰੱਖ ਦਿੱਤੀ। ਮਮਦਾਨੀ ਮੁਹਿੰਮ ਨੇ ਅੰਤਰ-ਨਸਲੀ ਗਰੁੱਪਾਂ, ਨੌਜਵਾਨਾਂ, ਵਿਦਿਆਰਥੀਆਂ, ਲੇਬਰ ਯੂਨੀਅਨਾਂ, ਵੱਖ-ਵੱਖ ਭਾਈਚਾਰਿਆਂ ਦੇ ਆਗੂਆਂ ਵਿਚ ਰਾਜਨੀਤਕ ਜਾਗ੍ਰਿਤੀ ਪੈਦਾ ਕਰ ਦਿੱਤੀ।
ਜੇਕਰ 4 ਨਵੰਬਰ ਵਾਲੀਆਂ ਮੇਅਰ ਚੋਣਾਂ ਵਿਚ ਉਹ ਜਿੱਤ ਹਾਸਿਲ ਕਰਦੇ ਹਨ ਤਾਂ ਉਹ ਨਿਊਯਾਰਕ ਸ਼ਹਿਰ ਦੇ ਪਹਿਲੇ ਮੁਸਲਿਮ ਮੇਅਰ ਹੋਣਗੇ।
ਅਮਰੀਕੀ ਜੀਵਨ ਦੇ ਖਲਾਅ ਅਤੇ ਆਦਰਸ਼ਵਾਦ ਦੇ ਘਾਤ ਵਿਚੋਂ ਉੱਭਰ ਰਹੇ ਜ਼ੋਹਰਾਨ ਮਮਦਾਨੀ ਅਤੇ ਉਸ ਦੀ ਲੀਡਰਸ਼ਿਪ ਨੂੰ ਬਦਨਾਮ ਤੇ ਖਤਮ ਕਰਨ ਦੀਆਂ ਡੂੰਘੀਆਂ ਸਾਜਿ਼ਸ਼ਾਂ ਘੜੀਆਂ ਜਾ ਰਹੀਆਂ ਹਨ। ਉਸ ਨੂੰ ਇਸਲਾਮੋਫੋਬੀਆ, ਕੱਟੜਵਾਦ, ਹਿੰਸਾ, ਯਹੂਦੀ ਵਿਰੋਧੀ, ਗਾਜ਼ਾ ਅਤੇ ਫਲਸਤੀਨ ਪੱਖੀ ਗਰਦਾਨਿਆ ਜਾ ਰਿਹਾ ਹੈ। ਲਿਬਰਟੀ ਬੁੱਤ ਦੀ ਪਰਦਾਪੋਸ਼ੀ ਕਰਦੇ ਟਰੰਪ ਪ੍ਰਸਾਸ਼ਨ ਵੱਲੋਂ ਉਸ ਨੂੰ ਕੱਟੜਵਾਦੀ ਇਸਲਾਮ ਅਤੇ ਸਮਾਜਵਾਦ ਨਾਲ ਜੋੜਿਆ ਜਾ ਰਿਹਾ ਹੈ। ਵ੍ਹਾਈਟ ਹਾਊਸ ਦੀ ਡਿਪਟੀ ਚੀਫ ਆਫ ਸਟਾਫ ਸਟੀਫਨ ਮਿੱਲਰ ਉਸ ਨੂੰ ਉਸ ਭਵਿੱਖੀ ਦ੍ਰਿਸ਼ ਦਾ ਪ੍ਰਤੀਕ ਦਿਖਾ ਰਿਹਾ ਹੈ ਜੋ ਪਰਵਾਸ ’ਤੇ ਕੰਟਰੋਲ ਅਸਫਲ ਹੋਣ ਬਾਅਦ ਉੱਭਰੇਗਾ। ਰਿਪਬਲਿਕਨ ਕਾਂਗਰਸਮੈਨ ਐਂਡੀ ਓਗਲਜ਼ ਉਸ ਨੂੰ ‘ਨੰਨ੍ਹਾ ਮੁਹੰਮਦ’ ਦਰਸਾਉਂਦਾ ਉਸ ਵਿਰੁੱਧ ਪਟੀਸ਼ਨ ਰਾਹੀਂ ਉਸ ਦੀ ਨਾਗਰਿਕਤਾ ਖਤਮ ਕਰ ਕੇ ਦੇਸ਼ ਨਿਕਾਲਾ ਦੇਣਾ ਚਾਹੁੰਦਾ ਹੈ। ਰਾਸ਼ਟਰਪਤੀ ਡੋਨਲਡ ਟਰੰਪ ਉਸ ਨੂੰ ‘100 ਪ੍ਰਤੀਸ਼ਤ ਪਾਗਲ ਕਮਿਊਨਿਸਟ’ ਗਰਦਾਨ ਰਿਹਾ ਹੈ, ਉਸ ਨੂੰ ਵਾਪਸ ਅਫਰੀਕਾ ਭੇਜਣਾ ਚਾਹੁੰਦਾ ਹੈ। ਸਰਮਾਏਦਾਰੀ ਅਤੇ ਇਜ਼ਰਾਇਲੀ ਨਸਲਘਾਤ ਵਿਰੋਧੀ ਹੋਣ ਕਰ ਕੇ ਉਹ ਰਾਸ਼ਟਰਪਤੀ, ਰਿਪਬਲਿਕਨਾਂ, ਕਾਰਪੋਰੇਟਵਾਦ ਦੇ ਨਿਸ਼ਾਨੇ ’ਤੇ ਹੈ।
ਜ਼ੋਹਰਾਨ ਮਮਦਾਨੀ ਪ੍ਰੋ. ਮਹਿਮੂਦ ਮਮਦਾਨੀ ਜਿਨ੍ਹਾਂ ਦਾ ਪਿਛੋਕੜ ਗੁਜਰਾਤ ਅਤੇ ਮਾਂ ਮੀਰਾ ਨਾਇਰ ਜਿਸ ਦਾ ਪਿਛੋਕੜ ਪੰਜਾਬ ਹੈ ਤੇ ਜੋ ਫਿਲਮਸਾਜ਼ ਵਜੋਂ ਮਸ਼ਹੂਰ ਹਨ, ਦੀ ਇਕਲੌਤੀ ਔਲਾਦ ਹੈ। ਉਹ ਅਤੇ ਉਸ ਦਾ ਪਿਤਾ ਯੂਗਾਂਡਾ ਦੇ ਨਾਗਰਿਕ ਹਨ ਜਿੱਥੇ ਉਸ ਦਾ ਜਨਮ 18 ਅਕਤੂਬਰ 1991 ਨੂੰ ਕੰਪਾਲਾ ਵਿੱਚ ਹੋਇਆ ਸੀ। ਮਮਦਾਨੀ ਅਜੇ 7 ਸਾਲ ਦਾ ਸੀ ਤਾਂ ਮਾਪੇ ਨਿਊਯਾਰਕ ਆ ਵੱਸੇ। ਉਸ ਦਾ ਬਾਪ ਕੋਲੰਬੀਆ ਯੂਨੀਵਰਸਿਟੀ ਵਿਚ ਰਾਜਨੀਤੀ ਸ਼ਾਸਤਰ ਅਤੇ ਮਾਨਵ ਵਿਗਿਆਨ ਪੜ੍ਹਾਉਂਦੇ ਸਨ। ਉਹ 2010 ਤੋਂ 2022 ਤੱਕ ਮਕਰੇਰੇ ਸੋਸ਼ਲ ਖੋਜ ਸੰਸਥਾ ਯੂਗਾਂਡਾ ਦੇ ਡਾਇਰੈਕਟਰ ਰਹੇ। ਉਸ ਦੇ ਵਡੇਰੇ ਅਫਰੀਕਨ ਸਨ ਜੋ ਕਿਸੇ ਵੇਲੇ ਗੁਜਰਾਤ ਆ ਵਸੇ ਸਨ।
ਮਮਦਾਨੀ ਵਰਗੇ ਨੌਜਵਾਨਾਂ ਦੀ ਪੂਰੇ ਵਿਸ਼ਵ ਵਿਚ ਘਾਟ ਨਹੀਂ। ਉਸ ਵਾਂਗ ਅਰੀਜ਼ੋਨਾ ਵਿੱਚ ਗਰੀਬੀ ਨਾਲ ਲੜਦੀ ਜਵਾਨ ਹੋਈ 25 ਸਾਲਾ ਲੜਕੀ ਦੇਜਾ ਫੌਕਸ ਵੀ ਰਾਜਨੀਤੀ ਵਿਚ ਸਰਗਰਮ ਹੈ। ਪੂਰੇ ਵਿਸ਼ਵ ਵਿਚ ਸਥਾਪਿਤ ਨਿਜ਼ਾਮ, ਤਾਨਾਸ਼ਾਹ ਸ਼ਾਸਕ ਜਾਂ ਡੋਨਲਡ ਟਰੰਪ ਵਰਗੇ ਆਗੂ ਅਜਿਹੇ ਇਨਕਲਾਬੀ, ਹਰਮਨ ਪਿਆਰੇ, ਗੈਰ-ਲੋਕਰਾਜੀ ਹਕੂਮਤਾਂ ਦੇ ਤਖਤੇ ਪਲਟਣ ਦੇ ਸਮਰੱਥ ਨੌਜਵਾਨਾਂ ਨੂੰ ਅਕਸਰ ਮਾਰ-ਮੁਕਾ ਛੱਡਦੇ ਹਨ। ਅਜੋਕੇ ਅਮਰੀਕੀ ਸ਼ਾਸਨ ਅਤੇ ਸਮਾਜ ਵਿਚ ਇਨਕਲਾਬੀ ਤਬਦੀਲੀ ਲਈ ਜ਼ੋਹਰਾਨ ਮਮਦਾਨੀ ਵਰਗੇ ਨੌਜਵਾਨ ਰਾਜਨੀਤਕ ਨਾਇਕ ਦੀ ਸੁਰੱਖਿਆ ਅਤਿ ਜ਼ਰੂਰੀ ਹੈ।
ਸੰਪਰਕ: +1-289-829-2929