ਦੇਸ਼ ਸੇਵਾ ਕਰਨ ਵਾਲੇ ਜਵਾਨਾਂ ਸਾਹਮਣੇ ਅਸੀਂ ਕੁਝ ਵੀ ਨਹੀਂ: ਸ਼ੰਕਰ ਮਹਾਦੇਵਨ
ਗਾਇਕ ਤੇ ਸੰਗੀਤਕਾਰ ਸ਼ੰਕਰ ਮਹਾਦੇਵਨ ਨੇ ਆਰਮਡ ਫੋਰਸਿਜ਼ ਫਲੈਗ ਡੇਅ (ਝੰਡਾ ਦਿਵਸ) ਮੌਕੇ ਮਿਲੇ ਸਨਮਾਨ ਨੂੰ ‘ਬੇਮਿਸਾਲ’ ਪਲ ਕਰਾਰ ਦਿੱਤਾ ਹੈ। ਫ਼ਿਲਮਾਂ ਤੇ ਹੋਰ ਪ੍ਰਾਜੈਕਟਾਂ ਰਾਹੀਂ ਭਾਰਤੀ ਸੰਗੀਤ ’ਚ ਅਹਿਮ ਯੋਗਦਾਨ ਲਈ ਜਾਣੇ ਜਾਂਦੇ ਮਹਾਦੇਵਨ ਨੇ ਕਿਹਾ, ‘‘ਮੈਨੂੰ ਸੰਗੀਤ ਲਈ ਕਈ ਐਵਾਰਡ ਮਿਲੇ ਹਨ ਪਰ ਅੱਜ ਮੈਨੂੰ ਜੋ ਸਨਮਾਨ ਤਿੰਨਾਂ ਸੈਨਾਵਾਂ ਦੇ ਮੁਖੀਆਂ, ਮੁੱਖ ਮੰਤਰੀ ਅਤੇ ਗਵਰਨਰ ਕੋਲੋਂ ਮਿਲਿਆ ਹੈ, ਉਹ ਬੇਮਿਸਾਲ ਹੈ। ਦੇਸ਼ ਸੇਵਾ ਕਰਨ ਵਾਲੇ (ਜਵਾਨਾਂ) ਸਾਹਮਣੇ ਅਸੀਂ ਕੁਝ ਵੀ ਨਹੀਂ ਹਾਂ।’’ ‘ਅਪਰੇਸ਼ਨ ਸਿੰਧੂਰ’ ਵਿੱਚ ਫੌਜਾਂ ਦੀ ਅਹਿਮ ਭੂਮਿਕਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਆਖਿਆ, ‘‘ਉਨ੍ਹਾਂ (ਫੌਜਾਂ) ਨੇ ਅਪਰੇਸ਼ਨ ਸਿੰਧੂਰ ਵਿੱਚ ਜੋ ਕਾਰਗੁਜ਼ਾਰੀ ਦਿਖਾਈ ਉਹ ਸ਼ਾਨਦਾਰ ਹੈ। ਦੇਸ਼ ਵਿੱਚ ਦੇਸ਼ਭਗਤੀ ਦੀ ਭਾਵਨਾ ਜ਼ਿੰਦਾ ਰੱਖਣ ਲਈ ਅਸੀਂ ਇਹ ਕਹਾਣੀਆਂ ਸੰਗੀਤ ਰਾਹੀਂ ਲੋਕਾਂ ਤੱਕ ਪਹੁੰਚਾ ਸਕਦੇ ਹਾਂ।’’ ਮਹਾਦੇਵਨ ਨੇ ਉਕਤ ਗੱਲਾਂ ਇੱਥੇ ਹੋਏ ਝੰਡਾ ਦਿਵਸ ਸਮਾਗਮ ਵਿੱਚ ਆਖੀਆਂ। ਸਮਾਗਮ ਮੌਕੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਦਿੱਲੀ ਦੇ ਉਪ ਰਾਜਪਾਲ ਵੀ ਕੇ ਸਕਸੈਨਾ ਨੇ ਸ਼ੰਕਰ ਮਹਾਦੇਵਨ ਦਾ ਸਨਮਾਨ ਕੀਤਾ। ਇਸ ਮੌਕੇ ਫੌਜ ਮੁਖੀਆਂ ਦਾ ਸਨਮਾਨ ਵੀ ਕੀਤਾ ਗਿਆ।
