ਛੇ ਫਰਵਰੀ ਨੂੰ ਰਿਲੀਜ਼ ਹੋਵੇਗੀ ‘ਵਧ 2’
ਨੀਨਾ ਗੁਪਤਾ ਅਤੇ ਸੰਜੈ ਮਿਸ਼ਰਾ ਦੀ ਫਿਲਮ ‘ਵਧ’ ਦੇ ਅਗਲੇ ਭਾਗ ਦੀ ਰਿਲੀਜ਼ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ। ਦਰਸ਼ਕਾਂ ਵੱਲੋਂ ‘ਵਧ’ ਨੂੰ ਕਾਫ਼ੀ ਪਿਆਰ ਦਿੱਤਾ ਗਿਆ ਸੀ। ਇਸ ਦੇ ਅਗਲੇ ਭਾਗ ‘ਵਧ 2’ ਦਾ ਨਿਰਦੇਸ਼ਨ ਜਸਪਾਲ ਸਿੰਘ ਸੰਧੂ ਨੇ ਕੀਤਾ ਹੈ। ਇਸ ਦਾ ਨਿਰਮਾਣ ਲਵ ਰੰਜਨ ਅਤੇ ਅੰਕੁਰ ਗਰਗ ਦੇ ਬੈਨਰ ਲਵ ਫਿਲਮਜ਼ ਤਹਿਤ ਕੀਤਾ ਗਿਆ ਹੈ। ਇੰਸਟਾਗ੍ਰਾਮ ’ਤੇ ਨੀਨਾ ਗੁਪਤਾ ਨੇ ਪੋਸਟਰ ਸਾਂਝਾ ਕੀਤਾ ਹੈ। ਇਸ ਵਿੱਚ ਫਿਲਮ ਦੀ ਰਿਲੀਜ਼ ਤਰੀਕ ਦਾ ਐਲਾਨ ਕੀਤਾ ਗਿਆ ਹੈ। ਇਸ ਅਨੁਸਾਰ ਇਹ ਫਿਲਮ ਸਾਲ 2026 ਵਿੱਚ ਛੇ ਫਰਵਰੀ ਨੂੰ ਰਿਲੀਜ਼ ਹੋਵੇਗੀ। ਇਹ ਪੋਸਟਰ ਸਾਂਝੇ ਕਰਦਿਆਂ ਨੀਨਾ ਗੁਪਤਾ ਨੇ ਲਿਖਿਆ ਹੈ, ‘‘ਨਵਾਂ ਸੰਘਰਸ਼, ਨਵੀਂ ਕਹਾਣੀ। ਕੀ ਸਹੀ ਹੈ ਤੇ ਕੀ ਗ਼ਲਤ। ਇਹ ਛੇ ਫਰਵਰੀ ਨੂੰ ਪਤਾ ਲੱਗੇਗਾ।’’ ਫਿਲਮ ਦੀ ਰਿਲੀਜ਼ ਤਰੀਕ ਦਾ ਐਲਾਨ ਫਿਲਮਕਾਰਾਂ ਵੱਲੋਂ ‘ਵਧ 2’ ਦੀ ਸ਼ੂਟਿੰਗ ਮੁਕੰਮਲ ਕਰਨ ਦੇ ਐਲਾਨ ਦੇ ਕਾਫ਼ੀ ਸਮੇਂ ਮਗਰੋਂ ਕੀਤਾ ਗਿਆ ਹੈ। ਇਸ ਫਿਲਮ ਸਬੰਧੀ ਸੰਜੈ ਮਿਸ਼ਰਾ ਨੇ ਕਿਹਾ ਸੀ ਕਿ ਉਸ ਲਈ ‘ਵਧ 2’ ਫਿਲਮ ਨਾਲੋਂ ਕਿਤੇ ਵੱਧ ਕੇ ਹੈ। ਇਸ ਵਿੱਚ ਕੰਮ ਕਰਨਾ ਉਸ ਲਈ ਵਿਲੱਖਣ ਤਜਰਬਾ ਸੀ। ਅਦਾਕਾਰਾ ਨੀਨਾ ਗੁਪਤਾ ਨੇ ਵੀ ਫਿਲਮ ਬਾਰੇ ਭਾਵਨਾਤਮਕ ਟਿੱਪਣੀ ਕੀਤੀ ਹੈ। ਉਸ ਨੇ ਕਿਹਾ ਕਿ ਵਿਰਲੀਆਂ ਹੀ ਫਿਲਮਾਂ ਹੁੰਦੀਆਂ ਹਨ, ਜਿਨ੍ਹਾਂ ਵਿੱਚ ਕੁਝ ਵੱਖਰਾ ਹੁੰਦਾ ਹੈ। ਨਿਰਦੇਸ਼ਕ ਜਸਪਾਲ ਸਿੰਘ ਸੰਧੂ ਦੀ ਨਜ਼ਰ ਸੱਚ ਦੇ ਦੁਆਲੇ ਘੁੰਮਦੀ ਹੈ। ਫਿਲਮ ਦਾ ਹਿੱਸਾ ਬਣਨਾ ਉਸ ਲਈ ਮਾਣ ਵਾਲੀ ਗੱਲ ਹੈ। ਫਿਲਮ ਵਧ ਸਾਲ 2022 ਵਿੱਚ ਰਿਲੀਜ਼ ਹੋਈ ਸੀ।
