ਫ਼ਲਦਾਰ ਬੂਟਿਆਂ ਤੇ ਸਬਜ਼ੀਆਂ ਵਿੱਚ ਝੋਨੇ ਦੀ ਪਰਾਲੀ ਦੀ ਵਰਤੋਂ
ਪੰਜਾਬ ’ਚ ਕਣਕ ਤੇ ਝੋਨੇ ਦੇ ਫ਼ਸਲੀ ਚੱਕਰ ਤੋਂ ਹਰ ਸਾਲ ਕ੍ਰਮਵਾਰ 14 ਤੇ 22.5 ਮਿਲੀਅਨ ਟਨ ਫ਼ਸਲੀ ਰਹਿੰਦ-ਖੂੰਹਦ ਪੈਦਾ ਹੁੰਦੀ ਹੈ। ਸਾਉਣ ਦੇ ਮੌਸਮ ਵਿੱਚ ਝੋਨੇ ਦੀ ਪਰਾਲੀ ਸਾੜਨ ਨਾਲ ਮਿੱਟੀ ਦੀ ਸਿਹਤ ਖਰਾਬ ਹੋਣ ਦੇ ਨਾਲ-ਨਾਲ ਹਵਾ ਪ੍ਰਦੂਸ਼ਣ...
ਪੰਜਾਬ ’ਚ ਕਣਕ ਤੇ ਝੋਨੇ ਦੇ ਫ਼ਸਲੀ ਚੱਕਰ ਤੋਂ ਹਰ ਸਾਲ ਕ੍ਰਮਵਾਰ 14 ਤੇ 22.5 ਮਿਲੀਅਨ ਟਨ ਫ਼ਸਲੀ ਰਹਿੰਦ-ਖੂੰਹਦ ਪੈਦਾ ਹੁੰਦੀ ਹੈ। ਸਾਉਣ ਦੇ ਮੌਸਮ ਵਿੱਚ ਝੋਨੇ ਦੀ ਪਰਾਲੀ ਸਾੜਨ ਨਾਲ ਮਿੱਟੀ ਦੀ ਸਿਹਤ ਖਰਾਬ ਹੋਣ ਦੇ ਨਾਲ-ਨਾਲ ਹਵਾ ਪ੍ਰਦੂਸ਼ਣ ਦੀ ਵੱਡੀ ਸਮੱਸਿਆ ਵੀ ਪੈਦਾ ਹੁੰਦੀ ਹੈ। ਪੰਜਾਬ ਵਿੱਚ ਝੋਨੇ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਵਿੱਚ ਦੋ ਮੁੱਖ ਤਰੀਕੇ ਸ਼ਾਮਲ ਹਨ: ਇਨ-ਸੀਟੂ ਪ੍ਰਬੰਧਨ, ਜਿੱਥੇ ਰਹਿੰਦ-ਖੂੰਹਦ ਨੂੰ ਮਿੱਟੀ ਵਿੱਚ ਵਾਹ ਦਿੱਤਾ ਜਾਂਦਾ ਹੈ ਤੇ ਐਕਸ-ਸੀਟੂ ਪ੍ਰਬੰਧਨ, ਜਿੱਥੇ ਇਸ ਨੂੰ ਬਾਹਰੀ ਵਰਤੋਂ ਲਈ ਹਟਾਇਆ ਜਾਂਦਾ ਹੈ। ਇਨ-ਸੀਟੂ ਵਿਧੀਆਂ, ਜਿਵੇਂ ਹੈਪੀ ਸੀਡਰ ਅਤੇ ਸੁਪਰ ਸੀਡਰ ਵਰਗੀ ਮਸ਼ੀਨਰੀ ਨੂੰ ਸਬਸਿਡੀਆਂ ਅਤੇ ਮੋਬਾਈਲ ਐਪਸ ਰਾਹੀਂ ਕਿਸਾਨਾਂ ਤੱਕ ਪਹੁੰਚ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਐਕਸ-ਸੀਟੂ ਵਰਤੋਂ ਵਿੱਚ ਬਾਇਓਮਾਸ ਪਾਵਰ ਪਲਾਂਟ, ਬਾਇਓ-ਈਥੇਨੌਲ ਪਲਾਂਟ, ਬਾਇਓਗੈਸ (ਸੀਬੀਜੀ) ਪਲਾਂਟ, ਇੱਟਾਂ ਦੇ ਭੱਠਿਆਂ ਲਈ ਬ੍ਰਿਕੇਟਿੰਗ/ਪੈਲੇਟਿੰਗ ਪਲਾਂਟ ਅਤੇ ਗੱਤੇ ਦੀਆਂ ਫੈਕਟਰੀਆਂ, ਪਸ਼ੂਆਂ ਦੇ ਚਾਰੇ ਵਰਗੀ ਉਦਯੋਗਿਕ ਵਰਤੋਂ ਸ਼ਾਮਲ ਹਨ।
ਝੋਨੇ ਦੀ ਪਰਾਲੀ ਨੂੰ ਬਾਗ਼ਾਂ ਅਤੇ ਸਬਜ਼ੀਆਂ ਵਿੱਚ ਮਲਚ ਵਜੋਂ ਵਰਤਣ ਨਾਲ ਨਦੀਨਾਂ ਦੀ ਰੋਕਥਾਮ, ਮਿੱਟੀ ਦੇ ਤਾਪਮਾਨ ਨੂੰ ਨਿਯੰਤ੍ਰਿਤ ਅਤੇ ਫ਼ਲਾਂ ਤੇ ਸਬਜ਼ੀਆਂ ਦੀ ਪੈਦਾਵਾਰ ਅਤੇ ਗੁਣਵੱਤਾ ਵਿੱਚ ਵਾਧਾ ਹੋਣ ਦੇ ਨਾਲ ਨਾਲ ਮਿੱਟੀ ਦੀ ਨਮੀ, ਉਪਜਾਊ ਸ਼ਕਤੀ ਅਤੇ ਬਣਤਰ ਵਿੱਚ ਸੁਧਾਰ ਹੁੰਦਾ ਹੈ। ਫ਼ਲਦਾਰ ਬੂਟਿਆਂ ਅਤੇ ਸਬਜ਼ੀਆਂ ਵਿੱਚ ਝੋਨੇ ਦੀ ਪਰਾਲੀ ਦੀ ਸੁਚੱਜੀ ਵਰਤੋਂ ਪਰਾਲੀ ਸਾੜਨ ਨਾਲ ਹਵਾ ਵਿੱਚ ਹੋ ਰਹੇ ਪ੍ਰਦੂਸ਼ਣ ਨੂੰ ਘਟਾਉਂਦੀ ਹੈ ਅਤੇ ਮਿੱਟੀ ਦੀ ਸਿਹਤ ਨੂੰ ਠੀਕ ਰਹਿੰਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਕੀਨੂੰ, ਅਮਰੂਦ, ਨਾਸ਼ਪਤੀ, ਬੇਰ, ਆੜੂ ਅਤੇ ਅਲੂਚਾ ਵਿੱਚ ਫ਼ਲਾਂ ਦੀ ਪੈਦਾਵਾਰ ਵਿੱਚ ਵਾਧੇ ਤੇ ਫ਼ਲਾਂ ਦੀ ਗੁਣਵੱਤਾ ’ਚ ਸੁਧਾਰ ਲਈ ਝੋਨੇ ਦੀ ਮਲਚ ਦੀ ਸਿਫ਼ਾਰਿਸ਼ ਕੀਤੀ ਹੈ। ਸਬਜ਼ੀਆਂ ’ਚ ਲਸਣ, ਆਲੂ, ਹਲਦੀ ਅਤੇ ਅਦਰਕ ਵਿੱਚ ਗੁਣਵੱਤਾ ਅਤੇ ਨਦੀਨ ਪ੍ਰਬੰਧਨ ਲਈ ਝੋਨੇ ਦੀ ਪਰਾਲੀ ਦੀ ਵਰਤੋਂ ਦੀ ਸਿਫ਼ਾਰਿਸ਼ ਕੀਤੀ ਗਈ ਹੈ, ਜਿਸ ਨੂੰ ਮਲਚ ਵਜੋਂ ਪ੍ਰਭਾਵਸ਼ਾਲੀ ਢੰਗ ਨਾਲ ਵਰਤਿਆ ਜਾ ਸਕਦਾ ਹੈ।
ਫ਼ਲਦਾਰ ਬੂਟਿਆਂ ਵਿੱਚ ਪਰਾਲੀ ਦੀ ਸੁਚੱਜੀ ਵਰਤੋਂ: ਪੰਜਾਬ ਵਿੱਚ ਲਗਾਏ ਜਾਣ ਵਾਲੇ ਕੀਨੂੰ, ਅਮਰੂਦ, ਨਾਸ਼ਪਤੀ, ਆੜੂ ਅਤੇ ਬੇਰ ਆਦਿ ਮੁੱਖ ਫ਼ਲਾਂ ਦੇ ਬਾਗ਼ਾਂ ਵਿੱਚ ਝੋਨੇ ਦੀ ਪਰਾਲੀ ਵਿਛਾ ਕੇ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਫ਼ਲਦਾਰ ਬੂਟਿਆਂ ਵਿੱਚ ਝੋਨੇ ਦੀ ਪਰਾਲੀ ਵਿਛਾਉਣ ਦਾ ਤਰੀਕਾ ਹੇਠ ਲਿਖੇ ਅਨੁਸਾਰ ਹੈ:
ਕੀਨੂੰ: ਬਾਗ਼ ਵਿੱਚ ਬੂਟਿਆਂ ਹੇਠ ਦਸੰਬਰ ਦੇ ਅਖੀਰ ’ਚ ਦੇਸੀ ਅਤੇ ਰਸਾਇਣਕ ਖਾਦਾਂ ਪਾਉਣ ਤੋਂ ਬਾਅਦ ਜਾਂ ਅਪਰੈਲ ਵਿੱਚ ਰਸਾਇਣਕ ਖਾਦਾਂ ਦੀ ਦੂਸਰੀ ਕਿਸ਼ਤ ਪਾਉਣ ਤੋਂ ਬਾਅਦ 3 ਟਨ ਪ੍ਰਤੀ ਏਕੜ ਪਰਾਲੀ ਦੀ 26 ਸੈਂਟੀਮੀਟਰ ਮੋਟੀ ਤਹਿ ਵਿਛਾ ਦਿਓ। ਝੋਨੇ ਦੀ ਪਰਾਲੀ ਮਲਚਿੰਗ ਨਦੀਨਾਂ ਦੇ ਬਾਇਓ-ਮਾਸ ਨੂੰ ਘਟਾਉਣ, ਮਿੱਟੀ ਦੀ ਨਮੀ ਨੂੰ ਸੁਰੱਖਿਅਤ ਰੱਖਣ ਅਤੇ ਕੀਨੂੰ ਦੇ ਬਾਗ਼ ਵਿੱਚ ਫ਼ਲਾਂ ਦੇ ਕੇਰੇ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ। ਗਰਮੀਆਂ ਵਿੱਚ ਪਾਣੀ ਦੀ 20 ਪ੍ਰਤੀਸ਼ਤ ਬੱਚਤ ਵੀ ਹੁੰਦੀ ਹੈ। ਫ਼ਲਾਂ ਦੇ ਆਕਾਰ ਅਤੇ ਗੁਣਵੱਤਾ ਵਿੱਚ ਵੀ ਵਾਧਾ ਹੁੰਦਾ ਹੈ।
ਆੜੂ ਅਤੇ ਅਲੂਚਾ: ਆੜੂ ਅਤੇ ਅਲੂਚਾ ਵਰਗੇ ਫ਼ਲਾਂ ਦੀ ਕੀਮਤ ਫ਼ਲ ਦੇ ਆਕਾਰ ਅਤੇ ਝਾੜ ’ਤੇ ਨਿਰਭਰ ਕਰਦੀ ਹੈ। ਬਸੰਤ ਰੁੱਤ ਅਤੇ ਬਰਸਾਤ ਦੇ ਮੌਸਮ ਦੌਰਾਨ ਆੜੂ ਦੇ ਬਾਗ ਵਿੱਚ ਨਦੀਨ ਜ਼ਿਆਦਾ ਹੁੰਦੇ ਹਨ। ਇਸ ਲਈ ਮਾਰਚ ਦੇ ਪਹਿਲੇ ਹਫ਼ਤੇ ਦੌਰਾਨ 4.5 ਟਨ ਪ੍ਰਤੀ ਏਕੜ ਝੋਨੇ ਦੀ ਪਰਾਲੀ ਦੀ ਮਲਚ ਲਾ ਕੇ ਨਦੀਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਬਾਇਆ ਜਾ ਸਕਦਾ ਹੈ।
ਨਾਸ਼ਪਤੀ: ਨਾਸ਼ਪਤੀ ਵਿੱਚ ਲਗਾਤਾਰ ਸਿੰਜਾਈ ਕਰਨ ਨਾਲ ਨਦੀਨਾਂ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ ਅਤੇ ਕਾਸ਼ਤਕਾਰ ਨੂੰ ਨਦੀਨਾਂ ਦੀ ਰੋਕਥਾਮ ਲਈ ਵਾਧੂ ਖਰਚਾ ਕਰਨਾ ਪੈਂਦਾ ਹੈ। ਇਸ ਲਈ ਅਪਰੈਲ ਮਹੀਨੇ ਦੇ ਦੂਸਰੇ ਹਫ਼ਤੇ 5.5 ਟਨ ਪ੍ਰਤੀ ਏਕੜ ਪਰਾਲੀ ਦੀ 10 ਸੈਂਟੀਮੀਟਰ ਮੋਟੀ ਪਰਤ ਵਿਛਾਓ। ਮਲਚ ਦੇ ਨਾਲ ਫ਼ਲ ਦੇ ਆਕਾਰ ਅਤੇ ਗੁਣਵੱਤਾ ਵਿੱਚ ਵੀ ਸੁਧਾਰ ਆਉਂਦਾ ਹੈ।
ਅਮਰੂਦ: ਅਮਰੂਦ ਦੇ ਬਾਗ਼ ਵਿੱਚ ਮਈ ਮਹੀਨੇ ’ਚ ਰੁੱਖਾਂ ਦੀ ਛਤਰੀ ਹੇਠ ਜੈਵਿਕ ਖਾਦ ਅਤੇ ਰਸਾਇਣਕ ਖਾਦਾਂ ਦੀ ਸਿਫ਼ਾਰਸ਼ ਕੀਤੀ ਖੁਰਾਕ ਪਾਉਣ ਤੋਂ ਬਾਅਦ 4.0 ਟਨ ਪ੍ਰਤੀ ਏਕੜ ਝੋਨੇ ਦੀ ਪਰਾਲੀ ਨੂੰ ਮਲਚ ਦੇ ਤੌਰ ’ਤੇ ਪਾ ਕੇ ਨਦੀਨਾਂ ਦਾ ਸੁਚੱਜਾ ਪ੍ਰਬੰਧਨ ਕੀਤਾ ਜਾ ਸਕਦਾ ਹੈ। ਅਕਤੂਬਰ ਵਿੱਚ ਘਟੀ ਹੋਈ ਮਲਚ ਨੂੰ ਖੇਤ ਵਿੱਚ ਸਿਫ਼ਾਰਸ਼ ਕੀਤੀਆਂ ਖਾਦਾਂ ਦੀ ਦੂਜੀ ਖ਼ੁਰਾਕ ਦੇ ਨਾਲ ਸ਼ਾਮਲ ਕਰੋ। ਬੂਟੇ ਹੇਠ ਵਿਛਾਈ ਪਰਾਲੀ ਮੈਟ ਦੀ ਤਰ੍ਹਾਂ ਬਣ ਜਾਂਦੀ ਹੈ ਜਿਸ ਨਾਲ ਫ਼ਲ ਦੀ ਮੱਖੀ ਨਾਲ ਖਰਾਬ ਹੋਏ ਫ਼ਲਾਂ ਨੂੰ ਇੱਕਠਾ ਕਰਨਾ ਅਤੇ ਉਨ੍ਹਾਂ ਦਾ ਨਿਪਟਾਰਾ ਕਰਨਾ ਸੌਖਾ ਹੋ ਜਾਂਦਾ ਹੈ।
ਬੇਰ: ਬੇਰ ਜ਼ਿਆਦਾ ਫੈਲਣ ਵਾਲਾ ਅਤੇ ਕੰਢਿਆਂ ਵਾਲਾ ਦਰੱਖ਼ਤ ਹੋਣ ਕਰਕੇ ਨਦੀਨਾਂ ਦੀ ਹੱਥੀਂ ਰੋਕਥਾਮ ਕਰਨਾ ਔਖਾ ਕੰਮ ਹੈ। ਇਸ ਵਿੱਚ ਪਰਾਲੀ ਦੀ ਮਲਚਿੰਗ ਕਰਕੇ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਬੇਰਾਂ ਵਿੱਚ ਅਕਤੂਬਰ ਦੇ ਅਖ਼ੀਰ ਵਿੱਚ 5 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਮਲਚਿੰਗ ਕੀਤੀ ਜਾ ਸਕਦੀ ਹੈ। ਇਸ ਤਕਨੀਕ ਰਾਹੀਂ 90 ਫ਼ੀਸਦ ਤੱਕ ਨਦੀਨਾਂ ’ਤੇ ਕਾਬੂ ਪਾਇਆ ਜਾ ਸਕਦਾ ਹੈ। ਫ਼ਲਾਂ ਦੇ ਆਕਾਰ, ਝਾੜ ਅਤੇ ਗੁਣਵੱਤਾ ਵਿੱਚ ਵੀ ਵਾਧਾ ਹੁੰਦਾ ਹੈ।
ਲਸਣ: ਲਸਣ ਸਰਦ ਮੌਸਮ ਦੀ ਫ਼ਸਲ ਹੈ। ਲਸਣ ਦੀ ਪੈਦਾਵਾਰ ਵਿੱਚ ਵਾਧੇ ਅਤੇ ਮੋਟੇ ਗੰਢੇ ਲੈਣ ਲਈ ਨਦੀਨਾਂ ਦੀ ਰੋਕਥਾਮ ਬਹੁਤ ਜ਼ਰੂਰੀ ਹੈ। ਨਦੀਨਾਂ ਦੀ ਰੋਕਥਾਮ ਲਈ ਝੋਨੇ ਦੀ ਪਰਾਲੀ 25 ਕੁਇੰਟਲ ਪ੍ਰਤੀ ਏਕੜ ਲਸਣ ਉੱਗਣ ਤੋਂ ਬਾਅਦ ਫ਼ਸਲ ਵਿੱਚ ਵਿਛਾ ਦਿਓ।
ਆਲੂ: ਆਲੂ ਦੀ ਚੰਗੀ ਪੈਦਾਵਾਰ ਲਈ ਅਤਿ ਜ਼ਰੂਰੀ ਹੈ ਕਿ ਸ਼ੁਰੂਆਤੀ ਦੌਰ ਵਿੱਚ ਨਦੀਨਾਂ ਦੀ ਰੋਕਥਾਮ ਨੂੰ ਯਕੀਨੀ ਬਣਾਇਆ ਜਾਵੇ। ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਤੁਰੰਤ ਬਾਅਦ ਖੇਤ ਵਿੱਚ 25 ਕੁਇੰਟਲ ਝੋਨੇ ਦੀ ਪਰਾਲੀ ਪ੍ਰਤੀ ਏਕੜ ਦੇ ਹਿਸਾਬ ਵਿਛਾਉਣ ਨਾਲ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।
ਹਲਦੀ: ਇਸ ਫ਼ਸਲ ਦੇ ਵਧਣ-ਫੁੱਲਣ ਲਈ ਗਰਮ ਤੇ ਸਿੱਲ੍ਹੇ ਮਾਹੌਲ ਦੀ ਲੋੜ ਹੈ। ਹਲਦੀ ਨੂੰ ਹਰੇ ਹੋਣ ਲਈ ਕਾਫ਼ੀ ਸਮਾਂ ਚਾਹੀਦਾ ਹੈ ਅਤੇ ਖੇਤ ਨੂੰ ਲਗਾਤਾਰ ਪਾਣੀ ਦੀ ਲੋੜ ਪੈਂਦੀ ਹੈ। ਇਸ ਲਈ ਬਿਜਾਈ ਤੋਂ ਪਿੱਛੋਂ 36 ਕੁਇੰਟਲ ਪ੍ਰਤੀ ਏਕੜ ਝੋਨੇ ਦੀ ਪਰਾਲੀ ਨੂੰ ਸਾਰੇ ਖੇਤ ਵਿੱਚ ਇਕਸਾਰ ਖਿਲਾਰਨ ਨਾਲ ਨਦੀਨਾਂ ਦੀ ਰੋਕਥਾਮ ਦੇ ਨਾਲ ਨਾਲ ਗੰਢੀਆਂ ਦੇ ਆਕਾਰ ਵਿੱਚ ਵੀ ਵਾਧਾ ਹੁੰਦਾ ਹੈ।
ਅਦਰਕ: ਅਦਰਕ ਦੀ ਫ਼ਸਲ ਦੇ ਵਧੀਆ ਜਮਾਅ ਅਤੇ ਇਸ ਤੋਂ ਵਧੀਆ ਝਾੜ ਲੈਣ ਲਈ ਬਿਜਾਈ ਤੋਂ ਬਾਅਦ ਇਸ ਨੂੰ 40 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨੇ ਦੀ ਪਰਾਲੀ ਨਾਲ ਢਕਣ ਨਾਲ ਨਦੀਨਾਂ ਦੀ ਰੋਕਥਾਮ ਦੇ ਨਾਲ-ਨਾਲ ਵਧੀਆ ਝਾੜ ਵੀ ਮਿਲਦਾ ਹੈ।
ਸੰਪਰਕ: 94637-28095

