ਚੌਗਿਰਦੇ ਦੇ ਵਿਨਾਸ਼ ਦੀ ਕਥਾ ਲਿਖਦਾ ਉਲਾਰੂ ਵਿਕਾਸ
ਅਸ਼ਵਨੀ ਚਤਰਥ
ਮਨੁੱਖ ਦੀ ਸਿਹਤ ਨਾਲ ਜੁੜੀਆਂ ਕੌਮਾਂਤਰੀ ਸੰਸਥਾਵਾਂ ਵੱਲੋਂ ਅਕਸਰ ਸਾਡੇ ਚੁਗਿਰਦੇ ਵਿਚਲੀ ਮਲੀਨਤਾ ਸਬੰਧੀ ਅੰਕੜੇ ਪੇਸ਼ ਕਰ ਕੇ ਜੀਵਾਂ ਨੂੰ ਸੁਚੇਤ ਕੀਤਾ ਜਾਂਦਾ ਰਿਹਾ ਹੈ। ਇਸੇ ਤਰ੍ਹਾਂ ਹਾਲ ਹੀ ਵਿੱਚ ਵਿਸ਼ਵ ਸਿਹਤ ਸੰਗਠਨ ਨੇ ਹਵਾ ਦੀ ਗੁਣਵੱਤਾ ਬਾਰੇ ਜਾਰੀ ਕੀਤੇ ਸਰਵੇ ਵਿੱਚ ਹੈਰਾਨ ਅਤੇ ਚੌਕੰਨਾ ਕਰਨ ਵਾਲੇ ਅੰਕੜੇ ਪੇਸ਼ ਕੀਤੇ ਹਨ। ਇਹ ਅੰਕੜੇ ਸੰਸਾਰ ਭਰ ਦੇ ਛੇ ਹਜ਼ਾਰ ਦੇ ਕਰੀਬ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚੋਂ ਇਕੱਠੇ ਕੀਤੇ ਗਏ ਸਨ। ਸਰਵੇ ਵਿੱਚ ਦੱਸਿਆ ਗਿਆ ਹੈ ਕਿ ਦੁਨੀਆ ਦੀ ਕੁੱਲ ਆਬਾਦੀ ਦਾ 99 ਫ਼ੀਸਦ ਲੋਕ ਅਜਿਹੀ ਹਵਾ ਵਿੱਚ ਸਾਹ ਲੈਂਦੇ ਹਨ ਜਿਸ ਦੀ ਗੁਣਵੱਤਾ ਸ਼ੁੱਧਤਾ ਦੇ ਪ੍ਰਮਾਣਿਕ ਮਾਪਦੰਡਾਂ ਉੱਤੇ ਕਿਸੇ ਵੀ ਤਰੀਕੇ ਨਾਲ ਪੂਰੀ ਨਹੀਂ ਉੱਤਰਦੀ ਹੈ; ਭਾਵ, ਸਮੁੱਚੀ ਦੁਨੀਆ ਗੰਧਲੀ ਹਵਾ ਵਿੱਚ ਸਾਹ ਲੈਣ ਨੂੰ ਮਜਬੂਰ ਹੋ ਰਹੀ ਹੈ।
ਸਰਵੇ ਵਿੱਚ ਦੱਸਿਆ ਗਿਆ ਹੈ ਕਿ ਹਵਾ ਅਜਿਹੇ ਕਣਾਂ ਨਾਲ ਭਰਪੂਰ ਹੁੰਦੀ ਹੈ ਜੋ ਆਦਮੀ ਦੇ ਖ਼ੂਨ ਦੀਆਂ ਨਾਲੀਆਂ ਵਿੱਚ ਦਾਖ਼ਲ ਹੋ ਕੇ ਭਿਆਨਕ ਰੋਗਾਂ ਦਾ ਕਾਰਨ ਬਣਦੇ ਹਨ। ਰਿਪੋਰਟ ਵਿੱਚ ਖ਼ਾਸ ਕਰ ਕੇ ਮੱਧ-ਪੂਰਵੀ ਦੇਸ਼ਾਂ (ਜਿਵੇਂ ਜਾਰਡਨ, ਮਿਸਰ, ਲਿਬਨਾਨ, ਸੀਰੀਆ, ਇਜ਼ਰਾਈਲ ਆਦਿ),ਦੱਖਣੀ ਪੂਰਵੀ ਏਸ਼ਿਆਈ ਦੇਸ਼ਾਂ (ਜਿਨ੍ਹਾਂ ਵਿੱਚ ਭਾਰਤ ਵੀ ਸ਼ਾਮਿਲ ਹੈ) ਅਤੇ ਅਫਰੀਕੀ ਦੇਸ਼ਾਂ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਗਿਆ ਹੈ ਕਿ ਇਨ੍ਹਾਂ ਇਲਾਕਿਆਂ ਵਿੱਚ ਹਵਾ ਦੀ ਗੁਣਵੱਤਾ ਦਾ ਪੱਧਰ ਸੰਸਾਰ ਭਰ ਵਿੱਚ ਸਭ ਤੋਂ ਜ਼ਿਆਦਾ ਖ਼ਰਾਬ ਹੈ। ਉਕਤ ਸੰਗਠਨ ਦੀ ਵਾਤਾਵਰਨ ਸਬੰਧੀ ਮਹਿਕਮੇ ਦੀ ਮੁਖੀ ਨੇ ਦੱਸਿਆ ਹੈ ਕਿ ਹਵਾ ਪ੍ਰਦੂਸ਼ਣ ਤੋਂ ਪੈਦਾ ਹੋਈਆਂ ਬਿਮਾਰੀਆਂ ਕਰ ਕੇ ਹਰ ਸਾਲ 70 ਲੱਖ ਦੇ ਕਰੀਬ ਲੋਕ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ, ਜਿਨ੍ਹਾਂ ਨੂੰ ਸਵੱਛ ਊਰਜਾ ਦੇ ਕੇ ਬਚਾਇਆ ਜਾ ਸਕਦਾ ਹੈ। ਸਵੱਛ ਊਰਜਾ ਤੋਂ ਭਾਵ ਹੈ, ਊਰਜਾ ਦੇ ਉਹ ਸਾਧਨ ਜਿਨ੍ਹਾਂ ਤੋਂ ਊਰਜਾ ਤਿਆਰ ਕਰਨ ਲੱਗਿਆਂ ਕਿਸੇ ਤਰ੍ਹਾਂ ਦਾ ਪ੍ਰਦੂਸ਼ਣ ਪੈਦਾ ਨਹੀਂ ਹੁੰਦਾ ਹੈ ਜਿਵੇਂ ਪੌਣ ਊਰਜਾ, ਜਲ ਊਰਜਾ, ਸੌਰ ਊਰਜਾ ਆਦਿ।
ਵਿਸ਼ਵ ਸਿਹਤ ਸੰਗਠਨ ਨੇ ਆਮ ਲੋਕਾਂ ਦੀ ਸਿਹਤ ਉੱਤੇ ਮਾੜਾ ਅਸਰ ਪਾਉਣ ਲਈ ਹਵਾ ਵਿੱਚ ਲਟਕਦੇ ਬਰੀਕ ਕਣਾਂ, ਜਿਨ੍ਹਾਂ ਨੂੰ ਪੀਐੱਮ-2.5 ਅਤੇ ਪੀਐੱਮ-10 ਕਣਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਨਾਈਟ੍ਰੋਜਨ ਡਾਈਆਕਸਾਈਡ ਗੈਸ ਨੂੰ ਜ਼ਿੰਮੇਵਾਰ ਦੱਸਿਆ ਹੈ। ਜ਼ਿਕਰਯੋਗ ਹੈ ਕਿ ਉਕਤ ਕਣ ਆਵਾਜਾਈ ਦੇ ਸਾਧਨਾਂ, ਪਾਵਰ ਪਲਾਂਟਾਂ, ਉਦਯੋਗਾਂ ਵਿੱਚ ਵਰਤੇ ਜਾਂਦੇ ਬਾਲਣਾਂ ਜਿਵੇਂ ਕੋਲਾ, ਤੇਲ ਆਦਿ ਦੇ ਬਲਣ ਕਾਰਨ ਅਤੇ ਕੂੜੇ ਨੂੰ ਅੱਗ ਲਗਾਉਣ ਤੇ ਖੇਤੀਬਾੜੀ ਆਦਿ ਤੋਂ ਉਪਜਦੇ ਹਨ। ਇਨ੍ਹਾਂ ਕਣਾਂ ਤੋਂ ਵਿਕਾਸਸ਼ੀਲ ਦੇਸ਼ਾਂ ਦੇ ਲੋਕ ਖ਼ਾਸ ਕਰ ਕੇ ਪ੍ਰਭਾਵਿਤ ਹੋਏ ਹਨ। ਭਾਰਤ ਵਿੱਚ ਪੀਐੱਮ-10 ਕਣਾਂ ਦੀ ਜ਼ਿਆਦਾ ਮਾਤਰਾ ਹੁੁੰਦੀ ਹੈ, ਜਦਕਿ ਚੀਨ ਵਿੱਚ ਪੀ.ਐੱਮ-2.5 ਕਣਾਂ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਧਿਆਨ ਦੇਣ ਯੋਗ ਹੈ ਕਿ ਪੀਐੱਮ-2.5 ਕਣ ਆਕਾਰ ਵਿੱਚ ਛੋਟੇ ਹੋਣ ਕਰ ਕੇ ਫੇਫੜਿਆਂ ਵਿੱਚੋਂ ਜਾਂਦੇ ਹੋਏ ਖ਼ੂਨ ਵਾਲੀ ਨਾਲੀਆਂ ਰਾਹੀਂ ਦਿਲ ਅਤੇ ਦਿਮਾਗ ਪ੍ਰਣਾਲੀਆਂ ਵਿੱਚ ਦਾਖ਼ਲ ਹੋ ਕੇ ਦਿਲ ਦਾ ਦੌਰਾ, ਦਿਮਾਗ ਦਾ ਸਟ੍ਰੋਕ ਅਤੇ ਦਮੇ ਵਰਗੇ ਭਿਆਨਕ ਰੋਗਾਂ ਨੂੰ ਜਨਮ ਦਿੰਦੇ ਹਨ। ਗੱਲ ਕਰੀਏ ਜੇਕਰ ਭਾਰਤ ਵਿੱਚ ਫੈਲੇ ਹਵਾ ਪ੍ਰਦੂਸ਼ਣ ਦੀ ਤਾਂ ਸੰਸਾਰ ਭਰ ਦੇ 100 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ 63 ਸ਼ਹਿਰ ਤਾਂ ਇੱਕਲੇ ਭਾਰਤ ਵਿੱਚ ਹੀ ਹਨ। ਇਨ੍ਹਾਂ ਵਿੱਚੋਂ ਕੁਝ ਸ਼ਹਿਰ ਜਿਵੇਂ ਮਹਾਂਰਾਸ਼ਟਰ ਦਾ ਸ਼ਹਿਰ ਭਿਵੰਡੀ, ਦੇਸ਼ ਦੀ ਰਾਜਧਾਨੀ ਦਿੱਲੀ, ਗਾਜ਼ੀਆਬਾਦ, ਨੋਇਡਾ, ਫ਼ਰੀਦਾਬਾਦ, ਜੌਨ੍ਹਪੁਰ, ਬਾਗਪਤ ਅਤੇ ਹਿਸਾਰ ਵਿਸ਼ੇਸ਼ ਤੌਰ ’ਤੇ ਜ਼ਿਕਰਯੋਗ ਹਨ।
ਦਿੱਲੀ ਤਾਂ ਸੰਸਾਰ ਭਰ ਦੇ ਦੇਸ਼ਾਂ ਦੀਆਂ ਰਾਜਧਾਨੀਆਂ ਵਿੱਚੋਂ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਰਾਜਧਾਨੀ ਦੱਸੀ ਗਈ ਹੈ ਜਿੱਥੇ ਹਰ ਸਾਲ ਪ੍ਰਦੂਸ਼ਣ ਦਾ ਪੱਧਰ ਪਿਛਲੇ ਸਾਲ ਦੇ ਪ੍ਰਦੂਸ਼ਣ ਮੁਕਾਬਲੇ 15 ਫ਼ੀਸਦ ਵਧ ਜਾਂਦਾ ਹੈ। ਇਹ ਵੀ ਚਿੱਟੇ ਦਿਨ ਵਰਗੀ ਸਚਾਈ ਹੈ ਕਿ ਭਾਰਤ ਵਿੱਚ ਤੇਜ਼ੀ ਨਾਲ ਹੋ ਰਹੀ ਆਰਥਿਕ ਤਰੱਕੀ ਲਈ ਉਦਯੋਗਾਂ ਦਾ ਵਿਕਾਸ ਕਰਨਾ ਬਹੁਤ ਜ਼ਰੂਰੀ ਹੈ। ਸਾਲ 2000 ਤੋਂ ਬਾਅਦ ਊਰਜਾ ਦੀ ਖਪਤ ਤੇਜ਼ੀ ਨਾਲ ਵਧੀ ਹੈ। ਕੌਮਾਂਤਰੀ ਊਰਜਾ ਏਜੰਸੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਭਾਰਤ ਵਿੱਚ ਤੇਜ਼ੀ ਨਾਲ ਵਧ ਰਹੇ ਸ਼ਹਿਰੀਕਰਨ ਅਤੇ ਉਦਯੋਗੀਕਰਨ ਕਾਰਨ ਦੇਸ਼ ਵਿੱਚ ਊਰਜਾ ਦੀ ਮੰਗ ਹਰ ਸਾਲ 3 ਫ਼ੀਸਦ ਦੇ ਹਿਸਾਬ ਨਾਲ ਵਧ ਰਹੀ ਹੈ। ਭਾਰਤ ਅੱਜ ਦੁਨੀਆ ਦਾ ਤੀਜਾ ਸਭ ਤੋਂ ਵਧ ਊਰਜਾ ਖਪਤ ਕਰਨ ਵਾਲਾ ਦੇਸ਼ ਬਣ ਚੁੱਕਾ ਹੈ। ਅੱਜ ਵੀ ਸਾਡੀਆਂ 80 ਫ਼ੀਸਦ ਊਰਜਾ ਲੋੜਾਂ ਪ੍ਰਦੂਸ਼ਣ ਪੈਦਾ ਕਰਨ ਵਾਲੇ ਰਵਾਇਤੀ ਬਾਲਣਾਂ ਜਿਵੇਂ ਕੋਲਾ, ਡੀਜ਼ਲ, ਪੈਟਰੋਲ ਆਦਿ ਤੋਂ ਹੀ ਪੂਰੀਆਂ ਕੀਤੀਆਂ ਜਾਂਦੀਆਂ ਹਨ। ਸਮੁੱਚੇ ਸੰਸਾਰ ਵਿੱਚ ਅੱਜ ਵੀ 90 ਫ਼ੀਸਦ ਕਾਰਬਨ ਡਾਈਆਕਸਾਈਡ ਅਤੇ ਮਿਥੇਨ ਗੈਸਾਂ ਉਕਤ ਰਵਾਇਤੀ ਬਾਲਣਾਂ ਤੋਂ ਹੀ ਪੈਦਾ ਹੁੰਦੀਆਂ ਹਨ ਜੋ ਆਲਮੀ ਤਪਸ਼ ਪੈਦਾ ਕਰਨ ਲਈ ਸਿੱਧੇ ਤੌਰ ਜ਼ਿੰਮੇਵਾਰ ਹਨ। ਊਰਜਾ ਦੇ ਇਨ੍ਹਾਂ ਰਵਾਇਤੀ ਸਾਧਨਾਂ ਦੀ ਵਰਤੋਂ ਨੂੰ ਫੌਰੀ ਤੌਰ ’ਤੇ ਘਟਾ ਕੇ ਕੇ ਸਵੱਛ ਸਾਧਨਾਂ ਜਿਵੇਂ ਸੌਰ ਊਰਜਾ, ਪਰਮਾਣੂ ਊਰਜਾ ਅਤੇ ਪੌਣ ਊਰਜਾ ’ਤੇ ਜ਼ੋਰ ਦੇਣ ਦੀ ਲੋੜ ਹੈ।
ਜੇ ਸਮੱਸਿਆ ਦੇ ਹੱਲ ਲੱਭਣ ਦੀ ਗੱਲ ਕਰੀਏ ਤਾਂ ਦਿੱਲੀ ਸਥਿਤ ਊਰਜਾ ਅਤੇ ਵਾਤਾਵਰਨ ਕੌਂਸਲ ਦੇ ਮਾਹਿਰ ਵਿਗਿਆਨੀਆਂ ਨੇ ਦੇਸ਼ ਦੀ ਸਰਕਾਰ, ਉਦਯੋਗਾਂ, ਉੱਚ ਅਫਸਰਾਂ ਅਤੇ ਆਮ ਜਨਤਾ ਨੂੰ ਸਾਂਝੇ ਤੌਰ ’ਤੇ ਵੱਡਾ ਹੰਭਲਾ ਮਾਰਨ ਲਈ ਸੁਚੇਤ ਹੋਣ ਲਈ ਕਿਹਾ ਹੈ। ਵਿਸ਼ਾ ਮਾਹਿਰਾਂ ਦਾ ਵਿਚਾਰ ਹੈ ਕਿ ਊਰਜਾ, ਉਦਯੋਗ ਅਤੇ ਆਵਾਜਾਈ ਦੇ ਖੇਤਰ ਵਿੱਚ ਵੱਡੀ ਤਬਦੀਲੀ ਲਿਆਉਣ ਦੀ ਲੋੜ ਹੈ। ਕੋਲਾ, ਪੈਟਰੋਲ ਅਤੇ ਡੀਜ਼ਲ ਵਰਗੇ ਧੂੰਆਂ ਪੈਦਾ ਕਰਨ ਵਾਲੇ, ਮਹੀਨ ਕਣ ਛੱਡਣ ਵਾਲੇ ਅਤੇ ਪ੍ਰਦੂਸ਼ਣ ਗੈਸਾਂ ਛੱਡਣ ਵਾਲੇ ਬਾਲਣਾਂ ਦੀ ਵਰਤੋਂ ਘਟਾ ਕੇ ਸਵੱਛ ਊਰਜਾ ਦੀ ਵਰਤੋਂ ਉੱਤੇ ਜ਼ੋਰ ਦੇਣਾ ਪਏਗਾ। ਵਿਗਿਆਨੀਆਂ ਦਾ ਪੱਕਾ ਯਕੀਨ ਹੈ ਕਿ ਜਲਦ ਹੀ ਸਾਨੂੰ ਪੌਣ ਊਰਜਾ, ਸੌਰ ਊਰਜਾ ਅਤੇ ਪਰਮਾਣੂ ਊਰਜਾ ਅਪਨਾਉਣੀ ਪਏਗੀ। ਮੌਜੂਦਾ ਸਮੇਂ ਵਿੱਚ ਚੱਲ ਰਹੇ ਪੈਟਰੋਲ ਅਤੇ ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਦੀ ਜਗ੍ਹਾ ਈ-ਵਾਹਨਾਂ, ਭਾਵ ਬਿਜਲੀ ਨਾਲ ਚੱਲਣ ਵਾਲੇ ਵਾਹਨਾਂ ਦੀ ਵਰਤੋਂ ਵਧਾਉਣੀ ਪਏਗਾ।
ਸੂਰਜ ਤੋਂ ਪ੍ਰਾਪਤ ਊਰਜਾ ਸਾਫ਼-ਸੁਥਰੀ, ਮੁਫ਼ਤ ਅਤੇ ਭਰਪੂਰ ਮਾਤਰਾ ਵਿੱਚ ਮਿਲਦੀ ਹੈ, ਜਿਸ ਨੂੰ ਹਰੀ ਊਰਜਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਹਰੀ ਊਰਜਾ ਦੇ ਹੋਰ ਸ੍ਰੋਤ ਹਨ ਜਿਵੇਂ ਹਵਾ ਨਾਲ ਚੱਲਣ ਵਾਲੀ ਪੌਣ-ਚੱਕੀ ਅਤੇ ਪਾਣੀ ਨਾਲ ਤਿਆਰ ਕੀਤੀ ਜਾਣ ਵਾਲੀ ਪਣ-ਬਿਜਲੀ। ਸਰਕਾਰ ਛੱਤਾਂ ਉੱਤੇ ਸੌਰ ਪੈਨਲ ਲਗਾਉਣ ਦੀ ਗੱਲ ਵੀ ਕਰ ਰਹੀ ਹੈ। ਲੋੜ ਹੈ ਇਸ ਨੂੰ ਸਸਤਾ ਕਰ ਕੇ ਅਤੇ ਇਸ ਉੱਪਰ ਸਬਸਿਡੀ ਦੇ ਕੇ ਲੋਕ-ਪੱਖੀ ਬਣਾ ਕੇ ਆਮ ਲੋਕਾਂ ਦੀ ਪਹੁੰਚ ਵਿੱਚ ਲਿਆਂਦਾ ਜਾਏ। ਈ-ਵਾਹਨਾਂ ਦਾ ਉਤਪਾਦਨ ਵਧਾਇਆ ਜਾਏ ਅਤੇ ਇਨ੍ਹਾਂ ਦੀ ਕੀਮਤ ਘੱਟ ਕੀਤੀ ਜਾਏ। ਪੈਟਰੋਲ ਵਿੱਚ ਜ਼ਿਆਦਾ ਤੋਂ ਜ਼ਿਆਦਾ ਈਥੇਨਲ ਅਲਕੋਹਲ ਮਿਲਾਈ ਜਾਏ ਅਤੇ ਇਸ ਕੰਮ ਵਿੱਚ ਤੇਜ਼ੀ ਲਿਆਂਦੀ ਜਾਏ। ਡੀਜ਼ਲ ਤਿਆਰ ਕਰਨ ਲਈ ਖੇਤੀ ਉਪਜਾਂ ਤੋਂ ਪੈਦਾ ਹੋਈ ਰਹਿੰਦ-ਖੂੰਹਦ ਵਰਤ ਕੇ ਚੁਗਿਰਦੇ ਨੂੰ ਸਵੱਛ ਬਣਾਇਆ ਜਾਏ। ਪੰਦਰਾਂ ਸਾਲਾਂ ਤੋਂ ਵੱਧ ਪੁਰਾਣੇ ਹੋ ਚੁੱਕੇ ਦੋ-ਪਹੀਆ ਅਤੇ ਚਾਰ-ਪਹੀਆ ਵਾਹਨਾਂ ਦੇ ਮਾਲਕਾਂ ਨੂੰ ਵਾਹਨ ਬਦਲਣ ਲਈ ਸਸਤੇ ਦਰਾਂ ’ਤੇ ਕਰਜ਼ੇ ਦਿੱਤੇ ਜਾਣ।
ਵਾਤਾਵਰਨ ਵਿਗਿਆਨੀ ਆਮ ਲੋਕਾਂ ਨੂੰ ਆਪਣੇ ਜੀਵਨ ਵਿੱਚ ਕੁਝ ਵਾਤਾਵਰਨ ਪੱਖੀ ਢੰਗ-ਤਰੀਕੇ ਅਮਲ ਵਿੱਚ ਲਿਆਉਣ ਦੀ ਸਲਾਹ ਦਿੰਦੇ ਹਨ; ਜਿਵੇਂ ਰੋਜ਼ਾਨਾ ਕੰਮ-ਕਾਜ ਵਿੱਚ ਕਾਗ਼ਜ਼ਾਂ ਦੀ ਵਰਤੋਂ ਦੀ ਬਜਾਏ ਇਲੈੱਕਟ੍ਰੌਨਿਕ ਜਾਂ ਡਿਜੀਟਲ ਸਾਧਨਾਂ ਦੀ ਵਰਤੋਂ ਕਰਨਾ, ਆਵਾਜਾਈ ਦੇ ਜਨਤਕ ਸਾਧਨਾਂ ਦੀ ਵਰਤੋਂ ਕਰਨਾ, ਘੱਟ ਮੀਟ ਖਾਣਾ, ਜਹਾਜ਼ ਦਾ ਸਫ਼ਰ ਘੱਟ ਤੋਂ ਘੱਟ ਕਰਨਾ, ਘਰਾਂ ਵਿੱਚ ਐੱਲਈਡੀ ਬੱਲਬਾਂ ਦੀ ਹੀ ਵਰਤੋਂ ਕਰਨਾ ਅਤੇ ਘਰਾਂ ਤੇ ਦਫ਼ਤਰਾਂ ਵਿੱਚ ਏਸੀ ਦੀ ਵਰਤੋਂ ਵਾਜਿਬ ਤਰੀਕੇ ਨਾਲ ਕਰਨਾ ਆਦਿ।
ਸੰਪਰਕ: 62842-20595