DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤੀ ਜਨਤਾ ਪਾਰਟੀ ਦੀ ਯੂ-ਟਰਨ ਸਿਆਸਤ

ਬੀਤੇ 11 ਵਰ੍ਹਿਆਂ ਤੋਂ ਭਾਜਪਾ ਕੇਂਦਰ ਦੀ ਸੱਤਾ ’ਤੇ ਕਾਬਜ਼ ਹੈ ਅਤੇ ਵਿਰੋਧੀ ਦਲਾਂ ਦੀ ਇਕਜੁੱਟਤਾ ਦੀ ਘਾਟ ਕਰ ਕੇ ਭਾਰਤ ਦੇ ਜਿ਼ਆਦਾਤਰ ਰਾਜਾਂ ਵਿੱਚ ਵੀ ਭਾਜਪਾ ਦੀ ਅਗਵਾਈ ਜਾਂ ਭਾਜਪਾ ਦੇ ਸਮਰਥਨ ਵਾਲੀਆਂ ਸਰਕਾਰਾਂ ਹਨ। ਇਹ ਵੀ ਸੱਚ ਹੈ...
  • fb
  • twitter
  • whatsapp
  • whatsapp
Advertisement

ਬੀਤੇ 11 ਵਰ੍ਹਿਆਂ ਤੋਂ ਭਾਜਪਾ ਕੇਂਦਰ ਦੀ ਸੱਤਾ ’ਤੇ ਕਾਬਜ਼ ਹੈ ਅਤੇ ਵਿਰੋਧੀ ਦਲਾਂ ਦੀ ਇਕਜੁੱਟਤਾ ਦੀ ਘਾਟ ਕਰ ਕੇ ਭਾਰਤ ਦੇ ਜਿ਼ਆਦਾਤਰ ਰਾਜਾਂ ਵਿੱਚ ਵੀ ਭਾਜਪਾ ਦੀ ਅਗਵਾਈ ਜਾਂ ਭਾਜਪਾ ਦੇ ਸਮਰਥਨ ਵਾਲੀਆਂ ਸਰਕਾਰਾਂ ਹਨ। ਇਹ ਵੀ ਸੱਚ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਮੁੱਖ ਚਿਹਰਾ ਅਤੇ ਪ੍ਰਚਾਰਕ ਬਣਾ ਕੇ ਭਾਜਪਾ ਨੇ ਹਰੇਕ ਲੋਕ ਸਭਾ ਜਾਂ ਵਿਧਾਨ ਸਭਾ ਚੋਣ ਮੌਕੇ ਪੇਸ਼ ਕੀਤਾ ਹੈ। 2014 ਵਿੱਚ ਭਾਰਤ ਦੀ ਜਨਤਾ ਨਾਲ ਵੱਡੇ-ਵੱਡੇ ਵਾਅਦੇ ਕਰ ਕੇ ਸੱਤਾ ਵਿੱਚ ਆਈ ਇਸ ਪਾਰਟੀ ਨੇ ਆਪਣੇ ਮੁੱਖ ਵਾਅਦਿਆਂ ਵਿੱਚੋਂ ਬੀਤੇ 11 ਸਾਲਾਂ ਵਿੱਚ ਇਕ ਵੀ ਵਾਅਦਾ ਵਫ਼ਾ ਨਹੀਂ ਕੀਤਾ।

ਇਨ੍ਹਾਂ ਵਾਅਦਿਆਂ ਵਿੱਚ ਹਰ ਸਾਲ ਨੌਜਵਾਨਾਂ ਨੂੰ ਦੋ ਕਰੋੜ ਨੌਕਰੀਆਂ ਦੇਣਾ, ਵਿਦੇਸ਼ਾਂ ’ਚੋਂ ਕਾਲਾ ਧਨ ਵਾਪਿਸ ਲਿਆਉਣਾ ਤੇ ਵਾਪਿਸ ਲਿਆ ਕੇ ਹਰੇਕ ਭਾਰਤੀ ਦੇ ਖਾਤੇ ਵਿੱਚ 15-15 ਲੱਖ ਰੁਪਏ ਪਾਉਣਾ, ਭ੍ਰਿਸ਼ਟਾਚਾਰੀਆਂ ਨੂੰ ਜੇਲ੍ਹ ਡੱਕਣਾ, ਗੈਸ ਸਿਲੰਡਰ ਤੇ ਪੈਟਰੋਲ ਦੀਆਂ ਕੀਮਤਾਂ ਨੂੰ ਹੇਠਾਂ ਲਿਆਉਣਾ, ਡਾਲਰ ਦੇ ਮੁਕਾਬਲੇ ਰੁਪਏ ਨੂੰ ਮਜ਼ਬੂਤ ਕਰਨਾ, ਚੀਨ ਤੋਂ ਭਾਰਤੀ ਸਰਹੱਦਾਂ ਦੀ ਰਾਖੀ ਕਰਨਾ, ਸਰਹੱਦ ਪਾਰੋਂ ਘੁਸਪੈਠ ਰੋਕਣਾ, ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨਾ ਆਦਿ ਸਣੇ ਕਈ ਹੋਰ ਵਾਅਦੇ ਵੀ ਸ਼ਾਮਿਲ ਹਨ। ਵਾਅਦੇ ਪੂਰੇ ਨਾ ਕਰਨ ਦੀ ਕੋਈ ਨਾ ਕੋਈ ਤਾਂ ਵਜ੍ਹਾ ਹੋ ਸਕਦੀ ਹੈ ਪਰ ਆਪਣੀਆਂ ਨਾਕਾਮੀਆਂ ਅਤੇ ਕਮਜ਼ੋਰੀਆਂ ’ਤੇ ਪਰਦੇ ਪਾਉਣ ਦੇ ਨਾਲ-ਨਾਲ ਭਾਜਪਾ ਨੇ ਇਕ ਚੀਜ਼ ਵਿੱਚ ਨਵਾਂ ਕੀਰਤੀਮਾਨ ਸਥਾਪਿਤ ਕਰ ਦਿੱਤਾ ਹੈ ਤੇ ਉਹ ਹੈ- ਵੱਖ-ਵੱਖ ਗੰਭੀਰ ਮੁੱਦਿਆਂ ਸਬੰਧੀ ਆਪਣੇ ਹੀ ਸਟੈਂਡ ਜਾਂ ਆਪਣੇ ਹੀ ਬਿਆਨ ਤੋਂ ਯੂ-ਟਰਨ ਲੈਣਾ।

Advertisement

ਮਰਹੂਮ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਕਾਰਜਕਾਲ ਵੇਲੇ ਨਰਿੰਦਰ ਮੋਦੀ ਵੱਲੋਂ ਦਿੱਤੇ ਕਈ ਬਿਆਨ ਇਸ ਵਕਤ ਸੋਸ਼ਲ ਮੀਡੀਆ ’ਤੇ ਉਪਲਬਧ ਹਨ ਜਿਨ੍ਹਾਂ ਵਿੱਚ ਉਹ ਡਾਲਰ ਦੇ ਮੁਕਾਬਲੇ ਰੁਪਏ ਦੀ ਘਟਦੀ ਕੀਮਤ ਜਾਂ ਵੁੱਕਤ ਨੂੰ ਲੈ ਕੇ ਮਨਮੋਹਨ ਸਿੰਘ ਸਰਕਾਰ ਨੂੰ ਨੀਵਾਂ ਦਿਖਾਉਂਦੇ ਹੋਏ ਬਹੁਤ ਅਪਮਾਨਜਨਕ ਲਫ਼ਜ਼ ਬੋਲ ਰਹੇ ਹਨ ਤੇ ਉਸ ਵਰਤਾਰੇ ਨੂੰ ਮਨਮੋਹਨ ਸਰਕਾਰ ਦੀ ਵੱਡੀ ਨਾਕਾਮੀ ਗਿਣਾ ਰਹੇ ਹਨ ਪਰ ਹੁਣ ਜਦੋਂ ਉਨ੍ਹਾਂ ਦੇ ਆਪਣੇ ਰਾਜਕਾਲ ਵਿੱਚ ਡਾਲਰ ਦੇ ਮੁਕਾਬਲੇ ਰੁਪਿਆ ਭਾਰੀ ਨਿਵਾਣਾਂ ਛੂਹ ਗਿਆ ਹੈ ਤਾਂ ਪ੍ਰਧਾਨ ਮੰਤਰੀ ਖ਼ਾਮੋਸ਼ ਹਨ।

ਪ੍ਰਧਾਨ ਮੰਤਰੀ ਦੇ ਬਿਆਨ ਸੋਸ਼ਲ ਮੀਡੀਆ ’ਤੇ ਪਏ ਹਨ ਜਿਨ੍ਹਾਂ ਵਿੱਚ ਉਹ ਮਹਾਰਾਸ਼ਟਰ ਵਿੱਚ ਐੱਨਸੀਪੀ ਦੇ ਉੱਘੇ ਆਗੂ ਅਜੀਤ ਪਵਾਰ ਦੁਆਰਾ ਕੀਤੇ 70 ਹਜ਼ਾਰ ਕਰੋੜ ਰੁਪਏ ਦੇ ਘੁਟਾਲੇ ਦਾ ਜ਼ਿਕਰ ਕਰਦਿਆਂ ਤੇ ਉਨ੍ਹਾਂ ਨੂੰ ਜੇਲ੍ਹ ਭੇਜਣ ਦੀ ਧਮਕੀ ਦਿੰਦਿਆਂ ਹਿੰਦੀ ਫਿਲਮ ‘ਸ਼ੋਅਲੇ’ ਵਿਚਲਾ ਸੰਵਾਦ ‘ਚੱਕੀ ਪੀਸਿੰਗ ਐਂਡ ਪੀਸਿੰਗ’ ਬੋਲ ਰਹੇ ਹਨ। ਭਾਜਪਾ ਦੀ ਪਹਿਲੀ ਕਤਾਰ ਦੀ ਸਮੁੱਚੀ ਲੀਡਰਸ਼ਿਪ ਨੇ ਬੀਤੇ ਸਮੇਂ ਵਿੱਚ ਮਹਾਰਾਸ਼ਟਰ ਦੇ ਸਿਆਸੀ ਆਗੂਆਂ ਨਰਾਇਣ ਰਾਣੇ ਅਤੇ ਛਗਨ ਭੁਜਬਲ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਜਨਤਕ ਮੰਚਾਂ ਤੋਂ ਲਗਾ ਕੇ ਇਨ੍ਹਾਂ ਆਗੂਆਂ ਨੂੰ ਖ਼ੂਬ ਭੰਡਿਆ ਸੀ ਪਰ ਫਿਰ ਜਦੋਂ ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਦੀ ਵਾਰੀ ਆਈ ਤਾਂ ਆਪਣੇ ਹੀ ਸਟੈਂਡ ਤੋਂ ਇਕਦਮ ਯੂ-ਟਰਨ ਲੈਂਦਿਆਂ ਮੋਦੀ ਅਤੇ ਸਮੁੱਚੀ ਲੀਡਰਸ਼ਿਪ ਨੇ ਇਨ੍ਹਾਂ ਹੀ ਆਗੂਆਂ ਨਾਲ ਹੱਥ ਮਿਲਾ ਕੇ ਇਨ੍ਹਾਂ ਨੂੰ ਸਰਕਾਰ ਵਿੱਚ ਉੱਚ ਅਹੁਦੇ ਵੀ ਦਿੱਤੇ ਅਤੇ ਇਨ੍ਹਾਂ ਖ਼ਿਲਾਫ਼ ਈਡੀ ਜਾਂ ਸੀਬੀਆਈ ਛਾਪੇ ਵੀ ਤੁਰੰਤ ਬੰਦ ਹੋ ਗਏ।

2014 ਵਿੱਚ ਕਾਂਗਰਸ ਰਾਜ ਸਮੇਂ ਰਸੋਈ ਗੈਸ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅੱਜ ਦੇ ਮੁਕਾਬਲੇ ਕਾਫੀ ਘੱਟ ਸਨ ਪਰ ਉਦੋਂ ਭਾਜਪਾ ਆਗੂਆਂ ਨੇ ਉਸ ਵੇਲੇ ਦੀਆਂ ਕੀਮਤਾਂ ਨੂੰ ਲੈ ਕੇ ਦੇਸ਼ ਭਰ ਵਿੱਚ ਵੱਡੇ ਪੱਧਰ ’ਤੇ ਧਰਨੇ ਅਤੇ ਰੋਸ ਪ੍ਰਦਰਸ਼ਨ ਕੀਤੇ ਸਨ। ਭਾਜਪਾ ਦੀ ਮੁੱਖ ‘ਅਦਾਕਾਰਾ’ ਮਹਿਲਾ ਆਗੂ ਨੇ ਤਾਂ ਬੈਲ ਗੱਡੀ ’ਤੇ ਸਵਾਰ ਹੋ ਕੇ ਤੇ ਗੈਸ ਸਿਲੰਡਰ ਸਿਰ ’ਤੇ ਚੁੱਕ ਕੇ, ਸਬੰਧਿਤ ਮਹਿੰਗਾਈ ਲਈ ਸਮੇਂ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਹੋਇਆਂ ਰੋਸ ਮਾਰਚ ਕੱਢੇ ਸਨ ਪਰ ਅੱਜ ਜਦੋਂ ਕੇਂਦਰ ਵਿੱਚ ਭਾਜਪਾ ਦੇ 11 ਸਾਲ ਦੇ ਰਾਜ ਤੋਂ ਬਾਅਦ ਵੀ ਗੈਸ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕਾਂਗਰਸ ਕਾਰਜਕਾਲ ਨਾਲੋਂ ਕਿਤੇ ਜ਼ਿਆਦਾ ਹਨ, ਹੁਣ ਯੂ-ਟਰਨ ਲੈਂਦਿਆਂ ਹੋਇਆਂ ਭਾਜਪਾ ਆਗੂ ਆਖ ਰਹੇ ਹਨ, “ਜੇ ਕੀਮਤਾਂ ਜ਼ਿਆਦਾ ਹਨ ਤਾਂ ਫਿਰ ਕੀ ਹੋਇਆ? ਲੋਕ ਜੇ ਥੋੜ੍ਹੇ ਪੈਸੇ ਵੱਧ ਅਦਾ ਕਰ ਕੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾ ਰਹੇ ਹਨ ਤਾਂ ਇਸ ’ਚ ਬੁਰਾ ਕੀ ਹੈ?” ਮੀਡੀਆ ਵੀ ਸਰਕਾਰ ਅਤੇ ਭਾਜਪਾ ਆਗੂਆਂ ਤੋਂ ਕਿਉਂ ਨਹੀਂ ਪੁੱਛਦਾ ਹੈ ਕਿ ਕਾਂਗਰਸ ਦੇ ਕਾਰਜਕਾਲ ਦੌਰਾਨ ਵੱਧ ਕੀਮਤਾਂ ਕੀ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਨਹੀਂ ਸਨ?

ਭਾਰਤ ਦੇ ਗੁਆਂਢੀ ਮੁਲਕ ਚੀਨ ਨਾਲ ਸਬੰਧਾਂ ਬਾਰੇ ਨਰਿੰਦਰ ਮੋਦੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਬੜਾ ਹੁੱਬ-ਹੁੱਬ ਕੇ ਆਖਦੇ ਹੁੰਦੇ ਸਨ ਕਿ “ਸਾਡਾ ਭਾਰਤ, ਚੀਨ ਨੂੰ ਲਾਲ ਅੱਖਾਂ ਕਿਉਂ ਨਹੀਂ ਦਿਖਾਉਂਦਾ?” ਅਜੇ ਪਿਛਲੇ ਹੀ ਸਾਲ ਮੋਦੀ ਅਤੇ ਹੋਰ ਭਾਜਪਾ ਆਗੂ ਸਵਾਲ ਉਠਾ ਰਹੇ ਸਨ ਕਿ “ਜਦੋਂ ਚੀਨ ਸਾਡਾ ਦੁਸ਼ਮਣ ਹੈ ਤਾਂ ਰਾਹੁਲ ਗਾਂਧੀ ਚੀਨ ਦੇ ਅਧਿਕਾਰੀਆਂ ਨੂੰ ਕਿਉਂ ਮਿਲ ਰਹੇ ਹਨ?” ਇਸ ਤਰ੍ਹਾਂ ਦੇ ਇਲਜ਼ਾਮ ਲਗਾਉਂਦੇ ਹੋਏ ਭਾਜਪਾ ਨੇ ਰਾਹੁਲ ਗਾਂਧੀ ‘ਗੱਦਾਰ’ ਤੱਕ ਗਰਦਾਨ ਦਿੱਤਾ ਸੀ ਪਰ ਹੁਣ ਜਦੋਂ ਪ੍ਰਧਾਨ ਮੰਤਰੀ ਗਲਵਾਨ ਵਿੱਚ ਭਾਰਤੀ ਸੈਨਿਕਾਂ ਦੇ ਅਪਮਾਨ ਨੂੰ ਅੱਖੋਂ ਪਰੋਖੇ ਕਰ ਕੇ ਚੀਨੀ ਰਾਸ਼ਟਰਪਤੀ ਨਾਲ ਗਲਵਕੜੀਆਂ ਪਾ ਕੇ ਫੋਟੋਆਂ ਖਿਚਵਾ ਰਹੇ ਹਨ ਤਾਂ ਭਾਜਪਾ ਮੰਤਰੀ, ਅਹੁਦੇਦਾਰ ਅਤੇ ਗੋਦੀ ਮੀਡੀਆ ਭਾਰਤ ਦੀ ਵਿਦੇਸ਼ ਨੀਤੀ ਅਤੇ ਪ੍ਰਧਾਨ ਮੰਤਰੀ ਦੀ ‘ਦੂਰਦ੍ਰਿਸ਼ਟੀ’ ਦੇ ਸੋਹਿਲੇ ਗਾ ਰਿਹਾ ਹੈ। ਚੀਨ ਨੂੰ ਲੈ ਕੇ ਭਾਜਪਾ ਸਰਕਾਰ ਦੇ ਯੂ-ਟਰਨ ਕਰਕੇ ਅੱਜ ਸਾਡੀ ਵਿਦੇਸ਼ ਨੀਤੀ ਸਭ ਤੋਂ ਖ਼ਰਾਬ ਦੌਰ ਵਿੱਚ ਪ੍ਰਵੇਸ਼ ਕਰ ਗਈ ਹੈ। ਇਸ ਦੇ ਨਾਲ ਹੀ ਅਮਰੀਕਾ ਨਾਲ ਸਬੰਧਾਂ ਨੂੰ ਲੈ ਕੇ ਵੀ ਭਾਰਤ ਦੋਰਾਹੇ ’ਤੇ ਖੜ੍ਹਾ ਦਿਖਾਈ ਦੇ ਰਿਹਾ ਹੈ।

ਪਾਕਿਸਤਾਨ ਨੂੰ ਭਾਰਤ ਦਾ ਸਭ ਤੋਂ ਵੱਡਾ ਦੁਸ਼ਮਣ ਅਤੇ ਭਾਰਤ ਵਿੱਚ ਅਤਿਵਾਦ ਫੈਲਾਉਣ ਲਈ ਜ਼ਿੰਮੇਵਾਰ ਮੁਲਕ ਗਰਦਾਨਦਿਆਂ ਹੋਇਆਂ ਭਾਜਪਾ ਆਗੂ ਪਾਕਿਸਤਾਨ ਨੂੰ ਦਿਨ-ਰਾਤ ਭੰਡਦੇ ਰਹਿੰਦੇ ਹਨ ਪਰ ਇਹ ਦੱਸਣ ਨੂੰ ਕੋਈ ਤਿਆਰ ਨਹੀਂ ਕਿ ਜੇ ਪਾਕਿਸਤਾਨ ਸੱਚਮੁੱਚ ਹੀ ਸਾਡਾ ਦੁਸ਼ਮਣ ਮੁਲਕ ਹੈ ਤਾਂ ਫਿਰ ਪ੍ਰਧਾਨ ਮੰਤਰੀ, ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਘਰੇਲੂ ਸਮਾਗਮ ਦੌਰਾਨ ਬਿਨਾਂ ਬੁਲਾਏ ਹੀ ਕੀ ਲੈਣ ਗਏ ਸਨ? ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਪਾਕਿਸਤਾਨ ਵਿੱਚ ਸ੍ਰੀ ਮੁਹੰਮਦ ਅਲੀ ਜਿਨਾਹ ਦੀ ਕਬਰ ’ਤੇ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਤੇ ਉਨ੍ਹਾਂ ਦੀ ਸ਼ਾਨ ਵਿੱਚ ਕਸੀਦੇ ਪੜ੍ਹਨ ਕਿਉਂ ਗਏ ਸਨ? ਕੇਂਦਰ ਦੀ ਭਾਜਪਾ ਸਰਕਾਰ ਦੀ ਸਹਿਮਤੀ ਨਾਲ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਦਾ ਪਠਾਨਕੋਟ ਹਮਲੇ ਦੀ ਜਾਂਚ ਕਰਨ ਲਈ ਕੀ ਭਾਰਤ ਆਉਣਾ ਬਣਦਾ ਸੀ? ਅਪ੍ਰੇਸ਼ਨ ਸਿੰਧੂਰ ਦੌਰਾਨ ਜਦੋਂ ਭਾਰਤ ਪੂਰੀ ਤਰ੍ਹਾਂ ਜਿੱਤ ਦਾ ਪਰਚਮ ਲਹਿਰਾ ਰਿਹਾ ਸੀ ਤਾਂ ਫਿਰ ਅਪ੍ਰੇਸ਼ਨ ਅਚਾਨਕ ਰੋਕ ਕਿਉਂ ਦਿੱਤਾ ਗਿਆ? ਅਪ੍ਰੇਸ਼ਨ ਸਿੰਧੂਰ ਸਬੰਧੀ ਕਰਨਲ ਸੋਫ਼ੀਆ ਅਤੇ ਹੋਰ ਮਹਿਲਾ ਫ਼ੌਜੀ ਅਫਸਰਾਂ ਲਈ ਅਪਮਾਨਜਨਕ ਸ਼ਬਦਾਵਲੀ ਵਰਤਣ ਵਾਲੇ ਭਾਜਪਾ ਆਗੂ ਖ਼ਿਲਾਫ਼ ਭਲਾ ਕਿਹੜੀ ਸਖ਼ਤ ਕਾਰਵਾਈ ਕੀਤੀ ਗਈ ਸੀ? ਅਜਿਹੇ ਕਈ ਸਾਰੇ ਸਵਾਲ ਹਨ ਜੋ ਭਾਜਪਾ ਦੀ ਪਾਕਿਸਤਾਨ ਸਬੰਧੀ ਨੀਤੀ ਅਤੇ ਵਿਚਾਰਧਾਰਾ ਦੇ ਯੂ-ਟਰਨ ਨੂੰ ਸਪੱਸ਼ਟ ਕਰਦੇ ਹਨ।

ਭਾਰਤੀ ਕਿਸਾਨਾਂ ਦਾ ਵੱਡਾ ਹਿੱਤੂ ਹੋਣ ਦਾ ਦਾਅਵਾ ਕਰਨ ਵਾਲੀ ਭਾਜਪਾ ਲੀਡਰਸ਼ਿਪ ਅਤੇ ਸਰਕਾਰ ਇਕ ਪਾਸੇ ਕਿਸਾਨਾਂ ਦੇ ਭਲੇ ਲਈ ਕਾਨੂੰਨ ਬਣਾਉਣ ਦਾ ਦਾਅਵਾ ਕਰਦੀ ਹੈ, ਉਨ੍ਹਾਂ ਦੇ ਖਾਤਿਆਂ ਵਿੱਚ ਛੇ ਹਜ਼ਾਰ ਰੁਪਏ ਸਾਲਾਨਾ, ਭਾਵ, ਪੰਜ ਸੌ ਰੁਪਏ ਮਹੀਨਾ ਦੀ ‘ਕਿਸਾਨ ਨਿਧੀ’ ਪਾਉਣ ਦੇ ਦਾਅਵੇ ਕਰਦੀ ਹੈ; ਦੂਜੇ ਪਾਸੇ ਆਪਣੇ ਇਸੇ ਸਟੈਂਡ ਤੋਂ ਪੂਰੀ ਤਰ੍ਹਾਂ ਪਲਟੀ ਮਾਰਦਿਆਂ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਕਿਸਾਨਾਂ ਨੂੰ ਮਹੀਨਿਆਂ ਬੱਧੀ ਰੋਕੀ ਰੱਖਦੀ ਹੈ, ਉਨ੍ਹਾਂ ਦੇ ਰਾਹ ਵਿੱਚ ਰੋਕਾਂ ਦੇ ਪਹਾੜ ਖੜ੍ਹੇ ਕਰਦੀ ਹੈ, ਸੱਤ ਸੌ ਤੋਂ ਵੱਧ ਕਿਸਾਨਾਂ ਦੀਆਂ ਜਾਨਾਂ ਦੀ ਬਲੀ ਲੈ ਲੈਂਦੀ ਹੈ, ਆਪਣੇ ਆਗੂਆਂ ਤੇ ਮੰਤਰੀਆਂ ਦੀ ਗੱਡੀਆਂ ਹੇਠਾਂ ਕਿਸਾਨਾਂ ਨੂੰ ਕੁਚਲਵਾ ਦਿੰਦੀ ਹੈ ਤੇ ਫਿਰ ਵੀ ਆਪਣੇ ਕਿਸਾਨ ਪੱਖੀ ਹੋਣ ਦਾ ਦਮ ਭਰਦੀ ਹੈ!

ਸਭ ਨੂੰ ਪਤਾ ਹੈ ਕਿ ਲਾਲ ਕ੍ਰਿਸ਼ਨ ਅਡਵਾਨੀ ਨੂੰ ਘਰ ਕਿਉਂ ਬਿਠਾ ਦਿੱਤਾ ਗਿਆ ਸੀ ਜਾਂ ‘ਮਾਰਗ ਦਰਸ਼ਕ ਮੰਡਲ’ ਵਿੱਚ ਕਿਉਂ ਪਾ ਦਿੱਤਾ ਗਿਆ ਸੀ? ਮੋਦੀ ਨੇ ਭਾਜਪਾ ਦੇ 75 ਸਾਲ ਦੀ ਉਮਰ ਵਾਲੇ ਆਗੂਆਂ ਨੂੰ ਮਾਰਗ ਦਰਸ਼ਕ ਮੰਡਲ ਵਿੱਚ ਸ਼ਾਮਿਲ ਕੀਤੇ ਜਾਣ ਦੀ ਗੱਲ ਕਹੀ ਅਤੇ ਮੰਨਵਾਈ ਪਰ ਹੁਣ ਜਦੋਂ ਉਹ ਖ਼ੁਦ ਅਤੇ ਆਰਐੱਸਐੱਸ ਮੁਖੀ ਮੋਹਨ ਭਾਗਵਤ 75 ਸਾਲਾਂ ਨੂੰ ਆਣ ਢੁੱਕੇ ਹਨ ਤਾਂ ਹੁਣ ਮੋਦੀ, ਭਾਗਵਤ ਅਤੇ ਸਮੂਹ ਭਾਜਪਾ ਆਗੂਆਂ ਦੇ ਵਿਚਾਰ ਉਕਤ ‘ਨਿਯਮ’ ਸਬੰਧੀ ਪਲਟ ਗਏ ਨਜ਼ਰ ਆ ਰਹੇ ਹਨ।

ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ਕਿਸੇ ਨੂੰ ਨਹੀਂ ਭੁੱਲਿਆ ਹੈ ਜਿਸ ਵਿੱਚ ਉਹ ਕਿਸੇ ਵੀ ਕੀਮਤ ’ਤੇ ਬਿਹਾਰ ਵਿੱਚ ਨਿਤੀਸ਼ ਕੁਮਾਰ ਨਾਲ ਰਲਣ ਅਤੇ ਸਰਕਾਰ ਬਣਾਉਣ ਤੋਂ ਇਨਕਾਰ ਕਰ ਰਹੇ ਹਨ ਪਰ ਭਾਜਪਾ ਨੇ ਬਿਹਾਰ ਵਿੱਚ ਨਿਤੀਸ਼ ਨਾਲ ਰਲ ਕੇ ਸਰਕਾਰ ਬਣਾਈ ਜੋ ਅੱਜ ਵੀ ਚੱਲ ਰਹੀ ਹੈ। ਇਤਿਹਾਸ ਗਵਾਹ ਹੈ ਕਿ ਜੰਮੂ ਕਸ਼ਮੀਰ ਵਿਚਲੀ ਪੀਡੀਪੀ ਨਾਮਕ ਸਿਆਸੀ ਪਾਰਟੀ ਨੂੰ ਅਤਿਵਾਦੀਆਂ ਦੀ ਹਮਾਇਤੀ ਆਖਣ ਵਾਲੀ ਭਾਜਪਾ ਨੇ ਇਸੇ ਦਲ ਨਾਲ ਗਠਜੋੜ ਕਰ ਕੇ ਜੰਮੂ ਕਸ਼ਮੀਰ ਵਿੱਚ ਸਰਕਾਰ ਚਲਾਈ ਸੀ। ਇਹ ਵੀ ਸੱਚ ਹੈ ਕਿ ਮਹਾਤਮਾ ਗਾਂਧੀ ਨੂੰ ਰਾਸ਼ਟਰਪਿਤਾ ਆਖ ਕੇ ਸ਼ਰਧਾਂਜਲੀ ਦੇਣ ਵਾਲੀ ਭਾਜਪਾ ਨੇ ਦੋਹਰੇ ਮਾਪਦੰਡ ਅਪਣਾਉਂਦਿਆਂ ਹੋਇਆਂ ਉਨ੍ਹਾਂ ਦੇ ਕਾਤਲ ਅਤੇ ਆਰਐੱਸਐੱਸ ਦੇ ਕਾਰਕੁਨ ਨੱਥੂ ਰਾਮ ਗੌਡਸੇ ਨੂੰ ਅੱਜ ਤੱਕ ਅਤਿਵਾਦੀ ਜਾਂ ਹੱਤਿਆਰਾ ਨਹੀਂ ਆਖਿਆ। ਵਿਚੋਲਗੀ ਕਰ ਕੇ ਰੂਸ ਯੂਕਰੇਨ ਜੰਗ ਰੁਕਵਾਉਣ ਦਾ ਦਾਅਵਾ ਕਰਨ ਵਾਲੇ ਯੂ-ਟਰਨ ਮਾਹਿਰ ਨਰਿੰਦਰ ਮੋਦੀ ਦੇਸ਼ ਅਤੇ ਦੁਨੀਆ ਨੂੰ ਇਹ ਸਮਝਾਉਣ ਵਿੱਚ ਅਸਮਰੱਥ ਹਨ ਕਿ ਰੂਸ ਯੂਕਰੇਨ ਜੰਗ ਅੱਜ ਤੱਕ ਵੀ ਕਿਉਂ ਚੱਲ ਰਹੀ ਹੈ?

ਸੰਪਰਕ: 97816-46008

Advertisement
×