2024 ਦਾ ਵਰ੍ਹਾ ਆਪਣੇ ਆਖ਼ਰੀ ਪੜਾਅ ’ਤੇ ਪੁੱਜ ਗਿਆ ਹੈ। ਇਸ ਸਾਲ ਵਿਸ਼ਵ ’ਚ ਵਾਪਰੀਆਂ ਵੱਖ-ਵੱਖ ਅਹਿਮ ਘਟਨਾਵਾਂ ਇਤਿਹਾਸ ਦੇ ਪੰਨਿਆਂ ’ਚ ਦਰਜ ਹੋ ਚੁੱਕੀਆਂ ਹਨ। ਇਹ ਪੰਨੇ ਫਰੋਲਦਿਆਂ ਅਸੀਂ ਆਪਣੇ ਪਾਠਕਾਂ ਨੂੰ ਤਸਵੀਰਾਂ ਰਾਹੀਂ ਕੁਝ ਅਜਿਹੀਆਂ ਘਟਨਾਵਾਂ ’ਤੇ ਝਾਤ ਪੁਆ ਰਹੇ ਹਾਂ ਜੋ ਭਵਿੱਖ ’ਤੇ ਅਸਰ-ਅੰਦਾਜ਼ ਹੋਣਗੀਆਂ। ਇਸ ਵਰ੍ਹੇ ਦੇ ਆਖ਼ਰੀ ਦੋ ਐਤਵਾਰੀ ਅੰਕਾਂ ਵਿੱਚ ਅਸੀਂ ਦੇਸ਼ ਅਤੇ ਸੂਬੇ ਦੀਆਂ ਅਹਿਮ ਘਟਨਾਵਾਂ ਤਸਵੀਰਾਂ ਰਾਹੀਂ ਤੁਹਾਡੀ ਨਜ਼ਰ ਕਰਾਂਗੇ।
ਗੁਆਂਢੀ ਮੁਲਕ ਪਾਕਿਸਤਾਨ ਵਿੱਚ ਫਰਵਰੀ ’ਚ ਹੋਈਆਂ ਪ੍ਰਾਂਤਕ ਅਸੈਂਬਲੀ ਦੀਆਂ ਚੋਣਾਂ ਵਿੱਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਧੀ ਮਰੀਅਮ ਨਵਾਜ਼ ਨੇ ਜਿੱਤ ਹਾਸਲ ਕਰਕੇ 26 ਫਰਵਰੀ ਨੂੰ ਲਹਿੰਦੇ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ।ਰੂਸ ਅਤੇ ਯੂਕਰੇਨ ਦਰਮਿਆਨ 24 ਫਰਵਰੀ 2022 ਨੂੰ ਸ਼ੁਰੂ ਹੋਈ ਜੰਗ ਅਜੇ ਤੱਕ ਜਾਰੀ ਹੈ। ਫਰਵਰੀ 2024 ’ਚ ਜੰਗ ਦੇ ਦੋ ਵਰ੍ਹੇ ਮੁਕੰਮਲ ਹੋਣ ਮੌਕੇ ਦੋਨੇਸਕ ਖੇਤਰ ’ਤੇ ਹੋਏ ਹਵਾਈ ਹਮਲਿਆਂ ਕਾਰਨ ਮੋਰਚੇ ’ਤੇ ਮੁਸਤੈਦ ਯੂਕਰੇਨੀ ਫ਼ੌਜੀ।
ਵਲਾਦੀਮੀਰ ਪੂਤਿਨ, ਜੋ ਮਾਰਚ 2024 ਵਿੱਚ ਲਗਾਤਾਰ ਦੂਜੀ ਵਾਰ ਰੂਸ ਦੇ ਰਾਸ਼ਟਰਪਤੀ ਬਣੇ, ਨਾਲ ਜੁਲਾਈ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁਲਾਕਾਤ ਕਰਦੇ ਹੋਏ।
ਇਜ਼ਰਾਈਲ ਅਤੇ ਫਲਸਤੀਨ ਦਰਮਿਆਨ ਚੱਲ ਰਹੀ ਜੰਗ ਦੌਰਾਨ 8 ਜੂਨ ਨੂੰ ਇਜ਼ਰਾਈਲ ਨੇ ਕੇਂਦਰੀ ਗਾਜ਼ਾ ਵਿਚਲੇ ਨੁਸਰਤ ਸ਼ਰਨਾਰਥੀ ਕੈਂਪ ’ਤੇ ਹਮਲਾ ਕਰਕੇ ਚਾਰ ਇਜ਼ਰਾਇਲੀ ਬੰਧਕ ਛੁਡਵਾਏ ਜਿਸ ਦੌਰਾਨ 274 ਫਲਸਤੀਨੀ ਮਾਰੇ ਗਏ ਅਤੇ 698 ਜ਼ਖ਼ਮੀ ਹੋਏ। ਹਮਲੇ ਵਿੱਚ ਤਬਾਹ ਹੋਏ ਕੈਂਪ ਦੇ ਮਲਬੇ ਵਿੱਚੋਂ ਲੰਘਦਾ ਇੱਕ ਫਲਸਤੀਨੀ।
ਯੂਕੇ ਵਿੱਚ ਜੁਲਾਈ ਮਹੀਨੇ ਆਏ ਚੋਣ ਨਤੀਜਿਆਂ ਵਿੱਚ ਲੇਬਰ ਪਾਰਟੀ ਨੇ ਵੱਡੀ ਜਿੱਤ ਦਰਜ ਕੀਤੀ ਅਤੇ ਕੀਰ ਸਟਾਰਮਰ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਬਣੇ। ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨਾਲ ਉਨ੍ਹਾਂ ਦੀ ਤਸਵੀਰ।
ਬੰਗਲਾਦੇਸ਼ ਵਿੱਚ ਅਗਸਤ ਮਹੀਨੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਨਿਵਾਸ ਵਿਚਲਾ ਫਰਨੀਚਰ ਅੱਗ ਵਿੱਚ ਸੁੱਟਦੇ ਹੋਏ ਪ੍ਰਦਰਸ਼ਨਕਾਰੀ।
ਬੰਗਲਾਦੇਸ਼ ਵਿੱਚ ਫੈਲੀ ਹਿੰਸਾ ਕਾਰਨ ਭਾਵੁਕ ਹੋਈ ਸ਼ੇਖ ਹਸੀਨਾ, ਜਿਸ ਨੂੰ ਮਗਰੋਂ 5 ਅਗਸਤ ਨੂੰ ਅਸਤੀਫਾ ਦੇ ਕੇ ਭਾਰਤ ਵਿੱਚ ਸ਼ਰਨ ਲੈਣੀ ਪਈ। ਬੰਗਲਾਦੇਸ਼ ਵਿੱਚ ਫੈਲੀ ਹਿੰਸਾ ਕਾਰਨ ਭਾਵੁਕ ਹੋਈ ਸ਼ੇਖ ਹਸੀਨਾ, ਜਿਸ ਨੂੰ ਮਗਰੋਂ 5 ਅਗਸਤ ਨੂੰ ਅਸਤੀਫਾ ਦੇ ਕੇ ਭਾਰਤ ਵਿੱਚ ਸ਼ਰਨ ਲੈਣੀ ਪਈ।
ਇਜ਼ਰਾਈਲ ਵੱਲੋਂ ਦੱਖਣੀ ਲਿਬਨਾਨ ’ਤੇ ਕੀਤੇ ਹਮਲੇ ਦਾ ਬਦਲਾ ਲੈਣ ਲਈ ਇਰਾਨ ਨੇ 1 ਅਕਤੂਬਰ ਨੂੰ ਸੈਂਕੜੇ ਮਿਜ਼ਾਈਲਾਂ ਨਾਲ ਇਜ਼ਰਾਈਲ ’ਤੇ ਹਮਲਾ ਕੀਤਾ। ਇਜ਼ਰਾਈਲ ਨੇ ਜਵਾਬ ਵਜੋਂ ਐਂਟੀ ਬੈਲਿਸਟਿਕ ਮਿਜ਼ਾਈਲਾਂ ਵਰਤੀਆਂ।
ਕੈਨੇਡਾ ਵੱਲੋਂ ਅਕਤੂਬਰ ਵਿੱਚ ਭਾਰਤੀ ਸਫ਼ਾਰਤਖਾਨੇ ਦੇ ਛੇ ਅਧਿਕਾਰੀਆਂ ਨੂੰ ਉੱਥੋਂ ਕੱਢਣ ਸਬੰਧੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ। ਜੂਨ 2023 ਵਿੱਚ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਮਗਰੋਂ ਕੈਨੇਡਾ ਅਤੇ ਭਾਰਤ ਦਰਮਿਆਨ ਸਥਿਤੀ ਲਗਾਤਾਰ ਤਣਾਅਪੂਰਨ ਬਣੀ ਹੋਈ ਹੈ।21 ਅਕਤੂਬਰ ਨੂੰ ਆਸਟਰੇਲੀਆ ਦੀ ਪਾਰਲੀਮੈਂਟ ’ਚ ਆਏ ਬਰਤਾਨੀਆ ਦੇ ਮਹਾਰਾਜਾ ਚਾਰਲਸ ਅਤੇ ਮਹਾਰਾਣੀ ਕੈਮਿਲਾ ਦਾ ਵਿਰੋਧ ਕਰਦੀ ਆਸਟਰੇਲਿਆਈ ਸੈਨੇਟਰ ਲਿਡੀਆ ਥੋਰਪ ਨੂੰ ਬਾਹਰ ਲਿਜਾਂਦੇ ਹੋਏ ਸੁਰੱਖਿਆ ਕਰਮੀ।
ਨਵੰਬਰ ਵਿੱਚ ਰਾਸ਼ਟਰਪਤੀ ਦੀ ਚੋਣ ਜਿੱਤਣ ਮਗਰੋਂ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ ਡੋਨਲਡ ਟਰੰਪ ਆਪਣੀ ਪਤਨੀ ਮਿਲੇਨੀਆ ਨਾਲ।
ਫਰਾਂਸ ਦੇ ਪ੍ਰਧਾਨ ਮੰਤਰੀ ਮਿਸ਼ੇਲ ਬਾਰਨੀ ਚਾਰ ਦਸੰਬਰ ਨੂੰ ਆਪਣੀ ਸਰਕਾਰ ਖ਼ਿਲਾਫ਼ ਬੇਭਰੋਸਗੀ ਦੇ ਮਤੇ ’ਤੇ ਬਹਿਸ ਸੁਣਦੇ ਹੋਏ। 1962 ਤੋਂ ਮਗਰੋਂ ਇਸ ਮਤੇ ਤਹਿਤ ਪਹਿਲੀ ਵਾਰ ਕੋਈ ਸਰਕਾਰ ਭੰਗ ਕੀਤੀ ਗਈ ਹੈ।
ਰਾਸ਼ਟਰਪਤੀ ਬਸ਼ਰ-ਅਲ-ਅਸਦ ਦੇ ਸੀਰੀਆ ਵਿੱਚੋਂ ਭੱਜਣ ਮਗਰੋਂ ਅੱਠ ਦਸੰਬਰ ਨੂੰ ਸਾਦੱਲਾ ਅਲ-ਜਬੀਰੀ ਚੌਕ ਵਿੱਚ ਖ਼ੁਸ਼ੀ ਮਨਾਉਂਦੇ ਹੋਏ ਲੋਕ। ਫੋਟੋਆਂ: ਰਾਇਟਰਜ਼/ਏਪੀ