DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਕਤ ਦੇ ਪੰਨੇ ਪਰਤਦਿਆਂ

    ਸਾਲ 2025 ਆ ਗਿਆ ਹੈ। ਬੀਤੇ ਵਰ੍ਹੇ ਦੌਰਾਨ ਸੂਬੇ ’ਚ ਵਾਪਰੀਆਂ ਅਹਿਮ ਘਟਨਾਵਾਂ ਇਤਿਹਾਸ ਦੇ ਪੰਨਿਆਂ ’ਚ ਦਰਜ ਹੋ ਚੁੱਕੀਆਂ ਹਨ। ਇਹ ਪੰਨੇ ਫਰੋਲਦਿਆਂ ਅਸੀਂ ਆਪਣੇ ਪਾਠਕਾਂ ਨੂੰ ਕੁਝ ਤਸਵੀਰਾਂ ਰਾਹੀਂ ਸੂਬੇ ਦੀਆਂ ਮਹੱਤਵਪੂਰਨ ਘਟਨਾਵਾਂ ’ਤੇ ਝਾਤ ਪੁਆ...
  • fb
  • twitter
  • whatsapp
  • whatsapp
featured-img featured-img
ਮੁੱਖ ਮੰਤਰੀ ਭਗਵੰਤ ਮਾਨ ਨੇ 1 ਜਨਵਰੀ 2024 ਨੂੰ ਐਲਾਨ ਕੀਤਾ ਕਿ ਪੰਜਾਬ ਸਰਕਾਰ ਨੇ ਤਰਨ ਤਾਰਨ ਦੇ ਗੋਇੰਦਵਾਲ ਸਾਹਿਬ ਵਿਖੇ 540 ਮੈਗਾਵਾਟ ਸਮਰੱਥਾ ਵਾਲਾ ਥਰਮਲ ਪਾਵਰ ਪਲਾਂਟ ਖਰੀਦਿਆ ਹੈ ਜਿਸ ਦਾ ਨਾਂ ਤੀਜੇ ਪਾਤਸ਼ਾਹ ਦੇ ਨਾਂ ’ਤੇ ਸ੍ਰੀ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਰੱਖਿਆ ਜਾਵੇਗਾ। ਦੇਸ਼ ਵਿੱਚ ਕਿਸੇ ਸੂਬਾਈ ਸਰਕਾਰ ਵੱਲੋਂ ਖਰੀਦਿਆ ਗਿਆ ਇਹ ਪਹਿਲਾ ਨਿੱਜੀ ਪਾਵਰ ਪਲਾਂਟ ਹੈ।
Advertisement

Advertisement

ਸਾਲ 2025 ਆ ਗਿਆ ਹੈ। ਬੀਤੇ ਵਰ੍ਹੇ ਦੌਰਾਨ ਸੂਬੇ ’ਚ ਵਾਪਰੀਆਂ ਅਹਿਮ ਘਟਨਾਵਾਂ ਇਤਿਹਾਸ ਦੇ ਪੰਨਿਆਂ ’ਚ ਦਰਜ ਹੋ ਚੁੱਕੀਆਂ ਹਨ। ਇਹ ਪੰਨੇ ਫਰੋਲਦਿਆਂ ਅਸੀਂ ਆਪਣੇ ਪਾਠਕਾਂ ਨੂੰ ਕੁਝ ਤਸਵੀਰਾਂ ਰਾਹੀਂ ਸੂਬੇ ਦੀਆਂ ਮਹੱਤਵਪੂਰਨ ਘਟਨਾਵਾਂ ’ਤੇ ਝਾਤ ਪੁਆ ਰਹੇ ਹਾਂ।

ਸੂਬਾ ਪੱਧਰ ਦੀਆਂ ਘਟਨਾਵਾਂ

ਜਲੰਧਰ ਵਿੱਚ 2 ਜਨਵਰੀ ਨੂੰ ਰਾਮਾ ਮੰਡੀ ਵਿਖੇ ਪ੍ਰਦਰਸ਼ਨ ਕਰਦੇ ਹੋਏ ਟਰੱਕ ਯੂਨੀਅਨ ਦੇ ਮੈਂਬਰ। ਕੇਂਦਰ ਸਰਕਾਰ ਵੱਲੋਂ ਭਾਰਤੀ ਨਿਆਂ ਸੰਹਿਤਾ ਵਿੱਚ ਹਿੱਟ ਐਂਡ ਰਨ ਕੇਸਾਂ ਸਬੰਧੀ ਬਣਾਏ ਨਵੇਂ ਨਿਯਮਾਂ (ਦਸ ਸਾਲ ਤੱਕ ਕੈਦ ਅਤੇ ਸੱਤ ਲੱਖ ਰੁਪਏ ਜੁਰਮਾਨੇ ਦੀ ਸਜ਼ਾ) ਖ਼ਿਲਾਫ਼ ਦੇਸ਼ ਭਰ ਵਿੱਚ ਟਰੱਕ ਚਾਲਕਾਂ ਨੇ ਤਿੰਨ ਰੋਜ਼ਾ ਹੜਤਾਲ ਦਾ ਸੱਦਾ ਦਿੱਤਾ ਸੀ। ਸਰਕਾਰ ਵੱਲੋਂ ਮੰਗਾਂ ’ਤੇ ਗ਼ੌਰ ਕਰਨ ਦਾ ਭਰੋਸਾ ਦੇਣ ਮਗਰੋਂ ਇਹ ਹੜਤਾਲ ਖ਼ਤਮ ਕਰ ਦਿੱਤੀ ਗਈ।

ਮੇਅਰ ਚੋਣਾਂ ਸਮੇਂ ਵੋਟ ਪਰਚੀਆਂ ’ਤੇ ਲਕੀਰ ਮਾਰਦਿਆਂ ਪ੍ਰੀਜ਼ਾਈਡਿੰਗ ਅਫਸਰ ਅਨਿਲ ਮਸੀਹ, ਜਿਸ ਕਾਰਨ ਫਰਵਰੀ ਮਹੀਨੇ ਹੋਈ ਚੰਡੀਗੜ੍ਹ ਦੇ ਮੇਅਰ ਦੀ ਚੋਣ ਵਿਵਾਦਾਂ ਵਿੱਚ ਰਹੀ। ਇਨ੍ਹਾਂ ਚੋਣਾਂ ਵਿੱਚ ਭਾਜਪਾ ਦੇ ਉਮੀਦਵਾਰ ਮਨੋਜ ਸੋਨਕਰ ਨੂੰ 16 ਵੋਟਾਂ ਲੈਣ ਕਰਕੇ ਮੇਅਰ ਐਲਾਨਿਆ ਗਿਆ। ਇਸ ਕਾਰਨ ਕਾਂਗਰਸ ਤੇ ‘ਆਪ’ ਦੇ ਸਾਂਝੇ ਉਮੀਦਵਾਰ ਕੁਲਦੀਪ ਕੁਮਾਰ ਨੇ ਅਦਾਲਤ ਦਾ ਰੁਖ਼ ਕੀਤਾ ਜਿਸ ਨੂੰ ਸੁਪਰੀਮ ਕੋਰਟ ਨੇ 20 ਫਰਵਰੀ ਨੂੰ ਚੰਡੀਗੜ੍ਹ ਦਾ ਮੇਅਰ ਐਲਾਨਿਆ।

ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਅੰਮ੍ਰਿਤਸਰ ਤੋਂ 1 ਫਰਵਰੀ ਨੂੰ ‘ਪੰਜਾਬ ਬਚਾਓ ਯਾਤਰਾ’ ਦੀ ਸ਼ੁਰੂਆਤ ਕੀਤੀ ਜਿਸ ਦਾ ਮਕਸਦ ਦਿਨੋ-ਦਿਨ ਕਮਜ਼ੋਰ ਹੋ ਰਹੇ ਪੰਜਾਬ ਨੂੰ ਬਚਾਉਣਾ ਦੱਸਿਆ।

ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਜਗਜੀਤ ਸਿੰਘ ਡੱਲੇਵਾਲ ਅਤੇ ਹੋਰ ਆਗੂ ਕੇਂਦਰ ਸਰਕਾਰ ਵੱਲੋਂ ਪੰਜ ਫ਼ਸਲਾਂ ’ਤੇ ਐਮਐੱਸਪੀ ਦੇਣ ਦੀ ਤਜਵੀਜ਼ ਨੂੰ ਰੱਦ ਕਰਨ ਮਗਰੋਂ ਸ਼ੰਭੂ ਬਾਰਡਰ ’ਤੇ 20 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਕਰਦੇ ਹੋਏ।

ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਵਿੱਚ 4 ਮਾਰਚ ਨੂੰ ਮੁੱਖ ਮੰਤਰੀ ਨੇ ਸਦਨ ਵਿੱਚ ਵਿਰੋਧੀ ਧਿਰ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਸਪੀਕਰ ਨੂੰ ਲਿਫ਼ਾਫ਼ਾਬੰਦ ਤਾਲਾ ਸੌਂਪਿਆ ਜਿਸ ਕਾਰਨ ਸੱਤਾਧਾਰੀ ਅਤੇ ਵਿਰੋਧੀ ਧਿਰ ਦਰਮਿਆਨ ਚਾਰ ਘੰਟੇ ਖ਼ੂਬ ਹੰਗਾਮਾ ਹੋਇਆ।

ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੀ ਛੇ ਸਾਲਾਂ ਬਾਅਦ 5 ਮਾਰਚ 2024 ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਕਰਵਾਉਂਦੇ ਹੋਏ ਸੁਖਬੀਰ ਬਾਦਲ। ਜ਼ਿਕਰਯੋਗ ਹੈ ਕਿ ਆਪੋ ਆਪਣੀਆਂ ਪਾਰਟੀਆਂ ਦਾ ਰਲੇਵਾਂ ਕਰਦਿਆਂ ਸ੍ਰੀ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਨਾਰਾਜ਼ ਹੋਰ ਆਗੂਆਂ ਨਾਲ ਮਿਲ ਕੇ 17 ਮਈ 2021 ਨੂੰ ਅਕਾਲੀ ਦਲ (ਸੰਯੁਕਤ) ਨਾਂ ਦੀ ਵੱਖਰੀ ਪਾਰਟੀ ਬਣਾ ਲਈ ਸੀ।
ਨਵੀਂ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ 14 ਮਾਰਚ ਨੂੰ ‘ਕਿਸਾਨ-ਮਜ਼ਦੂਰ ਮਹਾਪੰਚਾਇਤ’ ਸਮੇਂ ਆਗੂਆਂ ਦੇ ਵਿਚਾਰ ਸੁਣਦੇ ਹੋਏ ਲੋਕ ਜਿਸ ਦੌਰਾਨ ਕੇਂਦਰ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਤਿੱਖਾ ਕਰਨ ਅਤੇ ਲੋਕ ਸਭਾ ਚੋਣਾਂ ਦੌਰਾਨ ਸੰਘਰਸ਼ ਜਾਰੀ ਰੱਖਣ ਦੇ ਮਤੇ ਪਾਸ ਕੀਤੇ ਗਏ। 2021 ’ਚ ਖੇਤੀ ਕਾਨੂੰਨ ਰੱਦ ਹੋਣ ਮਗਰੋਂ ਇਹ ਕਿਸਾਨੀ ਮੰਗਾਂ ਮੰਨਵਾਉਣ ਲਈ ਕੀਤਾ ਗਿਆ ਸਭ ਤੋਂ ਵੱਡਾ ਇਕੱਠ ਸੀ।

ਦੇਸ਼ ਵਿੱਚ ਦਲਬਦਲੀਆਂ ਕੋਈ ਨਵਾਂ ਵਰਤਾਰਾ ਨਹੀਂ। ਲੋਕ ਸਭਾ ਚੋਣਾਂ 2024 ਹੋਣ ਤੋਂ ਪਹਿਲਾਂ ਪੰਜਾਬ ਦੇ ਆਗੂ ਵੀ ਇਸ ਵਿੱਚ ਪਿੱਛੇ ਨਹੀਂ ਰਹੇ। ਭਾਜਪਾ ਵਿੱਚ ਸ਼ਾਮਲ ਹੋਣ ਮੌਕੇ ਕਾਂਗਰਸ ਆਗੂ ਪ੍ਰਨੀਤ ਕੌਰ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਕੱਢੇ ਜਾਣ ਤੋਂ 15 ਮਹੀਨੇ ਬਾਅਦ 14 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਮੁੜ ਸ਼ਾਮਲ ਕਰਦੇ ਹੋਏ ਸੁਖਬੀਰ ਬਾਦਲ।

ਕਾਂਗਰਸ ਆਗੂ ਰਵਨੀਤ ਬਿੱਟੂ 26 ਮਾਰਚ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਮੌਕੇ।

27 ਮਾਰਚ ਨੂੰ ‘ਆਪ’ ਆਗੂਆਂ ਸ਼ੀਤਲ ਅੰਗੁਰਾਲ ਅਤੇ ਸੁਸ਼ੀਲ ਕੁਮਾਰ ਰਿੰਕੂ (ਐਨ ਸੱਜੇ) ਨੂੰ ਭਾਜਪਾ ਵਿੱਚ ਸ਼ਾਮਲ ਕਰਨ ਮੌਕੇ ਸੁਨੀਲ ਜਾਖੜ, ਹਰਦੀਪ ਪੁਰੀ ਅਤੇ ਵਿਨੋਦ ਤਾਵੜੇ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਡਸਾ ਨੂੰ ਉਮੀਦਵਾਰ ਨਾ ਬਣਾਏ ਜਾਣ ਕਾਰਨ 17 ਅਪਰੈਲ ਨੂੰ ਢੀਂਡਸਾ ਧੜੇ ਦੀ ਬੰਦ ਕਮਰਾ ਮੀਟਿੰਗ ਵਿੱਚ ਕਾਫ਼ੀ ਗਰਮਾ-ਗਰਮੀ ਹੋਈ, ਪਰ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਨਰਮ ਸੁਰ ਅਪਣਾਉਂਦਿਆਂ ਅਕਾਲੀ ਦਲ ਖ਼ਿਲਾਫ਼ ਨਾ ਜਾਣ ਦੀ ਗੱਲ ਆਖੀ।

ਲੋਕ ਸਭਾ ਚੋਣਾਂ ਵਿੱਚ ਲੁਧਿਆਣਾ ਹਲਕੇ ਤੋਂ ਇੱਕ-ਦੂਜੇ ਖ਼ਿਲਾਫ਼ ਮੈਦਾਨ ਵਿੱਚ ਨਿੱਤਰੇ ਭਾਜਪਾ ਆਗੂ ਰਵਨੀਤ ਬਿੱਟੂ ਅਤੇ ਕਾਂਗਰਸ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ 5 ਮਈ ਨੂੰ ਇੱਕ ਧਾਰਮਿਕ ਸਮਾਗਮ ਵਿੱਚ ਇਕੱਠੇ ਨਜ਼ਰ ਆਏ। ਇਸ ਦੌਰਾਨ ਦੋਵਾਂ ਨੇ ਗਲਵੱਕੜੀ ਵੀ ਪਾਈ।

ਪੰਜਾਬੀ ਦੇ ਉੱਘੇ ਸ਼ਾਇਰ ਸੁਰਜੀਤ ਪਾਤਰ 11 ਮਈ ਨੂੰ ਅਕਾਲ ਚਲਾਣਾ ਕਰ ਗਏ। ਸਸਕਾਰ ਮੌਕੇ ਉਨ੍ਹਾਂ ਦੀ ਅਰਥੀ ਨੂੰ ਮੋਢਾ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ।

ਹਿਮਾਚਲ ਦੇ ਮੰਡੀ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਬਣੀ ਅਦਾਕਾਰਾ ਕੰਗਨਾ ਰਣੌਤ ਨੂੰ 6 ਜੂਨ ਨੂੰ ਚੰਡੀਗੜ੍ਹ ਦੇ ਹਵਾਈ ਅੱਡੇ ’ਤੇ ਸੀਆਈਐੱਸਐਫ ਕਾਂਸਟੇਬਲ ਕੁਲਵਿੰਦਰ ਕੌਰ ਨੇ ਥੱਪੜ ਮਾਰ ਦਿੱਤਾ ਜਿਸ ਕਾਰਨ ਕਾਫ਼ੀ ਵਿਵਾਦ ਛਿੜਿਆ। ਕੁਲਵਿੰਦਰ ਦਾ ਕਹਿਣਾ ਸੀ ਕਿ ਕੰਗਨਾ ਨੇ ਕਿਸਾਨ ਅੰਦੋਲਨ ਮੌਕੇ ਉਨ੍ਹਾਂ ਦੀਆਂ ਮਾਵਾਂ ਲਈ ਅਪਸ਼ਬਦ ਬੋਲੇ ਸਨ।

ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਧੜੇ ਦੇ ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ, ਬੀਬੀ ਜਗੀਰ ਕੌਰ ਅਤੇ ਹੋਰ ਆਗੂਆਂ ਨੇ ਅਕਾਲੀ ਸਰਕਾਰ ਸਮੇਂ ਹੋਈਆਂ ਗ਼ਲਤੀਆਂ ਅਤੇ ਭੁੱਲਾਂ ਦਾ ਇੰਕਸ਼ਾਫ਼ ਕਰਦਿਆਂ ਖਿਮਾ ਯਾਚਨਾ ਲਈ 1 ਜੁਲਾਈ ਨੂੰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ।

24 ਜੁਲਾਈ ਨੂੰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਵਿਰੋਧੀ ਧੜੇ ਵੱਲੋਂ ਲਾਏ ਗਏ ਦੋਸ਼ਾਂ ਦਾ ਸਪੱਸ਼ਟੀਕਰਨ ਸੌਂਪਦੇ ਹੋਏ ਸੁਖਬੀਰ ਸਿੰਘ ਬਾਦਲ।

ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਵੱਲੋਂ ਬਰਤਰਫ਼ ਕੀਤੇ ਗਏ ਆਗੂਆਂ ਦੀ ਬਰਤਰਫ਼ੀ ਨੂੰ (31 ਜੁਲਾਈ ਨੂੰ) ਰੱਦ ਕਰਦੇ ਹੋਏ ਬੀਬੀ ਜਗੀਰ ਕੌਰ, ਗੁਰਪ੍ਰਤਾਪ ਸਿੰਘ ਵਡਾਲਾ, ਸੁਖਦੇਵ ਸਿੰਘ ਢੀਂਡਸਾ ਅਤੇ ਹੋਰ ਆਗੂ।

ਪੈਰਿਸ ਓਲੰਪਿਕਸ 2024 ’ਚ ਕਾਂਸੀ ਦਾ ਤਗ਼ਮਾ ਜੇਤੂ ਭਾਰਤੀ ਹਾਕੀ ਟੀਮ 11 ਅਗਸਤ ਨੂੰ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਮੌਕੇ।

ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ‘ਦਿੱਲੀ ਚੱਲੋ ਅੰਦੋਲਨ’ ਦੇ 200 ਦਿਨ ਪੂਰੇ ਹੋਣ ’ਤੇ 31 ਅਗਸਤ ਨੂੰ ਸ਼ੰਭੂ ਬਾਰਡਰ ’ਤੇ ਹੋਇਆ ਵੱਡਾ ਇਕੱਠ।

ਲੁਧਿਆਣਾ ਦੀ ਇੱਕ ਮੰਡੀ ’ਚ 18 ਅਕਤੂਬਰ ਨੂੰ ਝੋਨੇ ਦੀ ਚੁਕਾਈ ਦੀ ਉਡੀਕ ਵਿੱਚ ਬੈਠਾ ਕਿਸਾਨ। ਝੋਨੇ ਦੀ ਚੁਕਾਈ ਵਿੱਚ ਦੇਰੀ ਅਤੇ ਮੀਂਹ ਆਉਣ ਕਾਰਨ ਕਿਸਾਨਾਂ ਨੂੰ ਬਹੁਤ ਪ੍ਰੇਸ਼ਾਨੀ ਝੱਲਣੀ ਪਈ।

‘ਬਸਪਾ’ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਵੱਲੋਂ ਅਕਾਲੀ ਦਲ ਤੇ ਇਨੈਲੋ ਨਾਲੋਂ ‘ਬਸਪਾ’ ਦੇ ਤੋੜ-ਵਿਛੋੜੇ ਦੇ ਐਲਾਨ ਮਗਰੋਂ 11 ਅਕਤੂਬਰ ਨੂੰ ਕੌਮੀ ਉਪ ਪ੍ਰਧਾਨ ਅਕਾਸ਼ ਆਨੰਦ ਅਤੇ ਪੰਜਾਬ ਤੇ ਹਰਿਆਣਾ ਦੇ ਆਗੂ।

ਦੇਸ਼ ਦੀਆਂ ਲੋਕ ਸਭਾ ਚੋਣਾਂ ਅਤੇ ਸੂਬੇ ਦੀਆਂ ਚਾਰ ਸੀਟਾਂ ’ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਾਲ ਨਾਲ ਪੰਜਾਬ ਵਿੱਚ ਹੋਈਆਂ ਪੰਚਾਇਤੀ ਚੋਣਾਂ ਵਿੱਚ ਵੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਜ਼ਿਕਰਯੋਗ ਹੈ ਕਿ 15 ਅਕਤੂਬਰ ਨੂੰ ਹੋਈਆਂ ਪੰਚਾਇਤ ਚੋਣਾਂ ਵਿੱਚ 68 ਫ਼ੀਸਦੀ ਵੋਟਾਂ ਪਈਆਂ।

ਭਾਰਤ ਮਾਲਾ ਪ੍ਰੋਜੈਕਟ ਤਹਿਤ ਬਣਾਏ ਜਾ ਰਹੇ ਐਕਸਪ੍ਰੈਸਵੇਅ ਲਈ ਐਕੁਆਇਰ ਕੀਤੀ ਜ਼ਮੀਨ ਨੂੰ ਛੁਡਾਉਣ ਲਈ 22 ਨਵੰਬਰ ਨੂੰ ਪਿੰਡ ਦੁੱਨੇਵਾਲਾ ਪੁੱਜੇ ਕਿਸਾਨਾਂ ’ਤੇ ਲਾਠੀਚਾਰਜ ਕਰਦੀ ਹੋਈ ਪੁਲੀਸ।

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 2 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ, ਬਿਕਰਮਜੀਤ ਸਿੰਘ ਮਜੀਠੀਆ ਅਤੇ ਹੋਰ ਅਕਾਲੀ ਆਗੂਆਂ ਨੂੰ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦਿਵਾਉਣ ਅਤੇ ਸਿੱਖ ਵਿਰੋਧੀ ਫ਼ੈਸਲੇ ਲੈਣ ਕਾਰਨ ਤਨਖ਼ਾਹ ਲਾਉਣ ਦਾ ਫ਼ੈਸਲਾ ਸੁਣਾਏ ਜਾਣ ਮਗਰੋਂ ਦਰਬਾਰ ਸਾਹਿਬ ਵਿਖੇ 4 ਦਸੰਬਰ ਨੂੰ ਪਹਿਰੇਦਾਰ ਵਜੋਂ ਸੇਵਾ ਕਰਦੇ ਹੋਏ ਸੁਖਬੀਰ ਬਾਦਲ ਨੂੰ ਨਰਾਇਣ ਸਿੰਘ ਚੌੜਾ ਨੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਬਾਦਲ ਨਾਲ ਸਾਦੇ ਕੱਪੜਿਆਂ ਵਿੱਚ ਤਾਇਨਾਤ ਸੁਰੱਖਿਆ ਕਰਮੀ ਨੇ ਫੁਰਤੀ ਨਾਲ ਰੋਕ ਦਿੱਤਾ।

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਡਾਕਟਰੀ ਸਹਾਇਤਾ ਲੈਣ ਲਈ ਮਨਾਉਣ ਵਾਸਤੇ ਪੁੱਜੇ ਪਟਿਆਲਾ ਦੇ ਐੱਸਐੱਸਪੀ ਨਾਨਕ ਸਿੰਘ ਅਤੇ ਸਿਹਤ ਵਿਭਾਗ ਦੀ ਟੀਮ। ਕੇਂਦਰ ਸਰਕਾਰ ਤੋਂ ਕਿਸਾਨੀ ਮੰਗਾਂ ਮੰਨਵਾਉਣ ਲਈ ਸ੍ਰੀ ਡੱਲੇਵਾਲ 26 ਨਵੰਬਰ 2024 ਤੋਂ ਮਰਨ ਵਰਤ ’ਤੇ ਹਨ।

Advertisement
×