ਕੌਮੀ ਪੱਧਰ ਦੀਆਂ ਘਟਨਾਵਾਂ
2024 ਦਾ ਵਰ੍ਹਾ ਆਪਣੇ ਆਖ਼ਰੀ ਪੜਾਅ ’ਤੇ ਪੁੱਜ ਗਿਆ ਹੈ। ਇਸ ਵਰ੍ਹੇ ਦੌਰਾਨ ਦੇਸ਼ ’ਚ ਵਾਪਰੀਆਂ ਅਹਿਮ ਘਟਨਾਵਾਂ ਇਤਿਹਾਸ ਦੇ ਪੰਨਿਆਂ ’ਚ ਦਰਜ ਹੋ ਚੁੱਕੀਆਂ ਹਨ। ਇਹ ਪੰਨੇ ਫਰੋਲਦਿਆਂ ਅਸੀਂ ਆਪਣੇ ਪਾਠਕਾਂ ਨੂੰ ਕੁਝ ਤਸਵੀਰਾਂ ਰਾਹੀਂ ਮਹੱਤਵਪੂਰਨ ਘਟਨਾਵਾਂ ’ਤੇ ਝਾਤ ਪੁਆ ਰਹੇ ਹਾਂ। ਇਸ ਵਰ੍ਹੇ ਦੇ ਆਖ਼ਰੀ ਐਤਵਾਰੀ ਅੰਕ ਵਿੱਚ ਅਸੀਂ ਸੂਬੇ ਦੀਆਂ ਅਹਿਮ ਘਟਨਾਵਾਂ ਤਸਵੀਰਾਂ ਰਾਹੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ।
ਅਯੁੱਧਿਆ ਵਿਖੇ 22 ਜਨਵਰੀ ਨੂੰ ਸ੍ਰੀ ਰਾਮ ਜਨਮਭੂਮੀ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਉਨ੍ਹਾਂ ਦੇ ਨਾਲ ਖੜ੍ਹੇ ਹਨ ਆਰਐੱਸਐੱਸ ਦੇ ਸਰਸੰਘਚਾਲਕ ਮੋਹਨ ਭਾਗਵਤ, ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਰਾਜਪਾਲ ਆਨੰਦੀਬੇਨ ਪਟੇਲ।
ਮਾਲਦੀਵ ਦੇ ਮੰਤਰੀਆਂ ਦੀਆਂ ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਟਿੱਪਣੀਆਂ ਕਾਰਨ ਦੋਵਾਂ ਮੁਲਕਾਂ ਦਰਮਿਆਨ ਰਿਸ਼ਤੇ ਤਣਾਅਪੂਰਨ ਰਹੇ। ਇਸ ਦੌਰਾਨ ਜਨਵਰੀ ’ਚ ਮੋਦੀ ਨੇ ਆਪਣੇ ਲਕਸ਼ਦੀਪ ਦੌਰੇ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ ਤਾਂ ਜੋ ਦੇਸ਼ ਦੇ ਲੋਕਾਂ ਨੂੰ ਸੈਰ ਸਪਾਟੇ ਲਈ ਮਾਲਦੀਵ ਦੀ ਥਾਂ ਲਕਸ਼ਦੀਪ ਜਾਣ ਲਈ ਪ੍ਰੇਰਿਤ ਕੀਤਾ ਜਾ ਸਕੇ।
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ 28 ਜਨਵਰੀ ਨੂੰ ਅਸਤੀਫ਼ਾ ਦੇ ਕੇ ‘ਇੰਡੀਆ’ ਗੱਠਜੋੜ ਨਾਲੋਂ ਤੋੜ ਵਿਛੋੜਾ ਕਰ ਲਿਆ। ਫਿਰ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਗਠਜੋੜ ਨਾਲ ਹੱਥ ਮਿਲਾ ਕੇ ਨੌਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ।
ਸੁਪਰੀਮ ਕੋਰਟ ਦੇ ਜੱਜ 15 ਫਰਵਰੀ ਨੂੰ ਇਲੈਕਟੋਰਲ ਬਾਂਡ ਨੂੰ ਗ਼ੈਰਕਾਨੂੰਨੀ ਕਰਾਰ ਦੇ ਕੇ ਰੱਦ ਕਰਨ ਦਾ ਇਤਿਹਾਸਕ ਫ਼ੈਸਲਾ ਸੁਣਾਉਂਦੇ ਹੋਏ। ਗ਼ੌਰਤਲਬ ਹੈ ਕਿ ਮੁੱਢ ’ਚ ਟਾਲਮਟੋਲ ਮਗਰੋਂ ਅਖੀਰ ਐੱਸਬੀਆਈ ਨੇ ਚੋਣ ਕਮਿਸ਼ਨ ਨੂੰ ਇਲੈਕਟੋਰਲ ਬਾਂਡ ਸਬੰਧੀ ਡੇਟਾ ਸੌਂਪ ਦਿੱਤਾ। ਚੋਣ ਕਮਿਸ਼ਨ ਵੱਲੋਂ ਵੈੱਬਸਾਈਟ ’ਤੇ ਪਾਏ ਇਸ ਡੇਟਾ ਤੋਂ ਪਤਾ ਲੱਗਿਆ ਕਿ ਭਾਜਪਾ ਨੂੰ ਬਾਂਡਾਂ ਰਾਹੀਂ ਸਭ ਤੋਂ ਵੱਧ ਚੰਦਾ ਮਿਲਿਆ।
ਚੋਣ ਕਮਿਸ਼ਨਰ ਅਰੁਣ ਗੋਇਲ, ਜਿਨ੍ਹਾਂ ਨੇ ਲੋਕ ਸਭਾ ਚੋਣਾਂ ਦੇ ਸ਼ਡਿਊਲ ਦੇ ਐਲਾਨ ਤੋਂ ਪਹਿਲਾਂ 9 ਮਾਰਚ ਨੂੰ ਅਚਾਨਕ ਅਸਤੀਫ਼ਾ ਦੇ ਦਿੱਤਾ, ਜਿਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠੇ।
ਕਰਨਾਟਕ ਦੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਕਾਰਨ 21 ਮਈ ਨੂੰ ਗ੍ਰਿਫ਼ਤਾਰ ਕਰਕੇ ਲਿਜਾਂਦੀ ਹੋਈ ਪੁਲੀਸ।
ਚਾਰ ਜੂਨ ਨੂੰ ਆਏ ਲੋਕ ਸਭਾ ਚੋਣਾਂ ਦੇ ਨਤੀਜੇ ਮਗਰੋਂ ਸ੍ਰੀ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। 9 ਜੂੁਨ ਨੂੰ ਸਹੁੰ ਚੁੱਕਣ ਮਗਰੋਂ ਭਾਜਪਾ ਦੀ ਅਗਵਾਈ ਹੇਠਲੇ ਐੱਨਡੀਏ ਗੱਠਜੋੜ ਦੀ ਸਰਕਾਰ ਦੇ ਮੰਤਰੀ ਸ੍ਰੀ ਮੋਦੀ ਨਾਲ ਤਸਵੀਰ ਖਿਚਾਉਂਦੇ ਹੋਏ।
ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਦੋ ਜੁਲਾਈ ਨੂੰ ਧਾਰਮਿਕ ਸਮਾਗਮ ਦੌਰਾਨ ਮੱਚੀ ਭਗਦੜ ਵਿੱਚ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰ ਵਿਰਲਾਪ ਕਰਦੇ ਹੋਏ। ਇਸ ਇਕੱਠ ਲਈ ਲੋੜੀਂਦੇ ਪ੍ਰਬੰਧ ਨਹੀਂ ਸਨ ਜਿਸ ਕਾਰਨ ਹਾਦਸੇ ’ਚ 123 ਵਿਅਕਤੀਆਂ ਨੂੰ ਜਾਨਾਂ ਗੁਆਉਣੀਆਂ ਪਈਆਂ।
ਪੈਰਿਸ ਓਲੰਪਿਕਸ-2024 ਦੌਰਾਨ 30 ਜੁਲਾਈ ਨੂੰ ਨਿਸ਼ਾਨੇਬਾਜ਼ੀ ਮੁਕਾਬਲਿਆਂ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਮਗਰੋਂ ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਸਰਬਜੋਤ ਸਿੰਘ।
ਪੈਰਿਸ ਓਲੰਪਿਕਸ-2024 ਵਿੱਚ ਅੱਠ ਅਗਸਤ ਨੂੰ ਨੇਜ਼ੇਬਾਜ਼ੀ ਮੁਕਾਬਲੇ ’ਚ ਚਾਂਦੀ ਦਾ ਤਗ਼ਮਾ ਜਿੱਤਣ ਵਾਲਾ ਨੀਰਜ ਚੋਪੜਾ।
ਪੈਰਿਸ ਓਲੰਪਿਕਸ-2024 ’ਚ ਸੈਮੀਫਾਈਨਲ ਤੱਕ ਸਾਰੇ ਕੁਸ਼ਤੀ ਮੁਕਾਬਲੇ ਜਿੱਤੀ ਪਹਿਲਵਾਨ ਵਿਨੇਸ਼ ਫੋਗਾਟ। ਫਾਈਨਲ ਮੈਚ ਤੋਂ ਪਹਿਲਾਂ ਭਾਰ ਵੱਧ ਹੋਣ ਕਾਰਨ ਮੁਕਾਬਲੇ ’ਚੋਂ ਬਾਹਰ ਹੋਣ ਦੇ ਬਾਵਜੂਦ ਉਸ ਨੇ ਦੇਸ਼ ਵਾਸੀਆਂ ਦੇ ਦਿਲ ਜਿੱਤ ਲਏ।
ਪੈਰਿਸ ਓਲੰਪਿਕਸ ਵਿੱਚ ਕਰੀਅਰ ਦਾ ਆਖ਼ਰੀ ਮੈਚ ਖੇਡਣ ਵਾਲੇ ਗੋਲਕੀਪਰ ਪੀ.ਆਰ. ਸ਼੍ਰੀਜੇਸ਼ ਨੂੰ ਮੋਢਿਆਂ ’ਤੇ ਬਿਠਾ ਕੇ ਮੈਦਾਨ ਦਾ ਗੇੜਾ ਲਾਉਂਦੀ ਹੋਈ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ।
ਸੁਪਰੀਮ ਕੋਰਟ ਦੇ ਤਤਕਾਲੀ ਚੀਫ ਜਸਟਿਸ ਡੀ.ਵਾਈ. ਚੰਦਰਚੂੜ ਦੇ ਘਰ 11 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਅਤੇ ਉਨ੍ਹਾਂ ਦੀ ਪਤਨੀ ਨਾਲ ਗਣਪਤੀ ਪੂਜਾ ਕਰਦੇ ਹੋਏ। ਉਨ੍ਹਾਂ ਦੀ ਇਸ ਤਸਵੀਰ ਨੇ ਕਾਰਜਪਾਲਿਕਾ ਤੇ ਨਿਆਂਪਾਲਿਕਾ ਦੇ ਸਿਖਰਲੇ ਅਹੁਦਿਆਂ ’ਤੇ ਬਿਰਾਜਮਾਨ ਵਿਅਕਤੀਆਂ ਦੇ ਰਿਸ਼ਤਿਆਂ ਬਾਰੇ ਵੱਡੇ ਸਵਾਲ ਖੜ੍ਹੇ ਕੀਤੇ।
ਮੁੰਬਈ ’ਚ 12 ਅਕਤੂਬਰ ਨੂੰ ਸਾਬਕਾ ਮੰਤਰੀ ਬਾਬਾ ਸਿੱਦੀਕੀ ਨੂੰ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ।
ਹਰਿਆਣਾ ਵਿਧਾਨ ਸਭਾ ਚੋਣਾਂ ’ਚ ਭਾਜਪਾ ਵੱਲੋਂ ਜਿੱਤ ਹਾਸਲ ਕਰਨ ਮਗਰੋਂ 16 ਅਕਤੂਬਰ ਨੂੰ ਨਾਇਬ ਸਿੰਘ ਸੈਣੀ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਦੇ ਹੋਏ।
ਧਾਰਾ 370 ਹਟਾਉਣ ਮਗਰੋਂ ਜੰਮੂ ਕਸ਼ਮੀਰ ’ਚ ਪਹਿਲੀ ਵਾਰ ਹੋਈਆਂ ਅਸੈਂਬਲੀ ਚੋਣਾਂ ’ਚ ‘ਇੰਡੀਆ’ ਗੱਠਜੋੜ ਵੱਲੋਂ ਜਿੱਤ ਹਾਸਲ ਕਰਨ ਮਗਰੋਂ 16 ਅਕਤੂਬਰ ਨੂੰ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁੱਕਦੇ ਹੋਏ ਨੈਸ਼ਨਲ ਕਾਨਫਰੰਸ ਦੇ ਉਮਰ ਅਬਦੁੱਲਾ।
ਮਹਾਰਾਸ਼ਟਰ ਵਿੱਚ ਮੁੱਖ ਮੰਤਰੀ ਬਣੇ ਭਾਜਪਾ ਦੇ ਦੇਵੇਂਦਰ ਫੜਨਵੀਸ ਅਤੇ ਉਪ ਮੁੱਖ ਮੰਤਰੀਆਂ ਏਕਨਾਥ ਸ਼ਿੰਦੇ ਅਤੇ ਅਜੀਤ ਪਵਾਰ ਨਾਲ ਪ੍ਰਧਾਨ ਮੰਤਰੀ। ਗ਼ੌਰਤਲਬ ਹੈ ਕਿ ਮੁੱਖ ਮੰਤਰੀ ਦੇ ਅਹੁਦੇ ਲਈ ਸ਼ਿੰਦੇ ਤੇ ਫੜਨਵੀਸ ਦਰਮਿਆਨ ਕਾਫ਼ੀ ਰੱਸਾਕਸ਼ੀ ਚਲਦੀ ਰਹੀ।
ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਲੋਕਾਂ ਦਾ ਪਿਆਰ ਕਬੂਲਦੇ ਹੋਏ। ਨਵੰਬਰ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਸ੍ਰੀ ਸੋਰੇਨ ਦੀ ਪਾਰਟੀ ਝਾਰਖੰਡ ਮੁਕਤੀ ਮੋਰਚਾ ਦੀ ਅਗਵਾਈ ਹੇਠਲੇ ਗੱਠਜੋੜ ਨੇ 81 ’ਚੋਂ 56 ਸੀਟਾਂ ਜਿੱਤ ਕੇ ਸਰਕਾਰ ਬਣਾਈ।
ਉੱਤਰ ਪ੍ਰਦੇਸ਼ ਦੇ ਸੰਭਲ ਵਿੱਚ 24 ਨਵੰਬਰ ਨੂੰ ਅਦਾਲਤ ਦੀ ਨਿਗਰਾਨੀ ਹੇਠ ਸ਼ਾਹੀ ਜਾਮਾ ਮਸਜਿਦ ਦੇ ਸਰਵੇਖਣ ਕਾਰਨ ਹੋਈਆਂ ਝੜਪਾਂ ਮਗਰੋਂ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਸੁਰੱਖਿਆ ਦਸਤੇ। ਇਸ ਹਿੰਸਾ ਵਿੱਚ ਚਾਰ ਵਿਅਕਤੀਆਂ ਦੀਆਂ ਜਾਨਾਂ ਚਲੀਆਂ ਗਈਆਂ।
ਬਾਰਾਂ ਦਸਬੰਰ ਨੂੰ ਵਿਸ਼ਵ ਸ਼ਤਰੰਜ ਚੈਂਪੀਅਨ ਬਣਿਆ ਅਠਾਰਾਂ ਸਾਲਾ ਗੁਕੇਸ਼ ਡੀ।
ਤਿੰਨ ਦਸੰਬਰ ਨੂੰ ਹਿੰਦੂ ਭਾਈਚਾਰੇ ਦੇ ਆਗੂ ਚਿਨਮਯ ਕ੍ਰਿਸ਼ਨਾ ਦਾਸ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਨ ਲਈ ਅਗਰਤਲਾ ਵਿਖੇ ਬੰਗਲਾਦੇਸ਼ੀ ਸਫ਼ਾਰਤਖਾਨੇ ਦੇ ਬਾਹਰ ਇਕੱਠੇ ਹੋਏ ਲੋਕ। ਬੰਗਲਾਦੇਸ਼ ਵਿੱਚ ਵੀ ਹਿੰਦੂ ਨੇ ਉਸ ਦੀ ਗ੍ਰਿਫ਼ਤਾਰੀ ਖ਼ਿਲਾਫ਼ ਰੋਸ ਮੁਜ਼ਾਹਰੇ ਕੀਤੇ। ਇਹ ਮਾਮਲਾ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਦਾ ਕਾਰਨ ਬਣਿਆ।
ਦਿਲ-ਲੂਮੀਨਾਟੀ ਇੰਡੀਆ ਟੂਰ ਦੌਰਾਨ 14 ਦਸੰਬਰ ਨੂੰ ਚੰਡੀਗੜ੍ਹ ਵਿੱਚ ਪੇਸ਼ਕਾਰੀ ਦਿੰਦਾ ਹੋਇਆ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ। ਦੇਸ਼ ਦੇ ਕਈ ਸ਼ਹਿਰਾਂ ’ਚ ਗਾਇਕ ’ਤੇ ਲਾਈਆਂ ਪਾਬੰਦੀਆਂ ਕਾਰਨ ਉਸ ਦਾ ਇਹ ਟੂਰ ਬਹੁਤ ਚਰਚਾ ’ਚ ਰਿਹਾ।
ਸੰਸਦ ਦੇ ਬਾਹਰ ਵੀਹ ਦਸੰਬਰ ਨੂੰ ਇੰਡੀਆ ਅਤੇ ਐੱਨਡੀਏ ਗੱਠਜੋੜ ਦਰਮਿਆਨਹੋਈ ਧੱਕਾ ਮੁੱਕੀ ਮਗਰੋਂ ਕਾਂਗਰਸੀ ਆਗੂ ਰਾਹੁਲ ਗਾਂਧੀ ਜ਼ਖ਼ਮੀ ਹੋਏ ਭਾਜਪਾ
ਸੰਸਦ ਮੈਂਬਰ ਪ੍ਰਤਾਪ ਚੰਦਰ ਸਾਰੰਗੀ ਕੋਲ ਖੜ੍ਹੇ ਹੋਏ। ਇਸ ਮਾਮਲੇ ਨੂੰ
ਲੈ ਕੇ ਭਾਜਪਾ ਵੱਲੋਂ ਰਾਹੁਲ ਖ਼ਿਲਾਫ਼ ਐਫਆਈਆਰ ਦਰਜ ਕਰਵਾਈ ਗਈ। ਫੋਟੋਆਂ: ਪੀਟੀਆਈ, ਏਪੀ