ਫਿਲਮ ‘ਦਿ ਬੰਗਾਲ ਫਾਈਲਜ਼’ ਦਾ ਟਰੇਲਰ ਰਿਲੀਜ਼
ਕੋਲਕਾਤਾ ਵਿੱਚ ਫ਼ਿਲਮ ‘ਦਿ ਬੰਗਾਲ ਫਾਈਲਜ਼’ ਦੇ ਟਰੇਲਰ ਲਾਂਚ ਮੌਕੇ ਬੀਤੇ ਦਿਨ ਹੋਏ ਹੰਗਾਮੇ ਮਗਰੋਂ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਇਸ ਨੂੰ ਲਾਂਚ ਕਰ ਦਿੱਤਾ ਹੈ। ਦੋ ਵਾਰ ਕੌਮੀ ਪੁਰਸਕਾਰ ਜੇਤੂ ਰਹੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਆਪਣੀ ਸੁਪਰਹਿੱਟ ਫਿਲਮ ‘ਦਿ ਕਸ਼ਮੀਰ ਫਾਈਲਜ਼’ ਤੋਂ ਬਾਅਦ ਵੱਡੇ ਪਰਦੇ ’ਤੇ ਵਾਪਸੀ ਕਰ ਰਹੇ ਹਨ ਜਿਸ ਵਿੱਚ ਅਨੁਪਮ ਖੇਰ ਮੁੱਖ ਭੂਮਿਕਾ ’ਚ ਸਨ। ‘ਦਿ ਬੰਗਾਲ ਫਾਈਲਜ਼’ ਰਾਹੀਂ ਪੱਛਮੀ ਬੰਗਾਲ ’ਚ ਸੰਨ 1946 ’ਚ ਹਿੰਦੂਆਂ ਦੀ ਕਥਿਤ ਨਸਲਕੁਸ਼ੀ ਦੀ ਕਹਾਣੀ ਪੇਸ਼ ਕੀਤੀ ਗਈ ਹੈ। ਫਿਲਮ ਵਿੱਚ ਸੰਨ 1940 ਵਿੱਚ ਅਣਵੰਡੇ ਬੰਗਾਲ ’ਚ ਹੋਈ ਫ਼ਿਰਕੂ ਹਿੰਸਾ ਤੋਂ ਇਲਾਵਾ ਸੰਨ 1946 ’ਚ ‘ਡਾਇਰੈਕਟ ਐਕਸ਼ਨ ਡੇਅ’ ਅਤੇ ਨੌਆਖਲੀ ਦੰਗਿਆਂ (ਹਿੰਦੂਆਂ ਦੀ ਨਸਲਕੁਸ਼ੀ) ਬਾਰੇ ਦੱਸਿਆ ਗਿਆ ਹੈ। ਟਰੇਲਰ ਦੀ ਸ਼ੁਰੂਆਤ ਵੰਡ ਤੋਂ ਪਹਿਲਾਂ ਦੇ ਬੰਗਾਲ ਦੀ ਸਥਿਤੀ ਬਾਰੇ ਦੱਸਦਿਆਂ ਹੁੰਦੀ ਹੈ ਜਿਸ ਵਿੱਚ ਅਨੁਪਮ ਖੇਰ, ਮਿਥੁਨ ਚੱਕਰਵਰਤੀ, ਪੱਲਵੀ ਜੋਸ਼ੀ ਅਤੇ ਦਰਸ਼ਨ ਕੁਮਾਰ ਨੇ ਕੰਮ ਕੀਤਾ ਹੈ। ਟਰੇਲਰ ਵਿੱਚ ਕੋਲਕਾਤਾ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ’ਚ ਹੋਏ ਦੰਗਿਆਂ ਦੌਰਾਨ ਹੋਈਆਂ ਬੇਰਹਿਮ ਹੱਤਿਆਵਾਂ ਨੂੰ ਵੀ ਦਰਸਾਇਆ ਗਿਆ ਹੈ। ਇੰਸਟਾਗ੍ਰਾਮ ’ਤੇ ਫਿਲਮ ਦਾ ਟਰੇਲਰ ਪਾਉਂਦਿਆਂ ਵਿਵੇਕ ਅਗਨੀਹੋਤਰੀ ਨੇ ਲਿਖਿਆ ਕਿ ਡਾਇਰੈਕਟ ਐਕਸ਼ਨ ਡੇਅ (16 ਅਗਸਤ 1946) ਦੇ ਪੀੜਤਾਂ ਦੀ ਯਾਦ ਵਿੱਚ ‘ਦਿ ਬੰਗਾਲ ਫਾਈਲਜ਼’ ਫਿਲਮ ਦਾ ਟਰੇਲਰ ਰਿਲੀਜ਼ ਕੀਤਾ ਜਾ ਰਿਹਾ ਹੈ। ਇਹ ਹਿੰਦੂ ਨਸਲਕੁਸ਼ੀ ਦੀ ਅਣਕਹੀ ਕਹਾਣੀ ’ਤੇ ਹੁਣ ਤੱਕ ਦੀ ਸਭ ਤੋਂ ਦਲੇਰਾਨਾ ਫ਼ਿਲਮ ਹੈ ਜੋ 5 ਸਤੰਬਰ 2025 ਨੂੰ ਸਿਨੇਮਾਘਰਾਂ ਵਿੱੱਚ ਰਿਲੀਜ਼ ਹੋਵੇਗੀ। ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਕੋਲਕਾਤਾ ਵਿੱਚ ‘ਦਿ ਬੰਗਾਲ ਫਾਈਲਜ਼’ ਦਾ ਟਰੇਲਰ ਰਿਲੀਜ਼ ਹੋਣ ਮੌਕੇ ਹੰਗਾਮਾ ਹੋਇਆ ਸੀ।