‘ਸਨੀ ਸੰਸਕਾਰੀ ਕੀ ਤੁਲਸੀ ਕੁਮਾਰੀ’ ਦਾ ਟਰੇਲਰ ਜਾਰੀ
ਅਦਾਕਾਰ ਵਰੁਣ ਧਵਨ ਅਤੇ ਜਾਨ੍ਹਵੀ ਕਪੂਰ ਦੀ ਫਿਲਮ ‘ਸਨੀ ਸੰਸਕਾਰੀ ਕੀ ਤੁਲਸੀ ਕੁਮਾਰੀ’ ਦਾ ਟਰੇਲਰ ਸੋਮਵਾਰ ਨੂੰ ਜਾਰੀ ਕੀਤਾ ਗਿਆ। ‘ਪਨਵਾੜੀ’ ਅਤੇ ‘ਬਿਜੂਰੀਆ’ ਦੇ ਹਿੱਟ ਹੋਣ ਮਗਰੋਂ ‘ਸਨੀ ਸੰਸਕਾਰੀ ਕੀ ਤੁਲਸੀ ਕੁਮਾਰੀ’ ਫਿਲਮ ਸਨਅਤ ’ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਤਿੰਨ ਮਿੰਟ ਦੇ ਟਰੇਲਰ ਦੀ ਸ਼ੁਰੂਆਤ ਵਿੱਚ ਅਦਾਕਾਰ ਵਰੁਣ ਧਵਨ ਸਾਨਿਆ ਮਲਹੋਤਰਾ ਨੂੰ ਪਿਆਰ ਦਾ ਇਜ਼ਹਾਰ ਕਰਦਾ ਦਿਖਾਈ ਦੇ ਰਿਹਾ ਹੈ ਪਰ ਉਹ ਉਸ ਨੂੰ ਨਾਂਹ ਕਰ ਕਰ ਦਿੰਦੀ ਹੈ। ਇਸ ਤੋਂ ਬਾਅਦ ਉਸ ਦੇ ਮਜ਼ੇਦਾਰ ਸਫ਼ਰ ਦੀ ਸ਼ੁਰੂਆਤ ਹੁੰਦੀ ਹੈ। ਉਹ ਜਾਨ੍ਹਵੀ ਕਪੂਰ ਨਾਲ ਮਿਲ ਕੇ ਉਸ ਨੂੰ ਵਾਪਸ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਉਹ ਹਾਲੇ ਸਾਨਿਆ ਵੱਲੋਂ ਨਾਂਹ ਕਰਨ ਦੇ ਗ਼ਮ ਵਿੱਚ ਹੀ ਹੁੰਦਾ ਕਿ ਸਾਨਿਆ ਰੋਹਿਤ ਸਰਾਫ ਨਾਲ ਵਿਆਹ ਕਰਵਾਉਣ ਦਾ ਐਲਾਨ ਕਰ ਦਿੰਦੀ ਹੈ, ਜੋ ਜਾਨ੍ਹਵੀ ਦਾ ਸਾਬਕਾ ਪ੍ਰੇਮੀ ਹੈ। ਇਸ ਵਿਆਹ ਨੂੰ ਰੋਕਣ ਅਤੇ ਆਪਣੇ ਪ੍ਰੇਮੀਆਂ ਨੂੰ ਵਾਪਸ ਪਾਉਣ ਲਈ ਵਰੁਣ ਅਤੇ ਜਾਨ੍ਹਵੀ ਦੋਵੇਂ ਜਣੇ ਪ੍ਰੇਮੀ ਹੋਣ ਦਾ ਦਿਖਾਵਾ ਕਰਦੇ ਹਨ। ਅੰਤ ਵਿੱਚ ਉਹ ਸਾਨਿਆ ਅਤੇ ਰੋਹਿਤ ਦਾ ਵਿਆਹ ਰੁਕਵਾ ਦਿੰਦੇ ਹਨ। ਇਸੇ ਦੌਰਾਨ ਵਰੁਣ ਅਤੇ ਜਾਨ੍ਹਵੀ ਕਪੂਰ ਨਕਲੀ ਰਿਸ਼ਤੇ ਦਾ ਦਿਖਾਵਾ ਕਰਦੇ ਹੋਏ ਇੱਕ-ਦੂਜੇ ਨੂੰ ਪਿਆਰ ਕਰਨ ਲੱਗਦੇ ਹਨ। ਇਹ ਟਰੇਲਰ ਹਾਸੇ ਨਾਲ ਭਰਪੂਰ ਹੈ। ਇਸ ਵਿੱਚ ਦੋਵੇਂ ਅਦਾਕਾਰ ਇੱਕ ਥਾਂ ਆਪਣੇ ਵਿੱਤੀ ਹਾਲਾਤ ਬਾਰੇ ਚਰਚਾ ਕਰਦੇ ਹਨ। ਇਸ ਵਿੱਚ ਵਰੁਣ ਆਖਦਾ ਹੈ ਕਿ ਉਹ ਇੱਕ ਮੱਧ ਵਰਗੀ ਪਰਿਵਾਰ ਨਾਲ ਸਬੰਧ ਰੱਖਦਾ ਹੈ ਤੇ ਉਸ ਨੂੰ ਆਪਣੇ ਪਿਤਾ ਤੋਂ ਮਹੀਨੇ ਦੇ ਸਿਰਫ਼ 50,000 ਰੁਪਏ ਹੀ ਮਿਲਦੇ ਹਨ। ਇਹ ਫਿਲਮ ਇਸ ਸਾਲ 2 ਅਕਤੂਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ।