ਰਣਵੀਰ ਸਿੰਘ ਦੀ ਫਿਲਮ ‘ਧੁਰੰਦਰ’ ਦਾ ਟਰੇਲਰ ਰਿਲੀਜ਼
ਬੌਲੀਵੁੱਡ ਅਦਾਕਾਰ ਰਣਵੀਰ ਸਿੰਘ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫਿਲਮ ‘ਧੁਰੰਦਰ’ ਦਾ ਅੱਜ ਟਰੇਲਰ ਰਿਲੀਜ਼ ਕੀਤਾ ਗਿਆ, ਜਿਸ ਵਿੱਚ ਦਰਸ਼ਕਾਂ ਨੂੰ ਅਦਾਕਾਰ ਦੀ ਨਵੀਂ ਦਿੱਖ ਨਜ਼ਰ ਆਈ। ਚਾਰ ਮਿੰਟ ਤੇ ਅੱਠ ਸੈਕਿੰਡ ਦੇ ਟਰੇਲਰ ਵਿੱਚ ਫਿਲਮ ਦੇ ਅਹਿਮ ਕਿਰਦਾਰਾਂ ਬਾਰੇ ਚਾਨਣਾ ਪਾਇਆ ਗਿਆ ਹੈ। ਟਰੇਲਰ ਅੰਨ੍ਹੇ ਤਸ਼ੱਦਦ ਨਾਲ ਸ਼ੁਰੂ ਹੁੰਦਾ ਹੈ, ਜਿਸ ਵਿੱਚ ਅਰਜੁਨ ਰਾਮਪਾਲ ਨੂੰ ਮੇਜਰ ਇਕਬਾਲ ਵਜੋਂ ਦਿਖਾਇਆ ਗਿਆ ਹੈ। ਇਸੇ ਤਰ੍ਹਾਂ ਆਰ ਮਾਧਵਨ ਭਾਰਤੀ ਜਾਸੂਸੀ ਮਾਸਟਰ ਸਾਨਿਆਲ ਵਜੋਂ ਦਿਖਾਈ ਦਿੰਦਾ ਹੈ, ਜਿਸ ਦਾ ਮੰਨਣਾ ਹੈ ਕਿ ਦੁਸ਼ਮਣ ਦੇ ਖੇਤਰ ਵਿੱਚ ਦਾਖ਼ਲ ਹੋਣਾ ਹੀ ਖ਼ਤਰੇ ਨੂੰ ਰੋਕਣ ਦਾ ਇੱਕੋ-ਇੱਕ ਢੰਗ ਹੈ। ਅਕਸ਼ੈ ਖੰਨਾ ਨੂੰ ਰਹਿਮਾਨ ਡਕੈਤ ਦੇ ਰੂਪ ਵਿੱਚ ਦਿਖਾਇਆ ਗਿਆ ਹੈ, ਜਦਕਿ ਸੰਜੇ ਦੱਤ ਐੱਸ ਪੀ ਚੌਧਰੀ ਅਸਲਮ ਵਜੋਂ ਖਲਨਾਇਕ ਟੀਮ ਵਿੱਚ ਸ਼ਾਮਲ ਹੁੰਦਾ ਹੈ। ਟਰੇਲਰ ਦੇ ਆਖ਼ਰੀ ਹਿੱਸੇ ਵਿੱਚ ਰਣਵੀਰ ਦਾ ਦਾਖ਼ਲਾ ਹੁੰਦਾ ਹੈ ਜਿਸ ਨੂੰ ਉਨ੍ਹਾਂ ਦਾ ਮੁਕਾਬਲਾ ਕਰਨ ਲਈ ਭੇਜਿਆ ਜਾਂਦਾ ਹੈ। ਜਾਣਕਾਰੀ ਅਨੁਸਾਰ ਬਾਕੀ ਦਾ ਟਰੇਲਰ ਐਕਸ਼ਨ ਤੇ ਗੋਲੀਬਾਰੀ ਦੇ ਦ੍ਰਿਸ਼ਾਂ ਨਾਲ ਭਰਪੂਰ ਹੈ। ਅਦਾਕਾਰ ਰਣਵੀਰ ਸਿੰਘ ਨੇ ਆਖਿਆ, ‘‘ਅਸੀਂ ਦੁਨੀਆ ਦੀ ਬਿਹਤਰੀਨ ਫਿਲਮ ਬਣਾਉਣਾ ਚਾਹੁੰਦੇ ਹਾਂ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਫਿਲਮ ਹਰ ਪੱਖ ਤੋਂ ਅਹਿਮ ਹੋਵੇ ਜਿਸ ’ਤੇ ਅਸੀਂ ਭਾਰਤੀ ਹੋਣ ਦੇ ਨਾਤੇ ਮਾਣ ਕਰ ਸਕੀਏ।’ ਜਾਣਕਾਰੀ ਅਨੁਸਾਰ ਇਹ ਫ਼ਿਲਮ ਜੀਓ ਸਟੂਡੀਓਜ਼ ਅਤੇ ਬੀ62 ਸਟੂਡੀਓਜ਼ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ ਅਤੇ ਆਦਿੱਤਿਆ ਧਰ ਨੇ ਇਸ ਦਾ ਨਿਰਦੇਸ਼ਨ ਕੀਤਾ ਹੈ। ਇਹ ਫਿਲਮ 25 ਦਸੰਬਰ 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ।
