ਅੱਜ ਦਾ ਮੀਡੀਆ ਅਤੇ ਮੁੱਦੇ
ਪਿਆਰਾ ਸਿੰਘ ਗੁਰਨੇ ਕਲਾਂ
ਮੁੱਦੇ ਅਤੇ ਸਮਾਜ ਪਰਸਪਰ ਚਲਦੇ ਹਨ। ਮੁੱਦੇ ਦਾ ਨਾ ਵਾਪਰਨਾ ਸਮਾਜ ਦੀ ਖੜੋਤ ਹੈ। ਮੁੱਦੇ ਪੁਰਾਤਨ ਸਮੇਂ ਤੋਂ ਵਾਪਰ ਰਹੇ ਹਨ। ਉਸ ਸਮੇਂ ਪ੍ਰਚਾਰ ਤੇ ਪਸਾਰ ਘੱਟ ਹੋਣ ਕਾਰਨ ਉਹ ਬਹੁਤੀ ਬਹਿਸ ਦਾ ਹਿੱਸਾ ਨਾ ਬਣ ਸਕੇ। ਸਿਰਫ ਉਹੀ ਮੁੱਦੇ ਸਾਹਮਣੇ ਆਏ ਜੋ ਇਤਿਹਾਸ ਦੀ ਕਿਤਾਬ ਦਾ ਪੰਨਾ ਬਣ ਗਏ। ਬਾਕੀ ਮੁੱਦੇ ਇਤਿਹਾਸ ਦੀਆਂ ਪਰਤਾਂ ਥੱਲੇ ਦਫਨ ਹੋ ਗਏ। ਸਮਾਜ ਅਤੇ ਰਾਜਨੀਤੀ ਦੇ ਮੁੱਖ ਮੁੱਦੇ ਵੱਖ-ਵੱਖ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੇ ਰਹੇ ਹਨ। ਸੀਮਤ ਅਖ਼ਬਾਰਾਂ ਨੇ ਮਹੱਤਤਾ ਵਾਲੇ ਮੁੱਦੇ ਹੀ ਅਖ਼ਬਾਰ ਦੇ ਪੰਨਿਆਂ ’ਤੇ ਛਾਪੇ। ਸੀਮਤ ਅਖ਼ਬਾਰ ਚੰਗੇ ਪੱਤਰਕਾਰਾਂ ਕਰ ਕੇ ਮੁੱਦਿਆਂ ਦੇ ਵਜ਼ਨ ਮੁਤਾਬਿਕ ਉਨ੍ਹਾਂ ਨੂੰ ਮਹੱਤਤਾ ਦੇਣ ਲੱਗੇ। ਬੌਧਿਕਤਾ ਦਾ ਪ੍ਰਤੀਕ ਅਖ਼ਬਾਰਾਂ ਦੀ ਉਡੀਕ ਹੁੰਦੀ ਸੀ। ਚੈਨਲ ਵੀ ਸੀਮਤ ਸਨ ਤੇ ਚੈਨਲਾਂ ਨੂੰ ਐਨਟੀਨਿਆਂ ਰਾਹੀਂ ਪਹੁੰਚਾਉਣ ਵਾਲੇ ਟੀਵੀ ਵੀ ਬਹੁਤ ਘੱਟ ਸਨ। ਉਸ ਸਮੇਂ ਖ਼ਬਰਾਂ ਹੀ ਜਾਣਕਾਰੀ ਦਾ ਉੱਤਮ ਤੇ ਇਕੱਲਾ ਸੋਮਾ ਸਨ। ਅਖ਼ਬਾਰਾਂ ਵਿਚਲੇ ਲੇਖਾਂ ਦੀਆਂ ਸਟੀਕ ਟਿੱਪਣੀਆਂ ਪੱਥਰ ’ਤੇ ਲੀਕ ਸਨ।
ਸਮਾਂ ਬਦਲਿਆ ਤੇ ਕੰਪਿਊਟਰ ਯੁਗ ਆਇਆ। ਫਿਰ ਇੰਟਰਨੈੱਟ ਯੁੱਗ ਦੀ ਆਮਦ ਹੋਈ। ਫੋਨ ਹਰ ਹੱਥ ਦਾ ਸ਼ਿੰਗਾਰ ਬਣਨ ਲੱਗਿਆ। ਫੇਸਬੁੱਕ, ਵਟਸਐਪ, ਐਕਸ, ਇੰਸਟਾਗ੍ਰਾਮ ਅਤੇ ਹੋਰ ਬਹੁਤ ਸਾਰੇ ਸੋਸ਼ਲ ਮੀਡੀਆ ਪਲੈਟਫਾਰਮ ਫੋਨ ਦੀ ਸਕਰੀਨ ’ਤੇ ਆ ਗਏ। ਹੁਣ ਹਰ ਮਨੁੱਖ ਹੀ ਪੱਤਰਕਾਰ ਤੇ ਸਮੀਖਿਅਕ ਬਣ ਚੁੱਕਿਆ ਹੈ। ਪੱਤਰਕਾਰ ਦੀ ਡਿਗਰੀ ‘ਸੋਸ਼ਲ ਮੀਡੀਆ ਚਲਾਉਣਾ ਆਉਂਦਾ ਹੋਵੇ’ ਬਣ ਗਈ ਹੈ। ਸਥੂਲ ਤੇ ਸਟੀਕ ਜਾਣਕਾਰੀ, ਕੱਚ ਘਰੜ ਪੱਤਰਕਾਰੀ ਤੇ ਸੋਸ਼ਲ ਮੀਡੀਆ ਕਰ ਕੇ ਜ਼ੀਰੋ ਹੋ ਗਈ। ਸੋਸ਼ਲ ਮੀਡੀਆ ਦੇ ਫੈਲਾਅ ਨੇ ਚੰਗੇ ਮੁੱਦਿਆਂ ਅਤੇ ਪੱਤਰਕਾਰੀ ਨੂੰ ਇੱਕ ਤਰ੍ਹਾਂ ਨਾਲ ਰੋਲ ਦਿੱਤਾ। ਛੋਟੇ ਤੇ ਬੇਹੂਦਾ ਮੁੱਦਿਆਂ ਦਾ ਤੇਜ਼ੀ ਨਾਲ ਪਸਾਰ ਹੋ ਰਿਹਾ ਹੈ। ਇਹ ਪਸਾਰ ਇੰਨਾ ਘਾਤਕ ਹੈ ਕਿ ਇਸ ਨੇ ਸਮਾਜਿਕ ਬੌਧਿਕਤਾ ਬੌਣੀ ਕਰ ਦਿੱਤੀ ਹੈ। ਅੱਜ ਸਮਾਜ ਦੇ ਮੁੱਦੇ ਹਨ- ਮੱਝ ਨੇ ਕੱਟਾ ਦਿੱਤਾ, ਬੇਬੇ ਨੇ ਚਲਾਇਆ ਬੁਲਟ, ਦਲਜੀਤ ਨੇ ਬੰਨ੍ਹੀ ਖੱਬੇ ਹੱਥ ਦੀ ਪੱਗ, ਨਾਲੀ ’ਚ ਵਹਿ ਰਿਹਾ ਗੰਦਾ ਪਾਣੀ, ਗੋਲੋ ਨੇ ਦਿੱਤਾ ਅਸਤੀਫਾ, ਮਾਸਟਰ ਨੇ ਪੜ੍ਹਾਇਆ ਤੀਜਾ ਪਾਠ। ਨਤੀਜਾ- ਮਹੱਤਤਾ ਤੇ ਵਜ਼ਨ ਵਾਲਾ ਮੁੱਦਾ ਸਾਹਮਣੇ ਹੀ ਨਹੀਂ ਆਉਂਦਾ। ਅੱਜ ਦਾ ਸਮਾਂ ਮੁੱਖ ਮੁੱਦਿਆਂ ਦੇ ਸਮਾਂਤਰ ਬੌਣੇ ਮੁੱਦੇ ਪੇਸ਼ ਕਰਨ ਦਾ ਹੈ।
ਬੌਣੇ ਮੁੱਦਿਆਂ ਦੇ ਉਭਾਰ ਕਰ ਕੇ ਦੇਸ਼ ਤੇ ਰਾਜਾਂ ਦੀ ਹਾਲਤ ਹਾਸੋਹੀਣੀ ਬਣੀ ਹੋਈ ਹੈ। ਦੇਸ਼ ਦਾ ਗਰਾਫ ਨੀਵਾਂ ਹੋ ਰਿਹਾ ਹੈ। ਸੋਸ਼ਲ ਮੀਡੀਆ ਨੇ ਦੇਸ਼ ਨੂੰ ਮਜ਼ਾਕ ਦਾ ਪਾਤਰ ਬਣਾ ਦਿੱਤਾ ਹੈ। ਜਿਸ ਨੂੰ ਮੁੱਦੇ ਦੀ ਕੁਝ ਵੀ ਸਮਝ ਨਹੀਂ ਹੁੰਦੀ, ਉਹ ਲਾਈਵ ਹੋ ਕੇ ਪ੍ਰਵਚਨ ਕਰਨ ਬੈਠ ਜਾਂਦਾ ਹੈ। ਦੇਸ਼ ਨੂੰ ਚਲਾਉਣ ਵਿੱਚ ਵਿਧਾਨਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ ਦਾ ਰੋਲ ਹੁੰਦਾ ਹੈ। ਕਾਨੂੰਨ ਘੜਨ ਲਈ ਵਿਧਾਨਪਾਲਿਕਾ ਹੈ। ਅੱਜ ਵਿਧਾਨਪਾਲਿਕਾ ਮਜ਼ਾਕ ਦਾ ਪਾਤਰ ਬਣ ਗਈ ਹੈ। ਨਾ ਸਮਝ ਬੰਦੇ ਜਿਨ੍ਹਾਂ ਨੂੰ ਸੰਵਿਧਾਨ ਦੀ ਰੱਤੀ ਭਰ ਵੀ ਜਾਣਕਾਰੀ ਨਹੀਂ, ਉਹ ਨੀਤੀਆਂ ’ਤੇ ਪ੍ਰਵਚਨ ਕਰਨ ਬੈਠ ਜਾਂਦੇ ਹਨ। ਲੀਡਰਾਂ ਦੀ ਬਹਿਸ ਦਾ ਪੱਧਰ ਵੀ ਬਹੁਤ ਨੀਵਾਂ ਹੋ ਗਿਆ ਹੈ। ਆਮ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਲਈ ਲੀਡਰ ਸਰਗਰਮ ਹੋ ਰਹੇ ਹਨ।
ਛੋਟੇ ਮੁੱਦੇ ਤੇ ਲੰਮੀਆਂ ਬਹਿਸਾਂ ਦਾ ਹੋਣਾ ਮੁੱਦਿਆਂ ਜਾਂ ਵੱਡੀ ਖ਼ਬਰ ਨੂੰ ਦੱਬ ਲੈਂਦਾ ਹੈ। ਇੱਥੇ ਜਿ਼ੰਮੇਵਾਰੀ ਤੇ ਸਵਾਲੀਆ ਚਿੰਨ੍ਹ ਲੱਗਦਾ ਹੈ। ‘ਆਪ’ ਵਿਧਾਇਕਾ ਅਨਮੋਲ ਗਗਨ ਮਾਨ ਨੇ ਅਸਤੀਫਾ ਦਿੱਤਾ। ਪੂਰਾ ਦਿਨ ਇਹ ਘੋਖਣ ’ਤੇ ਲੱਗ ਗਿਆ ਕਿ ਉਹਨੇ ਅਸਤੀਫਾ ਕਿਉਂ ਦਿੱਤਾ। ਹਰ ਚੈਨਲ ਤੇ ਸੋਸ਼ਲ ਮੀਡੀਆ ਇਸੇ ’ਤੇ ਕੇਂਦਰਿਤ ਰਿਹਾ। ਸਭ ਨੇ ਆਪਣੇ ਮੁਤਾਬਕ ਸਰਟੀਫਿਕੇਟ ਵੰਡੇ। ਫਿਰ ਪੂਰਾ ਦਿਨ ਉਸ ਦਾ ਅਸਤੀਫਾ ਵਾਪਸ ਹੋਣ ’ਤੇ ਚਰਚਾ ਹੁੰਦੀ ਰਹੀ। ਮੀਡੀਆ ਲੋਕਾਂ ਦੀ ਬਜਾਏ ਲੀਡਰ ਪ੍ਰਤੀ ਵਧੇਰੇ ਜਿ਼ੰਮੇਵਾਰ ਰੋਲ ਨਿਭਾਉਣ ਲੱਗਿਆ ਰਿਹਾ। ਅਸਲ ਵਿੱਚ, ਲੋਕਾਂ ਪ੍ਰਤੀ ਮੀਡੀਆ ਦਾ ਬਹੁਤ ਨਕਾਰਾਤਮਕ ਰੋਲ ਸਥਾਪਿਤ ਹੋ ਰਿਹਾ ਹੈ। ਇਸੇ ਕਰ ਕੇ ਸਰਕਾਰਾਂ ਦਾ ਪੂਰਾ ਜ਼ੋਰ ਮੀਡੀਆ ’ਤੇ ਕੰਟਰੋਲ ’ਤੇ ਲੱਗਿਆ ਹੋਇਆ ਹੈ। ਕਾਰਪੋਰੇਟ ਜਗਤ ਵੀ ਮੀਡੀਆ ਦੀਆਂ ਵਾਗਾਂ ਆਪਣੇ ਹੱਥ ਵਿੱਚ ਲੈ ਰਿਹਾ ਹੈ। ਲੋਕ ਮਾਨਸਿਕਤਾ ਨੂੰ ਭੜਕਾਉਣ ਅਤੇ ਖੁੰਢਾ ਕਰਨ ਦਾ ਇਹ ਸਭ ਤੋਂ ਵਧੀਆ ਤਰੀਕਾ ਬਣ ਰਿਹਾ ਹੈ। ਦੋ ਦਿਨ ਦੇ ਇਸ ਵਰਤਾਰੇ ਨੇ ਅਹਿਮ ਮੁੱਦਿਆਂ ’ਤੇ ਪਾਣੀ ਫੇਰ ਦਿੱਤਾ। ਭਰੇ ਮਨ ਨਾਲ ਅਸਤੀਫਾ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੀ ਸੀ। ਵਾਪਸ ਅਸਤੀਫਾ ਕਿਹੜੇ ਮਨ ਨਾਲ ਲਿਆ, ਇਹਦੀ ਜਵਾਬਦੇਹੀ ਤਾਂ ਬਣਦੀ ਹੈ।
ਸਭ ਤੋਂ ਵੱਡਾ ਸਵਾਲ ਲੀਡਰਾਂ ਦੀ ਭਰੋਸੇਯੋਗਤਾ ਅਤੇ ਕਿਰਦਾਰ ’ਤੇ ਬਣਦਾ। ਭਰੋਸੇਯੋਗਤਾ ਅਤੇ ਕਿਰਦਾਰ ਲੀਡਰ ਦੀ ਪਛਾਣ ਹੁੰਦੇ ਹਨ। ਉਹਦੀ ਹਰ ਕਹੀ ਗੱਲ ’ਚ ਵਜ਼ਨ ਹੁੰਦਾ ਹੈ। ਫਿਰ ਦੌਰ ਬਦਲਿਆ। ਲੀਡਰ ਕੁਝ ਵੀ ਆਖੀ ਜਾਂਦੇ ਹਨ। ਸਨਸਨੀਖੇਜ਼ ਮੁੱਦਾ ਜਾਂ ਖ਼ਬਰ ਵਧੇਰੇ ਟੀਆਰਪੀ ਪੈਦਾ ਕਰਦੀ ਹੈ। ਅੱਜ ਦੀ ਰਾਜਨੀਤੀ ਵਿੱਚ ਸਨਸਨੀ ਦਾ ਦੌਰ ਭਾਰੂ ਹੈ। ਲੋਕਾਂ ਦੀ ਬੌਧਿਕਤਾ ਤੇ ਮਾਨਸਿਕਤਾ ਦਾ ਪੱਧਰ ਇੰਨਾ ਨੀਵਾਂ ਕਰ ਦਿੱਤਾ ਗਿਆ ਕਿ ਤਵੱਕੋ ਵਾਲੇ ਮੁੱਦੇ ਸਮਾਜਿਕ ਧਰਾਤਲ ’ਤੇ ਜ਼ੀਰੋ ਹੋ ਰਹੇ ਹਨ। ‘ਬਾਂਦਰ ਸਾਈਕਲ ਚਲਾ ਰਿਹਾ’ ਮੁੱਦਾ ਮੁੱਖ ਬਣ ਰਿਹਾ ਹੈ ਤੇ ਵਿਕਾਸ ਦਾ ਮੁੱਦਾ ਦੋਇਮ। ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਧਰਮ, ਜਾਤ, ਮਜ਼ਹਬ ਆਦਿ ਦੀ ਵਰਤੋਂ ਵਧੇਰੇ ਹੋਣ ਲੱਗੀ ਹੈ।
ਅੱਜ ਮੁੱਦੇ ਦਾ ਸਰੂਪ ਬਦਲਿਆ ਹੈ। ਪਹਿਲਾਂ ਮੁੱਦੇ ਲੋਕਾਂ ਨੂੰ ਮੁਖਾਤਬ ਹੁੰਦੇ ਸਨ ਪਰ ਅੱਜ ਸੱਤਾ ਉਹ ਮੁੱਦੇ ਸਿਰਜ ਰਹੀ ਹੈ ਜੋ ਸੱਤਾ ਨੂੰ ਸੂਤ ਬਹਿੰਦੇ ਹਨ। ਲੋਕ ਭਲਾਈ ਮੁੱਦਾ ਇਸੇ ਕਰ ਕੇ ਰਾਜਨੀਤੀ ’ਚੋਂ ਗਾਇਬ ਹੋ ਰਿਹਾ ਹੈ। ਸੱਤਾ ਦਾ ਰਾਜ ਦੀ ਹਰ ਫਾਇਦੇ ਵਾਲੀ ਚੀਜ਼ ਜਾਂ ਸਿਸਟਮ ’ਤੇ ਕਬਜ਼ਾ ਹੈ। ਉਹ ਸਿਸਟਮ ਨੂੰ ਖੁਦ ਦੇ ਫਾਇਦੇ ਲਈ ਵਰਤ ਰਹੀ ਹੈ। ਲੋਕ ਸਹੂਲਤਾਂ ਇਸੇ ਵਾਰ ਨਾਲ ਦਮ ਤੋੜ ਰਹੀਆਂ ਹਨ। ਲਾਈਵ ਹੋ ਕੇ ਕਿਸੇ ਮੰਤਰੀ ਦੇ ਕੇਸ ਬਣਾਉਣਾ, ਕਿਸੇ ਲੀਡਰ ਨੂੰ ਫੜ ਲੈਣ ਦੀ ਸੁਰਖੀ ਜਾਂ ਕਿਸੇ ਅਫਸਰ ਦੀ ਰਿਸ਼ਵਤ ਦੀ ਖ਼ਬਰ ਚਲਾ ਦੇਣੀ ਆਦਿ ਆਮ ਕਾਰਵਾਈ ਹੈ। ਇਹ ਸਰਕਾਰ ਨੇ ਕਰਨਾ ਹੀ ਹੁੰਦਾ ਹੈ ਪਰ ਜਦ ਇਹਨੂੰ ਲੋੜੋਂ ਵੱਧ ਸਨਸਨੀਖੇਜ਼ ਬਣਾਇਆ ਜਾਂਦਾ ਹੈ ਤਾਂ ਇਹ ਅਸਲ ਮੁੱਦਿਆਂ ਤੋਂ ਬਾਈਪਾਸ ਹੋਣ ਦਾ ਰਾਹ ਬਣ ਜਾਂਦਾ ਹੈ। ਲਾਈਵ ਉਦੋਂ ਹੋਣਾ ਬਣਦਾ ਜਦ ਕਾਰਵਾਈ ਮੁਕੰਮਲ ਹੋ ਜਾਵੇ, ਦੋਸ਼ ਸਿੱਧ ਹੋ ਜਾਵੇ। ਪਹਿਲਾਂ ਲੋਕ ਲਾਈਵ ਸਨਸਨੀ ’ਚ ਉਲਝੇ ਰਹਿੰਦੇ ਹਨ। ਫਿਰ ਜਦ ਦੂਸਰਾ ਦੋਸ਼ ਮੁਕਤ ਹੋ ਜਾਂਦਾ ਤਾਂ ਉਹ ਮੁੱਛਾਂ ਨੂੰ ਤਾਅ ਦਿੰਦਾ। ਫਿਰ ਕਿੰਨੇ ਦਿਨ ਇਹ ਮੁੱਦਾ ਬਣਿਆ ਰਹਿੰਦਾ। ਇਹ ਮੀਡੀਆ ਅਤੇ ਸੋਸ਼ਲ ਮੀਡੀਆ ਦੀ ਦੁਰਵਰਤੋਂ ਹੈ।
ਮੁੱਦਿਆਂ ਬਾਰੇ ਸਮਝ ਵਿਕਸਤ ਕਰਨ ਲਈ ਮੀਡੀਆ ਦਾ ਬਹੁਤ ਵੱਡਾ ਰੋਲ ਹੈ। ਜੇ ਅੱਜ ਤਵੱਕੋ ਵਾਲੇ ਮੁੱਦੇ ਅੱਖੋਂ ਓਹਲੇ ਹੋ ਰਹੇ ਹਨ ਜਾਂ ਚੰਗੀ ਖ਼ਬਰ ਨੂੰ ਮਾਨਤਾ ਨਹੀਂ ਦਿੱਤੀ ਜਾ ਰਹੀ ਤਾਂ ਮੀਡੀਆ ਕਟਹਿਰੇ ਵਿੱਚ ਖੜ੍ਹਦਾ ਹੈ। ਅੱਜ ਜ਼ੀਰੋ ਲੋਕ ਸਾਡੇ ਹੀਰੋ ਬਣਾ ਦਿੱਤੇ ਗਏ ਹਨ। ਝਾਂਸੀ ਦੀ ਰਾਣੀ ਦੀ ਬਜਾਏ ਕੰਚਨ ਰਾਣੀ ਸਾਡਾ ਧਿਆਨ ਵੱਧ ਖਿੱਚ ਰਹੀ ਹੈ। ਸੋਸ਼ਲ ਮੀਡੀਆ ’ਤੇ ਝਾਤ ਮਾਰੋ, ਕਿਹੜੀਆਂ ਪੋਸਟਾਂ ਵਧੇਰੇ ਪਸੰਦ ਕੀਤੀਆਂ ਜਾ ਰਹੀਆਂ ਹਨ। ਸਮਾਜ ਦੇ ਖਲਨਾਇਕ, ਨਾਇਕ ਬਣ ਰਹੇ ਹਨ। ਮੀਡੀਆ ਨੇ ਨਾਇਕਾਂ ਤੇ ਖਲਨਾਇਕਾਂ ਵਿਚਾਲੇ ਲਕੀਰ ਖਿੱਚਣੀ ਸੀ ਪਰ ਇਹਦਾ ਉਲਾਰ ਖਲਨਾਇਕਾਂ ਵੱਲ ਵਧੇਰੇ ਹੋ ਗਿਆ। ਸਮਾਜ ਦੇ ਆਮ ਲੋਕਾਂ ਨੂੰ ਨਾਇਕਾਂ ਦੀ ਪਛਾਣ ਨਾ ਹੋਣੀ ਸਭ ਤੋਂ ਵੱਡੀ ਤਰਾਸਦੀ ਹੈ।
ਹੁਣ ਸਮਾਂ ਹੈ ਕਿ ਮੀਡੀਆ ਆਪਣਾ ਸਹੀ ਰੋਲ ਨਿਭਾਏ। ਸਿਰਫ ਉਹ ਮੁੱਦੇ ਪਸਾਰੇ ਤੇ ਪ੍ਰਚਾਰੇ ਜਾਣ ਜੋ ਸਿੱਧੇ ਲੋਕਾਂ ਦੇ ਮਸਲਿਆਂ ਨੂੰ ਮੁਖਾਤਬ ਹੋਣ। ਵਿਅਕਤੀ ਵਿਸ਼ੇਸ਼ ਦੀ ਪੇਸ਼ਕਾਰੀ ਤੁਰੰਤ ਬੰਦ ਹੋਵੇ।
ਸੰਪਰਕ: 99156-21188