ਬੱਚਿਆਂ ਦੇ ਕਹਿਣ ’ਤੇ ਮੁੜ ‘ਫਲਾਇੰਗ ਜੱਟ’ ਬਣੇ ਟਾਈਗਰ ਸ਼ਰਾਫ
ਆਪਣੀ ਫਿਲਮ ‘ਏ ਫਲਾਇੰਗ ਜੱਟ’ ਦੇ ਸੁਪਰਹੀਰੋ ਦੀ ਭੂਮਿਕਾ ਵਿੱਚ ਬੌਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਕੈਂਸਰ ਨਾਲ ਜੂਝ ਰਹੇ ਬੱਚਿਆਂ ਨੂੰ ਮਿਲਣ ਪੁੱਜਿਆ। 35 ਸਾਲਾ ਅਦਾਕਾਰ ਨੇ ਇੰਸਟਾਗ੍ਰਾਮ ’ਤੇ ਇਸ ਸਬੰਧੀ ਵੀਡੀਓ ਆਪਣੇ ਪ੍ਰਸ਼ੰਸਕਾਂ ਲਈ ਸਾਂਝੀ ਕੀਤੀ ਹੈ। ਇਸ ਵਿੱਚ ਸ਼ਰਾਫ ‘ਕੈਂਸਰ ਪੇਸ਼ੇਂਟਜ਼ ਏਡਜ਼ ਐਸੋਸੀਏਸ਼ਨ’ ਦੇ ਸਹਿਯੋਗ ਨਾਲ ਇੱਕ ਪ੍ਰੋਗਰਾਮ ਵਿੱਚ ਬੱਚਿਆਂ ਨਾਲ ਗੱਲਬਾਤ ਕਰਦਾ ਦਿਖਾਈ ਦਿੰਦਾ ਹੈ। ਇਸ ਦੌਰਾਨ ਉਸ ਨੇ ਬੱਚਿਆਂ ਨੂੰ ਗੁਲਾਬ ਅਤੇ ਬੈਗ ਪੈਕ ਭੇਟ ਕੀਤੇ ਅਤੇ ਉਨ੍ਹਾਂ ਨਾਲ ਤਸਵੀਰਾਂ ਖਿਚਵਾਈਆਂ। ਇਸ ਦੌਰਾਨ ਬੱਚਿਆਂ ਦੀ ਮੰਗ ’ਤੇ ਉਸ ਨੂੰ ਦੁਬਾਰਾ ‘ਏ ਫਲਾਇੰਗ ਜੱਟ’ ਬਣਨਾ ਪਿਆ। ਸ਼ਰਾਫ਼ ਨੇ ਪੋਸਟ ਦੀ ਕੈਪਸ਼ਨ ਵਿੱਚ ਲਿਖਿਆ ਹੈ ਕਿ ਏ ਐੱਫ ਜੇ ਵੱਲੋਂ ਗੁਲਾਬ ਦਿਵਸ ਦੀਆਂ ਮੁਬਾਰਕਾਂ। ਸੰਨ 2016 ਵਿੱਚ ਬਣੀ ਇਸ ਫਿਲਮ ਦੇ ਨਿਰਦੇਸ਼ਕ ਅਤੇ ਲੇਖਕ ਰੈਮੋ ਡਿਸੂਜ਼ਾ ਨੇ ਇਸ ਸਬੰਧੀ ਪੋਸਟ ਸਾਂਝੀ ਕੀਤੀ ਹੈ। ਇਸ ਵਿੱਚ ਉਸ ਨੇ ਲਿਖਿਆ ਕਿ ਇਸੇ ਕਾਰਨ ਇਹ ਫ਼ਿਲਮ ਬਣਾਈ ਗਈ ਸੀ ਤਾਂ ਜੋ ਬੱਚਿਆਂ ਨੂੰ ਉਮੀਦ ਅਤੇ ਪ੍ਰੇਰਨਾ ਮਿਲ ਸਕੇ। ਫ਼ਿਲਮ ਵਿੱਚ ਜੈਕਲੀਨ ਫਰਨਾਂਡੇਜ਼ ਨੂੰ ਹੀਰੋ ਦੀ ਪ੍ਰੇਮਿਕਾ ਵਜੋਂ ਅਤੇ ਨਾਥਨ ਜੋਨਸ ਨੂੰ ਖਲਨਾਇਕ ਵਜੋਂ ਦਿਖਾਇਆ ਗਿਆ ਸੀ। ਟਾਈਗਰ ਸ਼ਰਾਫ ਦੀ ਹੁਣੇ ਜਿਹੇ ਫ਼ਿਲਮ ‘ਬਾਗੀ 4’ ਪੰਜ ਸਤੰਬਰ ਨੂੰ ਰਿਲੀਜ਼ ਹੋਈ ਸੀ। ਏ ਹਰਸ਼ਾ ਵੱਲੋਂ ਬਣਾਈ ਇਸ ਫ਼ਿਲਮ ਵਿੱਚ ਅਦਾਕਾਰ ਸੰਜੇ ਦੱਤ, ਹਰਨਾਜ਼ ਕੌਰ ਸੰਧੂ ਅਤੇ ਸੋਨਮ ਬਾਜਵਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ।