ਦੇਸ਼ ’ਚ ਫਿਟਨੈੱਸ ਦੀ ਲਹਿਰ ਖੜ੍ਹੀ ਹੋਈ: ਰੋਹਿਤ ਸ਼ੈੱਟੀ
ਨਿਰਦੇਸ਼ਕ ਰੋਹਿਤ ਸ਼ੈੱਟੀ ਨੂੰ ਮਿਆਰੀ ਫ਼ਿਲਮਾਂ ਅਤੇ ਫਿਟਨੈੱਸ ਜਨੂੰਨੀ ਵਜੋਂ ਜਾਣਿਆ ਜਾਂਦਾ ਹੈ। ਹਾਲ ਹੀ ਵਿੱਚ ਉਹ ਮੁੰਬਈ ’ਚ ਕਰਵਾਏ ਗਏ ‘ਨੈਸ਼ਨਲ ਫਿਟਨੈੱਸ ਐਂਡ ਵੈਲਨੈਸ ਕਨਕਲੇਵ-2025’ ਵਿੱਚ ਕ੍ਰਿਕਟਰ ਹਰਭਜਨ ਸਿੰਘ ਅਤੇ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨਾਲ ਦਿਖਾਈ ਦਿੱਤਾ। ਰੋਹਿਤ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਉਸ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਦੇਸ਼ ’ਚ ਫਿਟਨੈੱਸ ਦੀ ਲਹਿਰ ਖੜ੍ਹੀ ਹੋ ਰਹੀ ਹੈ ਅਤੇ ਉਨ੍ਹਾਂ ਇਸ ਕੰਮ ਲਈ ਭਾਰਤੀ ਲੀਡਰਸ਼ਿਪ ਦੀ ਸ਼ਲਾਘਾ ਕੀਤੀ। ਰੋਹਿਤ ਨੇ ਆਖਿਆ,‘‘ਮੈਨੂੰ ਬਹੁਤ ਮਾਣ ਹੈ ਕਿ ਸਾਨੂੰ ਅਜਿਹਾ ਪ੍ਰਧਾਨ ਮੰਤਰੀ ਮਿਲਿਆ ਹੈ ਜਿਹੜਾ ਸਿਹਤ ਤੇ ਫਿਟਨੈੱਸ ਬਾਰੇ ਸੋਚਦਾ ਹੈ ਅਤੇ ਇਹ ਬਹੁਤ ਜ਼ਰੂਰੀ ਵੀ ਹੈ। ਮੈਂ ਪਿਛਲੇ 30 ਸਾਲਾਂ ਤੋਂ ਫਿਟਨੈੱਸ ਲਈ ਸਰਗਰਮ ਹਾਂ ਪਰ ਇਨ੍ਹੀਂ ਦਿਨੀਂ ਵੱਡੀ ਗਿਣਤੀ ਲੋਕ ਸੋਸ਼ਲ ਮੀਡੀਆ ’ਤੇ ਸਿਹਤ ਅਤੇ ਫਿਟਨੈੱਸ ਨੂੰ ਲੈ ਕੇ ਸਰਗਰਮ ਹਨ। ਸਾਡੀ ਨੌਜਵਾਨ ਪੀੜ੍ਹੀ ਇਹ ਜਾਣੇ ਬਗੈਰ ਕਿ ਉਹ ਸੱਚਮੁੱਚ ਪ੍ਰੋਫੈਸ਼ਨਲ ਡਾਇਟੀਸ਼ੀਅਨ ਅਤੇ ਨਿਊਟ੍ਰੀਸ਼ੀਅਨ ਹਨ ਜਾਂ ਨਹੀਂ, ਉਨ੍ਹਾਂ ਤੋਂ ਪ੍ਰਭਾਵਿਤ ਹੋ ਰਹੀ ਹੈ। ਇਸ ਬਾਰੇ ਸਾਨੂੰ ਚੌਕਸ ਰਹਿਣ ਦੀ ਲੋੜ ਹੈ। ਸਾਨੂੰ ਇਸ ਸਬੰਧੀ ਸੋਸ਼ਲ ਮੀਡੀਆ ’ਤੇ ਦਿਸ਼ਾ-ਨਿਰਦੇਸ਼ਾਂ ਦੀ ਲੋੜ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਕੌਣ ਕੋਚ ਤੇ ਮਾਰਗਦਰਸ਼ਕ ਹੈ ਅਤੇ ਕਿਹੜਾ ਵਿਅਕਤੀ ਸਿਹਤ ਮਸਲਿਆਂ ਬਾਰੇ ਜਾਗਰੂਕ ਕਰ ਸਕਦਾ ਹੈ।’’
