DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਾਣੀ ਦੀ ਮਾਰ ਵਿਚ ਪਾਣੀ-ਪਾਣੀ ਹੋ ਰਹੀ ਸੱਭਿਅਤਾ ਦਾ ਸੱਚ

  ਕੁਲਦੀਪ ਸਿੰਘ ਦੀਪ (ਡਾ.) ਅਸਲੀਅਤ ਮੱਧ ਪ੍ਰਦੇਸ਼ ਦੇ ਝਾਬੂਆ ਇਲਾਕੇ ਵਿਚ ਵਸਦੇ ਭੀਲ ਆਦਿਵਾਸੀ ਕਬੀਲਿਆਂ ਵਿਚ ਇਕ ਵਿੱਲਖਣ ਪਰੰਪਰਾ ਹੈ ਜਿਸ ਨੂੰ ਹਲਮਾ ਕਿਹਾ ਜਾਂਦਾ ਹੈ। ਭੀਲ ਕਬੀਲੇ ਵਿਚ ਕੋਈ ਵਿਅਕਤੀ ਜਾਂ ਪਰਿਵਾਰ ਆਪਣੇ ’ਤੇ ਆਏ ਕਿਸੇ ਵੀ ਸੰਕਟ...
  • fb
  • twitter
  • whatsapp
  • whatsapp
Advertisement

ਕੁਲਦੀਪ ਸਿੰਘ ਦੀਪ (ਡਾ.)

Advertisement

ਅਸਲੀਅਤ

ਮੱਧ ਪ੍ਰਦੇਸ਼ ਦੇ ਝਾਬੂਆ ਇਲਾਕੇ ਵਿਚ ਵਸਦੇ ਭੀਲ ਆਦਿਵਾਸੀ ਕਬੀਲਿਆਂ ਵਿਚ ਇਕ ਵਿੱਲਖਣ ਪਰੰਪਰਾ ਹੈ ਜਿਸ ਨੂੰ ਹਲਮਾ ਕਿਹਾ ਜਾਂਦਾ ਹੈ। ਭੀਲ ਕਬੀਲੇ ਵਿਚ ਕੋਈ ਵਿਅਕਤੀ ਜਾਂ ਪਰਿਵਾਰ ਆਪਣੇ ’ਤੇ ਆਏ ਕਿਸੇ ਵੀ ਸੰਕਟ ਤੋਂ ਮੁਕਤੀ ਨਾ ਪ੍ਰਾਪਤ ਕਰ ਸਕੇ ਤਾਂ ਸਾਰਾ ਕਬੀਲਾ ਬਿਨਾ ਕਿਸੇ ਸੁਆਰਥ ਦੇ ਉਸ ਦੀ ਮਦਦ ਲਈ ਜੁਟ ਜਾਂਦਾ ਹੈ। ਕਮਾਲ ਦੀ ਗੱਲ ਇਹ ਹੈ ਕਿ ਇਹ ਸਾਰੇ ਲੋਕ ਉਸ ਵਿਅਕਤੀ ਜਾਂ ਪਰਿਵਾਰ ਦੀ ਮਦਦ ਤਾਂ ਕਰਦੇ ਹਨ, ਪਰ ਇਸ ਮਦਦ ਦੇ ਬਦਲੇ ਨਾ ਤਾਂ ਕੁਝ ਲੈਂਦੇ ਹਨ ਤੇ ਨਾ ਹੀ ਕਿਸੇ ਪ੍ਰਕਾਰ ਦਾ ਅਹਿਸਾਨ ਜਤਾਉਂਦੇ ਹਨ। ਇਹ ਲੋਕ ਮੰਨਦੇ ਹਨ ਕਿ ਕਿਸੇ ਵੀ ਵਿਅਕਤੀ ਨੂੰ ਭੀੜ ਪਏ ਤੋਂ ਇਕੱਲਾ ਛੱਡ ਦੇਣਾ ਕੁਦਰਤ ਦੇ ਖਿਲਾਫ਼ ਹੈ। ਝਾਬੂਆ ਦੀ ਇਸ ਧਰਤੀ ’ਤੇ 2015-16 ਵਿਚ ਪਾਣੀ ਦਾ ਬਹੁਤ ਵੱਡਾ ਸੰਕਟ ਆਇਆ। ਪਸ਼ੂ, ਪੰਛੀ ਤੇ ਮਨੁੱਖ ਤਿਹਾਏ ਮਰਨ ਲੱਗੇ। ਧਰਤੀ ਰੁੰਡ-ਮਰੁੰਡ ਹੋਣ ਲੱਗੀ ਅਤੇ ਕਬੀਲੇ ਦੀ ਹੋਂਦ ’ਤੇ ਪ੍ਰਸ਼ਨ ਚਿੰਨ ਲੱਗਣਾ ਸ਼ੁਰੂ ਹੋਇਆ ਤਾਂ ਸਿਆਣੇ ਭੀਲਾਂ ਨੇ ਸੁਝਾਅ ਦਿੱਤਾ ਕਿ ਜਦ ਇਕ ਵਿਅਕਤੀ ’ਤੇ ਆਏ ਸੰਕਟ ਨੂੰ ਦੂਰ ਕਰਨ ਲਈ ਹਲਮਾ ਹੋ ਸਕਦਾ ਹੈ ਤਾਂ ਹੁਣ ਜਦ ਪਿੰਡਾਂ ਦੇ ਪਿੰਡ ਮਰ ਰਹੇ ਹਨ ਤਾਂ ਫਿਰ ਹਲਮਾ ਕਿਉਂ ਨਹੀਂ? ਇੰਝ ਉੱਥੇ ਹਲਮਾ ਕੀਤਾ ਗਿਆ। ਇਉਂ ਇਤਿਹਾਸ ਸਿਰਜਦਿਆਂ ਸਵੇਰੇ ਸੱਤ ਵਜੇ ਤੋਂ 12 ਵਜੇ ਤਕ ਸਿਰਫ਼ ਪੰਜ ਘੰਟਿਆਂ ਵਿਚ ਪੂਰੇ ਇਲਾਕੇ ਵਿਚ 15000 ਨਿੱਕੇ ਨਿੱਕੇ ਤਲਾਬ ਬਣਾ ਦਿੱਤੇ ਅਤੇ ਪਹਿਲਾਂ ਬਣੇ ਉਨ੍ਹਾਂ 25000 ਨਿੱਕੇ ਤਲਾਬਾਂ ਦੀ ਸਫ਼ਾਈ ਕੀਤੀ ਜਿਹੜੇ ਮਿੱਟੀ ਨਾਲ ਅਟ ਚੁੱਕੇ ਸਨ। ਇਸ ਦਾ ਸਿੱਟਾ ਇਹ ਨਿਕਲਿਆ ਕਿ ਸਾਰਾ ਝਾਬੂਆ ਇਲਾਕਾ 40000 ਜਲ ਸਰੋਤਾਂ ਨਾਲ ਹਰਾ-ਭਰਾ ਹੋ ਗਿਆ।

ਆਦਿਵਾਸੀਆਂ ਨੇ ਇਹ ਸਾਰਾ ਕੁਝ ਕਰ ਲਿਆ, ਪਰ ਅਸੀਂ ਆਧੁਨਿਕ ਅਖਵਾਉਣ ਵਾਲੇ ਲੋਕਾਂ ਨੇ ਕੀ ਕੀਤਾ? ਸਾਡੇ ਵੱਡ-ਵਡੇਰਿਆਂ ਦੇ ਬਣਾਏ ਛੱਪੜ, ਤਲਾਅ, ਖੂਹ, ਬਾਉਲੀਆਂ, ਚੋਅ, ਕੱਸੀਆਂ ਵੀ ਅਸੀਂ ਪੂਰਨੇ ਸ਼ੁਰੂ ਕਰ ਦਿੱਤੇ। ਪਿੰਡਾਂ ਦੇ ਛੱਪੜ, ਖੂਹ ਤੇ ਝਿੜੀਆਂ ਉੱਤੇ ਕੰਪਿਊਟਰ ਕਰਾਹ ਲਾ ਕੇ ਜਾਂ ਤਾਂ ਨਾਜ਼ਾਇਜ਼ ਕਬਜ਼ੇ ਕਰ ਲਏ ਜਾਂ ਫਿਰ ਇਨ੍ਹਾਂ ਨੂੰ ਵਾਹੀਯੋਗ ਜ਼ਮੀਨ ਦੇ ਰੂਪ ਵਿਚ ਵਰਤ ਕੇ ਮੁਨਾਫ਼ੇ ਦਾ ਧੰਦਾ ਬਣਾ ਲਿਆ। ਸ਼ਹਿਰ ਇਸ ਤੋਂ ਵੀ ਅੱਗੇ ਨਿਕਲ ਗਏ। ਸਰਕਾਰਾਂ ਦੀ ਸ਼ਹਿ ’ਤੇ ਵੱਡੇ ਵੱਡੇ ਕਾਰਪੋਰੇਟ ਤੇ ਕਲੋਨਾਈਜ਼ਰ ਖੁੰਭਾਂ ਵਾਂਗ ਉੱਗ ਆਏ ਅਤੇ ਨਦੀਆਂ, ਦਰਿਆਵਾਂ, ਚੋਆਂ, ਕੱਸੀਆਂ, ਝੋਤਾਂ ਆਦਿ ਦੀਆਂ ਥਾਵਾਂ ’ਤੇ ਨਾਜਾਇਜ਼ ਜਾਂ ਸਸਤੇ ਭਾਵਾਂ ’ਤੇ ਕਬਜ਼ੇ ਕਰ ਕੇ ਰੀਅਲ ਅਸਟੇਟ ਰਾਹੀਂ ਬਹੁਮੰਜ਼ਿਲਾ ਇਮਾਰਤਾਂ ਦਾ ਜੰਗਲ ਉਸਾਰ ਦਿੱਤਾ। ਉੱਚੀਆਂ ਉੱਚੀਆਂ ਸੜਕਾਂ ਅਤੇ ਓਵਰਬ੍ਰਿਜ ਉਸਾਰ ਕੇ ਟੋਲ ਲਗਾ ਦਿੱਤੇ। ਇੱਥੋਂ ਹੀ ਤ੍ਰਾਸਦੀ ਦਾ ਆਗਾਜ਼ ਹੁੰਦਾ ਹੈ।

ਇਹ ਭੁੱਲ ਗਏ ਕਿ ਦਰਿਆ, ਨਦੀਆਂ ਨਾਲੇ, ਸੂਏ, ਕੱਸੀਆਂ ਤੇ ਚੋਅ... ਕੁਦਰਤ ਦੀ ਸ਼ਾਹਰਗ ਹਨ। ਅਰਬਾਂ-ਖਰਬਾਂ ਸਾਲ ਪਹਿਲਾਂ ਸੂਰਜ ਨਾਲੋਂ ਗੈਸਾਂ ਆਦਿ ਦਾ ਗੋਲਾ ਟੁੱਟਿਆ। ਉਸ ਤੋਂ ਬਾਅਦ ਬਾਰਿਸ਼ਾਂ ਦਾ ਲੰਮਾ ਦੌਰ ਸ਼ੁਰੂ ਹੋਇਆ ਅਤੇ ਇਹ ਬੇਹੱਦ ਗਰਮ ਗੋਲਾ ਬਾਰਿਸ਼ਾਂ ਨਾਲ ਠਰਦਾ ਗਿਆ। ਇਕ ਸੈਲੀ ਜੀਵਾਂ ਦੇ ਪੈਦਾ ਹੋਣ ਤੋਂ ਸ਼ੁਰੂ ਹੋ ਕੇ ਜੀਵ ਵਿਕਾਸ ਦਾ ਸਿਲਸਿਲਾ ਸਾਡੇ ਤੀਕ ਪਹੁੰਚਿਆ। ਉਦੋਂ ਤੋਂ ਕੁਦਰਤ ਦੀ ਇਹ ਸ਼ਾਹਰਗ ਆਪਮੁਹਾਰੇ ਚਲਦੀ ਰਹੀ। ਇਹ ਜਲ ਸਰੋਤ ਇਕ ਥਾਂ ਤੋਂ ‘ਬਹੁਤ ਕੁਝ’ ਚੁੱਕ ਦੂਜੀ ਥਾਂ ’ਤੇ ਢੋਅ ਕੇ ਧਰਤੀ ਨੂੰ ਜ਼ਰਖੇਜ਼ ਬਣਾਉਂਦੇ ਰਹੇ ਹਨ। ਮਨੁੱਖਾਂ ਤੋਂ ਬਿਨਾ ਹੁਣ ਤਕ ਬ੍ਰਹਿਮੰਡ ਦੀਆਂ ਸਾਰੀਆਂ ਜੀਵ ਜਾਤੀਆਂ ਨੇ ਕੁਦਰਤ ਦੇ ਇਸ ਵਹਿਣ ਮੁਤਾਬਿਕ ਜਿਉਣਾ ਸਿੱਖਿਆ ਹੈ। ਮੁੱਢਲੇ ਦੌਰ ਵਿਚ ਮਨੁੱਖ ਨੇ ਵੀ ਇੰਝ ਹੀ ਕੀਤਾ। ਮੱਧਕਾਲ ਤਕ ਕੁਦਰਤ ਨਾਲ ਥੋੜ੍ਹੇ ਬਹੁਤੇ ਟਕਰਾਵਾਂ ਦੇ ਬਾਵਜੂਦ ਮਨੁੱਖ ਕੁਦਰਤ ਨਾਲ ਸੰਤੁਲਨ ਕਾਇਮ ਰੱਖਦਾ ਆਇਆ। ਕੁਦਰਤ ਉਸ ਦੇ ਜੀਣ-ਮਰਨ ਵਿਚ ਸਹਿਯੋਗੀ ਰਹੀ। ਪਰ ਸਾਡੇ ਅਖੌਤੀ ਵਿੱਦਿਅਕ ਅਦਾਰਿਆਂ ਅਤੇ ਕਾਰੋਪੋਰੇਟ ਕੰਪਨੀਆਂ ਦੁਆਰਾ ਸੱਤਾ ਦੇ ਇਸ਼ਾਰਿਆਂ ਰਾਹੀਂ ਹੋਏ ਆਧੁਨਿਕ ਦੌਰ ਦੇ ‘ਵਿਕਾਸ’ ਨੇ ਮਨੁੱਖ ਨੂੰ ਕੁਦਰਤ ਦੇ ਵਿਰੋਧ ਵਿਚ ਲਿਆ ਕੇ ਖੜ੍ਹਾ ਕਰ ਦਿੱਤਾ। ਸਾਰੇ ਵਿਕਾਸ ਦੇ ਬਾਵਜੂਦ ਇਕ ਗੱਲ ਸੱਚ ਹੈ ਕਿ ਕੁਦਰਤ ਦਾ ਪਾਰ ਨਹੀਂ ਪਾਇਆ ਜਾ ਸਕਦਾ। ਲੱਖਾਂ ਸਾਲਾਂ ਦੇ ਵਿਕਾਸ ਨੂੰ ਕੁਦਰਤ ਕੁਝ ਪਲਾਂ ਵਿਚ ਢਹਿ ਢੇਰੀ ਕਰਨ ਦੇ ਸਮਰੱਥ ਹੈ; ਚਾਹੇ ਹਨੇਰੀ ਤੂਫ਼ਾਨ ਨਾਲ ਹੋਵੇ, ਠੰਢ ਗਰਮੀ ਨਾਲ, ਸੋਕਾ ਜਾਂ ਫਿਰ ਬਾਰਿਸ਼। ਬਾਕੀ ਚੀਜ਼ਾਂ ਦਾ ਫਿਰ ਵੀ ਕੋਈ ਨਾ ਕੋਈ ਹੱਲ ਹੁੰਦਾ ਹੈ, ਪਰ ਪਾਣੀ ਤਾਂ ਬਸ ਪਾਣੀ ਹੈ। ਇਹ ਜਿੰਨਾ ਜੀਵਨ ਉਸਾਰਕ ਹੈ, ਓਨਾ ਹੀ ਜੀਵਨ ਸੰਘਾਰਕ ਹੈ। ਪਾਣੀਆਂ ਬਾਰੇ ਸਾਡੀ ਲੋਕ ਸਿਆਣਪ ਕਹਿੰਦੀ ਹੈ ਕਿ:

- ਮਨੁੱਖ ਕਈ ਮਹੀਨਿਆਂ ਦਾ ਸੋਕਾ ਤਾਂ ਸਹਾਰ ਸਕਦਾ ਹੈ, ਪਰ ਕੁਝ ਘੜੀਆਂ ਦਾ ਮੀਂਹ ਨਹੀਂ ਸਹਾਰ ਸਕਦਾ।

- ਅੱਗ ਤੋਂ ਬਚਾਅ ਪਾਣੀ ਨਾਲ ਹੋ ਸਕਦਾ ਹੈ, ਪਰ ਪਾਣੀ ਤੋਂ ਕਿਸੇ ਤਰੀਕੇ ਨਾਲ ਬਚਾਅ ਨਹੀਂ ਕੀਤਾ ਜਾ ਸਕਦਾ।

ਕੁਝ ਗੱਲਾਂ ਅਸੀਂ ਕਵਿਤਾਵਾਂ ਅਤੇ ਸ਼ਿਅਰਾਂ ਵਿਚ ਪੜ੍ਹਦੇ ਰਹੇ, ਦਾਦ ਵੀ ਦਿੰਦੇ ਰਹੇ, ਪਰ ਉਨ੍ਹਾਂ ਦਾ ਤੱਤਸਾਰ ਸਮਝ ਕੇ ਜ਼ਿੰਦਗੀ ਵਿਚ ਅਪਣਾਇਆ ਨਹੀਂ। ਬਸ਼ੀਰ ਬਦਰ ਦਾ ਇਹ ਸ਼ਿਅਰ ਲਗਭਗ ਸਾਰਿਆਂ ਨੇ ਹੀ ਸੁਣਿਆ ਹੋਵੇਗਾ:

ਹਮ ਭੀ ਦਰਿਆ ਹੈਂ, ਹਮੇਂ ਆਪਣਾ ਹੁਨਰ ਮਾਲੂਮ ਹੈ

ਜਿਸ ਤਰਫ਼ ਭੀ ਚਲ ਪੜੇਂਗੇ ਰਾਸਤਾ ਹੋ ਜਾਏਗਾ...

ਲਿਖਣ ਵਾਲੇ ਨੇ ਕਮਾਲ ਲਿਖਿਆ, ਪਰ ਪੜ੍ਹਨ ਵਾਲਿਆਂ ’ਚੋਂ ਅਮਲ ਕਿਸੇ ਨੇ ਨਾ ਕੀਤਾ, ਇਸ ਦਾ ਸੱਚ ਕਿਸੇ ਨੇ ਨਾ ਸਮਝਿਆ। ਗੱਲ ਸੌ ਫ਼ੀਸਦੀ ਸੱਚ ਹੈ ਕਿ ਦਰਿਆਵਾਂ ਨੂੰ ਆਪੇ ਆਪਣਾ ਰਾਹ ਬਣਾਉਣ ਦਾ ਹੁਨਰ ਆਉਂਦਾ ਹੈ। ਫਿਰ ਕਿਹੜੀਆਂ ਤਾਕਤਾਂ ਦੇ ਕਹਿਣ ’ਤੇ ਅਸੀਂ ਦਰਿਆਵਾਂ ਦਾ ਰਾਹ ਰੋਕਿਆ, ਉਨ੍ਹਾਂ ਥਾਵਾਂ ’ਤੇ ਆਪਣੀਆਂ ਲਾਲਸਾਵਾਂ ਦੇ ਮਹਿਲ ਉਸਾਰੇ? ਲਹਿੰਦੇ ਪੰਜਾਬ ਦਾ ਕਾਲਮਨਵੀਸ ਮੁਹੰਮਦ ਹਨੀਫ਼ ਦੱਸਦਾ ਹੈ:

“ਅਸੀਂ ਆਪਣੀ ਧਰਤੀ ਨੂੰ ਪੰਜਾਬ ਆਖਦੇ ਹਾਂ। ਪਰ ਬਹੁਤ ਸਾਰੇ ਲੋਕ ਐਸੇ ਨੇ ਜਿਨ੍ਹਾਂ ਨੇ ਸਾਡੇ ਵੱਡੇ ਦਰਿਆ ਸਤਲੁਜ ਅਤੇ ਚਨਾਬ ਜ਼ਿੰਦਗੀ ਵਿੱਚ ਕਦੇ ਦੇਖੇ ਹੀ ਨਹੀਂ। ਅਸੀਂ ਸੁਕਾ ਛੱਡੇ ਨੇ। ਇਨ੍ਹਾਂ ਦਰਿਆਵਾਂ ਦਾ ਨਾਂ ਉਦੋਂ ਸੁਣੀਦਾ ਏ ਜਦੋਂ ਬਾਰਿਸ਼ ਜ਼ਿਆਦਾ ਹੋਵੇ ਅਤੇ ਕਹਿਰ ਖ਼ੁਦਾ ਦਾ ਲੈ ਕੇ ਸਾਡੇ ਮੋਏ ਦਰਿਆ ਅਜ਼ਾਬ ਬਣ ਜਾਂਦੇ ਨੇ। ਸੁੱਕੇ ਦਰਿਆ ਜਦੋਂ ਹੜ੍ਹ ਨਾਲ ਜੋਅ ਪੈਂਦੇ ਨੇ ਫਿਰ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਅਸੀਂ ਉਨ੍ਹਾਂ ਦੇ ਰਸਤਿਆਂ ’ਤੇ ਆਬਾਦੀਆਂ ਬਣਾ ਛੱਡੀਆਂ ਨੇ, ਕਾਲੋਨੀਆਂ ਕੱਟ ਛੱਡੀਆਂ ਨੇ। ਇਹ ਦਰਿਆ ਅਤੇ ਨਾਲੇ ਆਪਣੀ ਪੁਰਾਣੀ ਰਾਹ ਸੁੰਘਦੇ ਨੇ। ਉਹ ਫਿਰ ਤੁਰੇ ਆਉਂਦੇ ਨੇ। ਨਾ ਰਸਤੇ ਵਿੱਚ ਕਿਸੇ ਦਾ ਕੱਚਾ ਘਰ ਬਚਦਾ ਹੈ ਨਾ ਕਿਸੇ ਦੀ ਪੱਕੀ ਕੋਠੀ।”

ਤ੍ਰਾਸਦੀ ਇਹ ਵਾਪਰੀ ਕਿ ਅਸੀਂ ਕੁਦਰਤ ਦੇ ਇਨ੍ਹਾਂ ਰਸਤਿਆਂ ਨੂੰ ਰੋਕ ਲਿਆ, ਦੱਬ ਲਿਆ, ਇਨ੍ਹਾਂ ’ਤੇ ਉਸਾਰੀਆਂ ਕਰ ਲਈਆਂ ਜਾਂ ਇਨ੍ਹਾਂ ਮੂਹਰੇ ਰੋਕਾਂ ਖੜ੍ਹੀਆਂ ਕਰ ਲਈਆਂ। ਭੂ-ਵਿਗਿਆਨਕ ਨਾਸਮਝੀ ਜਾਂ ਜਾਣਬੁੱਝ ਕੇ ਕੀਤੀ ਸਾਜ਼ਿਸ਼ ਕਰਕੇ ਅਪਣਾਇਆ ਵਿਕਾਸ ਦਾ ਮਾਡਲ ਕੁਦਰਤ ਨਾਲ ਟਕਰਾਅ ਵਾਲਾ ਸੀ।

ਮੁਹੰਮਦ ਹਨੀਫ਼ ਦੀ ਦੱਸੀ ਗੱਲ ਸਿਰਫ਼ ਲਹਿੰਦੇ ਪੰਜਾਬ ਵਿਚ ਹੀ ਨਹੀਂ ਵਾਪਰੀ ਸਗੋਂ ਇਹ ਸਾਡੇ ਸਾਰੇ ਦੇਸ਼ ਦੇ ਬਹੁਤ ਵੱਡੇ ਹਿੱਸਿਆਂ ਦੀ ਹੋਣੀ ਹੈ। ਤਲਾਬ, ਚੋਅ, ਦਰਿਆ, ਨਦੀਆਂ, ਨਾਲੇ ਅਸਲ ਵਿਚ ਕਿਸੇ ਨੇ ਬਣਾਏ ਨਹੀਂ, ਇਹ ਕੁਦਰਤੀ ਰੂਪ ਵਿਚ ਹੋਂਦ ’ਚ ਆਏ। ਪਾਣੀਆਂ ਦੇ ਵਹਿਣ ਵਹਿੰਦੇ ਹਨ ਤਾਂ ਜ਼ਿੰਦਗੀ ਧੜਕਦੀ ਹੈ, ਗੀਤ ਉੱਗਦੇ ਹਨ, ਕਾਇਨਾਤ ਸੁਰ ’ਚ ਹੋ ਜਾਂਦੀ ਹੈ। ਪਰ ਇਨ੍ਹਾਂ ਵਹਿਣਾਂ ਦਾ ਰਾਹ ਰੁਕਦਾ ਹੈ ਤਾਂ ਇਹ ਆਪਮੁਹਾਰੇ, ਬੇਤਰਤੀਬੇ ਤੇ ਮੂੰਹਜ਼ੋਰ ਹੁੰਦੇ ਹਨ, ਉਸਾਰੂ ਤੋਂ ਮਾਰੂ ਹੁੰਦਿਆਂ ਤਬਾਹੀ ਮਚਾ ਦਿੰਦੇ ਹਨ। ਵੱਡੀਆਂ-ਵੱਡੀਆਂ ਬਹੁਮੰਜ਼ਿਲਾ ਇਮਾਰਤਾਂ ਨੂੰ ਮੂਧੇ ਮੂੰਹ ਡੇਗ, ਬੰਨ੍ਹਾਂ ਨੂੰ ਤੋੜ ਅਤੇ ਪਹਾੜਾਂ ਨੂੰ ਖੋਰ ਦਿੰਦੇ ਹਨ। ਗੱਡੀਆਂ, ਬੱਸਾਂ, ਟਰੱਕਾਂ, ਟਰਾਲਿਆਂ ਨੂੰ ਕਾਗਜ਼ ਦੀਆਂ ਕਿਸ਼ਤੀਆਂ ਵਾਂਗ ਵਹਾ ਕੇ ਲੈ ਜਾਂਦੇ ਹਨ, ਸੜਕਾਂ ਅਤੇ ਪੁਲਾਂ ਦੇ ਪਰਖੱਚੇ ਉਡਾ ਦਿੰਦੇ ਹਨ। ਬੰਦੇ, ਪਸ਼ੂ ਅਤੇ ਪਰਿੰਦੇ ਤਾਂ ਇਸ ਮੂਹਰੇ ਚੀਜ਼ ਹੀ ਕੀ ਹਨ!

ਪੁਰਾਣਾ ਮਨੁੱਖ ਅਨਪੜ੍ਹ ਜ਼ਰੂਰ ਸੀ, ਪਰ ਉਸ ਨੇ ਕੁਦਰਤ ਨਾਲ ਖੇਡਦਿਆਂ ਇਸ ਨਾਲ ਖ਼ੂਬਸੂਰਤ ਰਿਸ਼ਤਾ ਘੜਿਆ ਅਤੇ ਇਸ ਦੇ ਸੁਭਾਅ ਨੂੰ ਸਮਝਿਆ ਸੀ। ਉਸ ਨੂੰ ਇਹ ਕਾਫ਼ੀ ਹੱਦ ਤੀਕ ਇਹ ਅੰਦਾਜ਼ਾ ਹੋ ਗਿਆ ਸੀ ਕਿ ਕੁਦਰਤ ਦੀਆਂ ਸ਼ੈਆਂ ਨੂੰ ਕਿੰਨਾ ਕੁ ਵਰਤਿਆ ਜਾ ਸਕਦਾ ਹੈ ਅਤੇ ਕਿੰਨਾ ਕੁ ਰੋਕਿਆ।

ਇਸੇ ਲਈ ਉਸ ਨੇ ਧਰਤੀ ਨੂੰ ਮਾਤਾ ਬਣਾ ਲਿਆ ਅਤੇ ਪਾਣੀ ਨੂੰ ਪਿਤਾ। ਉਸ ਨੇ ਪਾਣੀਆਂ ਦੀ ਲੋੜ ਨੂੰ ਵੀ ਸਮਝ ਲਿਆ ਅਤੇ ਉਸ ਦੇ ਸੁਭਾਅ ਨੂੰ ਵੀ। ਇਸੇ ਲਈ ਉਸ ਨੇ ਪਾਣੀਆਂ ਮੁਤਾਬਿਕ ਜੀਵਨ ਜਾਚ ਸਿਰਜੀ। ਪਾਣੀ ਦੇ ਵਹਿਣ ਮੁਤਾਬਿਕ ਛੱਪੜ ਤੇ ਨਾਲੇ ਬਣਾਏ, ਜਿੱਥੇ ਪਾਣੀ ਬੇਕਾਬੂ ਹੋਇਆ ਉੱਥੇ ਪਿੱਛੇ ਹਟ ਕੇ ਇਸ ਨੂੰ ਰਾਹ ਦੇ ਦਿੱਤਾ ਅਤੇ ਜਲ ਸਰੋਤਾਂ ਦੇ ਕਿਨਾਰੇ ਸੱਭਿਅਤਾਵਾਂ ਵਸਾ ਲਈਆਂ। ਸਾਡੇ ਬਹੁਤੇ ਪਿੰਡ, ਸ਼ਹਿਰ ਉੱਥੇ ਵੱਸੇ ਹੋਏ ਹਨ ਜਿੱਥੇ ਕੁਦਰਤੀ ਤੌਰ ’ਤੇ ਧਰਤੀ ਦੇ ਹੇਠਾਂ ਪਾਣੀ ਸੀ ਜਾਂ ਜਿੱਥੇ ਪਾਣੀ ਰੁਕਦਾ ਸੀ ਜਾਂ ਜਿੱਥੋਂ ਦੀ ਪਾਣੀਆਂ ਦੇ ਵਹਿਣ ਲੰਘਦੇ ਸੀ। ਇਹ ਥਾਂ ਛੱਪੜ, ਝਰਨੇ, ਝੀਲ, ਦਰਿਆ, ਚੋਅ ਜਾਂ ਸਮੁੰਦਰ, ਡੁੰਮ, ਝੋਤ ਆਦਿ ਕੁਝ ਵੀ ਹੋ ਸਕਦੇ ਸਨ। ਇਸੇ ਤੋਂ ਬਾਅਦ ਵਿਚ ਖੂਹ ਬਣੇ, ਨਦੀਆਂ ਬਣੀਆਂ ਅਤੇ ਇਸ ਤੋਂ ਬਾਅਦ ਨਦੀਆਂ ’ਤੇ ਬੰਨ੍ਹ ਬਣੇ।

ਬੇਸ਼ਕ ਹੜ੍ਹ ਆਉਣਾ ਵੀ ਕੁਦਰਤ ਦੀ ਇਕ ਸਹਿਜ ਪ੍ਰਕਿਰਿਆ ਹੈ। ਬਹੁਤ ਸਾਰੇ ਰਸਾਇਣਕ ਅਤੇ ਵਾਤਾਵਰਣਕ ਕਾਰਨਾਂ ਕਰਕੇ ਮਨੁੱਖੀ ਸੱਭਿਅਤਾ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਵੀ ਹੜ੍ਹ ਆਉਂਦੇ ਰਹੇ ਹਨ। ਵਿਸ਼ਵ ਦੀਆਂ ਸਭ ਤੋਂ ਪੁਰਾਣੀਆਂ ਸੱਭਿਅਤਾਵਾਂ (ਭਾਰਤੀ, ਬੇਬੀਲੋਨ, ਮੈਸੋਪੋਟੇਮੀਆ, ਚੀਨੀ ਅਤੇ ਸੁਮੇਰੀਅਨ) ਦੀਆਂ ਅਨੇਕ ਕਥਾਵਾਂ ਵਿਚ ਇਸ ਦੇ ਹਵਾਲੇ ਮਿਲਦੇ ਹਨ। ਮੈਸੋਪੋਟੇਮੀਆ ਦੀ ਸੱਭਿਅਤਾ ਵਿਚ 2100 ਈਸਾ ਪੂਰਵ ਰਚੀ ‘ਗਿਲਗਮੇਸ਼ ਦਾ ਮਹਾਂਕਾਵਿ’ ਨਾਂ ਦੀ ਰਚਨਾ ਪ੍ਰਾਪਤ ਹੁੰਦੀ ਹੈ ਜਿਸ ਦੇ ਪੁਰਾਣੇ ਬੇਬੀਲਿਨਿਅਨ ਸੰਸਕਰਣ ਵਿਚ ਹੜ੍ਹ ਕਥਾ ਦਾ ਜ਼ਿਕਰ ਆਉਂਦਾ ਹੈ ਕਿ ਸਰਬਉੱਚ ਦੇਵਤਾ ਐਨਿਲ ਦੁਨੀਆਂ ਨੂੰ ਹੜ੍ਹ ਨਾਲ ਨਸ਼ਟ ਕਰਨਾ ਦਾ ਫ਼ੈਸਲਾ ਕਰਦਾ ਹੈ ਕਿਉਂਕਿ ਉਹ ਬਹੁਤ ਚੀਕ-ਚਿਹਾੜਾ ਪਾਉਣ ਲੱਗ ਪਿਆ ਹੈ। ਹਿੰਦੂ ਪੌਰਾਣਿਕ ਕਥਾਵਾਂ ਵਿਚ ਲਗਭਗ ਛੇ ਸਦੀਆਂ ਈਸਾ ਪੂਰਵ ‘ਸਤਪਥ ਬ੍ਰਾਹਮਣ’ ਵਿਚ ਇਕ ਵਿਸ਼ਾਲ ਹੜ੍ਹ ‘ਪ੍ਰਲਯ’ ਦੀ ਕਥਾ ਹੈ ਜਿਸ ਵਿਚ ਭਗਵਾਨ ਵਿਸ਼ਨੂੰ ਦਾ ਮੱਛ (ਮਤੱਸਯ) ਅਵਤਾਰ ਪ੍ਰਥਮ ਪੁਰਖ ‘ਮਨੂ’ ਨੂੰ ਭਿਆਨਕ ਹੜ੍ਹ ਦੀ ਚਿਤਾਵਨੀ ਦਿੰਦਾ ਅਤੇ ਇਕ ਵਿਸ਼ਾਲ ਕਿਸ਼ਤੀ ਬਣਾਉਣ ਦੀ ਸਲਾਹ ਦਿੰਦਾ ਹੈ।

ਇਹ ਰਚਨਾਵਾਂ ਹੜ੍ਹਾਂ ਦੇ ਖ਼ਤਰੇ ਵੱਲ ਸੰਕੇਤ ਕਰਦੀਆਂ ਹਨ, ਪਰ ਇਹ ਸਾਰਾ ਕੁਝ ਕਦੇ ਕਦਾਈਂ ਵਾਪਰਦਾ ਸੀ। ਪਰ ਅਸਾਵੇਂ ਮਨੁੱਖੀ ਵਿਕਾਸ ਅਤੇ ਵਿਕਾਸ ਦੇ ਆਧੁਨਿਕ ਮਾਡਲ ਵਿਚ ਵਾਤਾਵਰਨ ਨੂੰ ਮੁੱਢੋਂ ਮਨਫ਼ੀ ਕਰਨ ਕਰਕੇ ਹੜ੍ਹ ਅਤੇ ਇਨ੍ਹਾਂ ਰਾਹੀਂ ਹੋਇਆ ਵਿਨਾਸ਼ ਅਜੋਕੇ ਦੌਰ ਵਿਚ ਸਾਡੀ ਹੋਣੀ ਬਣ ਚੁੱਕੇ ਹਨ। 2013 ਵਿਚ ਕੇਦਾਰਨਾਥ ਵਿਚ ਬੱਦਲ ਫਟਣ ਕਾਰਨ ਆਏ ਭਿਆਨਕ ਹੜ੍ਹਾਂ ਨੇ ਜੋ ਤਬਾਹੀ ਲਿਆਂਦੀ, ਉਹ ਮਨੁੱਖੀ ਇਤਿਹਾਸ ਦੀਆਂ ਵੱਡੀਆਂ ਤਬਾਹੀਆਂ ’ਚੋਂ ਇਕ ਸੀ। ਕੇਦਾਰਨਾਥ ਇਲਾਕਾ ਤਿੰਨ ਪਹਾੜੀਆਂ (ਕੇਦਾਰਨਾਥ, ਕਰਾਚਕੁੰਡ ਅਤੇ ਭਰਤਕੁੰਡ) ਦੇ ਵਿਚਕਾਰ ਘਿਰਿਆ ਹੈ ਜਿੱਥੋਂ ਪੰਜ ਨਦੀਆਂ (ਮੰਦਾਕਿਨੀ, ਮਧੂਗੰਗਾ, ਚਿਰਗੰਗਾ, ਸਰਸਵਤੀ ਅਤੇ ਸਵਰੰਦਰੀ) ਨਿਕਲਦੀਆਂ ਹਨ। ਬਾਰਿਸ਼ਾਂ ਦੇ ਦਿਨਾਂ ਵਿਚ ਇਹ ਨਦੀਆਂ ਉੱਛਲਦੀਆਂ ਹਨ ਅਤੇ ਥੱਲੇ ਵੱਲ ਨੂੰ ਦੌੜਦੀਆਂ ਹਨ। ਹੋਇਆ ਇਹ ਕਿ ਸੈਲਾਨੀ ਸਥਲ ਦੇ ਗ਼ੈਰ-ਕੁਦਰਤੀ ਆਰਥਿਕ ਮਾਡਲ ਤਹਿਤ ਇਸ ਜਗ੍ਹਾ ਲੋਕਾਂ ਨੂੰ ਆਕਰਸ਼ਿਤ ਕਰਨ ਅਤੇ ਉਨ੍ਹਾਂ ਨੂੰ ਠਹਿਰਾਉਣ ਲਈ ਇਨ੍ਹਾਂ ਨਦੀਆਂ ਦੇ ਵਹਿਣ ਵਿਚ ਸੈਂਕੜੇ ਹੋਟਲ ਉਸਾਰ ਲਏ ਗਏ। ਗਲੇਸ਼ੀਅਰ ਤੋਂ ਥੱਲੇ ਵੱਲ ਪਾਣੀ ਆਉਣ ਦੇ ਰਸਤਿਆਂ ਵਿਚ ਗੈਸਟ ਹਾਊਸ ਅਤੇ ਦੁਕਾਨਾਂ ਬਣਾ ਦਿੱਤੀਆਂ ਗਈਆਂ। ਜ਼ਿਆਦਾਤਰ ਲੋਕ ਧਰਮ-ਕਰਮ ਦੀ ਥਾਂ ਮੌਜ ਮੇਲਾ ਮਨਾਉਣ ਲਈ ਲੱਖਾਂ ਦੀ ਗਿਣਤੀ ਵਿਚ ਉੱਥੇ ਜਾਣ ਲੱਗੇ। ਸੋ ਮੁਨਾਫ਼ੇ ਖ਼ਾਤਰ ਇਨ੍ਹਾਂ ਪੰਜਾਂ ਨਦੀਆਂ ਦੇ ਵਹਿਣ ਨੂੰ ਰੋਕਿਆ ਗਿਆ ਤਾਂ ਕੁਦਰਤ ਨੇ ਕਹਿਰਵਾਨ ਹੋਣਾ ਹੀ ਸੀ।

ਭੂ-ਵਿਗਿਆਨਕ ਤੌਰ ’ਤੇ ਹਿਮਾਲਿਆ ਪਰਬਤ ਹਿੰਦੋਸਤਾਨ ਦੀ ਜੀਵਨ ਰੇਖਾ ਹੈ। ਆਪਣੇ ਪੈਰਾਂ ਵਿਚ ਵੱਸੇ ਲੋਕਾਂ ਨੂੰ ਇਸ ਨੇ ਕੁਦਰਤੀ ਨਿਆਮਤਾਂ ਦੇ ਰੂਪ ਵਿਚ ਜਿਉਣ ਦਾ ਆਧਾਰ ਦਿੱਤਾ। ਸਦੀਆਂ ਤਕ ਇਸ ਦੀਆਂ ਚੋਟੀਆਂ ’ਤੇ ਸੁੰਨ ਪਿਆ ਰਿਹਾ। ਰਿਸ਼ੀ, ਮੁਨੀ, ਜੋਗੀ, ਸੰਤ, ਮਹਾਤਮਾ ਕਦੇ ਕਦਾਈਂ ਇਨ੍ਹਾਂ ਪਹਾੜਾਂ ਵੱਲ ਜਾਂਦੇ ਅਤੇ ਤਪ ਸਾਧਨਾ ਕਰਦੇ। ਹੌਲੀ ਹੌਲੀ ਇਨ੍ਹਾਂ ਦੇ ਟਾਵੇਂ ਟਾਵੇਂ ਸ਼ਰਧਾਲੂ ਪੈਦਲ ਇਨ੍ਹਾਂ ਥਾਵਾਂ ’ਤੇ ਜਾਣ ਲੱਗੇ। ਕਿਹਾ ਜਾਂਦਾ ਹੈ ਕਿ ਇਹ ਟਾਵੇਂ-ਟਾਵੇਂ ਲੋਕ ਆਪਣੇ ਨਾਲ ਹਲਕਾ-ਫੁਲਕਾ ਖਾਣਾ (ਚਾਵਲ, ਦਾਲ ਤੇ ਖਿਚੜੀ ਵਗੈਰਾ) ਲੈ ਕੇ ਜਾਂਦੇ ਸਨ ਤੇ ਸਾਰੇ ਰਿਸ਼ਤੇਦਾਰਾਂ ਨੂੰ ਮਿਲ ਕੇ ਜਾਂਦੇ ਸਨ ਕਿਉਂਕਿ ਅਕਸਰ ਇਹ ਲੋਕ ਵਾਪਸ ਨਹੀਂ ਆ ਸਕਦੇ ਸਨ। ਕੋਈ ਵਿਰਲਾ ਹੀ ਘਰ ਵਾਪਸੀ ਕਰਦਾ ਸੀ। ਬਦਰੀਨਾਥ ਬਾਰੇ ਇਕ ਪ੍ਰਸਿੱਧ ਅਖਾਣ ਹੈ:

ਜਾਏ ਜੋ ਬਦਰੀ, ਵੋ ਲੌਟੇ ਨਾ ਉਦਰੀ

ਲੌਟੇ ਜੋ ਉਦਰੀ, ਤੋ ਹੋਏ ਨਾ ਦਲਿੱਦਰੀ

ਅੰਗਰੇਜ਼ਾਂ ਨੇ ਸ਼ਿਮਲਾ, ਕਸੌਲੀ, ਡਲਹੌਜ਼ੀ, ਮਸੂਰੀ, ਦਾਰਜੀਲਿੰਗ ਵਰਗੀਆਂ ਨੀਵੀਆਂ ਪਹਾੜੀਆਂ ’ਤੇ ਰੈਣ ਬਸੇਰੇ ਬਣਾਏ। ਪਰ ਅਜੋਕੇ ਕਾਰਪੋਰੇਟੀ ਆਰਥਿਕ ਮਾਡਲ ਨੇ ਦੂਰ ਦਰਾਡੀਆਂ ਪਹਾੜੀਆਂ ਨੂੰ ਵੀ ਸੈਲਾਨੀ ਸਥਲ ਵਜੋਂ ਵਿਕਸਿਤ ਕਰਨਾ ਸ਼ੁਰੂ ਕਰ ਦਿੱਤਾ। ਵੱਡੇ ਵੱਡੇ ਬੁਲਡੋਜ਼ਰ ਸਾਲਾਂਬੱਧੀ ਇਨ੍ਹਾਂ ਸ਼ਾਂਤ ਪਹਾੜਾਂ ਦੀਆਂ ਵੱਖੀਆਂ ਵਿਚ ਹੁੱਝਾਂ ਮਾਰਦੇ ਰਹਿੰਦੇ ਹਨ, ਪਹਾੜ ਤੋੜ ਕੇ ਚਹੁੰ-ਮਾਰਗੀ ਸੜਕਾਂ ਬਣਾ ਲਈਆਂ, ਨਦੀਆਂ ਦੇ ਰਸਤਿਆਂ ਵਿਚ ਮਾਲ, ਮਲਟੀਪਲੈਕਸ, ਹੋਟਲ, ਬਸਤੀਆਂ, ਦੁਕਾਨਾਂ ਖੜ੍ਹੀਆਂ ਕਰ ਲਈਆਂ। ਯਾਤਰੀਆਂ ਦਾ ਧਾਰਮਿਕਤਾ ਵਾਲਾ ਮਕਸਦ ਲਗਪਗ ਖ਼ਤਮ ਹੋ ਗਿਆ। ਦਾਲ, ਚੌਲ, ਖਿਚੜੀ ਦੀ ਥਾਂ ਵੰਨ-ਸੁਵੰਨੇ ਖਾਣਿਆਂ ਨੇ ਲੈ ਲਈ। ਪਲਾਸਟਿਕ ਦਾ ਕਚਰਾ ਪਹਾੜਾਂ ਨੂੰ ਪਲੀਤ ਕਰਨ ਲੱਗਾ। ਧਾਰਾ 370 ਖ਼ਤਮ ਕਰ ਕੇ ਕਸ਼ਮੀਰ ਨੂੰ ਕਾਰਪੋਰੇਟਾਂ ਲਈ ਖੋਲ੍ਹਣ ਵਾਸਤੇ ਕਈ ਕਈ ਕਿਲੋਮੀਟਰ ਲੰਮੀਆਂ ਸੁਰੰਗਾਂ ਬਣਾ ਲਈਆਂ ਤਾਂ ਜੋ ਉੱਥੇ ਸੈਰ ਸਪਾਟਾ ਸਨਅਤ ਖੜ੍ਹੀ ਕੀਤੀ ਜਾ ਸਕੇ। ਇਹ ਸਾਰਾ ਕੁਝ ਕੁਦਰਤ ਦੇ ਕੰਮ ਵਿਚ ਵਿਘਨ ਪਾਉਂਦਾ ਹੈ।

ਨਦੀਆਂ ਦਰਿਆਵਾਂ ’ਤੇ ਬੰਨ੍ਹ ਲਾਉਣ ਨਾਲ ਦਰਿਆਵਾਂ ਦਾ ਘੇਰਾ ਚੌੜਾ ਹੋ ਗਿਆ, ਪਰ ਆਮ ਹਾਲਤਾਂ ਵਿਚ ਪਾਣੀ ਦਾ ਦਬਾਅ ਘਟ ਗਿਆ। ਇਸ ਕਾਰਨ ਪੰਜਾਬ ਵਰਗੇ ਮੈਦਾਨੀ ਇਲਾਕਿਆਂ ਵਿਚ ਦਰਿਆਵਾਂ ਦੇ ਵਹਿਣਾਂ ਦੀ ਥਾਂ ਵਿਚ ਘਰ ਬਣ ਗਏ, ਖੇਤੀ ਹੋਣ ਲੱਗੀ। ਫੈਕਟਰੀਆਂ ਨੇ ਇਨ੍ਹਾਂ ਨੂੰ ਨਿਕਾਸੀ ਸਥਲ ਦੇ ਰੂਪ ਵਿਚ ਵਰਤਣਾ ਸ਼ੁਰੂ ਕਰ ਦਿੱਤਾ ਅਤੇ ਇਨ੍ਹਾਂ ਦੀ ਨਾਜਾਇਜ਼ ਖੁਦਾਈ ਹੋਣ ਲੱਗੀ। ਇਸ ਦਾ ਸਿੱਟਾ ਭਿਆਨਕ ਤਬਾਹੀ ਦੇ ਰੂਪ ਵਿਚ ਨਿਕਲਣਾ ਹੀ ਸੀ। ਪਿੰਡਾਂ ਨੂੰ ਉਜਾੜ ਕੇ ਬਣੇ ਸ਼ਹਿਰਾਂ ਵਿਚ ਛੱਪੜਾਂ ਤੇ ਚੋਆਂ ਦੀ ਥਾਂ ਵਿਚ ਨੀਵੀਆਂ ਥਾਵਾਂ ਵਿਚ ਕਾਲੋਨੀਆਂ ਕੱਟ ਦਿੱਤੀਆਂ ਗਈਆਂ, ਨਾਜਾਇਜ਼ ਕਬਜ਼ੇ ਕਰ ਲਏ ਗਏ। ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿਚ ‘ਰੀਅਲ ਅਸਟੇਟ’ ਦੇ ਨਾਂ ’ਤੇ ਨਾਜਾਇਜ਼ ਕਾਲੋਨੀਆਂ ਕੱਟ ਕੇ ਇਹ ਗੋਰਖਧੰਦਾ ਕਰਨ ਵਾਲਿਆਂ ਨੇ ਕਰੋੜਾਂ ਅਰਬਾਂ ਰੁਪਏ ਕਮਾਏ ਅਤੇ ਕੁਦਰਤ ਦੀਆਂ ਸ਼ਾਹਰਗ ਬੰਦ ਕਰ ਕੇ ਤਬਾਹੀ ਦਾ ਆਧਾਰ ਤਿਆਰ ਕਰ ਦਿੱਤਾ। ਮਾਲਾਂ, ਮਲਟੀਪਲੈਕਸਾਂ, ਹੋਰ ਵਪਾਰਕ ਇਮਾਰਤਾਂ, ਉੱਚੀਆਂ ਸੜਕਾਂ ਅਤੇ ਪੁਲਾਂ ਦੇ ਰੂਪ ਵਿਚ ਲੱਗੀਆਂ ਰੋਕਾਂ ਪਾਣੀ ਦੇ ਕੁਦਰਤੀ ਰਾਹ ਵਿਚ ਗ਼ੈਰ-ਕੁਦਰਤੀ ਬੈਰੀਕੇਡ ਬਣ ਗਈਆਂ। ਵਾਪਰਦਾ ਇਹ ਹੈ ਕਿ ਜਦ ਹਰ ਰੋਕ ਪਾਣੀ ਨੂੰ ਰੋਕਦੀ ਹੈ ਤਾਂ ਉਸ ਤੋਂ ਪਿਛਲਾ ਇਲਾਕਾ ਚਾਰ-ਚਾਰ, ਪੰਜ-ਪੰਜ ਫੁੱਟ ਪਾਣੀ ਵਿਚ ਡੁੱਬਣ ਲੱਗਦਾ ਹੈ। ਅਜਿਹਾ ਹੋਣ ’ਤੇ ਜਾਂ ਤਾਂ ਪਾਣੀ ਆਪ ਹੀ ਰੋਕ ਤੋੜ ਦਿੰਦਾ ਹੈ ਜਾਂ ਫਿਰ ਪ੍ਰਸ਼ਾਸਨ ਲੋਕਾਂ ਨੂੰ ਬਚਾਉਣ ਦਾ ਪੱਜ ਬਣਾ ਕੇ ਰੋਕ ਤੋੜ ਦਿੰਦਾ ਹੈ। ਫਿਰ ਪਾਣੀ ਇਕ ਖੇਤਰ ਵਿਚ ਤਬਾਹੀ ਮਚਾ ਕੇ ਅਸਾਧਾਰਨ ਰਫ਼ਤਾਰ ਨਾਲ ਅਗਲੀ ਰੋਕ ’ਤੇ ਇੱਕਠਾ ਹੋਣ ਲੱਗਦਾ ਹੈ। ਇਸ ਤਰ੍ਹਾਂ ਰੋਕਾਂ ਦੇ ਅੰਦਰਲੇ ਇਲਾਕਿਆਂ ਨੂੰ ਡੋਬ-ਡੋਬ ਅਗਾਂਹ ਵਧਦਾ ਰਹਿੰਦਾ ਹੈ। ਜੇਕਰ ਇਹ ਰੋਕਾਂ ਨਾ ਹੋਣ ਤਾਂ ਪਾਣੀ ਬਹੁਤ ਥੋੜ੍ਹਾ ਨੁਕਸਾਨ ਕਰ ਕੇ ਆਪਣੇ ਰਾਹ ਅੱਗੇ ਵਧਦਾ ਰਹੇ ਅਤੇ ਆਪੇ ਬਣੇ ਨਦੀਆਂ-ਨਾਲਿਆਂ ਤੇ ਚੋਆਂ ਰਾਹੀਂ ਹੁੰਦਿਆਂ ਵੱਡੇ ਖੇਤਰ ਵਿਚ ਜਾ ਕੇ ਰੁਕ ਜਾਵੇ। ਇਹੀ ਪਾਣੀ ਦੀ ਮਾਰ ਵਿਚ ਪਾਣੀ-ਪਾਣੀ ਹੋ ਰਹੀ ਸੱਭਿਅਤਾ ਦਾ ਸੱਚ ਹੈ।

ਗੱਲ ਕੀ, ਸਾਡੇ ਕੋਲ ਜੋਸ਼, ਜਜ਼ਬਾ ਅਤੇ ਸੇਵਾ ਭਾਵਨਾ ਬਹੁਤ ਹੈ, ਪਰ ਦੂਰ-ਦ੍ਰਿਸ਼ਟੀ ਨਹੀਂ। ਅਸੀਂ ਕਦੇ ਵੀ ਵਾਤਾਵਰਨ ਨੂੰ ਚੋਣ ਮੁੱਦਾ ਨਹੀਂ ਬਣਾਉਂਦੇ। ਅਸੀਂ ਕਦੇ ਵੀ ਗੁੰਮ-ਗੁਆਚ ਰਹੇ ਦਰਿਆਵਾਂ, ਨਦੀਆਂ, ਨਾਲਿਆ, ਛੱਪੜਾਂ ਅਤੇ ਚੋਆਂ ਪ੍ਰਤੀ ਨਾ ਆਪ ਸੁਚੇਤ ਹੁੰਦੇ ਹਾਂ ਤੇ ਨਾ ਇਨ੍ਹਾਂ ਨੂੰ ਸਰਕਾਰਾਂ ਅੱਗੇ ਏਜੰਡਿਆਂ ਦੇ ਰੂਪ ਵਿਚ ਪੇਸ਼ ਕਰਦੇ ਹਾਂ। ਕਦੇ ਇਨ੍ਹਾਂ ਨਹਿਰਾਂ ਤੇ ਚੋਆਂ ਦੇ ਕਿਨਾਰੇ ਪੰਜਾਬ ਦੀ ਰਹਿਤਲ ਦਾ ਸਿਰਨਾਵਾਂ ਹੁੰਦੇ ਸਨ। ਇਸੇ ਲਈ ਸ਼ਿਵ ਕੁਮਾਰ ਬਟਾਲਵੀ ਕਹਿੰਦਾ ਹੈ: ਜਿੱਥੇ ਇਤਰਾਂ ਦੇ ਵਗਦੇ ਨੇ ਚੋਅ, ਉਥੇ ਮੇਰਾ ਯਾਰ ਵੱਸਦਾ।

ਖੇਤੀਬਾੜੀ ਵਿਭਾਗ ਦੇ ਸਕੱਤਰ ਵਜੋਂ ਸੇਵਾ ਨਿਭਾਅ ਚੁੱਕੇ ਸੇਵਾਮੁਕਤ ਆਈਏਐੱਸ ਅਧਿਕਾਰੀ ਕਾਹਨ ਸਿੰਘ ਪੰਨੂ ਦੱਸਦੇ ਹਨ ਕਿ ਦੇਸ਼ ਭਰ ਵਿੱਚ ਜਲ ਨਿਕਾਸੀ ਪ੍ਰਬੰਧ ਨੂੰ 24 ਘੰਟਿਆਂ ਵਿੱਚ 100 ਮਿਲੀਮੀਟਰ ਤੱਕ ਮੀਂਹ ਦਾ ਪਾਣੀ ਸੰਭਾਲਣ ਯੋਗ ਬਣਾਇਆ ਗਿਆ ਹੈ। ਪੰਜਾਬ ਵਿੱਚ ਸਾਲ ਭਰ ਵਿੱਚ ਲਗਭਗ 600 ਮਿਲੀਮੀਟਰ ਮੀਂਹ ਪੈਂਦਾ ਹੈ। ਉਨ੍ਹਾਂ ਅਨੁਸਾਰ, ਇਸ ਵਾਰ 24 ਘੰਟਿਆਂ ਵਿੱਚ 300 ਮਿਲੀਮੀਟਰ ਮੀਂਹ ਪਿਆ ਹੈ ਅਤੇ ਨਦੀਆਂ ਜਾਂ ਨਾਲਿਆਂ ਦਾ ਕੋਈ ਵੀ ਪ੍ਰਬੰਧ ਇਸ ਨਾਲ ਨਜਿੱਠ ਨਹੀਂ ਸਕਦਾ। ਸਾਡੇ ਜਲ ਨਿਕਾਸੀ ਪ੍ਰਬੰਧ ਨੂੰ ਨਵੇਂ ਸਿਰਿਓਂ ਵਿਉਂਤਣ ਦੀ ਲੋੜ ਹੈ।

ਸੰਪਰਕ: 98768-20600

Advertisement
×