DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚਾਲੀ ਮੁਕਤਿਆਂ ਦੀ ਦਾਸਤਾਨ

14 ਨੂੰ ਮਾਘੀ ਮੇਲੇ ’ਤੇ ਵਿਸ਼ੇਸ਼

  • fb
  • twitter
  • whatsapp
  • whatsapp
Advertisement

ਦਿਲਜੀਤ ਸਿੰਘ ਬੇਦੀ

ਦਸਵੇਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇਸ ਧਰਤੀ ਉੱਪਰੋਂ ਜ਼ੁਲਮ ਦਾ ਖਾਤਮਾ ਕਰ ਕੇ ਧਰਮ ਦੀ ਸਥਾਪਨਾ ਕਰਨ ਹਿੱਤ ਕੀਤੀਆਂ ਗਈਆਂ ਜੰਗਾਂ ’ਚੋਂ ਸ੍ਰੀ ਮੁਕਤਸਰ ਸਾਹਿਬ ਦਾ ਯੁੱਧ ਆਪਣੇ ਅੰਦਰ ਇਕ ਨਿਵੇਕਲੀ ਦਾਸਤਾਨ ਸਮੋਈ ਬੈਠਾ ਹੈ। ਮੁਕਤਸਰ ਸਾਹਿਬ ਨੂੰ ਪਹਿਲਾਂ ਖਿਦਰਾਣੇ ਦੀ ਢਾਬ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਕਿਉਂਕਿ ਇੱਥੇ ਚਾਰੇ ਪਾਸਿਓਂ ਮੀਂਹ ਦਾ ਪਾਣੀ ਇਕੱਠਾ ਹੋ ਜਾਂਦਾ ਸੀ। ਰੇਤਲੇ ਇਲਾਕੇ ਵਿਚ ਪਾਣੀ ਦੀ ਘਾਟ ਹੋਣ ਕਾਰਨ ਇਹ ਢਾਬ ਆਸ-ਪਾਸ ਦੇ ਇਲਾਕੇ ਦੇ ਲੋਕਾਂ ਲਈ ਪਾਣੀ ਦੀ ਲੋੜ ਪੂਰਤੀ ਦਾ ਇਕ ਵੱਡਾ ਸਰੋਤ ਸੀ। ਰੇਤਲੇ ਟਿੱਬਿਆਂ ਵਾਲੀ ਇਸ ਧਰਤੀ ਨੂੰ ਭਾਗ ਕਿਵੇਂ ਲੱਗੇ ਇਹ ਇਤਿਹਾਸ ਦੀ ਬੇਮਿਸਾਲ ਦਾਸਤਾਨ ਹੈ।

Advertisement

ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਜੰਗਾਂ ਵਿਚ ਬਹਾਦਰੀ ਨਾਲ ਦੁਸ਼ਮਣਾਂ ਦਾ ਟਾਕਰਾ ਕੀਤਾ ਅਤੇ ਸਦਾ ਚੜ੍ਹਦੀ ਕਲਾ ਤੇ ਭਾਣੇ ਵਿਚ ਰਹੇ। ਪਹਾੜੀ ਰਾਜਿਆਂ ਨੇ ਗੁਰੂ ਜੀ ਦਾ ਮੁਕਾਬਲਾ ਕਰਨ ਲਈ ਔਰੰਗਜ਼ੇਬ ਅੱਗੇ ਫਰਿਆਦ ਕੀਤੀ। ਉਸ ਨੇ ਪਹਾੜੀ ਰਾਜਿਆਂ ਦੀ ਮਦਦ ਲਈ ਲਾਹੌਰ ਅਤੇ ਸਰਹਿੰਦ ਦੇ ਸੂਬੇਦਾਰਾਂ ਨੂੰ ਫੁਰਮਾਨ ਜਾਰੀ ਕਰ ਦਿੱਤੇ, ਇਸ ਤਰ੍ਹਾਂ ਲਾਹੌਰ, ਸਰਹਿੰਦ ਅਤੇ ਪਹਾੜੀ ਰਾਜਿਆਂ ਦੇ ਟਿੱਡੀ ਦਲਾਂ ਨੇ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ। ਗੁਰੂ ਜੀ ਦੇ ਸੂਰਬੀਰ ਯੋਧਿਆਂ ਨੇ ਕਈ ਮਹੀਨੇ ਡਟ ਕੇ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ। ਖ਼ਾਲਸਾ ਫ਼ੌਜ ਦੇ ਛਾਪਾਮਾਰ ਹਮਲਿਆਂ ਨਾਲ ਦੁਸ਼ਮਣ ਦੇ ਹੌਸਲੇ ਪਸਤ ਹੋ ਗਏ ਪਰ ਲੰਮੇ ਸਮੇਂ ਤਕ ਨਿੱਤ ਦੀ ਲੜਾਈ ਕਾਰਨ ਖ਼ਾਲਸਾ ਫ਼ੌਜ ਦੀ ਗਿਣਤੀ ਘਟਦੀ ਜਾ ਰਹੀ ਸੀ। ਭਾਵੇਂ ਰਾਸ਼ਨ-ਪਾਣੀ ਵੀ ਮੁੱਕਦਾ ਜਾ ਰਿਹਾ ਸੀ ਪਰ ਫਿਰ ਵੀ ਸਿੰਘ ਡਟਵਾਂ ਮੁਕਾਬਲਾ ਕਰ ਰਹੇ ਸਨ। ਕੁਝ ਸਿੰਘਾਂ ਨੇ ਗੁਰੂ ਜੀ ਨੂੰ ਕਿਲ੍ਹਾ ਛੱਡ ਦੇਣ ਦੀ ਸਲਾਹ ਵੀ ਦਿੱਤੀ ਪਰ ਗੁਰੂ ਜੀ ਨੇ ਦੂਰ-ਅੰਦੇਸ਼ੀ ਨਾਲ ਕੁਝ ਸਮਾਂ ਹੋਰ ਉਡੀਕ ਕਰਨ ਲਈ ਕਿਹਾ। ਇਸ ਦੇ ਬਾਵਜੂਦ ਕੁੱਝ ਸਿੰਘ ਡੋਲ ਗਏ, ਉਨ੍ਹਾਂ ਗੁਰੂ ਜੀ ਦਾ ਸਾਥ ਛੱਡ ਦਿੱਤਾ ਅਤੇ ਬੇਦਾਵਾ ਦੇ ਕੇ ਆਪਣੇ ਘਰਾਂ ਨੂੰ ਚਲੇ ਗਏ।

Advertisement

ਥੋੜ੍ਹੇ ਦਿਨਾਂ ਪਿੱਛੋਂ ਦੁਸ਼ਮਣ ਵੱਲੋਂ ਖਾਧੀਆਂ ਕਸਮਾਂ ਅਤੇ ਸਿੰਘਾਂ ਦੇ ਜ਼ੋਰ ਦੇਣ ’ਤੇ ਕਿਲ੍ਹਾ ਖਾਲੀ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਛੱਡ ਦਿੱਤਾ। ਕਿਲ੍ਹਾ ਖਾਲੀ ਕਰਨ ਦੀ ਦੇਰ ਸੀ ਕਿ ਦੁਸ਼ਮਣ ਫ਼ੌਜਾਂ ਨੇ ਸਭ ਕਸਮਾਂ-ਇਕਰਾਰ ਭੁੱਲ ਕੇ ਪਿੱਛੋਂ ਹਮਲਾ ਕਰ ਦਿੱਤਾ। ਸਿਰਸਾ ਨਦੀ ਪਾਰ ਕਰਦਿਆ ਂ ਗੁਰੂ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ। ਕੀਮਤੀ ਸਾਹਿਤ ਅਤੇ ਭਾਰੀ ਮਾਤਰਾ ਵਿਚ ਹੋਰ ਮਾਲ-ਅਸਬਾਬ ਕਈ ਸਿੰਘਾਂ ਸਮੇਤ ਸਿਰਸਾ ਵਿਚ ਆਏ ਹੜ੍ਹ ਦੀ ਭੇਟ ਚੜ੍ਹ ਗਿਆ।

ਉਧਰ, ਬੇਦਾਵੀ ਸਿੱਖਾਂ ਦੇ ਘਰ ਪਹੁੰਚਣ ’ਤੇ ਉਨ੍ਹਾਂ ਦੀਆਂ ਮਾਤਾਵਾਂ, ਭੈਣਾਂ ਤੇ ਪਤਨੀਆਂ ਨੇ ਉਨ੍ਹਾਂ ਨੂੰ ਅਜਿਹੇ ਸਮੇਂ ਗੁਰੂ ਸਾਹਿਬ ਨੂੰ ਪਿੱਠ ਦਿਖਾ ਕੇ ਆਉਣ ’ਤੇ ਧਿਰਕਾਰਿਆ। ਸਿੰਘਣੀਆਂ ਦਾ ਰੋਹ ਜਾਗਿਆ ਦੇਖ ਕੇ ਬੇਦਾਵੀਏ ਸਿੰਘ ਮਾਤਾ ਭਾਗ ਕੌਰ ਦੀ ਅਗਵਾਈ ਹੇਠ ਗੁਰੂ ਸਾਹਿਬ ਦਾ ਸਾਥ ਦੇਣ ਲਈ ਚੱਲ ਪਏ। ਰਸਤੇ ਵਿਚ ਇਨ੍ਹਾਂ ਸਿੰਘਾਂ ਨੂੰ ਜਦੋਂ ਗੁਰੂ ਜੀ ਦੇ ਆਨੰਦਪੁਰ ਸਾਹਿਬ ਛੱਡਣ, ਚਮਕੌਰ ਸਾਹਿਬ ਦੀ ਜੰਗ, ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਆਦਿ ਦੇ ਸਮਾਚਾਰ ਪਤਾ ਲੱਗੇ ਤਾਂ ਸਿੰਘਾਂ ਦਾ ਖੂੁਨ ਹੋਰ ਵੀ ਖੌਲ ਪਿਆ ਅਤੇ ਉਹ ਪੁੱਛਦੇ-ਪੁਛਾਉਂਦੇ ਜਿੱਧਰ ਨੂੰ ਗੁਰੂ ਜੀ ਗਏ ਸਨ, ਮਗਰੇ-ਮਗਰ ਤੁਰ ਪਏ। ਓਧਰ, ਗੁਰੂ ਜੀ ਚਮਕੌਰ ਸਾਹਿਬ, ਮਾਛੀਵਾੜਾ, ਕਟਾਣੀ, ਕਨੇਚ, ਆਲਮਗੀਰ, ਮੋਹੀ, ਹੇਰ, ਕਮਾਲਪੁਰ, ਲੰਮੇ, ਸੀਲੋਆਣੀ, ਰਾਏਕੋਟ, ਦੀਨਾ, ਕੋਟਕਪੂਰਾ ਆਦਿ ਹੁੰਦੇ ਹੋਏ ਜਦੋਂ ਜੈਤੋ ਪੁੱਜੇ ਤਾਂ ਪਤਾ ਲੱਗਾ ਕਿ ਸੂਬਾ ਸਰਹਿੰਦ ਭਾਰੀ ਲਾਮ-ਲਸ਼ਕਰ ਨਾਲ ਗੁਰੂ ਜੀ ਦਾ ਪਿੱਛਾ ਕਰਦਾ ਹੋਇਆ ਆ ਰਿਹਾ ਹੈ। ਗੁਰੂ ਜੀ ਨੇ ਯੁੱਧ ਨੀਤੀ ਅਨੁਸਾਰ ਖਿਦਰਾਣੇ ਦੀ ਢਾਬ ਨਜ਼ਦੀਕ ਉਸ ਨਾਲ ਟਾਕਰਾ ਕਰਨਾ ਵਧੇਰੇ ਯੋਗ ਸਮਝਿਆ। ਮਾਝੇ ਦੇ ਸਿੰਘਾਂ ਦਾ ਜਥਾ ਜਦੋਂ ਕਲਗੀਧਰ ਪਾਤਸ਼ਾਹ ਦੀ ਭਾਲ ਕਰਦਾ ਹੋਇਆ ਖਿਦਰਾਣੇ ਦੀ ਢਾਬ ਕੋਲ ਪੁੱਜਾ ਤਾਂ ਇਨ੍ਹਾਂ ਨੂੰ ਵੀ ਵਜ਼ੀਦ ਖਾਨ ਦੀ ਸੈਨਾ ਦੇ ਪੁੱਜਣ ਦੀ ਖ਼ਬਰ ਮਿਲੀ, ਜਿਸ ’ਤੇ ਸਿੰਘਾਂ ਨੇ ਆਪੋ-ਆਪਣੇ ਮੋਰਚੇ ਸੰਭਾਲ ਲਏ। ਸਿੰਘਾਂ ਦੀ ਯੁੱਧ ਨੀਤੀ ਪੂਰੀ ਤਰ੍ਹਾਂ ਸਫਲ ਰਹੀ ਕਿਉਂਕਿ ਉਨ੍ਹਾਂ ਮੁਗ਼ਲ ਫ਼ੌਜਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਉੱਧਰ, ਮਾਤਾ ਭਾਗ ਕੌਰ ਅਤੇ ਭਾਈ ਮਹਾਂ ਸਿੰਘ ਦੀ ਅਗਵਾਈ ਹੇਠ ਸਿੰਘਾਂ ਨੇ ਇਕ ਦਮ ਦੁਸ਼ਮਣ ਫ਼ੌਜ ’ਤੇ ਹੱਲਾ ਬੋਲ ਦਿੱਤਾ। ਸੈਂਕੜੇ ਮੁਗ਼ਲ ਸੈਨਿਕ ਮਾਰੇ ਗਏ।

ਦਸਮ ਪਿਤਾ ਇਕ ਉੱਚੀ-ਟਿੱਬੀ ’ਤੇ ਖੜ੍ਹੇ ਸਿੱਖਾਂ ਦੀ ਬੀਰਤਾ ਨੂੰ ਤੱਕ ਰਹੇ ਸਨ ਤੇ ਆਪਣੀ ਕਮਾਨ ਵਿੱਚੋਂ ਅਣੀਆਲੇ ਤੀਰ ਮੁਗ਼ਲ ਸੈਨਾਪਤੀਆਂ ਨੂੰ ਭੇਟ ਕਰੀ ਜਾ ਰਹੇ ਸਨ। ਬਹਾਦਰ ਸਿੰਘ ਤਲਵਾਰਾਂ ਲੈ ਕੇ ਮੁਗ਼ਲਾਂ ਉੱਤੇ ਟੁੱਟ ਪਏ। ਮੁਗ਼ਲਾਂ ਦੇ ਮੈਦਾਨੋਂ ਭੱਜ ਜਾਣ ’ਤੇ ਗੁਰੂ ਗੋਬਿੰਦ ਸਿੰਘ ਜੀ ਨੇ ਰਣਭੂਮੀ ਵਿਚ ਆ ਕੇ ਵੇਖਿਆ ਕਿ ਢਾਬ ਕੰਢੇ ਜ਼ਖਮੀ ਹਾਲ ਵਿਚ ਬੈਠੀ ਮਾਤਾ ਭਾਗੋ ਜੀ ਆਪਣੇ ਜ਼ਖਮਾਂ ਨੂੰ ਧੋ ਰਹੀ ਸੀ। ਮਾਤਾ ਭਾਗੋ ਜੀ ਨੇ ਪਾਤਸ਼ਾਹ ਨੂੰ ਸੂਰਬੀਰ ਸਿੰਘਾਂ ਦੀ ਬਹਾਦਰੀ ਅਤੇ ਸ਼ਹਾਦਤਾਂ ਦੀ ਗਾਥਾ ਸੁਣਾਈ। ਪਾਤਸ਼ਾਹ ਨੇ ਜੰਗ ’ਚ ਜੂਝੇ ਸੂਰਮਿਆਂ ਨੂੰ ਅਤਿਅੰਤ ਸਨੇਹ ਨਾਲ ਪੰਜ ਹਜ਼ਾਰੀ, ਸਤ ਹਜ਼ਾਰੀ, ਦਸ ਹਜ਼ਾਰੀ ਆਦਿ ਦਾ ਵਰ ਦਿੰਦੇ ਹੋਏ ਹਰੇਕ ਨੂੰ ਆਪਣੇ ਕਰ-ਕਮਲਾਂ ਨਾਲ ਪਲੋਸਿਆ। ਇੰਨੇ ਨੂੰ ਭਾਈ ਮਹਾਂ ਸਿੰਘ ਸਹਿਕਦਾ ਹੋਇਆ ਗੁਰੂ ਜੀ ਦੀ ਨਜ਼ਰੀਂ ਪਿਆ। ਪਾਤਸ਼ਾਹ ਨੇ ਉਸ ਦੇ ਸੀਸ ਨੂੰ ਜਦੋਂ ਗੋਦ ਵਿਚ ਲਿਆ ਅਤੇ ਉਸ ਦਾ ਮੂੰਹ ਪੂੰਝਿਆ ਤਾਂ ਉਸ ਦੀਆਂ ਅੱਖਾਂ ਖੁੱਲ੍ਹ ਗਈਆਂ। ਜਿਸ ਗੁਰੂ ਜੀ ਦਾ ਧਿਆਨ ਉਸ ਦੇ ਹਿਰਦੇ ਵਿਚ ਸੀ, ਉਨ੍ਹਾਂ ਦੀ ਗੋਦ ਵਿਚ ਹੀ ਉਹ ਉਨ੍ਹਾਂ ਦਾ ਦੀਦਾਰ ਕਰ ਰਿਹਾ ਸੀ।

ਗੁਰੂ ਕਲਗੀਧਰ ਜੀ ਨੇ ਗੋਦੀ ’ਚ ਲਏ ਭਾਈ ਮਹਾਂ ਸਿੰਘ ਦਾ ਅੰਤਮ ਸਮਾਂ ਨੇੜੇ ਆਉਂਦਾ ਵੇਖ ਉਸ ਦੇ ਜੀਵਨ ਦੀ ਕਿਸੇ ਇੱਛਾ ਬਾਰੇ ਜਦੋਂ ਪੁੱਛਿਆ ਤਾਂ ਭਰੀਆਂ ਅੱਖਾਂ ਨਾਲ ਮਹਾਂ ਸਿੰਘ ਨੇ ਕਿਹਾ “ਉਤਮ ਭਾਗ ਹਨ, ਅੰਤ ਸਮੇਂ ਆਪ ਦੇ ਦਰਸ਼ਨ ਹੋ ਗਏ, ਸਭ ਇੱਛਾ ਪੂਰੀਆਂ ਹੋ ਗਈਆਂ ਹਨ। ਜੇ ਆਪ ਤੁੱਠੇ ਹੋ ਤਾਂ ਕਿਰਪਾ ਕਰੋ ਕਿ ਜਿਹੜੀ ਲਿਖਤ ਅਸੀਂ ਆਪ ਜੀ ਨੂੰ ਬੇਦਾਵੇ ਦੀ ਲਿਖ ਕੇ ਦੇ ਆਏ ਸਾਂ ਉਸ ਨੂੰ ਪਾੜ ਕੇ ਟੁੱਟੀ ਮੇਲ ਲਉ।” ਟੁੱਟੀ ਗੰਢਣਹਾਰ ਅਤੇ ਭੁੱਲਾਂ ਬਖਸ਼ਣਹਾਰ ਸਤਿਗੁਰੂ ਜੀ ਤੁੱਠ ਪਏ ਕਮਰਕੱਸੇ ਵਿੱਚੋਂ ਬੇਦਾਵੇ ਦਾ ਕਾਗਜ਼ ਕੱਢ ਕੇ ਪਾੜ ਦਿੱਤਾ। ਭਾਈ ਮਹਾਂ ਸਿੰਘ ਨੇ ਗੁਰੂ ਸਾਹਿਬ ਨੂੰ ਬੇਦਾਵਾ ਪਾੜਦਿਆਂ ਦੇਖ ਅਤੇ ‘ਧੰਨ ਸਿੱਖੀ’ ਦੇ ਬੋਲ ਸੁਣ ਸਵਾਸ ਤਿਆਗ ਦਿੱਤੇ। ਸ਼ਹੀਦ ਹੋਏ ਸਿੰਘਾਂ ਦਾ ਸਸਕਾਰ ਕਰਵਾ ਗੁਰੂ ਸਾਹਿਬ ਨੇ ‘ਖ਼ਾਲਸਾ ਮੇਰੋ ਰੂਪ ਹੈ ਖਾਸ’ ਦੇ ਸਿਧਾਂਤ ਨੂੰ ਅਮਲੀ ਰੂਪ ਦਿੰਦਿਆਂ ਢਾਬ ਨੂੰ ‘ਮੁਕਤੀ ਦਾ ਸਰ’ ਹੋਣ ਦਾ ਵਰਦਾਨ ਦਿੱਤਾ। ਅੱਜ ਇਹ ਸਥਾਨ ਸੰਸਾਰ ’ਚ ‘ਸ੍ਰੀ ਮੁਕਤਸਰ ਸਾਹਿਬ’ ਦੇ ਨਾਮ ਨਾਲ ਪ੍ਰਸਿੱਧ ਹੈ। ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ ਅੱਜ ਵੀ ਸਾਨੂੰ ਚਾਲੀ ਮੁਕਤਿਆਂ ਦੀ ਪੰਥਕ ਏਕਤਾ ਅਤੇ ਦੇਸ਼ ਕੌਮ ਪ੍ਰਤੀ ਆਪਾ ਵਾਰਨ ਦੀ ਭਾਵਨਾ ਨੂੰ ਦ੍ਰਿੜ੍ਹ ਕਰਵਾਉਂਦਾ ਹੈ ਅਤੇ ਸਾਨੂੰ ਵੀ ਦੇਸ਼, ਧਰਮ ਦੀ ਰੱਖਿਆ ਖ਼ਾਤਰ ਆਪਣਾ ਤਨ, ਮਨ, ਧਨ ਕੁਰਬਾਨ ਕਰਨ ਦੀ ਪ੍ਰੇਰਨਾ ਦਿੰਦਾ ਹੈ।

ਸੰਪਰਕ: 98148-98570

Advertisement
×