ਖੁਸ਼ਹਾਲੀ ਦੀ ਕੀਮਤ
ਪ੍ਰੋ. ਓਪੀ ਵਰਮਾ
ਇਸ ਵਿਸ਼ੇ ਦੀ ਇਕ ਹੋਰ ਵੰਨਗੀ ਵੀ ਹੈ, ਜੋ ਸਾਫ ਨਜ਼ਰ ਆਉਂਦੀ ਹੈ। ਉਹ ਹੈ, ਖੁਸ਼ਹਾਲੀ ਪ੍ਰਾਪਤੀ ਤੋਂ ਬਾਅਦ ਕੁਝ ਨਾ ਕੁਝ ਅਤੇ ਕਿਸੇ ਰੂਪ ਵਿੱਚ ਕੀਮਤ ਵੀ ਚੁਕਾਉਣੀ ਪੈਂਦੀ ਹੈ। ਹਰ ਉੱਨਤ ਦੇਸ਼ ਦਾ ਇਤਿਹਾਸ, ਉਸ ਦੇ ਤੱਤ ਅਤੇ ਤੱਥ ਬਿਲਕੁਲ ਇੱਕ ਸਾਰ ਨਹੀਂ ਹੁੰਦੇ, ਕੁਝ ਵਖਰੇਵੇਂ ਹੁੰਦੇ ਹਨ। ਜਿੰਨਾ ਇਸ ਨੂੰ ਬਾਰੀਕੀ ਨਾਲ ਦੇਖਿਆ ਜਾਵੇ, ਓਨੇ ਹੀ ਦਿਲਚਸਪ ਲੱਗਦੇ ਹਨ। ਇਤਿਹਾਸ ਅਨੁਸਾਰ ਕਿਸੇ ਨੇ ਹਮਲਾਵਰ ਬਣ ਕੇ ਖੁਸ਼ਹਾਲੀ ਪ੍ਰਾਪਤ ਕੀਤੀ ਹੈ ਅਤੇ ਕਿਸੇ ਨੇ ਉਸ ਨੂੰ ਭਾਂਜ ਦੇ ਕੇ ਅਤੇ ਆਪ ਕਾਬਜ਼ ਹੋ ਕੇ। ਕਿਸੇ ਨੇ ਨਵੀਂ ਤਕਨੀਕ ਦੀ ਆਪ ਖੋਜ ਕਰਨ ਪਿੱਛੋਂ ਅਤੇ ਕਿਸੇ ਨੇ ਉਸ ਨੂੰ ਅਪਣਾ ਕੇ ਵਰਤ ਕੇ ਉੱਨਤੀ ਹਾਸਲ ਕੀਤੀ ਹੈ।
ਹੁਣ ਪ੍ਰਸਾਰਨ ਦੇ ਸਾਧਨ ਅਤੇ ਢੰਗ ਇੰਨੇ ਵਧ ਗਏ ਹਨ ਕਿ ਇੰਟਰਨੈੱਟ ਦੀ ਆਮਦ ਨਾਲ ਇਸ ਦੀ ਵਰਤੋਂ ਬੇਥਾਹ ਹੋਣ ਲੱਗ ਪਈ ਹੈ। ਇਸ ਨਾਲ ਸਾਡੀ ਇਕੱਲਤਾ ਅਤੇ ਦੂਜਿਆਂ ਪ੍ਰਤੀ ਬੇਧਿਆਨੀ ਵਧ ਗਈ ਹੈ। ਹਰ ਕੋਈ ਦੂਜਿਆਂ ਵੱਲੋਂ ਬੇਸੁੱਧ ਆਪਣੇ ਆਪ ਵਿੱਚ ਹੀ ਗ੍ਰਸਤ ਹੈ। ਹਰ ਕੋਈ ਹੋਰਾਂ ਨੂੰ ਵਰਗਲਾ ਵੀ ਸਕਦਾ ਹੈ ਅਤੇ ਠੱਗ ਵੀ ਸਕਦਾ ਹੈ।
ਰੇਡੀਓ ਆਉਣ ਨਾਲ ਸਾਰਾ ਟੱਬਰ, ਸਮੇਤ ਆਂਢੀ-ਗੁਆਢੀ, ਇਕੱਠੇ ਬੈਠ ਕੇ ਆਨੰਦ ਨਾਲ ਸੁਣਦੇ ਸਨ। ਟੀਵੀ ਦੇ ਅਨੇਕ ਚੈਨਲਾਂ ਨੇ ਪਰਿਵਾਰ ਦੇ ਵੱਖ-ਵੱਖ ਜੀਆਂ ਨੂੰ ਅਲੱਗ-ਅਲੱਗ ਕਮਰਿਆਂ ਵਿੱਚ ਬਿਠਾ ਦਿੱਤਾ ਹੈ। ਇਸ ਖੁਸ਼ਹਾਲੀ ਕਾਰਨ ਸਾਂਝਾ ਆਨੰਦ ਗਿਆ। ਇਸ ਖੁਸ਼ਹਾਲੀ ਦੀ ਕੀਮਤ ਹਰ ਘਰ ਚੁਕਾ ਰਿਹਾ ਹੈ।
ਇਤਿਹਾਸ ਵਿੱਚ ਇਸ ਤਰ੍ਹਾਂ ਵੀ ਹੋਇਆ ਹੈ ਕਿ ਸਭ ਦਾ ਵਿਕਾਸ ਇਕ ਸਾਰ ਨਹੀਂ ਹੋਇਆ। ਇਹ ਕਦੇ ਹੋਇਆ ਵੀ ਨਹੀਂ ਹੈ ਅਤੇ ਕਦੇ ਹੁੰਦਾ ਵੀ ਨਹੀਂ ਹੈ। ਅੱਜ ਤੋਂ ਬਹੁਤ ਸਮਾਂ ਪਹਿਲਾਂ ਕਿਸੇ ਸੁਘੜ-ਸਿਆਣੇ ਨੇ ਜੋ ਕਿਹਾ ਸੀ, ਉਹ ਸਮੇਂ ਨੇ ਸੱਚ ਸਾਬਿਤ ਕਰ ਦਿੱਤਾ ਹੈ। ਅੱਜ ਦੇ ਸੰਸਾਰ ਪ੍ਰਸਿੱਧ ਅਰਥ ਸ਼ਾਸਤਰੀ ਥੌਮਸ ਪਿੱਕਟੀ ਦੀ ਪੁਸਤਕ ‘ਇੱਕੀਵੀਂ ਸਦੀ ਵਿੱਚ ਪੂੰਜੀ’ ਵਿੱਚ ਧਨ ਦੀ ਅਸਮਾਨਤਾ ਨੂੰ ਹੁਣ ਦੇ ਸਮਾਜ ਦੀ ਮੁੱਖ ਬੁਰਾਈ ਦਰਸਾਇਆ ਗਿਆ ਹੈ। ਪਹਿਲਾਂ ਜਮਾਤਾਂ ਦਾ ਟਕਰਾਅ ਕਾਰਨ ਇਕ-ਦੂਜੇ ਦੀ ਹੋਂਦ ਖਤਮ ਕਰਨ ਲਈ ਲੰਮੀਆਂ ਮੁਹਿੰਮਾਂ ਵਿੱਢੀਆਂ ਗਈਆਂ ਸਨ, ਇਨ੍ਹਾਂ ਵਿੱਚੋਂ ਕੁਝ ਸਫਲ ਵੀ ਹੋਈਆਂ ਅਤੇ ਕੁਝ ਅਸਫਲ ਵੀ ਰਹੀਆਂ। ਹੁਣ ਧਨ ਦੀ ਅਸਮਾਨਤਾ ਬਹੁਤ ਘਾਤਕ ਭੂਮਿਕਾ ਨਿਭਾਏਗੀ। ਹਰ ਦੇਸ਼ ਵਿੱਚ ਆਏ ਦਿਨ ਨਵੇਂ ਘੋਲ ਉੱਭਰਨਗੇ, ਮੁਜ਼ਾਹਰੇ-ਹੜਤਾਲਾਂ ਲਗਾਤਾਰ ਹੁੰਦੇ ਰਹਿਣਗੇ।
1930 ਦੇ ਸੰਸਾਰਵਿਆਪੀ ਮਹਾਂ ਮੰਦਵਾੜੇ ਨੇ ਅਰਥ ਸ਼ਾਸਤਰੀ ਜੇਬੀ ਸੇਅ ਦੇ ਫਲਸਫੇ ਕਿ ‘ਖੁਸ਼ਹਾਲੀ ਦੇ ਫਲਸਰੂਪ ਪੂਰਤੀ ਵਧਣ ਨਾਲ ਉਸ ਦੇ ਮੇਚਵੀਂ ਮੰਗ ਆਪ ਹੀ ਪੈਦਾ ਹੋ ਜਾਂਦੀ ਹੈ’ ਨੂੰ ਬੇਬੁਨਿਆਦ ਕਥਨ ਗਰਦਾਨ ਕਰ ਦਿੱਤਾ। ਇਸੇ ਸਮੇਂ ਹੀ ਜੇਐੱਮ ਕੇਅਨਜ਼ ਦਾ ਸਿਧਾਂਤ ਕਿ ‘ਆਰਥਿਕ ਵਰਤਾਰੇ ਵਿੱਚ ਸਰਕਾਰ ਦਾ ਦਖਲ ਜ਼ਰੂਰੀ ਹੈ’ ਅਪਣਾ ਲਿਆ ਗਿਆ ਹੈ, ਜੋ ਅੱਜ ਤੱਕ ਜਾਰੀ ਹੈ। ਇਸ ਨੇ ਕੁਝ ਰਾਹਤ ਤਾਂ ਦਿੱਤੀ ਪਰ ਮੁਕੰਮਲ ਨਹੀਂ।
ਕੁਝ ਦੇਸ਼ਾਂ ਵਿੱਚ ਆਈ ਖੁਸ਼ਹਾਲੀ ਨਾਲ ਨਵੀਂ ਕਿਸਮ ਦਾ ਸੰਕਟ 1990-91 ਵਿੱਚ ਸਾਹਮਣੇ ਆਇਆ ਕਿ ਉੱਨਤ ਦੇਸ਼ਾਂ ਵਿੱਚ ਉਤਪਾਦਨ ਬੇਥਾਹ ਵਧ ਗਿਆ ਪਰ ਸਾਰੇ ਦੀ ਵਿਕਰੀ ਨਾ ਹੋ ਸਕੀ। ਇਨ੍ਹਾਂ ਦੀ ਖੁਸ਼ਹਾਲੀ ਕਾਇਮ ਰੱਖਣ ਲਈ ਸਾਰੇ ਸੰਸਾਰ ਨੂੰ ਖੁੱਲ੍ਹੀ ਮੰਡੀ ਬਣਾਉਣ ਲਈ ‘ਵੱਡਿਆਂ’ ਨੇ ਵਿਉਂਤਬੰਦੀ ਕੀਤੀ ਜੋ ਪ੍ਰਵਾਨ ਚੜ੍ਹ ਗਈ। ਇਨ੍ਹਾਂ ਦੀ ਖੁਸ਼ਹਾਲੀ ਨੂੰ ਕਾਇਮ ਰੱਖਣ ਲਈ ਘੱਟ ਉੱਨਤ ਦੇਸ਼ਾਂ ਨੂੰ ਕੀਮਤ ਚੁਕਾਉਣੀ ਪਈ, ਜਿਨ੍ਹਾਂ ਦੇ ਆਪਣੇ ਉਤਪਾਦਕ ਅਦਾਰੇ ਬੰਦ ਹੋਣ ਲੱਗ ਪਏ ਅਤੇ ਲੋਕ ਬਾਹਰ ਬਣੀਆਂ ਵਸਤਾਂ ਖਰੀਦਣ ਲਈ ਮਜਬੂਰ ਹੋ ਗਏ। ਇਸ ਦੇ ਨਾਲ ਹੀ ਉੱਨਤ ਦੇਸ਼ ਆਪਣਾ ਵਧੀਆ ਮਾਲ ਹੋਰ ਦੇਸ਼ਾਂ ਵਿੱਚ ਵੇਚਣ ਲੱਗੇ ਅਤੇ ਉਨ੍ਹਾਂ ਦੇ ਆਪਣੇ ਵਸਨੀਕ ਇਸ ਨੂੰ ਆਪ ਵਰਤਣ ਤੋਂ ਮਹਿਰੂਮ ਹੋ ਗਏ ਤੇ ਹੋਰਾਂ ਦੇਸ਼ਾਂ ਦਾ ਮਾੜਾ ਮਾਲ ਖਰੀਦਣ-ਵਰਤਣ ਲਈ ਮਜਬੂਰ ਹੋ ਗਏ। ਇਨ੍ਹਾਂ ਨੇ ਵੀ ਇਸ ਢੰਗ ਨੂੰ ਨਾ-ਪਸੰਦ ਕਰਨਾ ਆਰੰਭ ਕਰ ਦਿੱਤਾ; ਭਾਵ, ਸੰਸਾਰੀਕਰਨ ਤਿੜਕਣ ਲੱਗ ਪਿਆ। ਹੁਣ ਡਬਲਿਊਟੀਓ ਬੇਕਾਰ ਹੋ ਗਈ ਲੱਗਦੀ ਹੈ। ਹੁਣ ਮੁੜ ਕੇ ਆਪਣੇ ਆਪ ਨੂੰ ਬਚਾਉਣ ਲਈ ਟੈਰਿਫ ਲਗਾਉਣ ਦੇ ਢੰਗ-ਤਰੀਕੇ ਹਾਜ਼ਰ ਹੋ ਗਏ ਹਨ। ਜਿਨ੍ਹਾਂ ਸੰਸਾਰੀਕਰਨ ਥੋਪਿਆ ਸੀ, ਉਹੀ ਹੁਣ ਵੱਧ ਦੁਹਾਈ ਪਾ ਰਹੇ ਹਨ। ਪ੍ਰੇਸ਼ਾਨੀ-ਦਰ-ਪ੍ਰੇਸ਼ਾਨੀ ਸਭ ਨੂੰ ਝੱਲਣੀ ਪੈ ਗਈ। ਇਸ ਵਰਤਾਰੇ ਵਿੱਚ ਕੇਵਲ ਵਪਾਰ ਹੀ ਬੇਲਗਾਮ ਨਹੀਂ ਸੀ, ਮੀਡੀਆ ਵੀ ਸੀ। ਯੂਟਿਊਬ, ਨੈੱਟਫਲਿਕਸ, ਫੇਸਬੁੱਕ, ਸਨੈਪਚੈਟ, ਗੂਗਲ ਅਤੇ ਇੰਸਟਾਗ੍ਰਾਮ ਨੇ ਅਜਿਹੇ ਪੈਰ ਪਸਾਰੇ ਕਿ ਸਭਨਾਂ ਦੇ ਅਗਲੇ-ਪਿਛਲੇ ਗੁਪਤ ਰਾਜ਼ ਬੇਪਰਦ ਹੋਣ ਲੱਗ ਪਏ। ਇਹ ਵੀ ਖੁਸ਼ਹਾਲੀ ਦੀ ਕੀਮਤ ਹੈ ਜੋ ਅਸੀਂ ਚੁਕਾ ਰਹੇ ਹਾਂ।
ਸੈਂਕੜੇ ਸਾਲ ਪਹਿਲਾਂ ਮਨੁੱਖ ਦੀ ਔਸਤ ਉਮਰ 50 ਕੁ ਸਾਲ ਸੀ। ਉਸ ਵੇਲੇ ਨਾ ਤਾਂ ਐਂਟੀਬਾਇਓਟਿਕ ਸਨ ਅਤੇ ਨਾ ਹੀ ਬਨਾਉਟੀ ਦੰਦ ਅਤੇ ਹੋਰ ਅੰਗ, ਪਰ ਲੋਕਾਂ ਨੂੰ ਯਕੀਨ ਸੀ ਕਿ ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲਈ ਆਪਣੇ ਆਲੇ-ਦੁਆਲੇ ਹੀ ਸਥਾਨਕ ਖੇਤ, ਮਿੱਲ, ਫੈਕਟਰੀ ਜਾਂ ਖਨਣ ਵਿੱਚ ਕੰਮ ਮਿਲ ਜਾਵੇਗਾ; ਜੇ ਕੋਈ ਔਕੜ ਆਈ ਤਾਂ ਉਸ ਦਾ ਕੋਈ ਗੁਆਂਢੀ, ਰਿਸ਼ਤੇਦਾਰ ਜਾਂ ਧਾਰਮਿਕ ਸਥਾਨ ਮਦਦ ਕਰਨ ਲਈ ਪੇਸ਼ਕਸ਼ ਜ਼ਰੂਰ ਕਰੇਗਾ ਅਤੇ ਉਸ ਨੂੰ ਮੰਜਾ-ਬਿਸਤਰਾ ਅਤੇ ਖੁਰਾਕ ਮਿਲ ਜਾਵੇਗੀ। ਇਹ ਰਵਾਇਤੀ ਵਰਤਾਰਾ ਹੁਣ ਜਾਂਦਾ ਰਿਹਾ ਹੈ। ਔਸਤ ਉਮਰ ਜ਼ਰੂਰ ਵਧੀ ਹੈ ਪਰ ਸਮਾਜੀ ਮਿਲਵਰਤਨ ਨਹੀਂ। ਆਪ ਉਸਾਰੀਆਂ ਵੱਡੀਆਂ ਕੰਪਨੀ ਅਤੇ ਘਰ ਛੱਡ ਕੇ ਬੱਚੇ ਆਪਣੇ ਬਾਜ਼ਾਰ, ਵਪਾਰ, ਵਧਾਉਣ ਲਈ ਦੂਰ ਚਲੇ ਗਏ ਅਤੇ ਉੱਥੇ ਹੀ ਰੁੱਝ ਗਏ। ਪੁਰਾਣੇ ਹਮਦਰਦ ਨਵੇਂ ਮਿਹਰਬਾਨਾਂ ਨੇ ਰੋਲ ਦਿੱਤੇ। ਕਈਆਂ ਦੀਆਂ ਵਧੀਆਂ ਉਮਰਾਂ ਨੇ ਸਗੋਂ ਔਖਾ ਹੀ ਕੀਤਾ ਹੈ।
ਸਾਲ 2008 ਵਾਲੇ ਵਿੱਤੀ ਮੰਦਵਾੜੇ ਤੋਂ ਕੁਝ ਵਰ੍ਹੇ ਪਹਿਲਾਂ ਖਰੀਦਾਰਾਂ ਅਤੇ ਦਲਾਲਾਂ ਵਿੱਚ ਨੇੜਤਾ ਬਹੁਤ ਵਧ ਗਈ ਸੀ। ਧਨ ਦੀ ਤਰਲਤਾ ਵਧਾਉਣ ਹਿੱਤ ਬੈਂਕਾਂ ਨੇ ਬਿਨਾਂ ਕੋਈ ਠੋਸ ਜਾਇਦਾਦ ਜਾਂ ਪਦਾਰਥ ਗਿਰਵੀ ਰੱਖਿਆਂ ਜਾਂ ਟੈਕਸ ਰਿਟਰਨਾਂ ਦੇਖਿਆਂ ਲੋਕਾਂ ਨੂੰ ਭਾਵੀ ਨਿਵੇਸ਼ਕਾਰ ਮੰਨ ਕੇ ਬੇਥਾਹ ਕਰਜਾ ਦੇ ਦਿੱਤਾ। ਇਨ੍ਹਾਂ ਲੋਕਾਂ ਕਰਜ਼ੇ ਦੀ ਰਕਮ ਕਾਰੋਬਾਰਾਂ ਵਿੱਚ ਨਾ ਲਗਾਈ ਸਗੋਂ ਕਈ ਭਗੌੜੇ ਹੋ ਗਏ। ਜਿਸ ਖੁਸ਼ਹਾਲੀ ਦਾ ਟੀਚਾ ਚਿਤਵਿਆ ਸੀ, ਉਹ ਪ੍ਰਾਪਤ ਨਾ ਹੋ ਸਕੀ। ਇਸ ਦਾ ਦਰਦ ਉਨ੍ਹਾਂ ਦੇ ਆਪਣੇ ਦੇਸ਼ ਵਾਸੀਆਂ ਨੂੰ ਹੀ ਹੰਢਾਉਣਾ ਪਿਆ ਜੋ ਅੱਜ ਤੱਕ ਜਾਰੀ ਹੈ, ਕਿਉਂਕਿ ਭਗੌੜੇ ਅਜੇ ਪਕੜ ਵਿੱਚ ਨਹੀਂ ਆਏ।
ਇਸੇ ਪ੍ਰਸੰਗ ਵਿੱਚ ਖੁਸ਼ਹਾਲੀ ਦੀ ਰਫ਼ਤਾਰ ਤੇਜ਼ ਕਰਨ ਲਈ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਨੇ ਦਸਤਕ ਦੇ ਦਿੱਤੀ ਹੈ। ਇਸ ਨਾਲ ਮਨੁੱਖ ਦੁਆਰਾ ਕੀਤੇ ਜਾਣ ਵਾਲੇ ਕਾਰਜ ਮਸ਼ੀਨ (ਰੋਬੋਟ) ਨਾਲ ਕੀਤੇ ਜਾ ਸਕਣਗੇ। ਇਸ ਦੀਆਂ ਕੁਝ ਵੰਨਗੀਆਂ ਹਾਲੀਆ ਯੁੱਧਾਂ ਵਿੱਚ ਡਰੋਨ ਦੇ ਰੂਪ ਵਿੱਚ ਅਸੀਂ ਦੇਖ ਚੁੱਕੇ ਹਾਂ। ਬਿਨਾਂ ਸੈਨਿਕ ਭੇਜਿਆਂ ਦੁਸ਼ਮਣ ਦੇ ਇਲਾਕੇ ਵਿੱਚ ਬੰਬ ਸੁੱਟੇ ਗਏ। ਦੁਸ਼ਮਣ ਇਸ ਨੂੰ ਰਾਹ ਵਿੱਚ ਵੀ ਤਬਾਹ ਕਰ ਸਕਦਾ ਹੈ। ਇਸ ਸਮੇਂ ਸੰਸਾਰ ਵਿੱਚ ਜੰਗੀ ਤਣਾਅ ਬਹੁਤ ਹੈ, ਇਸ ਲਈ ਸੰਸਾਰ ਦਾ ਹਰ ਕੋਨਾ ਖ਼ਤਰੇ ਵਿੱਚ ਹੈ। ਏਆਈ ਦੀ ਇਹ ਤਕਨੀਕ ਵਿਦਿਆਲਿਆਂ ਵਿੱਚ ਵੀ ਆ ਰਹੀ ਹੈ, ਬਹੁਤ ਸਾਰੀ ਏਜੰਸੀਆਂ ਇਸ ਦੀ ਮੁਫਤ ਸਿਖਲਾਈ ਲਈ ਦਾਖਲੇ ਵੀ ਕਰਨ ਲੱਗ ਪਈਆਂ ਹਨ। ਇਸ ਦੇ ਆਉਣ ਨਾਲ ਕੰਮ ਤਾਂ ਜਲਦੀ ਹੋ ਜਾਇਆ ਕਰਨਗੇ ਪਰ ਕੌਮਾਂਤਰੀ ਕਿਰਤ ਸੰਗਠਨ (ਆਈਐੱਲਓ) ਦਾ ਮਤ ਹੈ ਕਿ ਇਸ ਨਾਲ 1/4 ਕੰਮ-ਕਾਰਾਂ ਦਾ ਘਟਣਾ ਸੰਭਵ ਹੈ।
ਖੁਸ਼ਹਾਲੀ ਦੇ ਇਸ ਪਹੀਏ ਦੀ ਰਫ਼ਤਾਰ ਨੂੰ ਘਟਾਉਣਾ ਨਾ ਹੀ ਸੰਭਵ ਹੈ ਅਤੇ ਨਾ ਹੀ ਵਾਜਿਬ ਕਿਹਾ ਜਾ ਸਕਦਾ ਹੈ। ਖੁਸ਼ਹਾਲੀ ਜੀਅ ਸਕਦੇ ਆਵੇ ਪਰ ਸਾਨੂੰ ਇਸ ਨਾਲ ਅਪਣੱਤ, ਸਾਂਝ, ਨਿਰਭਰਤਾ, ਨਿੱਘ, ਲੋੜ ਸਮੇਂ ਪੇਸ਼ਕਦਮੀ, ਮੇਲ-ਮਿਲਾਪ, ਗੱਲਬਾਤ, ਇਕ ਅਦਾਰੇ ਵਿੱਚ ਵਿਚਰਦੇ ਲੋਕਾਂ ਵਿੱਚ ਆਏ ਰੋਸੇ ਨਿਬੇੜਨ ਦੇ ਢੰਗ-ਤਰੀਕੇ ਮਹਿਫੂਜ਼ ਰੱਖਣੇ ਹੀ ਪੈਣੇ ਹਨ। ਇਹ ਸਾਡੀ ਬੁੱਧੀਮਤਾ ਲਈ ਚੁਣੌਤੀ ਹੈ ਜਿਸ ਨੂੰ ਨਿਭਾਉਣ ਦੇ ਅਸੀਂ ਸਮਰੱਥ ਬਣਨਾ ਹੈ। ਕੁਝ ਇਸ ਨੂੰ ਡਿਪਲੋਮੇਸੀ ਕਹਿਣਗੇ ਅਤੇ ਬਹੁਤੇ ਚੰਗੀ ਸ਼ਖ਼ਸੀਅਤ ਦਾ ਸੁਭਾਅ।
ਗੱਲ ਇੰਨੀ ਕੁ ਹੈ ਕਿ ਨਵੀਂ ਪ੍ਰਣਾਲੀ ‘ਆਪਣੇ ਹੱਥ’ ਆਉਣ ਸਮੇਂ ਸੰਜਮ ਕਾਇਮ ਰੱਖਿਆ ਜਾਵੇ ਤਾਂ ਚੰਗਾ ਹੋਵੇਗਾ ਕਿਉਂਕਿ ਇਸ ਤੋਂ ਵਧੀਆ ਵੰਨਗੀ ‘ਦੂਜਿਆਂ ਦੇ ਹੱਥ’ ਵੀ ਆਉਣ ਵਾਲੀ ਹੈ।
ਸੰਪਰਕ: 94170-50510