35 ਹਜ਼ਾਰ ’ਚ ਬਣੀ ਸੀ ‘ਮੋਗੈਂਬੋ’ ਡਰੈੱਸ
ਡਰੈੱਸ ਡਿਜ਼ਾਈਨਰ ਮਾਧਵ ਅਗਸਤੀ ਨੇ ਅਮਰੀਸ਼ ਪੁਰੀ ਦੀ ‘ਮੋਗੈਂਬੋ’ ਡਰੈੱਸ 35,000 ਰੁਪਏ ਵਿੱਚ ਤਿਆਰ ਕੀਤੀ ਸੀ। ਉਸ ਨੇ ਇਹ ਡਰੈੱਸ ਤਿਆਰ ਕਰਨ ਲਈ ਸੱਤ ਦਿਨ ਲਗਾਏ ਸਨ। ਇਸ ਲਈ ਮਾਧਵ ਨੇ ਉਸ ਵੇਲੇ ਨਵੀਆਂ ਆਈਆਂ ਕਢਾਈ ਵਾਲੀਆਂ ਮਸ਼ੀਨਾਂ ਦੀ ਵਰਤੋਂ ਕੀਤੀ ਸੀ। ਉਸ ਨੇ ਦੱਸਿਆ ਕਿ ਇਸ ਡਰੈੱਸ ਨੂੰ ਦੇਖ ਕੇ ਅਦਾਕਾਰ ਪੁਰੀ ਨੇ ਖ਼ੁਸ਼ੀ ਨਾਲ ਕਿਹਾ ਸੀ ‘ਮੋਗੈਂਬੋ’ ਖ਼ੁਸ਼ ਹੂਆ’। 76 ਸਾਲਾ ਮਾਧਵ ਨੇ ਆਪਣੀ ਪੁਸਤਕ ‘ਸਟਿਚਿੰਗ ਸਟਾਰਡਮ: ਫਾਰ ਆਈਕਨਜ਼, ਆਨ ਐਂਡ ਆਫ ਸਕਰੀਨ’ ਵਿੱਚ ਪੰਜ ਦਹਾਕੇ ਲੰਮੇ ਕਰੀਅਰ ਵਿਚੋਂ ਕਈ ਅਜਿਹੇ ਕਿੱਸੇ ਸਾਂਝੇ ਕੀਤੇ ਹਨ। ਇਸ ਲੰਬੇ ਸਮੇਂ ਵਿੱਚ ਉਸ ਨੇ ਕਈ ਤਰ੍ਹਾਂ ਦੇ ਪਹਿਰਾਵੇ ਤਿਆਰ ਕੀਤੇ ਹਨ। ਉਸ ਨੇ ਫਿਲਮੀ ਕਲਾਕਾਰਾਂ ਤੋਂ ਇਲਾਵਾ ਕਈ ਸਿਆਸਤਦਾਨਾਂ ਲਈ ਵੀ ਡਰੈੱਸ ਤਿਆਰ ਕੀਤੀ ਹੈ। ਇਨ੍ਹਾਂ ਵਿੱਚ ਮੁੱਖ ਤੌਰ ’ਤੇ ਪੀ ਵੀ ਨਰਸਿਮ੍ਹਾ ਰਾਓ, ਪ੍ਰਣਬ ਮੁਖਰਜੀ, ਰਾਮ ਨਾਥ ਕੋਵਿੰਦ, ਐੱਲ ਕੇ ਅਡਵਾਨੀ, ਬਾਲਾ ਸਾਹਿਬ ਠਾਕਰੇ ਆਦਿ ਦੇ ਨਾਮ ਸ਼ਾਮਲ ਹਨ। ਉਸ ਨੇ ਬੌਲੀਵੁੱਡ ਦੀਆਂ ਕਰੀਬ 350 ਫਿਲਮਾਂ ਲਈ ਕੱਪੜੇ ਤਿਆਰ ਕੀਤੇ ਸਨ। ਉਸ ਨੇ ਅਮਰੀਸ਼ ਪੁਰੀ ਦੀ ਡਰੈੱਸ 25,000 ਵਿੱਚ ਤਿਆਰ ਕੀਤੀ ਸੀ ਪਰ ਨਿਰਮਾਤਾ ਬੋਨੀ ਕਪੂਰ ਨੂੰ ਇਹ ਡਰੈੱਸ ਇੰਨੀ ਪਸੰਦ ਆਈ ਕਿ ਉਨ੍ਹਾਂ ਨੇ ਉਸ ਨੂੰ ਦਸ ਹਜ਼ਾਰ ਰੁਪਏ ਜ਼ਿਆਦਾ ਦਿੱਤੇ। ਫਿਲਮ ‘ਮਿਸਟਰ ਇੰਡੀਆ’ ਲਈ ਨਿਰਦੇਸ਼ਕ ਸ਼ੇਖਰ ਕਪੂਰ ਅਤੇ ਨਿਰਮਾਤਾ ਕਪੂਰ ਸਾਲ 1985 ਵਿੱਚ ਅਗਸਤੀ ਕੋਲ ਗਏ ਸਨ। ਉਨ੍ਹਾਂ ਨੇ ਇਸ ਫਿਲਮ ਦੇ ਖਲਨਾਇਕ ਦੇ ਰੋਲ ਬਾਰੇ ਡਿਜ਼ਾਈਨਰ ਨੂੰ ਦੱਸਿਆ ਸੀ। ਉਨ੍ਹਾਂ ਕਿਹਾ ਸੀ ਕਿ ਇਸ ਰੋਲ ਲਈ ਪੱਛਮੀਂ ਸੱਭਿਆਚਾਰ ਤੋਂ ਪ੍ਰਭਾਵਿਤ ਪਰ ਭਾਰਤ ਦੇ ਸੱਭਿਆਚਾਰ ਨਾਲ ਜੁੜੀ ਹੋਈ ਡਰੈੱਸ ਤਿਆਰ ਕਰਨੀ ਹੈ। ਉਸ ਨੇ ਕਿਹਾ ਕਿ ਇਸ ਡਰੈੱਸ ਲਈ ਉਸ ਨੇ ਸੱਤ ਦਿਨਾਂ ਦਾ ਸਮਾਂ ਮੰਗਿਆ ਸੀ। ਇਸ ਲਈ ਉਸ ਨੇ ਕਢਾਈ ਵਾਲੀ ਨਵੀਂ ਮਸ਼ੀਨ ਵੀ ਖ਼ਰੀਦੀ ਸੀ।
