ਮੱਧ-ਪੂਰਬ ਏਸ਼ੀਆ ਦਾ ਸੰਕਟ ਅਤੇ ਆਮ ਲੋਕ
ਮੱਧ ਪੂਰਬ ਏਸ਼ੀਆ ਸੰਸਾਰ ਦੇ ਉਨ੍ਹਾਂ ਕੁਝ ਕੁ ਖਿੱਤਿਆਂ ਵਿੱਚੋਂ ਹੈ ਜਿੱਥੇ ਸੱਭਿਅਤਾ ਦਾ ਵਿਕਾਸ ਹੋਇਆ। ਮਨੁੱਖ ਨੇ ਜੰਗਲਾਂ ਵਿੱਚੋਂ ਨਿਕਲ ਘਰ ਵਸਾ ਕੇ ਰਹਿਣਾ ਸ਼ੁਰੂ ਕੀਤਾ ਅਤੇ ਖੇਤੀ ਦਾ ਧੰਦਾ ਅਪਣਾਇਆ। ਕਣਕ ਦੀ ਖੇਤੀ ਵੀ ਇਸੇ ਖਿੱਤੇ ਵਿੱਚ ਸ਼ੁਰੂ ਹੋਈ ਮੰਨੀ ਜਾਂਦੀ ਹੈ। ਭਾਰਤ ਵਿੱਚ ਕਣਕ ਦੀ ਆਮਦ ਵੀ ਇਸੇ ਖਿੱਤੇ ਵਿੱਚੋਂ ਆਈ ਮੰਨੀ ਜਾਂਦੀ ਹੈ। ਭਾਰਤੀ ਪਹਿਲਾਂ ਜੌਆਂ ਦੀ ਖੇਤੀ ਕਰਦੇ ਸਨ। ਇਹ ਖਿੱਤਾ ਆਪਣੀ ਖੇਤੀ ਅਤੇ ਬਗੀਚਿਆਂ ਲਈ ਪ੍ਰਸਿੱਧ ਹੈ। ਸੰਸਾਰ ਦੇ ਸਭ ਤੋਂ ਵੱਧ ਮੰਨੇ ਜਾਂਦੇ ਦੋਵੇਂ ਧਰਮ ਵੀ ਇੱਥੇ ਹੀ ਪ੍ਰਫੁਲਿਤ ਹੋਏ ਤੇ ਇਨ੍ਹਾਂ ਦੋਹਾਂ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਨੇ ਲਗਭਗ ਸਾਰੇ ਸੰਸਾਰ ਵਿੱਚ ਹੀ ਰਾਜ ਕੀਤਾ। ਇਹ ਵੀ ਮੰਨਿਆ ਜਾਂਦਾ ਹੈ ਕਿ ਅਸੀਂ ਆਰੀਆ ਲੋਕ ਵੀ ਇਸੇ ਖਿੱਤੇ ਵਿੱਚੋਂ ਭਾਰਤ ਆਏ ਸਾਂ। ਗਿਆਰਵੀਂ ਸਦੀ ਵਿੱਚ ਇਸੇ ਪਾਸਿਓਂ ਮੁੜ ਭਾਰਤ ਉੱਤੇ ਹਮਲੇ ਹੋਣ ਲੱਗੇ ਅਤੇ ਭਾਰਤ ਦੀ ਲੁੱਟ ਸ਼ੁਰੂ ਹੋ ਗਈ। ਇੱਥੋਂ ਹੀ ਆ ਕੇ ਹਮਲਾਵਰਾਂ ਨੇ ਭਾਰਤ ਉੱਤੇ ਕਈ ਸਦੀਆਂ ਰਾਜ ਕੀਤਾ। ਸੰਸਾਰ ਦੇ ਹੋਰ ਦੇਸ਼ਾਂ ਵਾਂਗ ਇਸ ਖਿੱਤੇ ਦੇ ਦੇਸ਼ਾਂ ਵਿੱਚ ਵੀ ਬਾਦਸ਼ਾਹ ਹੀ ਰਾਜ ਕਰਦੇ ਸਨ। ਸੰਸਾਰ ਦੇ ਗ਼ੁਲਾਮ ਦੇਸ਼ਾਂ ਨੇ ਜਦੋਂ ਆਜ਼ਾਦੀ ਲਈ ਲੜਾਈ ਸ਼ੁਰੂ ਕੀਤੀ ਤਾਂ ਇੱਥੋਂ ਦੇ ਲੋਕਾਂ ਨੇ ਵੀ ਰਾਜਿਆਂ ਵਿਰੁੱਧ ਬਗਾਵਤ ਦਾ ਰਾਹ ਫੜਿਆ। ਇਹ ਲੋਕ ਆਪਣੀ ਖ਼ੂਬਸੂਰਤੀ ਲਈ ਪ੍ਰਸਿੱਧ ਹਨ। ਇਥੋਂ ਦੀਆਂ ਹੂਰਾਂ, ਖਜੂਰਾਂ ਅਤੇ ਖੁਸ਼ਕ ਮੇਵੇ ਤੇ ਹੋਰ ਫ਼ਲ ਸਾਰੇ ਸੰਸਾਰ ਵਿੱਚ ਜਾਣੇ ਜਾਂਦੇ ਹਨ। ਪਹਿਲੀ ਤੇ ਦੂਜੀ ਸੰਸਾਰ ਜੰਗ ਸਮੇਂ ਅੰਗਰੇਜ਼ ਫ਼ੌਜਾਂ ਇਸ ਖਿੱਤੇ ਰਾਹੀਂ ਹੀ ਯੂਰੋਪ ਪੁੱਜੀਆਂ ਸਨ। ਹੌਲੀ-ਹੌਲੀ ਇਨ੍ਹਾਂ ਦੇਸ਼ਾਂ ਵਿੱਚ ਰਾਜ ਪਲਟੇ ਹੋਏ ਅਤੇ ਬਾਦਸ਼ਾਹਾਂ ਦੀ ਥਾਂ ਤਾਨਾਸ਼ਾਹੀ ਅਗਵਾਈ ਹੇਠ ਅਖੌਤੀ ਲੋਕਰਾਜ ਸਥਾਪਤ ਹੋਏ।
ਦੂਜੇ ਸੰਸਾਰ ਯੁੱਧ ਪਿਛੋਂ ਇਜ਼ਰਾਈਲ ਨਾਮ ਹੇਠ ਯਹੂਦੀਆਂ ਲਈ ਨਵਾਂ ਦੇਸ਼ ਹੋਂਦ ਵਿੱਚ ਆਇਆ। ਇਨ੍ਹਾਂ ਲੋਕਾਂ ਦੀ ਸੰਸਾਰ ਦੇ ਹਰ ਖੇਤਰ ਵਿੱਚ ਤੂਤੀ ਬੋਲਦੀ ਹੈ। ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਇਸ ਦੇਸ਼ ਦੀ ਫੌਜ ਦੀ ਟੱਕਰ ਆਪਣੇ ਗੁਆਂਢੀ ਦੇਸ਼ਾਂ ਜਿਨ੍ਹਾਂ ਵਿੱਚ ਸੀਰੀਆ, ਫ਼ਲਸਤੀਨ ਅਤੇ ਲਿਬਰਾਨ ਮੁੱਖ ਹਨ, ਨਾਲ ਚੱਲਦੀ ਹੀ ਰਹਿੰਦੀ ਹੈ। ਹਜ਼ਾਰਾਂ ਬੇਦੋਸ਼ੇ ਲੋਕ ਇਸ ਟੱਕਰ ਵਿੱਚ ਹੁਣ ਵੀ ਆਪਣੀਆਂ ਜਾਨਾਂ ਵਾਰ ਚੁੱਕੇ ਹਨ। ਗਾਜ਼ਾ ਪੱਟੀ ਵਿੱਚ ਤਾਂ ਲੋਕਾਂ ਨੂੰ ਭੋਜਨ ਦੀ ਥਾਂ ਗੋਲੀਆਂ ਅਤੇ ਬੰਬ ਹੀ ਨਸੀਬ ਹੋ ਰਹੇ ਹਨ।
ਜਦੋਂ ਤੋਂ ਇੱਥੇ ਤੇਲ ਦੇ ਭੰਡਾਰ ਮਿਲੇ ਹਨ, ਸੰਸਾਰ ਦੀਆਂ ਮੁੱਖ ਤਾਕਤਾਂ ਨੇ ਆਪਣੀ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਇਜ਼ਰਾਈਲ ਭਾਵੇਂ ਸਭ ਤੋਂ ਛੋਟਾ ਦੇਸ਼ ਹੈ, ਪਰ ਫ਼ੌਜੀ ਅਤੇ ਆਰਥਿਕ ਪੱਖੋਂ ਸਭ ਤੋਂ ਮਜ਼ਬੂਤ ਦੇਸ਼ ਬਣ ਗਿਆ ਹੈ। ਇਸ ਨੂੰ ਅਮਰੀਕਾ ਅਤੇ ਹੋਰ ਯੂਰੋਪੀਅਨ ਦੇਸ਼ਾਂ ਦੀ ਪੂਰੀ ਹਮਾਇਤ ਪ੍ਰਾਪਤ ਹੈ। ਇਸ ਦੀ ਗੁਆਂਢੀਆਂ ਨਾਲ ਲੜਾਈ ਚੱਲਦੀ ਹੀ ਰਹਿੰਦੀ ਹੈ ਕਿਉਂਕਿ ਫ਼ਲਸਤੀਨੀ ਬਾਗ਼ੀਆਂ ਦੇ ਅੱਡੇ ਇਨ੍ਹਾਂ ਦੇਸ਼ਾਂ ’ਚ ਹਨ। ਇਸ ਵਾਰ ਤਾਂ ਇਸ ਦੀ ਮਾਰ ਇਰਾਨ ਤੱਕ ਪਹੁੰਚ ਗਈ ਹੈ।
ਇਨ੍ਹਾਂ ਸਾਰੇ ਦੇਸ਼ਾਂ ਵਿੱਚ ਅੰਦਰੂਨੀ ਮਾਹੌਲ ਅਸ਼ਾਂਤ ਹੀ ਰਿਹਾ ਹੈ। ਇਸ ਅਸ਼ਾਂਤੀ ਦਾ ਕਾਰਨ ਤਿੰਨ ਮੁੱਖ ਤਾਕਤਾਂ ਦੀ ਸੱਤਾ ਪ੍ਰਾਪਤੀ ਲਈ ਕੋਸ਼ਿਸ਼ ਹੈ। ਇਨ੍ਹਾਂ ਤਿੰਨ੍ਹਾਂ ਹੀ ਧਿਰਾਂ ਨੂੰ ਵਿਦੇਸ਼ੀ ਹਮਾਇਤ ਪ੍ਰਾਪਤ ਹੈ ਜਿਸ ਕਰ ਕੇ ਇਹ ਅੰਦਰੂਨੀ ਬਗ਼ਾਵਤਾਂ ਦੀਆਂ ਘਾੜਤਾਂ ਘੜਦੇ ਰਹਿੰਦੇ ਹਨ। ਇਨ੍ਹਾਂ ਵਿੱਚੋਂ ਮੁੱਖ ਇਸਲਾਮੀ ਕੱਟੜਵਾਦੀ ਧੜੇ ਹਨ, ਜਿਹੜੇ ਲਿਬਨਾਨ ਤੋਂ ਲੈ ਕੇ ਅਫ਼ਗਾਨਿਸਤਾਨ ਤੱਕ ਫੈਲੇ ਹੋਏ ਹਨ। ਹੁਣ ਬਲੋਚਿਸਤਾਨ ਵਿੱਚ ਵੀ ਬਗ਼ਾਵਤੀ ਸੁਰਾਂ ਤੇਜ਼ ਹੋਣ ਲੱਗੀਆਂ ਹਨ। ਦੂਜਾ ਧੜਾ ਆਪਣੇ ਆਪ ਨੂੰ ਸਮਾਜਵਾਦੀ ਤਾਨਾਸ਼ਾਹੀ ਦਾ ਨੁਮਾਇੰਦਾ ਮੰਨਦਾ ਹੈ। ਇਸ ਧੜੇ ਨੂੰ ਰੂਸ ਦੀ ਹਮਾਇਤ ਹਾਸਲ ਹੈ ਪਰ ਰੂਸ ਦੇ ਟੁੱਟਣ ਨਾਲ ਅਤੇ ਹੁਣ ਯੂਕਰੇਨ ਨਾਲ ਯੁੱਧ ਕਾਰਨ ਰੂਸੀ ਹਮਾਇਤ ਕਮਜ਼ੋਰ ਹੋ ਗਈ ਹੈ। ਇਸ ਸੋਚ ਵਾਲੀ ਬਾਥ ਪਾਰਟੀ ਨੇ ਸੀਰੀਆ ਅਤੇ ਇਰਾਕ ਉਤੇ ਰਾਜ ਕਾਇਮ ਕੀਤਾ। ਸੀਰੀਆ ਵਿੱਚ ਅਸਦ ਪਰਿਵਾਰ ਦਾ ਰਾਜ ਅੰਦਰੂਨੀ ਬਗ਼ਾਵਤ ਕਾਰਨ ਪਿਛਲੇ ਸਾਲ ਕੋਈ ਅੱਧੀ ਸਦੀ ਪਿੱਛੋਂ ਖ਼ਤਮ ਹੋ ਗਿਆ ਹੈ ਜਦੋਂਕਿ ਇਰਾਕ ਵਿੱਚ ਅਮਰੀਕਾ ਦੀ ਸਿੱਧੀ ਦਖਲਅੰਦਾਜ਼ੀ ਨਾਲ ਸੱਦਾਮ ਹੁਸੈਨ ਦਾ ਰਾਜ ਖ਼ਤਮ ਕੀਤਾ ਗਿਆ ਸੀ ਤੇ ਉਸ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਗਈ। ਅਮਰੀਕੀ ਹਮਾਇਤ ਪ੍ਰਾਪਤ ਧਿਰਾਂ ਦੇ ਦਬਦਬੇ ਵਿੱਚ ਵਾਧਾ ਹੋ ਰਿਹਾ ਹੈ।
ਮੱਧ-ਪੂਰਬ ਏਸ਼ੀਆ ਤੁਰਕੀ ਤੋਂ ਸ਼ੁਰੂ ਹੁੰਦਾ ਹੈ ਜਿਸ ਦੇ ਕੁਝ ਇਲਾਕੇ ਨੂੰ ਯੂਰੋਪ ਦਾ ਹਿੱਸਾ ਮੰਨਿਆ ਜਾਂਦਾ ਹੈ। ਇਥੇ ਹੁਣ ਲੋਕਰਾਜ ਕਾਇਮ ਹੋ ਚੁੱਕਾ ਹੈ ਭਾਵੇਂ ਇਸ ਉੱਤੇ ਪੂਰਾ ਫ਼ੌਜੀ ਪ੍ਰਭਾਵ ਹੈ। ਇਸ ਸਮੇਂ ਇਸ ਨੂੰ ਮੱਧ-ਪੂਰਬ ਏਸ਼ੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਆਖਿਆ ਜਾ ਸਕਦਾ ਹੈ। ਹੁਣੇ ਭਾਰਤ ਦੇ ਪਾਕਿਸਤਾਨ ਨਾਲ ਹੋਏ ਝਗੜੇ ਵਿੱਚ ਇਸ ਦੇਸ਼ ਨੇ ਪਾਕਿਸਤਾਨ ਦੀ ਸਿੱਧੀ ਹਮਾਇਤ ਕੀਤੀ ਸੀ। ਸਮੁੰਦਰ ਦੇ ਕੰਢੇ ਇਹ ਖ਼ੂਬਸੂਰਤ ਬੰਦਰਗਾਹ ਹੈ। ਏਸ਼ੀਆ ਵਾਲੇ ਪਾਸਿਉਂ ਇਸ ਨੂੰ ਯੂਰੋਪ ਦਾ ਦੁਆਰ ਵੀ ਆਖਿਆ ਜਾਂਦਾ ਹੈ। ਇਸ ਦੇ ਨਾਲ ਲੱਗਦਾ ਦੂਜਾ ਦੇਸ਼ ਲਿਬਨਾਨ ਹੈ। ਇਸ ਨੂੰ ਏਸ਼ੀਆ ਦਾ ਸਵਿਟਜ਼ਰਲੈਂਡ ਵੀ ਆਖਿਆ ਜਾਂਦਾ ਹੈ। ਇੱਕ ਪਾਸੇ ਸਮੁੰਦਰ ਤੇ ਦੂਜੇ ਪਾਸੇ ਉੱਚੀਆਂ ਪਹਾੜੀਆਂ ਹਨ। ਬਹੁਤ ਹੀ ਪ੍ਰਸਿੱਧ ਸੈਰਗਾਹ ਹੈ ਪਰ ਜਦੋਂ ਤੋਂ ਇਜ਼ਰਾਈਲ ਹੋਂਦ ਵਿੱਚ ਆਇਆ, ਉਦੋਂ ਤੋਂ ਇਸ ਉੱਤੇ ਬਾਗ਼ੀਆਂ ਨੂੰ ਕਾਬੂ ਕਰਨ ਦੇ ਨਾਮ ’ਤੇ ਇਹ ਦੇਸ਼ ਹਮਲੇ ਕਰਦਾ ਰਹਿੰਦਾ ਹੈ।
ਲਿਬਨਾਨ ਦੀ ਰਾਜਧਾਨੀ ਬੈਰੂਤ ਬਹੁਤ ਖ਼ੂਬਸੂਰਤ ਸੈਰਗਾਹ ਹੈ। ਸੰਸਾਰ ਦੀਆਂ ਵੱਡੀਆਂ ਕੰਪਨੀਆਂ ਦੇ ਦਫ਼ਤਰ ਇੱਥੇ ਹਨ। ਇਨ੍ਹਾਂ ਦੋਵਾਂ ਦੇਸ਼ਾਂ ਨਾਲ ਸਾਂਝੀਆਂ ਸਰਹੱਦਾਂ ਵਾਲਾ ਦੇਸ਼ ਸੀਰੀਆ ਹੈ। ਤੁਰਕੀ ਤੋਂ ਬੈਰੂਤ ਨੂੰ ਜਾਂਦਿਆਂ ਸਮੁੰਦਰ ਕੰਢੇ ਵਾਲੀ ਸੜਕ ਸੀਰੀਆ ਦੇ ਕੁਝ ਹਿੱਸੇ ਵਿੱਚੋਂ ਲੰਘਦੀ ਹੈ। ਸੀਰੀਆ ਖੇਤੀ, ਵਿਸ਼ੇਸ਼ ਕਰ ਕੇ ਦਾਲਾਂ ਦੀ ਖੇਤੀ ਲਈ ਪ੍ਰਸਿੱਧ ਹੈ। ਸੀਰੀਆਂ ਤੋਂ ਅਗਲਾ ਦੇਸ਼ ਇਰਾਕ ਹੈ ਜਿਸ ਦੀਆਂ ਸਰਹੱਦਾਂ ਸੀਰੀਆ, ਤੁਰਕੀ, ਇਰਾਨ ਅਤੇ ਕੁਵੈਤ ਨਾਲ ਲੱਗਦੀਆਂ ਹਨ। ਇਸ ਦੇ ਤਿੰਨ ਬੜੇ ਸ਼ਹਿਰ ਮੌਸਲ, ਬਗ਼ਦਾਦ ਤੇ ਬਸਰਾ ਹਨ। ਕੁਰਦ ਲੋਕਾਂ ਦੀ ਵਸੋਂ ਵਾਲਾ ਸ਼ਹਿਰ ਕਿਰਕੂਕ ਹੈ ਜਿੱਥੇ ਵਧੀਆ ਤੇਲ ਦਾ ਭੰਡਾਰ ਹੈ। ਇਸਲਾਮ ਦੇ ਸ਼ੀਆ ਫ਼ਿਰਕੇ ਦਾ ਪਵਿੱਤਰ ਸ਼ਹਿਰ ਕਰਬਲਾ, ਬੈਬੀਲੋਨ ਦੇ ਲਟਕਦੇ ਬਗੀਚੇ ਇੱਥੇ ਹੀ ਹਨ। ਇਸ ਦੇ ਦੋ ਦਰਿਆ ਦਜਲਾ ਅਤੇ ਫ਼ਰਾਤ ਸੀਰੀਆ ਵਾਲੇ ਪਾਸਿਓਂ ਆਉਂਦੇ ਹਨ। ਬਸਰੇ ਲਾਗੇ ਜਾ ਕੇ ਦੋਵੇਂ ਦਰਿਆ ਇੱਕ ਹੋ ਕੇ ਅਰਬ ਸਾਗਰ ਵਿੱਚ ਚਲੇ ਜਾਂਦੇ ਹਨ। ਦੋਵਾਂ ਦਰਿਆਵਾਂ ਵਿਚਲੇ ਇਲਾਕੇ ਨੂੰ ਮੈਸੋਪੋਟੇਮੀਆ ਆਖਿਆ ਜਾਂਦਾ ਹੈ ਜਿਸ ਦਾ ਅਰਥ ਦੁਆਬਾ ਹੈ। ਇਸ ਖਿੱਤੇ ਨੂੰ ਸੰਸਾਰ ਵਿੱਚ ਸੱਭਿਆਚਾਰਕ ਵਿਕਾਸ ਦਾ ਮੁੱਢਲਾ ਕੇਂਦਰ ਮੰਨਿਆ ਜਾਂਦਾ ਹੈ। ਇਰਾਕ ਦੇ ਨਾਲ ਲੱਗਦਾ ਸਮੁੰਦਰ ਕੰਢੇ ਇੱਕੋ ਸ਼ਹਿਰ ਵਾਲਾ ਨਿੱਕਾ ਜਿਹਾ ਦੇਸ਼ ਕੁਵੈਤ ਹੈ। ਇਸ ਕੋਲ ਤੇਲ ਦੇ ਭੰਡਾਰ ਹੋਣ ਕਰ ਕੇ ਅਮੀਰ ਰਿਆਸਤ ਹੈ। ਸੱਦਾਮ ਹੁਸੈਨ ਨੇ ਕਦੇ ਇਸ ਨੂੰ ਆਪਣੇ ਕਬਜ਼ੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਸੀ ਪਰ ਅਮਰੀਕੀ ਫ਼ੌਜਾਂ ਨੇ ਕੇਵਲ ਕੁਵੈਤ ਹੀ ਆਜ਼ਾਦ ਨਹੀਂ ਕਰਵਾਇਆ, ਸਗੋਂ ਸੱਦਾਮ ਹੁਸੈਨ ਨੂੰ ਵੀ ਸੂਲੀ ਉੱਤੇ ਟੰਗ ਦਿੱਤਾ ਅਤੇ ਇੱਥੇ ਆਪਣੀ ਕਠਪੁਤਲੀ ਸਰਕਾਰ ਕਾਇਮ ਕਰ ਲਈ। ਇਸ ਖਿੱਤੇ ਵਿੱਚ ਦੂਜਾ ਸ਼ਕਤੀਸ਼ਾਲੀ ਦੇਸ਼ ਇਰਾਨ ਹੈ। ਇਸ ਦੀਆਂ ਸਰਹੱਦਾਂ ਇਰਾਕ, ਤੁਰਕੀ, ਅਫ਼ਗਾਨਿਸਤਾਨ ਨਾਲ ਲੱਗਦੀਆਂ ਹਨ। ਇਸ ਕੋਲ ਤੇਲ ਦੇ ਭੰਡਾਰ ਅਤੇ ਸਮੁੰਦਰੀ ਤੱਟ ਵੀ ਹੈ। ਇਸ ਖਿੱਤੇ ਵਿੱਚੋਂ ਬਾਦਸ਼ਾਹਿਤ ਖਤਮ ਕਰ ਕੇ ਇਸਲਾਮੀ ਸਟੇਟ ਬਣਨ ਵਾਲਾ ਇਹ ਸਭ ਤੋਂ ਮਗਰਲਾ ਦੇਸ਼ ਹੈ। ਸਾਰੇ ਖਿੱਤੇ ਵਿੱਚ ਜਿੱਤੇ ਸੁੰਨੀ ਮੁਸਲਮਾਨਾਂ ਦਾ ਵੱਧ ਆਬਾਦੀ ਹੈ, ਉਥੇ ਇਰਾਨ ਹੀ ਅਜਿਹਾ ਦੇਸ਼ ਹੈ ਜਿੱਥੇ ਸ਼ੀਆ ਮੁਸਲਮਾਨ ਰਾਜ ਕਰਦੇ ਹਨ। ਤੁਰਕੀ, ਸੀਰੀਆ, ਇਰਾਕ ਅਤੇ ਇਰਾਨ ਦੀਆਂ ਜਿੱਥੇ ਸਰਹੱਦਾਂ ਮਿਲਦੀਆਂ ਹਨ, ਉਥੇ ਵੱਖਰੀ ਕੁਰਦ ਕੌਮ ਰਹਿੰਦੀ ਹੈ। ਇਨ੍ਹਾਂ ਦਾ ਆਰੀਅਨ ਪਿਛੋਕੜ ਮੰਨਿਆ ਜਾਂਦਾ ਹੈ ਅਤੇ ਇਨ੍ਹਾਂ ਦੀ ਬੋਲੀ ਵੱਖਰੀ ਹੈ ਜਿਹੜੀ ਪੰਜਾਬੀ ਬੋਲੀ ਦੇ ਵਧੇਰੇ ਨੇੜੇ ਹੈ। ਇੱਕ ਤੋਂ ਦਸ ਤਕ ਗਿਣਤੀ ਪੰਜਾਬੀ ਵਾਲੀ ਹੈ। ਇਨ੍ਹਾਂ ਲੋਕਾਂ ਨੇ ਅਮਰੀਕੀ, ਤੁਰਕੀ ਅਤੇ ਇਰਾਨੀ ਸ਼ਹਿ ਉੱਤੇ ਇਰਾਕ ਵਿੱਚ ਕੋਈ ਅੱਧੀ ਸਦੀ ਪਹਿਲਾਂ ਬਗ਼ਾਵਤ ਕੀਤੀ ਅਤੇ ਆਰਜ਼ੀ ਤੌਰ ਉੱਤੇ ਕੁਰਦਸਤਾਨ ਦੇਸ਼ ਐਲਾਨ ਦਿੱਤਾ। ਇਰਾਕ ਦੇ ਤੇਲ ਭੰਡਾਰ ਵੀ ਇਸੇ ਖਿੱਤੇ ਵਿੱਚ ਹਨ ਤੇ ਮੇਵਿਆਂ ਦੇ ਬਗੀਚੇ ਵੀ ਇੱਥੇ ਹੀ ਹਨ। ਕਿਰਕੂਕ ਮੁੱਖ ਸ਼ਹਿਰ ਹੈ। 1974 ਵਿੱਚ ਸੱਦਾਮ ਹੁਸੈਨ ਨੇ ਇਰਾਨ ਨਾਲ ਸਮਝੌਤਾ ਕਰ ਲਿਆ ਜਿਸ ਕਰ ਕੇ ਕੁਰਦਾਂ ਦੀ ਬਗ਼ਾਵਤ ਉਤੇ ਕਾਬੂ ਪਾ ਲਿਆ ਗਿਆ ਅਤੇ ਇਰਾਕ ਨੇ ਬੜੀ ਤੇਜ਼ੀ ਨਾਲ ਵਿਕਾਸ ਕਾਰਜ ਅਰੰਭ ਕੀਤੇ। ਕਾਲਜ ਅਤੇ ਯੂਨੀਵਰਸਿਟੀਆਂ ਕਾਇਮ ਕੀਤੀਆਂ। ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਭਾਰਤ ਅਤੇ ਹੋਰ ਦੇਸ਼ਾਂ ਵਿੱਚੋਂ ਵੱਡੀ ਗਿਣਤੀ ਵਿੱਚ ਮਾਹਿਰਾਂ ਨੂੰ ਬੁਲਾਇਆ ਗਿਆ।
ਅਗਲਾ ਦੇਸ਼ ਅਫ਼ਗਾਨਿਸਤਾਨ ਹੈ। ਇਹ ਬਗ਼ੀਚਿਆਂ ਅਤੇ ਬਹਾਦਰ ਲੋਕਾਂ ਦਾ ਖ਼ੂਬਸੂਰਤ ਦੇਸ਼ ਹੈ ਪਰ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਖਾਨਾਜੰਗੀ ਨੇ ਇਸ ਨੂੰ ਤਬਾਹ ਕਰ ਦਿੱਤਾ ਹੈ। ਕਦੇ ਅਮਰੀਕੀ ਅਤੇ ਕਦੇ ਰੂਸੀ ਹਮਾਇਤ ਨੇ ਖਾਨਾਜੰਗੀ ਨੂੰ ਜਾਰੀ ਰੱਖਣ ਵਿੱਚ ਸਹਾਇਤਾ ਕੀਤੀ। ਹੁਣ ਥੱਕ ਕੇ ਇਨ੍ਹਾਂ ਦੋਵਾਂ ਸ਼ਕਤੀਆਂ ਨੇ ਆਪਣੇ ਆਪ ਨੂੰ ਬਾਹਰ ਕੱਢਿਆ ਹੈ ਤੇ ਇੱਥੇ ਸ਼ਾਂਤੀ ਬਹਾਲ ਹੋਈ ਹੈ। ਹੁਣ ਦੇਸ਼ ਵਿੱਚ ਮੁੜ ਉਸਾਰੀ ਕਾਰਜ ਅਰੰਭ ਹੋਏ ਹਨ। ਇਥੋਂ ਦੇ ਲੋਕ ਤਾਕਤਵਰ ਅਤੇ ਅਣਖੀਲੇ ਹਨ। ਇਨ੍ਹਾਂ ਨੇ ਭਾਰਤ ਨੂੰ ਗਿਆਰਵੀਂ ਸਦੀ ਤੋਂ ਅਠਾਰਵੀਂ ਸਦੀ ਤੱਕ ਬੁਰੀ ਤਰ੍ਹਾਂ ਲੁੱਟਿਆ। ਭਾਰਤੀ ਔਰਤਾਂ ਨੂੰ ਗਜ਼ਨੀ ਦੇ ਬਾਜ਼ਾਰਾਂ ਵਿੱਚ ਨਿਲਾਮ ਕੀਤਾ ਗਿਆ। ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਵਿੱਚ ਜਦੋਂ ਰਾਜ ਕਾਇਮ ਹੋਇਆ ਤਾਂ ਉਸ ਨੇ ਇਨ੍ਹਾਂ ਦੇ ਘਰ ਜਾ ਕੇ ਸਬਕ ਸਿਖਾਇਆ। ਮੁੜ ਕਿਸੇ ਦੀ ਵੀ ਇਸ ਪਾਸਿਉਂ ਭਾਰਤ ਉੱਤੇ ਹਮਲਾ ਕਰਨ ਦੀ ਹਿੰਮਤ ਨਹੀਂ ਪਈ।
ਇਸ ਖਿੱਤੇ ਦੀ ਧਾਰਮਿਕ, ਰਾਜਨੀਤਕ ਅਤੇ ਸੱਭਿਆਚਾਰਕ ਮਹੱਤਤਾ ਨੂੰ ਦੇਖਦੇ ਹੋਏ ਗੁਰੂ ਨਾਨਕ ਜੀ ਨੇ ਇਥੋਂ ਦੀ ਯਾਤਰਾ ਕੀਤੀ। ਉਨ੍ਹਾਂ ਦੀ ਚਰਨਛੋਹ ਦੀਆਂ ਨਿਸ਼ਾਨੀਆਂ ਅਫ਼ਗਾਨਿਸਤਾਨ, ਇਰਾਨ, ਇਰਾਕ, ਤੁਰਕੀ ਅਤੇ ਰੂਸ ਦੇ ਏਸ਼ਿਆਈ ਖਿੱਤੇ ਵਿੱਚ ਮੌਜੂਦ ਹਨ। ਅਫ਼ਗਾਨਿਸਤਾਨ ਅਤੇ ਇਰਾਨ ਵਿੱਚ ਸਿੱਖਾਂ ਦੀ ਚੋਖੀ ਗਿਣਤੀ ਸੀ, ਉਥੇ ਉਨ੍ਹਾਂ ਦੇ ਗੁਰੂ ਘਰ ਅਤੇ ਸਕੂਲ ਸਨ ਪਰ ਦੋਵਾਂ ਦੇਸ਼ਾਂ ਵਿੱਚ ਹੋਈਆਂ ਬਗ਼ਾਵਤਾਂ ਕਾਰਨ ਬਹੁਤਿਆਂ ਨੂੰ ਇਹ ਦੇਸ਼ ਛੱਡਣੇ ਪਏ। ਹੁਣ ਸਾਰੇ ਮੱਧ-ਪੂਰਬ ਏਸ਼ੀਆ ਵਿੱਚ ਸਿੱਖਾਂ ਅਤੇ ਹਿੰਦੂਆਂ ਦੀ ਗਿਣਤੀ ਨਾਮਮਾਤਰ ਹੈ ਕਿਉਂਕਿ ਇਨ੍ਹਾਂ ਦੇਸ਼ਾਂ ਵਿੱਚ ਵਿਦੇਸ਼ੀਆਂ ਨੂੰ ਪੱਕੇ ਤੌਰ ਉੱਤੇ ਵਸੇਬਾ ਕਰਨ ਨਹੀਂ ਦਿੱਤਾ ਜਾਂਦਾ। ਇੱਥੋਂ ਦੇ ਲੋਕ ਮਨੁੱਖੀ ਕਦਰਾਂ ਕੀਮਤਾਂ ਦੇ ਧਾਰਨੀ ਮਿਹਨਤੀ ਅਤੇ ਬਹਾਦਰ ਹਨ ਪਰ ਪੂਰੀ ਵੀਹਵੀਂ ਸਦੀ ਇਥੇ ਗੜਬੜ ਹੁੰਦੀ ਰਹੀ ਹੈ ਜਿਸ ਕਰ ਕੇ ਇਥੋਂ ਦੀ ਖ਼ੁਸ਼ਹਾਲੀ ਅਤੇ ਵਿਕਾਸ ਬਹੁਤ ਪਿਛੜ ਗਿਆ ਹੈ। ਸੰਸਾਰ ਦਾ ਸਭ ਤੋਂ ਵੱਧ ਅਗਾਂਹ ਵਧੂ ਖਿੱਤਾ ਹੁਣ ਪਛੜ ਗਿਆ ਹੈ ਅਤੇ ਕੱਟੜਵਾਦ ਦਾ ਸ਼ਿਕਾਰ ਹੋ ਗਿਆ ਹੈ। ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ। ਇਜ਼ਰਾਈਲ ਰਾਹੀਂ ਅਮਰੀਕਾ ਇਸ ਖਿੱਤੇ ਵਿੱਚ ਆਪਣਾ ਦਬਦਬਾ ਕਾਇਮ ਰੱਖਣਾ ਚਾਹੁੰਦਾ ਹੈ ਜਿਸ ਦਾ ਸ਼ਿਕਾਰ ਆਮ ਲੋਕ ਹੋ ਰਹੇ ਹਨ। ਸਭ ਤੋਂ ਵੱਧ ਨੁਕਸਾਨ ਫ਼ਲਸਤੀਨੀ ਲੋਕਾਂ ਦਾ ਹੋਇਆ ਹੈ। ਉਹ ਖਾਨਾਬਦੋਸ਼ ਬਣ ਕੇ ਭੁੱਖਮਰੀ ਦਾ ਸ਼ਿਕਾਰ ਹਨ। ਵਿੱਦਿਆ ਅਤੇ ਗਿਆਨ ਦਾ ਗੜ੍ਹ ਇਹ ਖਿੱਤਾ ਹੁਣ ਕੱਟੜਵਾਦ ਕਾਰਨ ਪਛੜ ਗਿਆ ਹੈ। ਇਨ੍ਹਾਂ ਦੇ ਨਸੀਬ ਵਿੱਚ ਸ਼ਾਂਤੀ ਕਦੋਂ ਹੋਵੇਗੀ ਰੱਬ ਹੀ ਜਾਣਦਾ ਹੈ।
ਸੰਪਰਕ: 94170-87328