ਕੁਠਾਲੇ ਦਾ ਸ਼ਹੀਦੀ ਸਾਕਾ

ਕੁਠਾਲੇ ਦਾ ਸ਼ਹੀਦੀ ਸਾਕਾ

ਪਿੰਡ ਕੁਠਾਲਾ ਦੇ ਸਾਕੇ ਦੀ ਯਾਦ ਵਿੱਚ ਬਣਿਆ ਸ਼ਹੀਦੀ ਦਰਵਾਜ਼ਾ।

ਪਰਮਜੀਤ ਸਿੰਘ ਕੁਠਾਲਾ

ਗੁਲਾਮ ਭਾਰਤ ਵਿੱਚ ਅੰਗਰੇਜ਼ ਹੁਕਮਰਾਨਾਂ ਨੇ ਦੇਸੀ ਰਾਜੇ-ਮਹਾਰਾਜਿਆਂ ਅਤੇ ਨਵਾਬਾਂ ਨੂੰ ਆਪਣੇ ਅਧੀਨ ਕਰਕੇ ਭਾਰਤੀਆਂ ਦੀ ਅੰਨ੍ਹੀ ਲੁੱਟ ਕੀਤੀ। ਇਸ ਰਿਆਸਤੀ ਰਾਜ ਪ੍ਰਬੰਧ ਵਿੱਚ ਆਪਣੇ ਅੰਗਰੇਜ਼ ਮਾਲਕਾਂ ਨੂੰ ਖ਼ੁਸ਼ ਕਰਨ ਲਈ ਇਨ੍ਹਾਂ ਰਾਜਿਆਂ ਤੇ ਨਵਾਬਾਂ ਨੇ ਹਰ ਤਰ੍ਹਾਂ ਦੀ ਜਨਤਕ ਬਗਾਵਤ ਨੂੰ ਬੜੀ ਬੇਰਹਿਮੀ ਨਾਲ ਕੁਚਲਿਆ। ਰਿਆਸਤਾਂ ’ਚੋਂ ਮਾਲੇਰਕੋਟਲਾ ਦੇ ਨਵਾਬ ਦੇ ਜ਼ੁਲਮਾਂ ਦੀਆਂ ਕਹਾਣੀਆਂ ਭਾਵੇਂ ਅਾਜ਼ਾਦੀ ਸੰਗਰਾਮ ਦੇ ਕਿਸੇ ਇਤਿਹਾਸ ਦਾ ਉੱਘੜਵਾਂ ਹਿੱਸਾ ਨਹੀਂ ਬਣ ਸਕੀਆਂ ਪਰ ਇਸ ਰਿਆਸਤ ਦੇ ਪਿੰਡ ਕੁਠਾਲਾ ਦੀਆਂ ਕੰਧਾਂ ਅਤੇ ਦਰਵਾਜ਼ਿਆਂ ’ਤੇ ਲੱਗੀਆਂ ਗੋਲੀਆਂ ਦੇ ਨਿਸ਼ਾਨ ਅੱਜ ਵੀ ਨਵਾਬੀ ਜ਼ੁਲਮਾਂ ਦੀਆਂ ਦਰਦਨਾਕ ਯਾਦਾਂ ਨੂੰ ਬਿਆਨ ਕਰ ਰਹੇ ਹਨ।

ਜਦ ਬਜਬਜ ਘਾਟ, ਜੈਤੋ, ਗੰਗਸਰ, ਨਨਕਾਣਾ ਸਾਹਿਬ ਅਤੇ ਜੱਲ੍ਹਿਆਂਵਾਲਾ ਬਾਗ ਦੇ ਖੂਨੀ ਸਾਕਿਆਂ ਨੇ ਲੋਕਾਂ ਨੂੰ ਭੈਅ ਭੀਤ ਕੀਤਾ ਹੋਇਆ ਸੀ ਤਾਂ ਸੇਵਾ ਸਿੰਘ ਠੀਕਰੀਵਾਲਾ ਨੇ ਰਿਆਸਤੀ ਕਿਸਾਨ ਘੋਲਾਂ ਨੂੰ ਨਵੀਂ ਸੇਧ ਦਿੱਤੀ। ਮਾਲੇਰਕੋਟਲਾ ਦੇ ਨਵਾਬ ਸਰ ਅਹਿਮਦ ਅਲੀ ਖਾਨ ਨੇ ਅਾਪਣੇ ਅੰਗਰੇਜ਼ ਮਾਲਕਾਂ ਨੂੰ ਖ਼ੁਸ਼ ਕਰਨ ਲਈ ਰਿਆਸਤ ਦੇ ਕਿਰਤੀਆਂ ਸਿਰ ਟੈਕਸਾਂ ਦਾ ਵਾਧੂ ਬੋਝ ਲੱਦ ਦਿੱਤਾ। ਬੇਸ਼ੱਕ ਸਿੱਖ ਇਤਿਹਾਸਕਾਰ ਸਰਹਿੰਦ ਸਾਕੇ ਵਿੱਚ ਨਵਾਬ ਮਾਲੇਰਕੋਟਲਾ ਵੱਲੋਂ ਹਾਅ ਦਾ ਨਾਅਰਾ ਮਾਰਨ ਦੇ ਅਹਿਸਾਨ ਵਜੋਂ ਨਵਾਬ ਦੇ ਗੱਦੀਨਸ਼ੀਨ ਨਵਾਬਾਂ ਦੇ ਜ਼ੁਲਮਾਂ ਤੋਂ ਅੱਖਾਂ ਮੀਟਦੇ ਰਹੇ ਪਰ ਮਾਲੇਰਕੋਟਲਾ ਰਿਆਸਤ ਦੇ ਲੋਕ ਅੱਜ ਵੀ ਨਵਾਬੀ ਜ਼ੁਲਮਾਂ ਨੂੰ ਯਾਦ ਕਰਕੇ ਕੰਬ ਉੱਠਦੇ ਹਨ। ਨਵਾਬੀ ਕਾਨੂੰਨ ਮੁਤਾਬਕ ਕੋਈ ਵੀ ਕਿਸਾਨ ਜ਼ਮੀਨ ਦਾ ਮਾਲਕ ਨਹੀਂ ਸੀ। ਨਵਾਬ ਰਿਆਸਤ ਦੀ ਜ਼ਮੀਨ ਦਾ ‘ਮਾਲਕ ਆਲ੍ਹਾ’ ਸੀ ਅਤੇ ਹਲਵਾਹਕ ਕਿਸਾਨ ‘ਅਦਨਾ ਮਾਲਕ’ ਮੰਨੇ ਜਾਂਦੇ ਸਨ। ਹਰ ਤਰ੍ਹਾਂ ਦੀ ਜਾਇਦਾਦ ਵੇਚਣ ਤੋਂ ਪਹਿਲਾਂ ਨਵਾਬ ਦੀ ਮਨਜ਼ੂਰੀ ਲਾਜ਼ਮੀ ਸੀ। ਵੇਚੀ ਗਈ ਜਾਇਦਾਦ ਦੀ ਵੱਟਤ ’ਚੋਂ ਅੱਧਾ ਹਿੱਸਾ ਨਵਾਬੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣਾ ਪੈਂਦਾ ਸੀ। ਨਵਾਬ ਦੇ ਅਹਿਲਕਾਰ ਦਿਨ ਦਿਹਾੜੇ ਕੁੜੀਆਂ ਨੂੰ ਅਾਪਣੀ ਹਵਸ ਦਾ ਸ਼ਿਕਾਰ ਬਣਾ ਰਹੇ ਸਨ। ਅਾਪਣੇ ਅੰਗਰੇਜ਼ ਮਾਲਕਾਂ ਤੋਂ ਸ਼ਾਬਾਸ਼ ਲੈਣ ਲਈ ਧੱਕੇ ਨਾਲ ਫ਼ੌਜ ਵਿੱਚ ਭਰਤੀ ਕੀਤੇ ਪੇਂਡੂ ਨੌਜਵਾਨਾਂ ਦੇ ਜੰਗ ਵਿੱਚ ਮਾਰੇ ਜਾਣ ਪਿੱਛੋਂ ਉਨ੍ਹਾਂ ਦੀਆਂ ਜਾਇਦਾਦਾਂ ਲਾਵਾਰਸ ਕਰਾਰ ਦੇ ਕੇ ਨਿਲਾਮ ਕਰ ਦਿੱਤੀਆਂ ਜਾਂਦੀਆਂ। ਜ਼ੈਲਦਾਰੀਆਂ ਤੇ ਨੰਬਰਦਾਰੀਆਂ ਬੋਲੀ ਕਰਕੇ ਵੇਚੀਆਂ ਜਾਂਦੀਆਂ। ਨਵਾਬ ਦੀਆਂ ਨਿੱਤ ਦੀਆਂ ਧੱਕੇਸ਼ਾਹੀਆਂ ਨੇ ਕਿਸਾਨਾਂ ਨੂੰ ਲਾਮਬੰਦ ਹੋਣ ਲਈ ਮਜਬੂਰ ਕਰ ਦਿੱਤਾ।

10 ਜਨਵਰੀ, 1926 ਨੂੰ ਮਾਲੇਰਕੋਟਲਾ ਰਿਆਸਤ ਦੇ ਕਿਸਾਨ ਆਗੂਆਂ ਨੇ ਪਿੰਡ ਕੁਠਾਲਾ ਵਿੱਚ ਮੀਟਿੰਗ ਦੌਰਾਨ ‘ਜ਼ਿਮੀਂਦਾਰਾਂ ਕਮੇਟੀ’ ਨਾਂ ਦੀ ਜਥੇਬੰਦੀ ਗਠਿਤ ਕਰਕੇ ਜਥੇਦਾਰ ਰਤਨ ਸਿੰਘ ਚੀਮਾ ਨੂੰ ਇਸ ਦਾ ਕਨਵੀਨਰ ਥਾਪ ਦਿੱਤਾ। ਸੇਵਾ ਸਿੰਘ ਠੀਕਰੀਵਾਲਾ ਦੀਆਂ ਹਿਦਾਇਤਾਂ ’ਤੇ ਜ਼ਿਮੀਂਦਾਰਾਂ ਕਮੇਟੀ ਨੇ ਪਿੰਡ-ਪਿੰਡ ਜਲਸੇ ਕਰਕੇ ਹਜ਼ਾਰਾਂ ਕਿਸਾਨਾਂ ਨੂੰ ਇਸ ਕਮੇਟੀ ਨਾਲ ਜੋੜ ਲਿਆ। ਕਿਸਾਨਾਂ ਦੀ ਇਸ ਬੇਮਿਸਾਲ ਲਾਮਬੰਦੀ ਨੇ ਨਵਾਬਸ਼ਾਹੀ ਦੀ ਨੀਂਦ ਹਰਾਮ ਕਰ ਦਿੱਤੀ। 15 ਮਈ,1926 ਨੂੰ ਜ਼ਿਮੀਂਦਾਰਾਂ ਕਮੇਟੀ ਦੀ ਬਾਕਾਇਦਾ ਚੋਣ ਕਰਕੇ ਜਥੇਦਾਰ ਨਰੈਣ ਸਿੰਘ ਕੁਠਾਲਾ ਨੂੰ ਪ੍ਰਧਾਨ ਤੇ ਜਥੇਦਾਰ ਦਿਆ ਸਿੰਘ ਕੁਠਾਲਾ ਨੂੰ ਜਨਰਲ ਸਕੱਤਰ ਚੁਣ ਲਿਆ ਗਿਆ। ਇਸੇ ਹੀ ਦਿਨ ਨਵਾਬ ਨੇ ਵੀ ਆਦੇਸ਼ ਜਾਰੀ ਕਰਕੇ ਕਿਸਾਨਾਂ ਨੂੰ ਮਾਮੁਲੀ ਜ਼ਮੀਨੀ ਹੱਕ ਦੇਣ ਦਾ ਐਲਾਨ ਕਰ ਦਿੱਤਾ। ਪਰ ਕਮੇਟੀ ਦੇ ਆਗੂਆਂ ਨੇ ਨਵਾਬੀ ਹੁਕਮ ਨੂੰ ਕਿਸਾਨਾਂ ਨਾਲ ਧੋਖਾ ਤੇ ਝੂਠ ਦਾ ਪੁਲੰਦਾ ਦੱਸਦਿਆਂ ਪੂਰੀ ਤਰ੍ਹਾਂ ਰੱਦ ਕਰਕੇ ਨਵਾਬਸ਼ਾਹੀ ਖ਼ਿਲਾਫ਼ ਲੰਬੇ ਘੋਲ ਦਾ ਐਲਾਨ ਕਰ ਦਿੱਤਾ।

ਬਰਤਾਨਵੀ ਮਾਲਕਾਂ ਦੀ ‘ਪਾੜੋ ਤੇ ਰਾਜ ਕਰੋ’ ਨੀਤੀ ’ਤੇ ਚੱਲਦੇ ਹੋਏ ਨਵਾਬ ਨੇ ਪਿੰਡਾਂ ਵਿੱਚ ਅਾਪਣੇ ਟੋਡੀ ਲੋਕ ਇੱਕਠੇ ਕਰਕੇ ‘ਨੈਸ਼ਨਲ ਜ਼ਿਮੀਂਦਾਰਾਂ ਕਮੇਟੀ’ ਦੇ ਨਾਂ ਹੇਠ ਗੁੰਡਾ ਗਰੋਹ ਬਣਾ ਲਿਆ। ਇਸ ਗਰੋਹ ਦੇ ਮੈਂਬਰਾਂ ਨੂੰ ਹਰ ਤਰ੍ਹਾਂ ਦੇ ਧੱਕੇ ਤੇ ਲੁੱਟ-ਖੋਹ ਕਰਨ ਦੀ ਪੂਰੀ ਤਰ੍ਹਾਂ ਖੁੱਲ੍ਹ ਦਿੱਤੀ ਗਈ। ਪਿੰਡਾਂ ਅੰਦਰ ਜ਼ਿਮੀਂਦਾਰਾਂ ਕਮੇਟੀ ਦੇ ਜੁਝਾਰੂਆਂ ਅਤੇ ਨੈਸ਼ਨਲ ਕਮੇਟੀ ਦੇ ਗੁੰਡਿਆਂ ਵਿਚਾਲੇ ਸਿੱਧੇ ਟਕਰੇ ਹੋਣ ਲੱਗੇ। ਲੋਕਾਂ ਨੇ ਨੈਸ਼ਨਲ ਕਮੇਟੀ ਵਾਲਿਆਂ ਦਾ ਸਮਾਜਿਕ ਬਾਈਕਾਟ ਕਰ ਦਿੱਤਾ। ਨਵਾਬੀ ਜ਼ੁਲਮਾਂ ਦੇ ਸਤਾਏ ਕਿਸਾਨਾਂ ਨੇ ਜ਼ਿਮੀਂਦਾਰਾਂ ਕਮੇਟੀ ਰਾਹੀਂ ਸਾਰੀ ਦਰਦ ਭਰੀ ਦਾਸਤਾਨ ਵਾਇਸਰਾਏ ਹਿੰਦ ਨੂੰ ਸ਼ਿਮਲੇ ਲਿਖ ਭੇਜੀ, ਜਿਸ ਦੇ ਜਵਾਬ ਵਿੱਚ 10 ਮਈ 1927 ਨੂੰ ਕਰਨਲ ਐਚ.ਬੀ. ਸੈਂਟਜਾਨ ਨੇ ਉਸ ਵੇਲੇ ਦੇ ਪ੍ਰਸਿੱਧ ਕਿਸਾਨ ਆਗੂ ਤੇ ਇਤਿਹਾਸਕਾਰ ਗਿਆਨੀ ਕੇਹਰ ਸਿੰਘ ਚੱਕ ਨੂੰ ਲਿਖਤੀ ਤੌਰ ’ਤੇ ਸੂਚਿਤ ਕਰਕੇ ਜ਼ਿਮੀਂਦਾਰਾਂ ਕਮੇਟੀ ਨੂੰ ਪੂਰੇ ਸਬੂਤਾਂ ਤੇ ਗਵਾਹਾਂ ਸਮੇਤ 31 ਜੁਲਾਈ 1927 ਨੂੰ ਸ਼ਿਮਲੇ ਵਾਇਸਰਾਏ ਹਿੰਦ ਨਾਲ ਮੁਲਾਕਾਤ ਕਰਨ ਦਾ ਸੱਦਾ ਦੇ ਦਿੱਤਾ। ਇਸੇ ਮੁਲਾਕਾਤ ਦੀ ਤਿਆਰੀ ਲਈ 17 ਜੁਲਾਈ 1927 ਨੂੰ ਰਿਆਸਤ ਦੇ ਮੋਢੀ ਕਿਸਾਨ ਆਗੂਆਂ ਨੇ ਪਿੰਡ ਕੁਠਾਲਾ ਵਿੱਚ ਇੱਕ ਮੀਟਿੰਗ ਬੁਲਾ ਲਈ। ਇਸ ਮੀਟਿੰਗ ਵਿੱਚ ਗਿਆਨੀ ਕੇਹਰ ਸਿੰਘ ਚੱਕ ਤੇ ਪੰਡਤ ਬਚਨ ਸਿੰਘ ਘਨੌਰ ਵੱਲੋਂ ਤਿਆਰ ਕੀਤੇ ਗਏ ਮੈਮੋਰੈਂਡਮ ਨੂੰ ਅੰਤਿਮ ਰੂਪ ਦਿੱਤਾ ਜਾਣਾ ਸੀ। ਇਸ ਮੀਟਿੰਗ ਦੀ ਸੂਹ ਪਿੰਡ ਦੇ ਬਾਈਕਾਟੀਆਂ ਰਾਹੀਂ ਨਵਾਬ ਨੂੰ ਮਿਲ ਗਈ। ਅੰਗਰੇਜ਼ ਮਾਲਕਾਂ ਅੱਗੇ ਬਦਨਾਮੀ ਦੇ ਡਰੋਂ ਨਵਾਬ ਕਿਸਾਨਾਂ ਨੂੰ ਸ਼ਿਮਲੇ ਜਾਣੋਂ ਰੋਕਣ ਦੇ ਸਾਰੇ ਅਧਿਕਾਰ ਅਾਪਣੇ ਅਹਿਲਕਾਰ ਚੌਧਰੀ ਸੁਲਤਾਨ ਅਹਿਮਦ ਨੂੰ ਸੌਂਪ ਕੇ ਆਪ ਪਹਿਲੋਂ ਹੀ ਸ਼ਿਮਲੇ ਵਾਇਸਰਾਏ ਹਿੰਦ ਦੇ ਚਰਨੀਂ ਜਾ ਬੈਠਿਆ। ਨਵਾਬੀ ਪੁਲੀਸ ਨੇ ਰਾਤੋ-ਰਾਤ ਛਾਪੇ ਮਾਰ ਕੇ ਚੋਟੀ ਦੇ ਕਿਸਾਨ ਆਗੂਆਂ ਪੰਡਤ ਬਚਨ ਸਿੰਘ ਘਨੌਰ, ਸੇਵਾ ਸਿੰਘ ਬਾਪਲਾ, ਪੰਡਤ ਬਿਜਲਾ ਸਿੰਘ ਦਰਦੀ, ਜਥੇਦਾਰ ਦਿਆ ਸਿੰਘ ਕੁਠਾਲਾ, ਗੰਡਾ ਸਿੰਘ ਕੁੱਪ, ਗਿਆਨੀ ਕੇਹਰ ਸਿੰਘ ਚੱਕ ਤੇ ਜਥੇਦਾਰ ਤ੍ਰਿਲੋਕ ਸਿੰਘ ਕੁਠਾਲਾ ਨੂੰ ਗ੍ਰਿਫਤਾਰ ਕਰਕੇ ਰਹਿਮਤਗੜ੍ਹ ਦੇ ਕਿਲ੍ਹੇ ’ਚ ਨਜ਼ਰਬੰਦ ਕਰ ਦਿੱਤਾ। ਭਾਈ ਜੀਵਾ ਸਿੰਘ ਕੇਲੋਂ ਤੇ ਹੌਲਦਾਰ ਕਿਸ਼ਨ ਸਿੰਘ ਕੁਠਾਲਾ ਨੂੰ ਜ਼ਿਮੀਂਦਾਰਾਂ ਕਮੇਟੀ ਦੇ ਮਾਲੇਰਕੋਟਲਾ ਦਫ਼ਤਰ ’ਚੋਂ ਗ੍ਰਿਫਤਾਰ ਕਰਕੇ ਦਫਤਰ ’ਚ ਪਿਆ ਸਾਰਾ ਰਿਕਾਰਡ ਫੂਕ ਦਿੱਤਾ ਗਿਆ। ਬਾਅਦ ਵਿੱਚ ਗ੍ਰਿਫਤਾਰ ਕੀਤੇ ਸਾਰੇ ਕਿਸਾਨ ਆਗੂਆਂ ਨੂੰ 20-20 ਸਾਲ ਸਖ਼ਤ ਕੈਦ ਤੇ ਇੱਕ-ਇੱਕ ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਗਿਆ।

ਜਨਰਲ ਮੇਹਰ ਮੁਹੰਮਦ, ਕਰਨਲ ਹਿਯਾਤ ਮੁਹੰਮਦ, ਸੂਬੇਦਾਰ ਅਕਬਰ ਖਾਂ ਤੇ ਅਸਿਸਟੈਂਟ ਸਰਜਨ ਡਾ. ਪਰਸ਼ੋਤਮ ਦਾਸ ਦੀ ਕਮਾਨ ਹੇਠ ਭਾਰੀ ਫ਼ੌਜੀ ਲਸ਼ਕਰ ਨੇ 17 ਜੁਲਾਈ 1927 ਨੂੰ ਦੁਪਹਿਰੇ ਇੱਕ ਵਜੇ ਪਿੰਡ ਕੁਠਾਲੇ ਨੂੰ ਘੇਰਾ ਪਾ ਲਿਆ। ਘੋੜ ਸਵਾਰ ਫ਼ੌਜ ਪਿੰਡ ਦੀਆਂ ਗਲੀਆਂ ’ਚ ਗਸ਼ਤ ਕਰਨ ਲੱਗੇ। ਬਿਨਾਂ ਕਿਸੇ ਅਗਾਊਂ ਚਿਤਾਵਨੀ ਦੇ ਨਵਾਬੀ ਫ਼ੌਜਾਂ ਨੇ ਭੂਦਨ ਵਾਲੇ ਦਰਵਾਜ਼ੇ ਕੋਲ ਫਾਇਰਿੰਗ ਸ਼ੁਰੂ ਕਰ ਦਿੱਤੀ। ਸਾਰੇ ਪਿੰਡ ਵਿੱਚ ਭਗਦੜ ਮੱਚ ਗਈ। ਲੋਕਾਂ ਨੂੰ ਘਰਾਂ ’ਚੋਂ ਕੱਢ-ਕੱਢ ਕੇ ਤਸ਼ੱਦਦ ਕੀਤਾ ਜਾਣ ਲੱਗਿਆ। ਰਾਤ ਦੇ 8 ਵਜੇ ਤੱਕ ਨਿਹੱਥੇ ਕੁਠਾਲਾ ਵਾਸੀਆਂ ’ਤੇ ਰਜਵਾੜਾਸ਼ਾਹੀ ਦਾ ਜ਼ੁਲਮ ਜਾਰੀ ਰਿਹਾ। ਇਸ ਖੂਨੀ ਕਾਂਡ ਵਿੱਚ 18 ਕਿਸਾਨ ਮੌਕੇ ’ਤੇ ਹੀ ਸ਼ਹੀਦ ਕਰ ਦਿੱਤੇ ਗਏ, ਜਿਨ੍ਹਾਂ ਦੀਆਂ ਲਾਸ਼ਾਂ ਟਾਂਗਿਆਂ ਵਿੱਚ ਲੱਦ ਕੇ ਮਾਲੇਰਕੋਟਲੇ ਕੂਕਿਆਂ ਦੇ ਕੱਲਰ ’ਚ ਮਿੱਟੀ ਦਾ ਤੇਲ ਪਾ ਕੇ ਫੂਕ ਦਿੱਤੀਆਂ।

ਜ਼ਿਮੀਂਦਾਰਾਂ ਕਮੇਟੀ ਦੀ ਪੜਤਾਲੀਆ ਰਿਪੋਰਟ ਮੁਤਾਬਕ 120 ਕਿਸਾਨ ਗੰਭੀਰ ਫੱਟੜ ਹੋਏ, ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਹੀ ਗੱਡਿਆਂ ’ਚ ਪਾ ਕੇ ਲੁਧਿਆਣੇ ਹਸਪਤਾਲ ਪਹੁੰਚਾਇਆ। ਸੈਂਕੜੇ ਪਸ਼ੂ ਘਰਾਂ ਦੀ ਚਾਰ ਦਿਵਾਰੀ ’ਚ ਕਿਲ੍ਹਿਆਂ ਨਾਲ ਬੱਧੇ ਹੀ ਗੋਲੀਆਂ ਨਾਲ ਵਿੰਨ੍ਹ ਦਿੱਤੇ ਗਏ। ਕੁਠਾਲਾ ਸਾਜਿਸ਼ ਕੇਸ ਦੇ ਨਾਂ ਹੇਠ 168 ਕਿਸਾਨਾਂ ’ਤੇ ਮੁਕੱਦਮੇ ਦਰਜ ਕਰਕੇ ਨਵਾਬੀ ਤਸੀਹਾ ਕੇਂਦਰਾਂ ’ਚ ਅੰਨ੍ਹਾ ਤਸ਼ੱਦਦ ਕੀਤਾ ਗਿਆ। ਦੂਜੇ ਪਾਸੇ ਨੈਸ਼ਨਲ ਕਮੇਟੀ ਦੇ ਮੈਂਬਰਾਂ ਨੂੰ ਨਵਾਬ ਦੀ ਮਦਦ ਕਰਨ ਬਦਲੇ ਨੰਬਰਦਾਰੀਆਂ ਤੇ ਜਗੀਰਾਂ ਬਖਸ਼ ਕੇ ਸਨਮਾਨਿਆ ਗਿਆ। ਸ਼ਹੀਦ ਹੋਏ ਪਰਿਵਾਰਾਂ ਦੀਆਂ ਜ਼ਮੀਨਾਂ ਜ਼ਬਤ ਕਰ ਲਈਆਂ ਗਈਆਂ। ਅਾਜ਼ਾਦੀ ਮਿਲਣ ਪਿੱਛੋਂ ਅਨੇਕਾਂ ਨਵਾਬੀ ਪਿੱਠੂ ਸੱਤਾਧਾਰੀ ਪਾਰਟੀ ਦੇ ਮੈਂਬਰ ਬਣ ਕੇ ਅਾਜ਼ਾਦੀ ਘੁਲਾਟੀਏ ਹੋਣ ਦੇ ਤਾਮਰ ਪੱਤਰ ਪ੍ਰਾਪਤ ਕਰ ਗਏ ਪਰ ਨਵਾਬੀ ਜ਼ੁਲਮਾਂ ਦਾ ਹਿੱਕ ਡਾਹ ਕੇ ਮੁਕਾਬਲਾ ਕਰਨ ਅਤੇ ਨਵਾਬੀ ਜ਼ੁਲਮਾਂ ਬਾਰੇ ਨਿਡਰਤਾ ਨਾਲ ਲਿਖਣ ਵਾਲੇ ਕ੍ਰਾਂਤੀਕਾਰੀ ਇਤਿਹਾਸਕਾਰ ਗਿਆਨੀ ਕੇਹਰ ਸਿੰਘ ਚੱਕ ਵਰਗੇ ਆਗੂਆਂ ਦੀਆਂ ਨੰਬਰਦਾਰੀਆਂ ਅੱਜ ਤੱਕ ਵੀ ਸਰਕਾਰ ਨੇ ਜਾਮ ਕਰ ਕੇ ਰੱਖੀਆਂ ਹਨ।

ਕੁਠਾਲਾ ਗੋਲੀ ਕਾਂਡ ਦੇ ਸ਼ਹੀਦਾਂ ਦੀ ਸੂਚੀ

ਕੁਠਾਲਾ ਗੋਲੀ ਕਾਂਡ ਬਾਰੇ ਬ੍ਰਿਟਿਸ਼ ਸਰਕਾਰ ਸਾਹਮਣੇ ਕੀਤੀਆਂ ਸ਼ਿਕਾਇਤਾਂ ਦੀ ਜਾਂਚ ਲਈ ਬਣੇ ਸਰਕਾਰੀ ਕਮਿਸ਼ਨ ਅੱਗੇ ਜ਼ਿਮੀਦਾਰਾਂ ਕਮੇਟੀ ਦੇ ਆਗੂਆਂ ਵੱਲੋਂ ਨਵਾਬੀ ਫ਼ੌਜਾਂ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਕਿਸਾਨਾਂ ਅਤੇ ਫੌਜਾਂ ਵੱਲੋਂ ਕੀਤੀ ਲੁੱਟ ਬਾਰੇ ਕਮੇਟੀ ਦੇ ਆਗੂ ਪੰਡਤ ਬਿਜਲਾ ਸਿੰਘ ਵੱਲੋਂ ਪੇਸ਼ ਕੀਤੀ ਰਿਪੋਰਟ ਮੁਤਾਬਿਕ 17 ਜੁਲਾਈ ਨੂੰ ਕੁਲਾ ਸਿੰਘ ਪੁੱਤਰ ਦਿੱਤ ਸਿੰਘ (80 ਸਾਲ), ਸੰਤਾ ਸਿੰਘ ਪੁੱਤਰ ਹਰਨਾਮ ਸਿੰਘ (35, ਜੈਮਲ ਸਿੰਘ ਪੁੱਤਰ ਰੂਪ ਸਿੰਘ (45), ਤਾਰਾ ਸਿੰਘ ਪੁੱਤਰ ਇੰਦਰ ਸਿੰਘ (17), ਹਰੀ ਸਿੰਘ ਪੁੱਤਰ ਲੀਕਲ ਸਿੰਘ (60), ਅਰਜਨ ਸਿੰਘ ਪੁੱਤਰ ਦਸੌਂਧੀ ਸਿੰਘ (75), ਬੀਰ ਸਿੰਘ ਪੁੱਤਰ ਅਤਰ ਸਿੰਘ (45), ਜੀਵਨ ਸਿੰਘ ਪੁੱਤਰ ਖਜਾਨ ਸਿੰਘ (60 ਸਾਲ), ਕਾਕਾ ਸਿੰਘ ਪੁੱਤਰ ਰੂੜ ਸਿੰਘ ਉਮਰ (20), ਚਤਰ ਸਿੰਘ ਪੁੱਤਰ ਸਾਹਿਬ ਸਿੰਘ (65), ਕਿਸ਼ਨ ਸਿੰਘ ਪੁੱਤਰ ਅਤਰਾ ਸਿੰਘ (45), ਨਿੱਕਾ ਸਿੰਘ ਪੁੱਤਰ ਮਹਾਂ ਸਿੰਘ (35), ਰਾਮਬਖਸ਼ ਸਿੰਘ ਪੁੱਤਰ ਜੀਵਾ ਸਿੰਘ (75) ਅਤੇ ਭੋਲਾ ਸਿੰਘ ਪੁੱਤਰ ਬੇਲਾ ਸਿੰਘ (55) ਸ਼ਹੀਦ ਹੋ ਗਏ।

ਸੰਪਰਕ: 98153-47904.

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

* ਸਚਿਨ ਨੇ ਰਾਹੁਲ ਅਤੇ ਪਿ੍ਰਯੰਕਾ ਨਾਲ ਕੀਤੀ ਮੁਲਾਕਾਤ; * ਸੋਨੀਆ ਨੇ ਮਸ...

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

* ਪਟਿਆਲਾ ਪੁਲੀਸ ਨੇ ਵਾਈਪੀਐੱਸ ਚੌਕ ’ਚ ਰੋਕਿਆ ਕਿਸਾਨਾਂ ਦਾ ਮਾਰਚ * ਪ...

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਚੇਨੱਈ ਤੋਂ ਅੰਡੇਮਾਨ ਤੇ ਨਿਕੋਬਾਰ ਤੱਕ ਸਮੁੰਦਰ ਦੇ ਹੇਠੋਂ ਪਾਈ ਗਈ ਹੈ 3...

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

* ਤਾਇਵਾਨ ਦੇ ਹਵਾਈ ਲਾਂਘੇ ’ਚੋਂ ਲੜਾਕੂ ਜਹਾਜ਼ ਲੰਘਾ ਕੇ ਸ਼ਕਤੀ ਪ੍ਰਦਰਸ਼ਨ...

ਸ਼ਹਿਰ

View All