ਕਿਰਤੀਆਂ ਦੀ ਮੁਸ਼ੱਕਤ ਅਤੇ ਮੁਲਕ ਦੀ ਤਰੱਕੀ
ਗੁਰਬਿੰਦਰ ਸਿੰਘ ਮਾਣਕ
ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਭਾਵੇਂ ਜੇਠ ਹਾੜ੍ਹ ਦੀਆਂ ਧੁੱਪਾਂ ਅਤੇ ਕਹਿਰਾਂ ਦੀ ਲੂਅ ਵਗਦੀ ਹੋਵੇ, ਤੇ ਭਾਵੇਂ ਹੱਡਾਂ ਨੂੰ ਚੀਰਦੀਆਂ ਸਰਦੀਆਂ ਹੋਣ; ਕਿਸਾਨਾਂ, ਕਿਰਤੀਆਂ ਤੇ ਕਾਮਿਆਂ ਨੂੰ ਆਪਣਾ ਚੁੱਲ੍ਹਾ ਰੋਜ਼ ਬਲਦਾ ਰੱਖਣ ਲਈ ਮੌਸਮਾਂ ਦਾ ਹਰ ਕਹਿਰ ਝੱਲਣਾ ਪੈਂਦਾ ਹੈ। ਉਹ ਭਾਵੇਂ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਤੋਂ ਪੀੜ-ਪੀੜ ਹੋਇਆ ਕਿਸੇ ਉਦਾਸੀ ਵਿੱਚ ਹੋਵੇ ਜਾਂ ਮਾੜਾ-ਮੋਟਾ ਬਿਮਾਰ ਵੀ ਹੋਵੇ, ਤਾਂ ਵੀ ਟੱਬਰ ਲਈ ਦੋ ਵੇਲਿਆਂ ਦੀ ਰੋਟੀ ਦਾ ਜੁਗਾੜ ਕਰਨ ਲਈ ਉਸ ਨੂੰ ਕੰਮ ’ਤੇ ਜਾਣਾ ਮਜਬੂਰੀ ਹੁੰਦਾ ਹੈ। ਜੀਵਨ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਅਤੇ ਆਪਣੇ ਪਰਿਵਾਰ ਖ਼ਾਤਿਰ ਕਿਰਤੀ-ਕਾਮਿਆਂ ਨੂੰ ਕਈ ਕੁਝ ਸਹਿਣਾ ਪੈਂਦਾ ਹੈ।
ਇਸ ਵਾਰ ਪਈ ਅੰਤਾਂ ਦੀ ਗਰਮੀ ਤੇ ਤਪਸ਼ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਲੂਅ ਦੇ ਰੂਪ ਵਿੱਚ ਇੰਨੀ ਅੱਗ ਵਰ੍ਹਦੀ ਹੈ ਕਿ ਘਰੋਂ ਬਾਹਰ ਨਿਕਲਣਾ ਹੀ ਦੁਸ਼ਵਾਰ ਹੋਇਆ ਪਿਆ ਹੈ। ਤਾਪਮਾਨ 45 ਡਿਗਰੀ ਤਾਂ ਆਮ ਹੀ ਰਿਹਾ ਹੈ, ਕਈ ਥਾਵਾਂ ’ਤੇ ਤਾਂ ਇਹ ਇਸ ਤੋਂ ਵੀ ਵੱਧ ਹੈ। ਪੰਜਾਬ ਸਮੇਤ ਦੇਸ਼ ਦੇ ਹੋਰ ਰਾਜਾਂ ਵਿੱਚ ਅੱਜ ਵੀ ਕਹਿਰਾਂ ਦੀ ਗਰਮੀ ਪੈ ਰਹੀ ਹੈ। ਮਾਹਿਰ ਕਹਿ ਰਹੇ ਹਨ ਕਿ ਲੂਅ ਤੋਂ ਬਚਣ ਲਈ ਘਰੋਂ ਬਾਹਰ ਨਾ ਨਿਕਲਿਆ ਜਾਵੇ। ਸਰਦੇ-ਪੁੱਜਦੇ ਲੋਕਾਂ ਲਈ ਤਾਂ ਇਹ ਸੰਭਵ ਹੋ ਸਕਦਾ ਹੈ ਕਿ ਉਹ ਏਸੀ ਨਾਲ ਠੰਢੇ ਹੋਏ ਘਰ ਦੇ ਕਮਰੇ ਵਿੱਚ ਬੈਠੇ ਰਹਿਣ; ਕੁਝ ਅਜਿਹੇ ਵੀ ਹਨ ਜਿਹੜੇ ਘਰ ਦੇ ਏਸੀ ਕਮਰੇ ਵਿੱਚੋਂ ਨਿਕਲ ਕੇ, ਏਸੀ ਗੱਡੀ ਵਿੱਚ ਬੈਠ ਕੇ, ਆਪਣੇ ਦਫਤਰ ਜਾਂ ਕਾਰੋਬਾਰ ਦੇ ਕਮਰਿਆਂ ਵਿੱਚ ਕੂਲਰਾਂ/ਏਸੀ ਨਾਲ ਠੰਢੇ ਕੀਤੇ ਕਮਰਿਆਂ ਵਿੱਚ ਜਾ ਬੈਠਦੇ ਹੋਣਗੇ ਪਰ ਆਮ ਕਿਰਤੀ ਬੰਦੇ ਕੋਲ ਤਾਂ ਗਰਮੀ ਤੋਂ ਬਚਣ ਲਈ ਸਾਰੇ ਟੱਬਰ ਕੋਲ ਬਹੁਤੀ ਵਾਰ ਇਕ ਪੱਖਾ ਹੀ ਹੰਦਾ ਹੈ। ਸਵਾਲ ਤਾਂ ਇਹ ਹੈ ਕਿ ਉਸ ਕੋਲ ਪੱਖੇ ਹੇਠ ਬਹਿਣ ਦਾ ਸਮਾਂ ਹੀ ਕਿੱਥੇ ਹੁੰਦਾ ਹੈ? ਰੋਜ਼ੀ-ਰੋਟੀ ਦੇ ਝਮੇਲਿਆਂ ਨਾਲ ਜੂਝਦਾ ਉਹ ਆਪਣੇ ਕੰਮ ਲਈ ਤੁਰ ਪੈਂਦਾ ਹੈ। ਮਾਹਿਰ ਅਕਸਰ ਕਹਿੰਦੇ ਹਨ ਕਿ ਸਾੜਦੀ ਲੂਅ ਤੋਂ ਆਪਣੇ ਸਰੀਰ ਨੂੰ ਬਚਾਉਣ ਲਈ ਦਸ ਵਜੇ ਤੋਂ ਤਿੰਨ ਵਜੇ ਤੱਕ ਘਰੋਂ ਬਾਹਰ ਨਾ ਨਿਕਲਿਆਂ ਜਾਵੇ। ਕੀ ਕਿਸੇ ਕਿਰਤੀ, ਕਾਮੇ ਤੇ ਕਿਸਾਨ ਲਈ ਇਹ ਸੰਭਵ ਹੋ ਸਕਦਾ ਹੈ? ਉਨ੍ਹਾਂ ਲਈ ਇਹੀ ਤਾਂ ਕੰਮ ਦਾ ਸਮਾਂ ਹੰਦਾ ਹੈ।
ਅੱਜ ਕੱਲ੍ਹ ਅਸਮਾਨੋਂ ਅੱਗ ਵਰ੍ਹ ਰਹੀ ਹੈ ਤੇ ਕਾਮੇ ਝੋਨਾ ਲਾਉਣ ਲਈ ਡਟੇ ਹੋਏ ਹਨ। ਕਹਿਰਾਂ ਦੀ ਤਨ ਸਾੜਦੀ ਤਪਸ਼ ਹੋਵੇ, ਖੇਤ ਵਿੱਚ ਪਾਣੀ ਵੀ ਗਰਮ ਹੋਵੇ ਤੇ ਸਰੀਰ ਨੂੰ ਦੂਹਰਾ ਕਰ ਕੇ ਖੇਤ ਵਿੱਚ ਝੋਨਾ ਲਾ ਰਹੇ ਕਾਮਿਆਂ ਦੇ ਸਿਰੜ ਅੱਗੇ ਸਿਰ ਝੁਕਦਾ ਹੈ। ਧਨ ਹਨ ਇਹ ਕਿਰਤੀ ਜਿਹੜੇ ਸਵੇਰ ਤੋਂ ਲੈ ਕੇ ਰਾਤ ਤੱਕ ਆਪਣੇ ਕੰਮ ਵਿੱਚ ਜੁੱਟੇ, ਹਰ ਮੌਸਮ ਦੀ ਮਾਰ ਸਹਿੰਦੇ, ਦੇਸ਼ ਦੀ ਖੁਸ਼ਹਾਲੀ ਲਈ ਆਪਣਾ ਪਸੀਨਾ ਵਹਾ ਰਹੇ ਹਨ। ਝੋਨੇ ਦੇ ਸੀਜ਼ਨ ਵਿੱਚ ਹਰ ਸਾਲ ਪੰਜਾਬ ਵਿੱਚ ਬਿਹਾਰ ਤੇ ਹੋਰ ਸੂਬਿਆਂ ਤੋਂ ਪਰਵਾਸੀ ਕਾਮੇ ਆਉਂਦੇ ਹਨ। ਇਨ੍ਹਾਂ ਦੀ ਆਮਦ ਤੋਂ ਬਿਨਾਂ ਪੰਜਾਬ ਵਿੱਚ ਝੋਨੇ ਦੀ ਫਸਲ ਦੀ ਲੁਆਈ ਸੰਭਵ ਹੀ ਨਹੀਂ। ਜਿਹੜੇ ਕਿਸਾਨ ਇਨ੍ਹਾਂ ਕਾਮਿਆਂ ਦਾ ਪਹਿਲਾਂ ਪ੍ਰਬੰਧ ਕਰ ਲੈਂਦੇ ਹਨ, ਉਹ ਵੇਲੇ ਸਿਰ ਆਪਣੀ ਫਸਲ ਬੀਜ ਲੈਂਦੇ ਹਨ। ਲੋਕਲ ਕਾਮੇ ਘੱਟ ਹੋਣ ਕਾਰਨ ਕਿਸਾਨਾਂ ਦੀ ਬਹੁਤੀ ਨਿਰਭਰਤਾ ਇਨ੍ਹਾਂ ਪਰਵਾਸੀ ਕਾਮਿਆਂ ’ਤੇ ਹੀ ਹੈ। ਇਹ ਮਿਹਨਤੀ ਵੀ ਹਨ ਤੇ ਇਨ੍ਹਾਂ ਕੋਲ ਹੁਨਰ ਵੀ ਹੈ। ਦੇਖਿਆ ਗਿਆ ਹੈ ਕਿ ਪੰਦਰਾਂ ਸੋਲਾਂ ਕਾਮਿਆਂ ਦਾ ਗਰੁੱਪ, ਪਨੀਰੀ ਪੁੱਟ ਕੇ ਤਿੰਨ-ਚਾਰ ਕਿੱਲੇ ਝੋਨਾ ਰੋਜ਼ ਲਾ ਦਿੰਦਾ ਹੈ।
ਸਾਰਾ ਦਿਨ ਮਿਹਨਤ ਕਰਦਿਆਂ ਖੂਨ-ਪਸੀਨਾ ਇਕ ਕਰਨਾ ਪੈਂਦਾ ਹੈ। ਰੋਜ਼ੀ-ਰੋਟੀ ਦੀਆਂ ਮਜਬੂਰੀਆਂ ਭਾਵੇਂ ਬੰਦੇ ਕੋਲੋਂ ਬਹੁਤ ਕੁਝ ਕਰਵਾ ਲੈਂਦੀਆਂ ਹਨ ਪਰ ਇਹ ਕੁਝ ਕਰਨ ਲਈ ਵੀ ਹਿੰਮਤ, ਹੌਸਲਾ, ਸਿਰੜ ਤੇ ਦ੍ਰਿੜਤਾ ਚਾਹੀਦੀ ਹੈ। ਪੰਜਾਬ ਵਿੱਚ ਝੋਨੇ ਦੀ ਲੁਆਈ ਮਹੀਨੇ ਤੋਂ ਵੀ ਘੱਟ ਸਮੇਂ ਦੀ ਖੇਡ ਹੈ। ਪਰਵਾਸੀ ਕਾਮੇ ਆਪਣੀ ਮੁਸ਼ੱਕਤ ਦੇ ਬਲਬੂਤੇ ਇਸ ਦਾ ਭਰਪੂਰ ਲਾਹਾ ਲੈਂਦੇ ਹਨ। ਬਹੁਤੀ ਕਮਾਈ ਤਾਂ ਭਾਵੇਂ ਨਹੀਂ ਹੁੰਦੀ ਪਰ ਮਿਹਨਤ ਦੇ ਰਾਹ ਤੁਰ ਕੇ ਆਪਣੀ ਰੋਜ਼ੀ ਕਮਾਉਣ ਦੀ ਭਾਵਨਾ ਨੂੰ ਸਲਾਮ ਕਰਨਾ ਤਾਂ ਬਣਦਾ ਹੈ। ਕਈ ਵਾਰ ਪੰਜਾਬ ਵਿੱਚ ਵੀ ਪਰਵਾਸੀ ਕਾਮਿਆਂ ਵਿਰੁੱਧ ਆਵਾਜ਼ਾਂ ਸੁਣਾਈ ਦਿੰਦੀਆਂ ਹਨ। ਇਹ ਵਿਚਾਰਨ ਦੀ ਲੋੜ ਹੈ ਕਿ ਜੇਕਰ ਇਹ ਕਾਮੇ ਨਾ ਆਉਣ ਤਾਂ ਖੇਤੀਬਾੜੀ ਦਾ ਕੰਮ ਸੰਭਵ ਹੀ ਨਹੀ। ਉਂਝ ਤਾਂ ਹੁਣ ਪੰਜਾਬ ਵਿੱਚ ਹੋਰ ਵੀ ਅਨੇਕਾਂ ਕੰਮ ਇਹੀ ਕਾਮੇ ਕਰਦੇ ਨਜ਼ਰ ਆਉਂਦੇ ਹਨ ਅਤੇ ਰਹਿੰਦੇ ਵੀ ਪੰਜਾਬ ਵਿੱਚ ਹੀ ਹਨ। ਜੇ ਉਹ ਇੱਥੇ ਕੋਈ ਹੋਰ ਕੰਮ ਵੀ ਕਰਦੇ ਹਨ, ਤਾਂ ਵੀ ਝੋਨੇ ਦੇ ਸੀਜ਼ਨ ਦੌਰਾਨ ਝੋਨਾ ਲਾ ਕੇ ਕਮਾਈ ਕਰ ਲੈਂਦੇ ਹਨ।
ਛੋਟੇ-ਮੋਟੇ ਰੁਜ਼ਗਾਰ ਵਾਲਿਆਂ ਨੂੰ ਵੀ ਮੌਸਮਾਂ ਦੀ ਮਾਰ ਝੱਲਣੀ ਪੈਂਦੀ ਹੈ। ਸਾਈਕਲ ਰੇੜ੍ਹੀ ’ਤੇ ਸਬਜ਼ੀ ਵੇਚਣ ਵਾਲੇ, ਕੁਲਫੀਆਂ ਵੇਚਣ ਵਾਲੇ, ਕਬਾੜ ਇਕੱਠਾ ਕਰਦੇ ਕਾਮੇ, ਸੜਕ ’ਤੇ ਰੇੜ੍ਹੀ ਲਾ ਕੇ ਕੁਲਚੇ-ਛੋਲੇ ਵੇਚਣ ਵਾਲੇ, ਕਿਸੇ ਕੋਨੇ ਵਿੱਚ ਸਵੇਰ ਤੋਂ ਖੜ੍ਹੇ ਹੋ ਕੇ ਸ਼ਿਕੰਜਵੀ ਵੇਚ ਕੇ ਗੁਜ਼ਾਰਾ ਕਰਨ ਵਾਲੇ, ਮੂੰਗਫਲੀ ਤੇ ਦਾਣੇ ਭੁੰਨ ਕੇ ਵੇਚਣ ਵਾਲੇ; ਗੱਲ ਕੀ, ਆਪਣੀ ਰੋਜ਼ੀ-ਰੋਟੀ ਖ਼ਾਤਿਰ ਵੱਡੀ ਗਿਣਤੀ ਕਿਰਤੀਆਂ ਨੂੰ ਹਰ ਮੌਸਮ ਦੀ ਮਾਰ ਝੱਲਣ ਲਈ ਤਿਆਰ ਰਹਿਣਾ ਪੈਂਦਾ ਹੈ। ਅੰਤਾਂ ਦੀ ਸਰਦੀ, ਗਰਮੀ, ਧੁੱਪ, ਪਿੰਡਾ ਸਾੜਦੀਆਂ ਲੂਆਂ, ਠੰਢੀਆਂ ਹਵਾਵਾਂ ਵਿੱਚ ਖੇਤਾਂ ਵਿੱਚ ਕੰਮ ਕਰਦੇ ਕਿਸਾਨ/ਕਾਮੇ, ਇੱਟਾਂ ਦੇ ਭੱਠੇ ’ਤੇ ਆਪਣੇ ਪਰਿਵਾਰਾਂ ਤੇ ਬੱਚਿਆਂ ਨਾਲ ਇੱਟਾਂ ਪੱਥਦੇ ਕਿਰਤੀ ਹੱਥ, ਉਸਾਰੀ ਦੇ ਕੰਮਾਂ ਵਿੱਚ ਲੱਗੇ ਕਾਮੇ, ਸੜਕਾਂ ’ਤੇ ਪੱਥਰ ਕੁੱਟਦੇ ਹੱਥ; ਗੱਲ ਕੀ, ਕੋਈ ਮੌਸਮ ਹੋਵੇ, ਇਨ੍ਹਾਂ ਕਿਰਤੀਆਂ ਨੂੰ ਆਪਣਾ ਤੇ ਆਪਣੇ ਪਰਿਵਾਰਾਂ ਦਾ ਪੇਟ ਪਾਲਣ ਲਈ ਆਪਣੇ ਪਿੰਡਿਆਂ ’ਤੇ ਸਭ ਕੁਝ ਝੱਲਣਾ ਪੈਂਦਾ ਹੈ। ਜੇ ਇਹ ਮੌਸਮਾਂ ਤੋਂ ਡਰ ਜਾਣ ਤਾਂ ਚੁੱਲ੍ਹਾ ਕਿਵੇਂ ਬਲੇਗਾ? ਸਾਫ-ਸਫਾਈ ਤੇ ਅਨੇਕਾਂ ਅਜਿਹੇ ਕੰਮ ਹਨ ਜਿਹੜੇ ਇਨ੍ਹਾਂ ਹੱਥਾਂ ਤੋਂ ਬਿਨਾਂ ਸੰਭਵ ਹੀ ਨਹੀਂ।
ਕੋਈ ਵੀ ਕੰਮ ਚੰਗਾ/ਮਾੜਾ ਨਹੀਂ ਹੁੰਦਾ। ਦੁਨੀਆ ਬਹੁਤ ਅੱਗੇ ਨਿਕਲ ਗਈ ਹੈ, ਪਰ ਅਸੀਂ ਅਜੇ ਵੀ ਰੂੜੀਵਾਦੀ ਗੱਲਾਂ ਵਿੱਚ ਉਲਝੇ ਹੋਏ ਹਾਂ। ਵਿਹਲੇ ਹੱਥਾਂ ਨੂੰ ਰੁਜ਼ਗਾਰ ਦੀ ਲੋੜ ਹੁੰਦੀ ਹੈ, ਪਰ ਸਾਡੇ ਨੌਜਵਾਨ ਕੰਮਾਂ ਦੇ ਚੰਗੇ ਮਾੜੇ ਹੋਣ ਦੀ ਦੁਰਭਾਵਨਾ ਦੇ ਸ਼ਿਕਾਰ ਹੋਣ ਕਾਰਨ, ਵਿਹਲੇ ਫਿਰਦੇ ਹਨ। ਇਹੀ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਮਜਬੂਰੀ ਵੱਸ ਹਰ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ। ਸਾਡੇ ਨੌਜਵਾਨ ਮੁੰਡੇ-ਕੁੜੀਆਂ, ਉੱਥੇ ਜਾ ਕੇ ਆਪਣੇ ਸਭ ਸੁੱਖ-ਆਰਾਮ ਤਿਆਗ ਕੇ ਸੰਘਰਸ਼ਮਈ ਜੀਵਨ ਬਤੀਤ ਕਰਦੇ ਹਨ। ਜਿਹੜੇ ਇਸ ਭਾਵਨਾ ਨਾਲ ਸੋਚਦੇ ਹਨ, ਉਹੀ ਜੀਵਨ ਵਿੱਚ ਕਾਮਯਾਬੀ ਦੇ ਝੰਡੇ ਗੱਡਦੇ ਹਨ। ਜਿਹੜੇ ਕੰਮ ਕਰਨ ਵਾਲੀ ਮਿਹਨਤ ਤੋਂ ਭੱਜ ਕੇ ਹੋਰ ਰਾਹ ਚੁਣਦੇ ਹਨ, ਉਨ੍ਹਾਂ ਦਾ ਹਸ਼ਰ ਅਸੀਂ ਨਿੱਤ-ਦਿਨ ਛਪਦੀਆਂ ਖਬਰਾਂ ਤੋਂ ਦੇਖ ਹੀ ਰਹੇ ਹਾਂ।
ਸਾਡੇ ਦੇਸ਼ ਵਿੱਚ ਕਿਰਤੀ/ਕਾਮਿਆਂ ਦਾ ਜੀਵਨ ਪੱਧਰ ਇੰਨੀ ਜਿ਼ਆਦਾ ਮੁਸ਼ੱਕਤ ਦੇ ਬਾਵਜੂਦ ਬਹੁਤ ਦੁਸ਼ਵਾਰੀਆਂ ਭਰਿਆ ਹੈ। ਕਿਸੇ ਕਾਰਖਾਨੇ ਵਿੱਚ ਕੰਮ ਕਰਦੇ ਕਾਮਿਆਂ ਦੀ ਖੂਨ-ਪਸੀਨੇ ਦੀ ਮਿਹਨਤ ਸਦਕਾ ਕਾਰਖਾਨੇਦਾਰ ਤਾਂ ਕੁਝ ਸਾਲਾਂ ਵਿੱਚ ਹੀ ਵੱਡਾ ਉਦਯੋਗਪਤੀ ਬਣ ਜਾਂਦਾ ਹੈ, ਪਰ ਕਾਮਿਆਂ ਦੇ ਜੀਵਨ ਪੱਧਰ ਵਿੱਚ ਬਹੁਤਾ ਸੁਧਾਰ ਨਹੀਂ ਆਉਂਦਾ। ਬਹੁਤੇ ਥਾਈਂ ਤਾਂ ਕਾਮਿਆਂ ਦੀਆਂ ਕੰਮ-ਹਾਲਤਾਂ ਵੀ ਬਹੁਤ ਮਾੜੀਆਂ ਹੋਣ ਕਾਰਨ ਕਾਮੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਸਰਕਾਰੀ ਪੱਧਰ ’ਤੇ ਕਾਮਿਆਂ ਦਾ ਜੀਵਨ ਪੱਧਰ ਸੁਧਾਰਨ ਦੇ ਬਹੁਤ ਦਾਅਵੇ ਕੀਤੇ ਜਾਂਦੇ ਹਨ, ਪਰ ਅਮਲੀ ਰੂਪ ਵਿੱਚ ਬਹੁਤ ਘੱਟ ਤਬਦੀਲੀ ਆਈ ਹੈ।
ਕਿਸਾਨ, ਕਾਮੇ, ਕਿਰਤੀ ਕਿਸੇ ਵੀ ਦੇਸ਼ ਦੇ ਨਵ-ਨਿਰਮਾਣ ਵਿੱਚ ਰੀੜ੍ਹ ਦੀ ਹੱਡੀ ਸਮਾਨ ਹੁੰਦੇ ਹਨ। ਹਰ ਤਰ੍ਹਾਂ ਦੀਆਂ ਸਥਿਤੀਆਂ ਵਿੱਚ ਮਿਹਨਤ ਕਰਦੇ ਹੱਥਾਂ ਤੋਂ ਬਿਨਾਂ ਕਿਸੇ ਤਰ੍ਹਾਂ ਦੇ ਵਿਕਾਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਕਈ-ਕਈ ਮੰਜ਼ਿਲਾਂ ਤੇ ਦਿਉ-ਕੱਦ ਇਮਾਰਤਾਂ ਦੀ ਉਸਾਰੀ ਕਰਦੇ ਕਾਮੇ, ਸਾਰੀ ਉਮਰ ਆਪਣੇ ਸਿਰ ਦੀ ਛੱਤ ਲਈ ਤਰਸਦੇ ਰਹਿੰਦੇ ਹਨ, ਪਰ ਉਨ੍ਹਾਂ ਦਾ ਆਪਣਾ ਕਹਿ ਸਕਣ ਵਾਲਾ 'ਘਰ' ਨਹੀਂ ਬਣਦਾ। ਅੱਖਾਂ ਵਿੱਚ ਚੰਗੀ ਜ਼ਿੰਦਗੀ ਦੇ ਸੁਫਨੇ ਸਜਾਈ, ਉਹ ਅਨੇਕਾਂ ਮੁਸੀਬਤਾਂ ਝੱਲਦੇ, ਇਸ ਜਹਾਨ ਤੋਂ ਕੂਚ ਕਰ ਜਾਂਦੇ ਹਨ। ਰਾਜ ਕਰਦੀਆਂ ਹਕੂਮਤਾਂ ਨੂੰ ਰੋਜ਼ੀ-ਰੋਟੀ, ਭੁੱਖਮਰੀ, ਅਨਪੜ੍ਹਤਾ, ਬੇਰੁਜ਼ਗਾਰੀ, ਭਿਆਨਕ ਬਿਮਾਰੀਆਂ ਦੀ ਜਕੜ ਦੇ ਮੁੱਦਿਆਂ ਤੋਂ ਵੀ ਧਾਰਮਿਕ ਮੁੱਦੇ ਬਹੁਤ ਵੱਡੇ ਜਾਪਣ ਲੱਗਦੇ ਹਨ ਪਰ ਸਰਕਾਰਾਂ ਫਿਰ ਵੀ ਦਾਅਵੇ ਕਰਦੀਆਂ ਹਨ ਕਿ ਸਾਡਾ ਦੇਸ਼ ਤਰੱਕੀ ਦੀਆਂ ਕਈ ਮੰਜ਼ਿਲਾਂ ਤੈਅ ਕਰ ਚੁੱਕਾ ਹੈ।
ਅੱਜ ਵੀ ਕਿਰਤੀ/ਕਾਮਿਆਂ ਦਾ ਜੀਵਨ ਅਨੇਕਾਂ ਮੁਸੀਬਤਾਂ ਵਿੱਚੋਂ ਗੁਜ਼ਰ ਰਿਹਾ ਹੈ। ਜੇ ਇਹ ਮਿਹਨਤੀ ਹੱਥ ਇਕ ਦਿਨ ਵੀ ਕੰਮ ਤੋਂ ਇਨਕਾਰੀ ਹੋ ਜਾਣ ਤਾਂ ਸਾਡੇ ਜੀਵਨ ਵਿੱਚ ਵੱਡੀ ਉਥਲ-ਪੁਥਲ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਾਡੇ ਆਲੇ-ਦੁਆਲੇ ਵਿੱਚ ਜੋ ਵੀ ਕੰਮ ਹੋਇਆ ਹੈ ਜਾਂ ਹੋ ਰਿਹਾ ਹੈ ਜਾਂ ਭਵਿੱਖ ਵਿੱਚ ਹੋਵੇਗਾ, ਇਨ੍ਹਾਂ ਕਾਮਿਆਂ ਦੇ ਹੱਥਾਂ ਦੀ ਕਰਾਮਾਤ ਹੀ ਹੈ। ਇਨ੍ਹਾਂ ਨੂੰ ਸਤਿਕਾਰ ਦੇਣਾ ਹਰ ਸ਼ਖ਼ਸ ਦਾ ਫਰਜ਼ ਹੈ। ਇਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਹੀ ਇਹ ਸੰਸਾਰ ਤਰੱਕੀ ਦੀਆਂ ਮੰਜ਼ਿਲਾਂ ਤੈਅ ਕਰ ਰਿਹਾ ਹੈ।
ਸੰਪਰਕ: 98153-56086