DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਾਮਧਾਰੀ ਸੰਪਰਦਾ ਵਿਚ ‘ਅੱਸੂ ਦੇ ਮੇਲੇ’ ਦੀ ਮਹਾਨਤਾ

ਜੋਗਿੰਦਰ ਸਿੰਘ ਓਬਰਾਏ ਦੁਨੀਆਂ ਦਾ ਲਗਪਗ ਹਰ ਧਰਮ ਕਿਸੇ ਨਾ ਕਿਸੇ ਰੂਪ ਵਿਚ ਇਨਸਾਨ ਨੂੰ ਪ੍ਰਭੂ-ਭਗਤੀ ਕਰਨ ਲਈ ਪ੍ਰੇਰਦੇ ਹਨ, ਤਰੀਕਾ ਭਾਵੇਂ ਕਿਹੋ ਜਿਹਾ ਵੀ ਹੋਵੇ। ਸਿੱਖ ਧਰਮ ਵਿਚ ਦੋ ਗੱਲਾਂ ਦੀ ਵਿਸ਼ੇਸ਼ ਮਹਾਨਤਾ ਹੈ, ਉਹ ਹੈ ਭਗਤੀ ਅਤੇ ਸ਼ਕਤੀ।...
  • fb
  • twitter
  • whatsapp
  • whatsapp
Advertisement

ਜੋਗਿੰਦਰ ਸਿੰਘ ਓਬਰਾਏ

ਦੁਨੀਆਂ ਦਾ ਲਗਪਗ ਹਰ ਧਰਮ ਕਿਸੇ ਨਾ ਕਿਸੇ ਰੂਪ ਵਿਚ ਇਨਸਾਨ ਨੂੰ ਪ੍ਰਭੂ-ਭਗਤੀ ਕਰਨ ਲਈ ਪ੍ਰੇਰਦੇ ਹਨ, ਤਰੀਕਾ ਭਾਵੇਂ ਕਿਹੋ ਜਿਹਾ ਵੀ ਹੋਵੇ। ਸਿੱਖ ਧਰਮ ਵਿਚ ਦੋ ਗੱਲਾਂ ਦੀ ਵਿਸ਼ੇਸ਼ ਮਹਾਨਤਾ ਹੈ, ਉਹ ਹੈ ਭਗਤੀ ਅਤੇ ਸ਼ਕਤੀ। ਭਗਤੀ ਵੀ ਤਾਂ ਹੀ ਹੋ ਸਕਦੀ ਹੈ ਜੇ ਇਨਸਾਨ ਅੰਦਰ ਆਤਮਿਕ ਸ਼ਕਤੀ ਹੈ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਜੀ ਨੇ ਵੀ ਕਠਨਿ ਤਪੱਸਿਆ ਕੀਤੀ ਤੇ ਇਸ ਪਿਛੋਂ ਉਨ੍ਹਾਂ ਚਾਰ ਉਦਾਸੀਆਂ ਕਰ ਕੇ ਦੁਨੀਆਂ ਨੂੰ ‘ਤਾਰਿਆ।’ ਭਾਈ ਗੁਰਦਾਸ ਜੀ ਲਿਖਦੇ ਹਨ :

Advertisement

ਰੇਤ ਅੱਕ ਆਹਾਰ ਕਰ

ਰੋੜਾਂ ਕੀ ਗੁਰ ਕਰੀ ਵਿਛਾਈ॥

ਭਾਰੀ ਕਰੀ ਤੱਪਸਿਆ

ਬਡੇ ਭਾਗ ਹਰਿ ਸਿਉਂ ਬਣਿ ਆਈ॥

ਭਗਤੀ ਦੀ ਇਸ ਪ੍ਰੰਪਰਾ ਨੂੰ ਨਾਮਧਾਰੀ ਸੰਪਰਦਾ ਨੇ ਨਿਰੰਤਰ ਜਾਰੀ ਰੱਖਿਆ ਹੋਇਆ ਹੈ। ਨਾਮਧਾਰੀ ਸੰਪਰਦਾ ਨੇ ਜਿੱਥੇ ਦੇਸ਼ ਅਤੇ ਧਰਮ ਲਈ ਭਾਰੀ ਕੁਰਬਾਨੀਆਂ ਕੀਤੀਆਂ ਹਨ, ਉਥੇ ਉਹ ਸਤਿਗੁਰਾਂ ਦੇ ਉਪਦੇਸ਼ਾਂ ਨੂੰ ਮੰਨਦੇ ਹੋਏ ਆਪਣਾ ਸਮਾਂ ਪ੍ਰਭੂ ਭਗਤੀ ਵਿਚ ਵੀ ਬਤੀਤ ਕਰਦੇ ਹਨ। ਨਾਮਧਾਰੀ ਮੁੱਖੀ ਸਤਿਗੁਰੂ ਰਾਮ ਸਿੰਘ ਹੁਰਾਂ ਨੇ ਸ੍ਰੀ ਭੈਣੀ ਸਾਹਿਬ ਦੇ ਅਕਾਲ ਬੁੰਗੇ ਵਿਚ ਲਗਾਤਾਰ 20 ਸਾਲ ਤਪ ਕੀਤਾ। ਇਸ ਸਬੰਧੀ ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ:

'ਬੀਸਕ ਬਰਸ ਜੁਦਹ ਜਾਪ ਕੀਨੋ ਮਨ ਲਾਇਕੈ''

ਇਸ ਸੰਪਰਦਾ ਵਿਚ ਭਾਵੇਂ ਹਰ ਰੋਜ਼ ਹੀ ਨਿਤਨੇਮ ਅਤੇ ਗੁਰਬਾਣੀ ਦਾ ਪ੍ਰਵਾਹ ਨਿਰੰਤਰ ਚਲਦਾ ਰਹਿੰਦਾ ਹੈ ਪਰ ਸਮੁੱਚੇ ਰੂਪ ਵਿਚ ਅੱਸੂ ਦੇ ਮਹੀਨੇ ਨਿਰੰਤਰ 30-31 ਦਿਨ ‘ਨਾਮ ਸਿਮਰਨ ਜਪ ਪ੍ਰਯੋਗ’ ਸਮਾਗਮ ਹੋਣਾ ਇਕ ਵਿਸ਼ੇਸ਼ ਸਥਾਨ ਰੱਖਦਾ ਹੈ। ਨਾਮ ਸਿਮਰਨ ਦੀ ਇਹ ਪ੍ਰੰਪਰਾ 1906 ਵਿਚ ਨਾਮਧਾਰੀ ਮੁਖੀ ਸਤਿਗੁਰੂ ਪ੍ਰਤਾਪ ਸਿੰਘ ਹੁਰਾਂ ਵੱਲੋਂ ਸ਼ੁਰੂ ਹੋਈ। ਸਭ ਤੋਂ ਪਹਿਲਾਂ ਦੋਰਾਹੇ ਤੋਂ ਦਸ ਕਿਲੋਮੀਟਰ ਦੀ ਦੂਰੀ ’ਤੇ ਸਰਹਿੰਦ ਨਹਿਰ ਕੰਢੇ (ਪਿੰਡ ਢੰਡੇ ਨੇੜੇ) ਸਾਵਣ ਦੇ ਮਹੀਨੇ ਇਹ ਪ੍ਰੋਗਰਾਮ ਕੀਤਾ ਗਿਆ। ਕਈ ਸਾਲ ਇਹ ਭਾਦਰੋਂ ਮਹੀਨੇ ਵਿਚ ਹੁੰਦਾ ਰਿਹਾ ਪਰ ਬਾਅਦ ਵਿਚ ਮੌਸਮ ਦੀ ਸਹੂਲਤ ਨੂੰ ਵੇਖਦਿਆਂ ਇਹ ਮੇਲਾ ਅੱਸੂ ਮਹੀਨੇ (ਸਤੰਬਰ ਅੱਧ ਤੋਂ ਅਕਤੂਬਰ ਅੱਧ ਤੱਕ) ਹੋਣ ਲੱਗ ਪਿਆ, ਜਿਸ ਕਰਕੇ ਇਸ ਭਗਤੀ ਕਰਨ ਵਾਲੇ ਮਹੀਨੇ ਨੂੰ ‘ਅੱਸੂ ਦਾ ਮੇਲਾ’ ਕਰਕੇ ਵੀ ਜਾਣਿਆ ਜਾਂਦਾ ਹੈ। ਭਾਵੇਂ ਇਹ ਸਮਾਗਮ ਦੇਸ਼ ਅਤੇ ਵਿਦੇਸ਼ ਵਿਚ ਵੱਖ ਵੱਖ ਥਾਵਾਂ ਤੇ ਹੁੰਦਾ ਰਹਿੰਦਾ ਹੈ ਪਰ ਵਧੇਰੇ ਕਰਕੇ ਸ੍ਰੀ ਭੈਣੀ ਸਾਹਿਬ ਵਿਖੇ ਹੀ ਇਹ ਸਮਾਗਮ ਹੁੰਦਾ ਹੈ।

ਮੌਜੂਦਾ ਨਾਮਧਾਰੀ ਮੁਖੀ ਸਤਿਗੁਰੂ ਠਾਕੁਰ ਉਦੈ ਸਿੰਘ ਹੁਰਾਂ ਦੀ ਸਰਪ੍ਰਸਤੀ ਹੇਠ ਇਸ ਵਾਰ ਵੀ 117ਵਾਂ ‘ਨਾਮ ਸਿਮਰਨ ਜਪ ਪ੍ਰਯੋਗ’ ਸਮਾਗਮ 16 ਸਤੰਬਰ ਤੋਂ ਆਰੰਭ ਹੋ ਚੁੱਕਾ ਹੈ, ਜੋ 17 ਅਕਤੂਬਰ ਤੱਕ ਚੱਲੇਗਾ। ਇਸ ਬਾਰੇ ਸੇਵਕ ਹਰਪਾਲ ਸਿੰਘ ਦੱਸਦੇ ਹਨ ਕਿ ਸਤਿਗੁਰੂ ਠਾਕੁਰ ਉਦੈ ਸਿੰਘ ‘ਆਪਿ ਜਪੈ ਅਵਰਹੁ ਨਾਮੁ ਜਪਾਵੈ’ ਅਨੁਸਾਰ ਆਪ ਨਾਮ ਜਪਦੇ ਅਤੇ ਜਪਾਉਂਦੇ ਹਨ। ਕਰੀਬ ਇਕ ਮਹੀਨਾ ਚੱਲਣ ਵਾਲੇ ਇਸ ਪ੍ਰਭੂ ਭਗਤੀ ਸਮਾਗਮ ਵਿਚ ਸ਼ਾਮਲ ਹੋਣ ਵਾਲੇ ਸ਼ਰਧਾਲੂ ਪੂਰੀ ਤਰ੍ਹਾਂ ਸੰਸਾਰਕ ਵਿਹਾਰ ਅਤੇ ਮੋਹ ਮਾਇਆ ਤੋਂ ਨਿਰਲੇਪ ਰਹਿ ਕੇ ਆਉਂਦੇ ਹਨ। ਆਤਮ ਰਸ ਲੈਣ ਲਈ ਨੀਂਦ ਅਤੇ ਭੋਜਨ ਘਟਾ ਕੇ ਵੱਧ ਤੋਂ ਵੱਧ ਸਮਾਂ ਨਾਮ ਬਾਣੀ ਦਾ ਅਭਿਆਸ ਕੀਤਾ ਜਾਂਦਾ ਹੈ। ਸਤਿਗੁਰੂ ਜੀ ਵੱਲੋਂ ਵਿਸ਼ੇਸ਼ ਕਿਹਾ ਹੁੰਦਾ ਹੈ ਕਿ ਇਨ੍ਹੀਂ ਦਿਨੀਂ ਕੋਈ ਵੀ ਵਿਹਾਰੀ ਅਰਜ਼ ਬੇਨਤੀ ਨਾ ਕਰੇ। ਜਪ-ਪ੍ਰਯੋਗ ਦੇ ਦਿਨਾਂ ਵਿਚ ਪੂਰੀ ਤਰ੍ਹਾਂ ਬ੍ਰਹਮਚਰਜ਼ ਧਾਰਨ ਕਰਨਾ ਜ਼ਰੂਰੀ ਹੈ।

ਇਸ ਸਮਾਗਮ ਵਿਚ ਸ਼ਾਮਲ ਸਾਰੇ ਸ਼ਰਧਾਲੂ ਅੰਮ੍ਰਿਤ ਵੇਲੇ ਇਕ ਵਜੇ (ਅੱਧੀ ਰਾਤ ਸਮੇਂ) ਕੇਸੀ ਇਸ਼ਨਾਨ ਕਰਕੇ ਦੋ ਵਜੇ ਸਮਾਗਮ ਵਿਚ ਸ਼ਾਮਲ ਹੋ ਜਾਂਦੇ ਹਨ। ਨਾਮ ਸਿਮਰਨ ਸਮੇਂ ਚਿੱਟੇ ਕਪੜਿਆਂ ਵਿਚ ਚੌਂਕੜੇ ਮਾਰ ਕੇ ਬੈਠੇ ਸ਼ਰਧਾਲੂ ਜਦੋਂ ਉੱਨ ਦੀ ਚਿੱਟੀ ਮਾਲਾ ਫੇਰ ਕੇ ਨਾਮ ਸਿਮਰਨ ਕਰ ਰਹੇ ਹੁੰਦੇ ਹਨ ਤਾਂ ਇਕ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਇਸ ਮੌਕੇ ਤਾਰਿਆਂ ਦੀ ਲੋਅ ਵਿਚ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ, ਸੂਰਜ ਦੀ ਟਿੱਕੀ ਨਿਕਲਦੇ ਹੀ ਸਾਰੇ ਸ਼ਰਧਾਲੂ ਚੰਡੀ ਦੀ ਵਾਰ ਦਾ ਪਾਠ ਕਰਦੇ ਹਨ।

ਨਾਮ ਜਪਦਿਆਂ ਤੇ ਬਾਣੀ ਪੜ੍ਹਦਿਆਂ ਲੰਗਰ ਤਿਆਰ ਕੀਤਾ ਜਾਂਦਾ ਹੈ। ਦੁਪਹਿਰ ਸਮੇਂ ਸੂਰਜ ਪ੍ਰਕਾਸ਼ ਅਤੇ ਸਤਿਗੁਰ ਬਿਲਾਸ ਦੀ ਕਥਾ, ਹੁਕਮਨਾਮਿਆਂ ਦਾ ਪਾਠ, ਨਾਮ ਸਿਮਰਨ ਦੌਰਾਨ ਸਤਿਗੁਰੂ ਪ੍ਰਤਾਪ ਸਿੰਘ ਅਤੇ ਸਤਿਗੁਰੂ ਜਗਜੀਤ ਸਿੰਘ ਜੀ ਦੇ ਰਿਕਾਰਡ ਕੀਤੇ ਹੋਏ ਉਪਦੇਸ਼ ਫ਼ਿਰ ਸ਼ਾਮ ਸਮੇਂ ਵੱਖ ਵੱਖ ਰਾਗਾਂ ਵਿਚ ਗੁਰਬਾਣੀ ਦਾ ਰਸ ਭਿੰਨਾ ਕੀਰਤਨ, ਜੋਟੀਆਂ ਦੇ ਸ਼ਬਦ, ਸ਼ਾਮ ਸਮੇਂ ਸ੍ਰੀ ਰਹਿਰਾਸ ਦਾ ਪਾਠ, ਹੱਲੇ ਦੇ ਦੀਵਾਨ, ਗਿਆਨ ਚਰਚਾ, ਗੁਰੂ ਨਾਨਕ ਦੇਵ ਜੀ ਤੋਂ ਆਰੰਭ ਕਰ ਕੇ ਸਾਰੇ ਗੁਰੂਆਂ ਦੀ ਸਾਖੀਆਂ ਅਤੇ ਹੋਰ ਨਿਰੋਲ ਭਗਤੀ ਰੰਗ ਵਿਚ ਰੰਗਿਆ ਪ੍ਰੋਗਰਾਮ ਭਾਵ ਕਿ ਸਾਰਾ ਸਮਾਂ ਹੀ ਨਾਮ ਬਾਣੀ ਤੇ ਸੇਵਾ ਸਿਮਰਨ ਕਰਦਿਆਂ ਅਧਿਆਤਮਕ ਵਾਤਾਵਰਨ ਵਿਚ ਗੁਜ਼ਰਦਾ ਹੈ।

ਇਸ ਸਮਾਗਮ ਵਿਚ ਜਿਹੜੇ ਨਾਮਧਾਰੀ ਤੇ ਹੋਰ ਸ਼ਰਧਾਲੂ ਦੂਜੇ ਸੂਬਿਆਂ ਜਾਂ ਦੂਰ ਦੇ ਮੁਲਕਾਂ ਵਿਚ ਬੇਠੈ ਹਨ, ਉਹ ਵੀ ਵਿਸ਼ੇਸ਼ ਯਤਨ ਕਰਕੇ ਹਰ ਵਰ੍ਹੇ ਇਸ ਸਮਾਗਮ ਵਿਚ ਪੁੱਜ ਜਾਂਦੇ ਹਨ ਪਰ ਜਿਹੜੇ ਨਹੀਂ ਪੁੱਜ ਸਕਦੇ ਉਹ ਆਪਣੀ ਆਪਣੀ ਥਾਂ ’ਤੇ ਇਸ ਪ੍ਰਭੂ ਭਗਤੀ ਵਿਚ ਲੀਨ ਹੁੰਦੇ ਹਨ ਅਤੇ ਉਨ੍ਹਾਂ ਦੀ ਹਾਜ਼ਰੀ ਵੀ ਗੁਰੂ ਘਰ ਵਿਚ ਪ੍ਰਵਾਨ ਹੁੰਦੀ ਹੈ। ਇਸ ਸਮਾਗਮ ਵਿਚ ਕੋਈ ਭਿੰਨ ਭੇਦ ਨਹੀਂ ਹੁੰਦਾ, ਮਰਦਾਂ ਦੇ ਨਾਲ ਨਾਲ ਵੱਖਰੇ ਤੌਰ ’ਤੇ ਔਰਤਾਂ ਤੇ ਕਈ ਬੱਚੇ ਵੀ ਸ਼ਾਮਲ ਹੋ ਕੇ ਆਪਣਾ ਜੀਵਨ ਸਫ਼ਲ ਕਰਦੇ ਹਨ।

ਦੇਸ਼ ਅਤੇ ਵਿਦੇਸ਼ਾਂ ਵਿਚ ਬੈਠੇ ਖਾਸ ਕਰ ਕੇ ਤਨਜ਼ਾਨੀਆ, ਬੈਂਕਾਕ, ਅਮਰੀਕਾ, ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਆਦਿ ਵਿਚ ਲੱਖਾਂ ਨਾਮਧਾਰੀ ਤੇ ਇਸ ਗੁਰੂ ਘਰ ਨਾਲ ਜੁੜੇ ਹੋਰ ਪ੍ਰੇਮੀ ਇਸ ਪ੍ਰਭੂ ਭਗਤੀ ਨਾਲ ਜੁੜ ਕੇ ਆਪਣੇ ਆਪ ਨੂੰ ਧੰਨਭਾਗ ਸਮਝਦੇ ਹਨ। ਇਸ ਵਾਰ ਅeਰੰਭਤਾ ਵਾਲੇ ਦਿਨ 11 ਹਜ਼ਾਰ ਤੋਂ ਵਧੇਰੇ ਨਾਮਧਾਰੀ ਸੰਗਤ ਨੇ ਇਸ ਜਪ ਪ੍ਰਯੋਗ ਵਿਚ ਹਿੱਸਾ ਲਿਆ ਅਤੇ ਹੁਣ ਹਰ ਰੋਜ਼ ਦੋ ਤੋਂ ਢਾਈ ਹਜ਼ਾਰ ਦੇ ਕਰੀਬ ਨਾਮਧਾਰੀ ਨਿਰੰਤਰ ਹਿੱਸਾ ਲੈ ਰਹੇ ਹਨ। ਇਸ ਤੋਂ ਇਲਾਵਾ ਕਰੀਬ 100 ਹੋਰ ਥਾਵਾਂ ’ਤੇ ਇਹ ਜਪ ਪ੍ਰਯੋਗ ਚੱਲ ਰਹੇ ਹਨ, ਜਿੱਥੇ ਹਜ਼ਾਰਾਂ ਨਾਮਧਾਰੀ ਹਾਜ਼ਰ ਹੁੰਦੇ ਹਨ।

ਸੰਪਰਕ: 98769-24513

Advertisement
×