ਫਿਲਮ ‘ਸੈਯਾਰਾ’ ਨੇ ਪਹਿਲੇ ਦਿਨ 21.25 ਕਰੋੜ ਕਮਾਏ
ਬੌਲੀਵੁੱਡ ਫ਼ਿਲਮ ‘ਸੈਯਾਰਾ’ ਜੋ ਅਦਾਕਾਰ ਅਹਾਨ ਪਾਂਡੇ ਦੀ ਪਹਿਲੀ ਫ਼ਿਲਮ ਹੈ, ਨੇ ਸਿਨੇਮਾਘਰਾਂ ’ਚ ਰਿਲੀਜ਼ ਦੇ ਪਹਿਲੇ ਦਿਨ 21.25 ਕਰੋੜ ਰੁਪਏ ਕਮਾਏ ਹਨ। ਫਿਲਮ ਨਿਰਮਾਤਾਵਾਂ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ। ਮੋਹਿਤ ਸੂਰੀ ਦੇ ਨਿਰਦੇਸ਼ਨ ਹੇਠ ਬਣੀ ਤੇ ਵਾਈਆਰਐੱਫ ਦੀ ਪੇਸ਼ਕਸ਼ ਇਸ ਰੋਮਾਂਟਿਕ ਡਰਾਮਾ ਫ਼ਿਲਮ ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ। ਫਿਲਮ ’ਚ ਅਨੀਤ ਪੱਡਾ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਇਹ ਫਿਲਮ ਸ਼ੁਕਰਵਾਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਸੀ। ਫਿਲਮ ਦੇ ਪ੍ਰੋਡਕਸ਼ਨ ਬੈਨਰ ਨੇ ਬਿਆਨ ਜਾਰੀ ਕਰਦਿਆਂ ਆਖਿਆ, ‘‘ਵਾਈਆਰਐੱਫ ਅਤੇ ਮੋਹਿਤ ਸੂਰੀ ਦੀ ‘ਸੈਯਾਰਾ’ ਨੇ ਭਾਰਤ ਵਿੱਚ ਪਹਿਲੇ ਦਿਨ 21.25 ਕਰੋੜ ਰੁਪਏ ਦੀ ਕਮਾਈ ਨਾਲ ਇਤਿਹਾਸਕ ਸ਼ੁਰੂਆਤ ਕੀਤੀ ਹੈ।’’ ਫਿਲਮਸਾਜ਼ਾਂ ਨੇ ਕਿਹਾ, ‘‘ਸੈਯਾਰਾ, ਜੋ 8,000 ਹਜ਼ਾਰ ਸਕਰੀਨਾਂ ’ਤੇ ਰਿਲੀਜ਼ ਹੋਈ ਸੀ ਅਤੇ ਇਹ ਕਿਸੇ ਨਵੇਂ ਨਿਰਦੇਸ਼ਕ ਦੀ ਹੁਣ ਤੱਕ ਪਹਿਲੇ ਦਿਨ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਹੈ। ਇਹ ਨਿਰਦੇਸ਼ਕ ਸੂਰੀ ਲਈ ਕਰੀਅਰ ਦੀ ਸਰਵੋਤਮ ਤੇ ਲਵ ਸਟੋਰੀ ਲਈ ਸਭ ਵੱਡੀ ਸ਼ੁਰੂਆਤ ਹੈ।’’