ਫ਼ਿਲਮ ‘ਪਰਮ ਸੁੰਦਰੀ’ ਨੇ 80 ਕਰੋੜ ਰੁਪਏ ਕਮਾਏ
ਅਦਾਕਾਰ ਸਿਧਾਰਥ ਮਲਹੋਤਰਾ ਤੇ ਜਾਨ੍ਹਵੀ ਕਪੂਰ ਦੀ ਫ਼ਿਲਮ ‘ਪਰਮ ਸੁੰਦਰੀ’ ਨੇ ਦੁਨੀਆ ਭਰ ਵਿੱਚ 80 ਕਰੋੜ ਰੁਪਏ ਦੀ ਕਮਾਈ ਕਰਕੇ ਬਾਕਸ ਆਫ਼ਿਸ ’ਤੇ ਆਪਣੀ ਪਕੜ ਬਣਾਈ ਹੋਈ ਹੈ। ਇਹ ਜਾਣਕਾਰੀ ਫ਼ਿਲਮ ਨਿਰਮਾਤਾਵਾਂ ਨੇ ਦਿੱਤੀ। ਇਹ ਫ਼ਿਲਮ 29 ਅਗਸਤ ਨੂੰ ਰਿਲੀਜ਼ ਹੋਈ ਸੀ। ਫ਼ਿਲਮ ਦਾ ਨਿਰਦੇਸ਼ਨ ਤੁਸ਼ਾਰ ਜਲੋਟਾ ਨੇ ਕੀਤਾ ਹੈ। ਗਣਪਤੀ ਵਿਸਰਜਨ ਦੇ ਜਸ਼ਨਾਂ ਅਤੇ ਉੱਤਰੀ ਭਾਰਤ ’ਚ ਆਏ ਹੜ੍ਹਾਂ ਦੇ ਬਾਵਜੂਦ ਇਹ ਫ਼ਿਲਮ ਚੰਗਾ ਕਾਰੋਬਾਰ ਕਰ ਰਹੀ ਹੈ। ਇਸ ਦੇ ਨਾਲ ਹੀ ਇਹ ਫ਼ਿਲਮ ਦੂਜੀਆਂ ਫ਼ਿਲਮਾਂ ਨੂੰ ਵੀ ਟੱਕਰ ਦੇ ਰਹੀ ਹੈ। ਅਦਾਕਾਰ ਸਿਧਾਰਥ ਮਲਹੋਤਰਾ ਨੇ ਇੰਸਟਾਗ੍ਰਾਮ ’ਤੇ ਆਪਣੇ ਪ੍ਰਸ਼ੰਸਕਾਂ ਲਈ ਇਸ ਸਬੰਧੀ ਪੋਸਟ ਵੀ ਸਾਂਝੀ ਕੀਤੀ ਹੈ। ਉਸ ਨੇ ਲਿਖਿਆ ਹੈ,‘ਇਹ ਤੁਹਾਡਾ ਪਿਆਰ ਹੈ ਜੋ ਇਸ ਯਾਤਰਾ ਨੂੰ ਇੰਨਾ ਖਾਸ ਬਣਾਉਂਦਾ ਹੈ। ਫ਼ਿਲਮ ‘ਪਰਮ ਸੁੰਦਰੀ’ ਨੂੰ ਆਪਣਾ ਬਣਾਉਣ ਲਈ ਧੰਨਵਾਦ।’ ਅਦਾਕਾਰ ਨੇ ਇੰਸਟਾਗ੍ਰਾਮ ’ਤੇ ਪੋਸਟਰ ਵੀ ਸਾਂਝਾ ਕੀਤਾ ਹੈ ਅਤੇ ਲਿਖਿਆ ਕਿ ਫ਼ਿਲਮ ਨੇ 13 ਦਿਨਾਂ ਵਿੱਚ 80 ਕਰੋੜ ਰੁਪਏ ਕਮਾਏ ਹਨ। ਭਾਰਤ ਵਿੱਚ, ਫਿਲਮ ਨੇ ਬਾਕਸ ਆਫਿਸ ’ਤੇ 51.74 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਹ ਫ਼ਿਲਮ ਕੇਰਲਾ ਦੇ ਦਿਲਕਸ਼ ਨਜ਼ਾਰਿਆਂ ਨੂੰ ਪੇਸ਼ ਕਰਦੀ ਹੈ। ਉਧਰ, ਨਿਰਮਾਤਾਵਾਂ ਨੇ ਦੱਸਿਆ ਕਿ ਫਿਲਮ ਵਿਦੇਸ਼ੀ ਬਾਜ਼ਾਰਾਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਫ਼ਿਲਮ ਦੇ ਗੀਤ ‘ਪਰਦੇਸੀਆ’, ‘ਡੇਂਜਰ’ ਅਤੇ ‘ਭੀਗੀ ਭੀਗੀ’ ਨੇ ਸੋਸ਼ਲ ਮੀਡੀਆ ’ਤੇ ਆਪਣੀ ਪਛਾਣ ਬਣਾਈ ਹੋਈ ਹੈ।