ਫਿਲਮ ‘ਧੁਰੰਦਰ’ ਅੱਜ ਸਿਨੇਮਾਘਰਾਂ ’ਚ ਹੋਵੇਗੀ ਰਿਲੀਜ਼
ਫਿਲਮ ‘ਧੁਰੰਦਰ’ ਭਲਕੇ ਸ਼ੁੱਕਰਵਾਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਅਦਾਕਾਰਾ ਯਾਮੀ ਗੌਤਮ ਨੇ ਫਿਲਮ ਸਨਅਤ ’ਚ ਜਬਰੀ ਪ੍ਰਚਾਰ ਵਸੂਲੀ ਦੇ ਵਧ ਰਹੇ ਰੁਝਾਨ ਦੀ ਨਿੰਦਾ ਕੀਤੀ ਹੈ। ਉਸ ਨੇ ਫਿਲਮ ਸਨਅਤ ਵਿੱਚ ਆਪਣੇ ਸਾਥੀਆਂ ਨੂੰ ‘ਜਬਰੀ ਵਸੂਲੀ’ ਕਰਨ ਦੇ ਰੁਝਾਨ ਨੂੰ ਖਤਮ ਕਰਨ ਦੀ ਅਪੀਲ ਵੀ ਕੀਤੀ ਹੈ। ਇੰਸਟਾਗ੍ਰਾਮ ’ਤੇ ਸਾਂਝੇ ਕੀਤੇ ਨੋਟ ਵਿੱਚ ਅਦਾਕਾਰਾ ਨੇ ਫਿਲਮ ਨਿਰਮਾਤਾਵਾਂ ’ਤੇ ‘ਪ੍ਰਚਾਰ’ ਲਈ ਦਬਾਅ ਪਾਉਣ ਦੇ ਵਧ ਰਹੇ ਰੁਝਾਨ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਫਿਲਮ ‘ਧੁਰੰਦਰ’ ਜਿਸ ’ਚ ਯਾਮੀ ਗੌਤਮ ਤੇ ਰਣਵੀਰ ਸਿੰਘ ਦੀ ਅਹਿਮ ਭੂਮਿਕਾ ਹੈ, ਨੇ ਇਸ ਬਾਰੇ ਖੁੱਲ੍ਹ ਕੇ ਦੱਸਿਆ ਕਿ ਕਿਵੇਂ ਉਸ ਦੇ ਪਤੀ ਆਦਿਤਿਆ ਧਰ ਵੱਲੋਂ ਨਿਰਦੇਸ਼ਤ ਇਹ ਫਿਲਮ ਆਪਣੀ ਰਿਲੀਜ਼ ਤੋਂ ਪਹਿਲਾਂ ਹੀ ‘ਨਕਾਰਾਤਮਕਤਾ’ ਪ੍ਰਚਾਰ ਦਾ ਸਾਹਮਣਾ ਕਰ ਰਹੀ ਹੈ। ਸੋਸ਼ਲ ਮੀਡੀਆ ’ਤੇ ਸਾਂਝੇ ਕੀਤੇ ਆਪਣੇ ਨੋਟ ਵਿੱਚ ਉਸ ਨੇ ਲਿਖਿਆ, ‘‘ਕੁਝ ਅਜਿਹਾ ਹੈ ਜੋ ਮੈਂ ਲੰਮੇ ਸਮੇਂ ਤੋਂ ਲੋਕਾਂ ਸਾਹਮਣੇ ਰੱਖਣਾ ਚਾਹੁੰਦੀ ਸੀ ਅਤੇ ਮੈਨੂੰ ਲੱਗਦਾ ਹੈ ਕਿ ਅੱਜ ਉਹ ਦਿਨ ਹੈ ਅਤੇ ਮੈਨੂੰ ਕਹਿਣਾ ਚਾਹੀਦਾ ਹੈ।’’ ਅਦਾਕਾਰਾ ਨੇ ਅੱਗੇ ਕਿਹਾ ਕਿ ਦੱਖਣੀ ਭਾਰਤੀ ਫਿਲਮ ਉਦਯੋਗ ਵਿੱਚ ਅਜਿਹੇ ਕਾਰਿਆਂ ਦੀ ‘ਹਿੰਮਤ’ ਨਹੀਂ ਕੀਤੀ ਜਾ ਸਕਦੀ ਕਿਉਂਕਿ ਸਨਅਤ ਇੱਕਜੁੱਟ ਹੈ। ਗੌਤਮ ਨੇ ਫਿਲਮ ਨਿਰਮਾਤਾਵਾਂ ਅਤੇ ਕਲਾਕਾਰਾਂ ਨੂੰ ਇਸ ਵਿਰੁੱਧ ਸਮੂਹਿਕ ਕਾਰਵਾਈ ਲਈ ਇੱਕਠੇ ਹੋਣ ਦੀ ਅਪੀਲ ਕੀਤੀ ਤਾਂ ਜੋ ਇਸ ਨੂੰ ਸੱਭਿਆਚਾਰ ਦੀ ਸਿਉਂਕ’ ਬਣਕੇ ਫੈਲਣ ਤੋਂ ਪਹਿਲਾਂ ਹੀ ਰੋਕਿਆ ਜਾ ਸਕੇ। ਆਦਿਤਿਆ ਧਰ ਵੱਲੋਂ ਲਿਖੀ ਅਤੇ ਨਿਰਦੇਸ਼ਤ ਇਸ ਜਾਸੂਸੀ-ਐਕਸ਼ਨ ਥ੍ਰਿਲਰ ਵਿੱਚ ਰਣਵੀਰ ਸਿੰਘ, ਸੰਜੈ ਦੱਤ, ਅਕਸ਼ੈ ਖੰਨਾ, ਆਰ. ਮਾਧਵਨ ਅਤੇ ਅਰਜੁਨ ਰਾਮਪਾਲ ਮੁੱਖ ਭੂਮਿਕਾਵਾਂ ਵਿੱਚ ਹਨ। ਇਸ ਦਾ ਨਿਰਮਾਣ ਜੀਓ ਸਟੂਡੀਓਜ਼ ਅਤੇ ਬੀ62 ਸਟੂਡੀਓਜ਼ ਵੱਲੋਂ ਕੀਤਾ ਗਿਆ ਹੈ।
