ਪੰਜਾਬ ਦੇ ਨੌਜਵਾਨ ਪਰਵਾਸੀਆਂ ਦਾ ਸੰਤਾਪ
ਇਧਰ ਪੰਜਾਬ ਅਤੇ ਕੇਂਦਰ ਸਰਕਾਰਾਂ ਆਪਸੀ ਦੂਸ਼ਣਬਾਜ਼ੀ ਵਿੱਚ ਗ਼ਲਤਾਨ ਹੋ ਕੇ ਦੇਸ਼ ਨਿਕਾਲੇ ਦਾ ਸ਼ਿਕਾਰ ਪਰਵਾਸੀਆਂ ਉੱਪਰ ਸਿਆਸਤ ਕਰ ਰਹੀਆਂ ਹਨ। ਸੂਬਾਈ ਸਰਕਾਰ ਕੇਂਦਰ ਸਰਕਾਰ ਉੱਤੇ ਦੋਸ਼ ਲਗਾ ਰਹੀ ਹੈ ਕਿ ਪੰਜਾਬ ਨੂੰ ਬਦਨਾਮ ਕਰਨ ਲਈ ਪਰਵਾਸੀਆਂ ਨਾਲ ਭਰੇ ਜਹਾਜ਼ ਪੰਜਾਬ ਵਿੱਚ ਕਿਉਂ ਉਤਾਰੇ ਜਾ ਰਹੇ ਹਨ? ਅਣ-ਮਨੁੱਖੀ ਤੇ ਬਦਸਲੂਕੀ ਵਾਲੇ ਤਰੀਕੇ ਨਾਲ ਬੇੜੀਆਂ ਵਿੱਚ ਜਕੜ ਕੇ ਭੇਜੇ ਭਾਰਤੀਆਂ ਉੱਪਰ ਵਿਦੇਸ਼ ਮੰਤਰੀ ਜੈਸ਼ੰਕਰ ਦਾ ਕਹਿਣਾ ਹੈ ਕਿ ਗ਼ੈਰ-ਕਾਨੂੰਨੀ ਪਰਵਾਸੀਆਂ ਲਈ ਇਹ ਤਰੀਕਾ ਕੋਈ ਨਵਾਂ ਨਹੀਂ। ਉਨ੍ਹਾਂ ਅਨੁਸਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਮਿੱਤਰ ਡੋਨਲਡ ਟਰੰਪ ਨਾਲ ਇਸ ਬਾਬਤ ਗੱਲਬਾਤ ਕਰਨਗੇ। ਮੋਦੀ ਦੀ ਅਮਰੀਕਾ ਫੇਰੀ ਤੋਂ ਪਹਿਲਾਂ ਅਮਰੀਕੀ ਫੌਜ ਦਾ ਜਹਾਜ਼ 104 ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਉੱਤਰਿਆ। ਮੋਦੀ ਤੇ ਟਰੰਪ ਦੀ ਮਿਲਣੀ ਦੌਰਾਨ ਦੂਜਾ ਅਮਰੀਕੀ ਹਵਾਈ ਸੈਨਾ ਜਹਾਜ਼ 116 ਭਾਰਤੀਆਂ ਸਣੇ ਪੰਜਾਬ ਪਹੁੰਚਿਆ ਤੇ ਮੋਦੀ ਦੇ ਅਮਰੀਕਾ ਤੋਂ ਭਾਰਤ ਪਰਤਣ ਤੇ ਟਰੰਪ ਵੱਲੋਂ ਅਮਰੀਕੀ ਹਵਾਈ ਸੈਨਾ ਦਾ ਤੀਜਾ ਜਹਾਜ਼ 112 ਭਾਰਤੀਆਂ ਨੂੰ ਬੇੜੀਆਂ ਨਾਲ ਜਕੜ ਕੇ ਅੰਮ੍ਰਿਤਸਰ ਉਤਰਦਾ ਹੈ। ਪਰਵਾਸੀਆਂ ਪ੍ਰਤੀ ਵਿਤਕਰੇ ਤੇ ਧੱਕੇ ਦੀ ਇਸ ਅਮਰੀਕੀ ਨੀਤੀ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਵਾਰ ਫਿਰ ਕੋਮਾਗਾਟਾ ਮਾਰੂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਬੇਰੁਜ਼ਗਾਰੀ, ਨਸ਼ਾ ਤੇ ਖੇਤੀਬਾੜੀ ਸੰਕਟ ਵਾਂਗ ਪਰਵਾਸ ਵੀ ਪੰਜਾਬ ਦੇ ਸੰਕਟਾਂ ਦਾ ਚਰਚਿਤ ਰੁਝਾਨ ਬਣ ਗਿਆ ਹੈ। ਇਸ ਵੇਲੇ ਸੂਬਾਈ ਤੇ ਕੇਂਦਰੀ ਹਾਕਮਾਂ ਨੂੰ ਆਪਸੀ ਸਿਆਸੀ ਬਿਆਨਬਾਜ਼ੀਆਂ ਤੇ ਦੂਸ਼ਣਾਂ ਦੀ ਬਜਾਇ ਪਰਵਾਸ ਦੇ ਕਾਰਨਾਂ ਨੂੰ ਸਮਝਦਿਆਂ ਇਸ ਦੇ ਠੋਸ ਹੱਲ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ।
ਸਦੀ ਪਹਿਲਾਂ ਪੰਜਾਬ ਵਿੱਚੋਂ ਪਰਵਾਸ ਦਾ ਆਮ ਰੁਝਾਨ ਨਹੀਂ ਸੀ ਤੇ ਪੰਜਾਬੀਆਂ ਦਾ ਆਪਣੀ ਮਿੱਟੀ ਨਾਲ ਮੋਹ ਮਾਂ ਵਰਗਾ ਸੀ। ਵਿਰਲੇ-ਟਾਵੇਂ ਪਰਵਾਸ ਨੇ ਪੰਜਾਬ ਨੂੰ ਇਸ ਕਦਰ ਮਾਯੂਸ ਨਹੀਂ ਸੀ ਕੀਤਾ ਪਰ ਹਰੇ ਇਨਕਲਾਬ ਤੋਂ ਤੁਰੰਤ ਬਾਅਦ ਪੰਜਾਬ ਦੀ ਖੇਤੀਬਾੜੀ ਵਿੱਚ ਹੋਏ ਤਿੱਖੇ ਸੁਧਾਰਾਂ ਨੇ ਪੰਜਾਬ ਦੇ ਸਮਾਜਿਕ-ਸੱਭਿਆਚਾਰਕ ਤਾਣੇ-ਬਾਣੇ ਨੂੰ ਤੇਜ਼ੀ ਨਾਲ ਬਦਲ ਦਿੱਤਾ। ਖੇਤੀਬਾੜੀ ਦੇ ਮਸ਼ੀਨੀਕਰਨ, ਸੁਧਰੇ ਹੋਏ ਬੀਜਾਂ ਤੇ ਰਸਾਇਣਕ ਖਾਦਾਂ ਸਦਕਾ ਖੇਤੀ ਦੇ ਉਤਪਾਦਨ ਵਿੱਚ ਅਥਾਹ ਵਾਧਾ ਤਾਂ ਹੋਇਆ ਪਰ ਇਸ ਪੂੰਜੀਵਾਦੀ ਮਾਡਲ ਨੇ ਕਿਸਾਨੀ ਦੇ ਵੱਡੇ ਹਿੱਸੇ ਨੂੰ ਖੇਤੀਬਾੜੀ ਵਿੱਚੋਂ ਬਾਹਰ ਧੱਕ ਦਿੱਤਾ। ਖੇਤੀ ਦੇ ਮਸ਼ੀਨੀਕਰਨ ਨੇ ਕਰਜ਼ੇ, ਖੁਦਕੁਸ਼ੀਆਂ ਤੇ ਜਾਨਲੇਵਾ ਬਿਮਾਰੀਆਂ ਦੇ ਨਾਲ-ਨਾਲ ਦਿਹਾਤੀ ਖੇਤਰਾਂ ਵਿੱਚ ਕਿਰਤ ਸ਼ਕਤੀ ਦੇ ਵੱਡੇ ਹਿੱਸੇ ਨੂੰ ਰੁਜ਼ਗਾਰ ਵਿਹੂਣੇ ਕਰ ਦਿੱਤਾ। ਇਹੀ ਵਾਧੂ ਕਿਰਤ ਸ਼ਕਤੀ ਸ਼ਹਿਰਾਂ, ਅਰਬ ਮੁਲਕਾਂ ਤੇ ਵਿਕਸਿਤ ਮੁਲਕਾਂ ਵਿੱਚ ਸਸਤੀ ਕਿਰਤ ਸ਼ਕਤੀ ਵਜੋਂ ਸਮਾ ਜਾਣ ਲਈ ਮੰਡੀ ਭਾਲਣ ਲੱਗੀ। ਵਿਸ਼ਵੀਕਰਨ ਦੀਆਂ ਨੀਤੀਆਂ ਨੇ ਸੰਸਾਰ ਮੰਡੀ ਦਾ ਪਣਾ ਹੋਰ ਵੱਡਾ ਕਰ ਦਿੱਤਾ। ਪਿੰਡਾਂ ਦੇ ਨੌਜਵਾਨ ਘਾਟੇਵੰਦੀ ਖੇਤੀ ਦਾ ਪੱਲੜਾ ਛੱਡ ਕੇ ਸਰਕਾਰੀ ਨੌਕਰੀਆਂ ਲਈ ਉੱਚ ਵਿੱਦਿਆ ਹਾਸਲ ਕਰਨ ਲੱਗੇ। ਨੌਜਵਾਨਾਂ ਨੇ ਪਿੰਡ ਛੱਡ ਸ਼ਹਿਰਾਂ ਵਿੱਚ ਡੇਰੇ ਲਾ ਲਏ। ਸ਼ਹਿਰੀ ਮਾਨਸਿਕਤਾ ਦਾ ਪੇਂਡੂ ਮਾਨਸਿਕਤਾ ਨਾਲੋਂ ਲਗਾਅ ਕੇ ਰਿਸ਼ਤਾ ਟੁੱਟਣ ਲੱਗਾ, ਜਿਸ ਨਾਲ ਸਮਾਜਿਕ ਸਬੰਧਾਂ ਤੇ ਸੱਭਿਆਚਾਰ ਦਾ ਬਜ਼ਾਰੀਕਰਨ ਹੋਣ ਲੱਗਾ। ਪੂੰਜੀ ਦੀ ਦੌੜ ’ਚ ਪਿੰਡਾਂ ਤੋਂ ਸ਼ਹਿਰਾਂ, ਸ਼ਹਿਰਾਂ ਤੋਂ ਮਹਾਂਨਗਰਾਂ ਰਾਹੀਂ ਹੁੰਦੀ ਹੋਈ ਕਿਰਤ ਸ਼ਕਤੀ ਜਲਦ ਹੀ ਸੱਤ ਸੰਮੁਦਰੋਂ ਪਾਰ ਉਡਾਰੀ ਮਾਰਨ ਲੱਗੀ। ਉਧਰ ਵਿਕਸਤ ਮੁਲਕਾਂ ਨੇ ਆਪਣੇ ਉੱਚ ਤਕਨੀਕੀ ਪੱਧਰ ਲਈ ਰਵਾਇਤੀ ਤੇ ਗੈਰ-ਹੁਨਰਮੰਦ ਕਾਮਿਆਂ ਦੀ ਥਾਂ ਹੁਨਰਮੰਦ ਤੇ ਪੜ੍ਹੇ-ਲਿਖੇ ਕਾਮਿਆਂ ਦੀ ਦਰਾਮਦੀ ਲਈ ਆਪਣੀ ਇਮੀਗ੍ਰੇਸ਼ਨ ਨੀਤੀ ਨੂੰ ਸਿੱਖਿਆ ਨੀਤੀ ਨਾਲ ਜੋੜ ਦਿੱਤਾ। ਇਸਨੇ ਪੰਜਾਬ ਵਰਗੇ ਸੂਬਿਆਂ ਅੰਦਰ ਸਿੱਖਿਆ ਦੇ ਮਾਅਨੇ ਹੀ ਬਦਲ ਦਿੱਤੇ। ਸਿੱਖਿਆ ਨੀਤੀ, ਵਪਾਰਕ ਤੇ ਵੀਜ਼ਾ ਨੀਅਤੀ ਬਣ ਗਈ। ਪੱਛਮੀ ਮੁਲਕਾਂ ਨੇ ਸਸਤੇ ਤੇ ਹੁਨਰਮੰਦ ਕਾਮਿਆਂ ਦੀ ਲੋੜ ਲਈ ਸਿੱਖਿਆ ਨੂੰ ਵਪਾਰ ਬਣਾ ਕੇ ਲੱਖਾ ਨੌਜਵਾਨਾਂ ਨੂੰ ਆਪਣੀ ਮੰਡੀ ’ਚ ਰੁਜ਼ਗਾਰ ਲਈ ਆਕਰਸ਼ਿਤ ਕੀਤਾ। ਪੰਜਾਬ ਅੰਦਰ ਖੁੰਬਾਂ ਵਾਂਗ ਇਮੀਗ੍ਰੇਸ਼ਨ ਤੇ ਆਈਲੈਟਸ ਸੈਂਟਰ ਖੁੱਲ੍ਹੇ। ਇੱਕ ਰਿਪੋਰਟ ਮੁਤਾਬਿਕ ਲਗਭਗ 11000 ਆਈਲੈਟਸ ਸੈਂਟਰ ਸਿਰਫ਼ ਪੰਜਾਬ ਵਿੱਚ ਹਨ। ਇਹ ਸੈਂਟਰ ਅੰਗਰੇਜ਼ੀ ਭਾਸ਼ਾ ਤੇ ਗਿਆਨ ਪ੍ਰਾਪਤੀ ਲਈ ਨਹੀਂ ਖੁੱਲ੍ਹੇ ਸਗੋਂ ਵਿਦੇਸ਼ੀ ਮੰਡੀ ਵਿੱਚ ਹੁਨਰਮੰਦ ਕਾਮਿਆਂ ਦੇ ਨਿਰਯਾਤ ਲਈ ਸਨ। ਇਸ ਨੇ ਪੰਜਾਬ ਦੀ ਪੂੰਜੀ, ਸਸਤੀ ਕਿਰਤ ਸ਼ਕਤੀ ਤੇ ਬੌਧਿਕ ਹੂੰਝੇ ਲਈ ਜ਼ਮੀਨ ਤਿਆਰ ਕੀਤੀ। ਇਸ ਵਰਤਾਰੇ ਨੇ ਪਰਵਾਸ ਸੰਕਟ ਨੂੰ ਹੋਰ ਵੱਧ ਜਰਬਾਂ ਦੇ ਦਿੱਤੀਆਂ। ਹਰੇ ਇਨਕਲਾਬ ਦੀਆਂ ਬਰਕਤਾਂ ਦੀ ਬਦੌਲਤ ਖੇਤੀਬਾੜੀ ਵਿੱਚੋਂ ਬਾਹਰ ਹੋਈ ਵਾਧੂ ਵਸੋਂ ਨੇ ਚੰਗੇ ਭਵਿੱਖ ਤੇ ਰੁਜ਼ਗਾਰ ਦੀ ਤਲਾਸ਼ ਵਿੱਚ ਉਨ੍ਹਾਂ ਮੁਲਕਾਂ ਵੱਲ ਰੁਖ਼ ਕੀਤਾ, ਜਿੱਥੇ ਪੰਜਾਬ ਦੇ ਮੁਕਾਬਲੇ ਉਜਰਤੀ ਮੁੱਲ ਵੱਧ ਤੇ ਬਿਹਤਰ ਜੀਵਨ ਪੱਧਰ ਸੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਮੁਤਾਬਿਕ ਖੇਤੀਬਾੜੀ ਵਿੱਚੋਂ ਬਾਹਰ ਹੋਈ ਪੰਜਾਬੀ ਵਸੋਂ ਦੇ 42% ਹਿੱਸੇ ਨੇ ਕੈਨੇਡਾ, 16% ਦੁਬਈ ਤੇ 10% ਆਸਟਰੇਲੀਆ ਵਿੱਚ ਪਰਵਾਸ ਕੀਤਾ।
ਹਰੇ ਇਨਕਲਾਬ ਦੇ ਮਾਰੂ ਪ੍ਰਭਾਵ ਤੋਂ ਇਲਾਵਾ ਪੰਜਾਬ ਦੀ ਜਵਾਨੀ ਨੂੰ ਹਥਿਆਰਬੰਦ ਜੁਝਾਰੂ ਨਕਸਲਬਾੜੀ ਲਹਿਰ ਤੇ ਖਾੜਕੂ ਲਹਿਰ ਦੌਰਾਨ ਸਰਕਾਰੀ ਦਹਿਸ਼ਤ ਦਾ ਸਾਹਮਣਾ ਵੀ ਕਰਨਾ ਪਿਆ। ਘੱਟਗਿਣਤੀਆਂ ਵਿਰੁੱਧ ਰਾਜਕੀ ਧੱਕੇਸ਼ਾਹੀ ਨੇ ਪਰਵਾਸ ਦੇ ਵੇਗ ਨੂੰ ਹੋਰ ਵੱਧ ਹੁਲਾਰਾ ਦਿੱਤਾ। ਮਾੜੇ ਵੇਲਿਆਂ ਵੇਲੇ ਪੰਜਾਬੀਆਂ ਨੇ ਆਪਣੇ ਧੀਆਂ-ਪੁੱਤਰਾਂ ਨੂੰ ਬਾਹਰਲੇ ਮੁਲਕਾਂ ਵਿੱਚ ਪਨਾਹ ਦਿਵਾਉਣ ਲਈ ਹਰ ਹੀਲੇ ਵਰਤੇ। ਡਰ, ਸਹਿਮ ਤੇ ਸਰਕਾਰੀ ਜਬਰ ਤੋਂ ਬਚਣ ਲਈ ਯੂਕੇ, ਅਮਰੀਕਾ ਤੇ ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੇ ਪਰਵਾਸ ਕੀਤਾ। ਉਸ ਸਮੇਂ ਜਿ਼ਆਦਾਤਰ ਲੋਕਾਂ ਨੇ ਆਪਣੇ ਮੁਲਕ ਵਿੱਚ ਖਤਰੇ ਬਹਾਨੇ ਵਿਦੇਸ਼ਾਂ ਵਿੱਚ ਸਿਆਸੀ ਸ਼ਰਨ ਲਈ। ਪੰਜਾਬ ਦੇ ਇਨ੍ਹਾਂ ਸ਼ਰਨਾਰਥੀਆਂ ਦਾ ਕੁਝ ਹਿੱਸਾ ਵਿਦੇਸ਼ੀ ਤਾਕਤਾਂ ਲਈ ਕੂਟਨੀਤਕ ਹਥਿਆਰ ਤੇ ਪੰਜਾਬ ਦੀਆਂ ਕੁਝ ਸਿਆਸੀ ਪਾਰਟੀਆਂ ਲਈ ਸਿਆਸੀ ਲਾਹੇ ਤੇ ਪਾਰਟੀ ਫੰਡ ਦਾ ਸਾਧਨ ਵੀ ਬਣਿਆ। ਪੰਜਾਬ ਦੇ ਇੱਕ ਸਿਆਸੀ ਲੀਡਰ ਦੇ ਇਕਬਾਲੀਆ ਬਿਆਨ ਮੁਤਾਬਕ ਉਸ ਦੀ ਪਾਰਟੀ ਨੇ ਤਕਰੀਬਨ 50000 ਪੱਤਰ ਬਾਹਰਲੇ ਮੁਲਕਾਂ ਵਿੱਚ ਪਨਾਹ ਲੈਣ ਵਾਲਿਆਂ ਨੂੰ ਮੁਹੱਈਆ ਕਰਵਾਏ ਹਨ।
ਦੂਸਰਾ, 90ਵਿਆਂ ਦੇ ਦੌਰ ਅੰਦਰ ਭਾਰਤ ਵਿੱਚ ਸਾਮਰਾਜੀ ਦਿਸ਼ਾ ਨਿਰਦੇਸ਼ਿਤ ਨਵ-ਉਦਾਰਵਾਦੀ ਨੀਤੀਆਂ ਦੀ ਆਮਦ ਨਾਲ ਭਾਰਤ ਦੇ ਜਨਤਕ ਖੇਤਰ ਦਾ ਭੋਗ ਪੈਣਾ ਸ਼ੁਰੂ ਹੋ ਗਿਆ। ਇਸ ਨਾਲ ਪੜ੍ਹੇ-ਲਿਖੇ ਨੌਜਵਾਨਾਂ ਦੇ ਸਰਕਾਰੀ ਨੌਕਰੀਆਂ ਦੇ ਸੁਫਨੇ ਖੁਰਨ ਲੱਗੇ ਤੇ ਲੋਕਾਂ ਨੂੰ ਪ੍ਰਾਈਵੇਟ ਕੰਪਨੀਆਂ ਦੇ ਰਹਿਮੋ-ਕਰਮ ’ਤੇ ਛੱਡ ਦਿੱਤਾ ਗਿਆ। ਸਰਕਾਰੀ ਨੌਕਰੀਆਂ ਜਾਂ ਰੁਜ਼ਗਾਰ ਦੀ ਗਰੰਟੀ ਨਾ ਹੋਣ ਕਾਰਨ ਬੇਰੁਜ਼ਗਾਰੀ ਦੀ ਦਰ ਵਧਣ ਲੱਗੀ ਤੇ ਲੋਕਾਂ ਨੇ ਆਪਣੇ ਵਸੀਲੇ ਵੇਚ ਕੇ ਬਾਹਰਲੇ ਮੁਲਕਾਂ ਨੂੰ ਜਾਣ ਦਾ ਫੈਸਲਾ ਕੀਤਾ।
ਨੌਜਵਾਨਾਂ ਨੂੰ ਪੰਜਾਬ ਦੀ ਧਰਤੀ ਤੋਂ ਰੁਖ਼ਸਤ ਕਰਨ ’ਚ ਪੰਜਾਬ ਦੀਆਂ ਸੂਬਾ ਸਰਕਾਰਾਂ ਦੀ ਵੀ ਵੱਡੀ ਭੂਮਿਕਾ ਹੈ। ਪੰਜਾਬ ਦੀਆਂ ਵੱਖ-ਵੱਖ ਕਿਸਮ ਦੀਆਂ ਸਿਆਸੀ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਨੂੰ ਨਸ਼ੇ, ਬੇਰੁਜ਼ਗਾਰੀ, ਮਹਿੰਗਾਈ, ਗੈਂਗਸਟਰਵਾਦ, ਭ੍ਰਿਸ਼ਟਾਚਾਰ, ਸਮਾਜਿਕ ਅਸੁਰੱਖਿਆ ਤੇ ਕਰਜ਼ਿਆਂ ਵੱਲ ਧੱਕਿਆ। ਲੋਕ ਆਪਣੇ ਬੱਚਿਆਂ ਨੂੰ ਕੈਮੀਕਲ ਨਸ਼ਿਆਂ ਤੇ ਗੈਂਗਵਾਦ ਦੀ ਮਾਰ ਤੋਂ ਬਚਾਉਣ ਲਈ ਕਿਸੇ ਵੀ ਹਾਲ ਵਿੱਚ ਵਿਦੇਸ਼ਾਂ ਨੂੰ ਭੇਜਣ ਲਈ ਮਜਬੂਰ ਹੋ ਗਏ। ਦੇਸ਼ ਵਿਚਲੇ ਅਸੁਰੱਖਿਅਤ ਭਵਿੱਖ ਤੋਂ ਇਲਾਵਾ ਵਿਦੇਸ਼ਾਂ ਵਿਚਲੀ ਵਿਅਕਤੀਗਤ ਆਜ਼ਾਦੀ, ਖਪਤਵਾਦੀ ਪੱਛਮੀ ਸੱਭਿਆਚਾਰ ਅਤੇ ਮੰਡੀ ਦੀ ਚਕਾਚੌਂਧ ਨੇ ਵੀ ਨੌਜਵਾਨਾਂ ਨੂੰ ਆਪਣੇ ਵੱਲ ਖਿੱਚਿਆ ਹੈ। ਇਸ ਤੋਂ ਬਿਨਾਂ ਵਿਦੇਸ਼ਾਂ ਵਿੱਚ ਮਜ਼ਬੂਤ ਬੁਨਿਆਦੀ ਢਾਂਚੇ, ਮੁਕਾਬਲਤਨ ਬਿਹਤਰ ਸਿਹਤ ਤੇ ਸਿੱਖਿਆ ਸੇਵਾਵਾਂ, ਸਾਫ ਵਾਤਾਵਰਨ, ਪੰਜਾਬ ਮੁਕਾਬਲੇ ਉੱਚ ਉਜਰਤਾਂ, ਰੁਜ਼ਗਾਰ ਦੇ ਮੌਕੇ ਤੇ ਸਮਾਜਿਕ ਸੁਰੱਖਿਆ ਤੇ ਲਾਭਾਂ ਨੇ ਵੀ ਤੀਜੀ ਦੁਨੀਆ ਦੇ ਵਾਸੀਆਂ ਨੂੰ ਆਵਾਸ ਲਈ ਆਕਰਸ਼ਿਤ ਕੀਤਾ।
ਹੁਣ ਧੀਮੀ ਹੋ ਰਹੀ ਗਲੋਬਲ ਆਰਥਿਕਤਾ ਦੇ ਮੱਦੇਨਜ਼ਰ ਗੈਰ-ਹੁਨਰਮੰਦ ਕਾਮਿਆਂ ਦੀ ਮੰਗ ਘਟਣ ਕਾਰਨ ਪੱਛਮੀ ਮੁਲਕ ਧੜਾਧੜ ਆਪਣੀਆਂ ਆਵਾਸ ਤੇ ਸਿੱਖਿਆ ਨੀਤੀਆਂ ਬਦਲ ਰਹੇ ਹਨ। ਇਸ ਤੋਂ ਇਲਾਵਾ ਵਿਕਸਿਤ ਮੁਲਕਾਂ ਵੱਲੋਂ ਤੀਜੀ ਦੁਨੀਆ ਦੇ ਮੁਲਕਾਂ ਦੀ ਕੀਤੀ ਲੁੱਟ-ਖਸੁੱਟ ਵਿੱਚੋਂ ਹੋਏ ਅਸਾਵੇਂ ਵਿਕਾਸ ਤੇ ਉਜਾੜੇ ਕਾਰਨ ਮਾਲਟਾ ਕਾਂਡ ਤੇ ਕੋਮਾਗਾਟਾ ਮਾਰੂ ਜਿਹੀਆਂ ਦਰਦਨਾਕ ਤੇ ਸ਼ਰਮਨਾਕ ਘਟਨਾਵਾਂ ਵੱਖਰੇ ਰੂਪ ’ਚ ਮੁੜ ਵਾਪਰਦੀਆਂ ਨਜ਼ਰ ਆ ਰਹੀਆਂ ਹਨ। ਜ਼ਿੰਦਗੀ ਦੀ ਜਮ੍ਹਾ ਪੂੰਜੀ ਖ਼ਰਚ ਕੇ ਗਰੀਬੀ ਤੇ ਬੇਰੁਜ਼ਗਾਰੀ ਦੀਆਂ ਜ਼ੰਜੀਰਾਂ ਤੋੜਨ ਲਈ ਵਤਨੋ ਬੇਵਤਨ ਹੋਏ ਨੌਜਵਾਨ ਮੁੜ ਬੇੜੀਆਂ ’ਚ ਜਕੜੇ ਵਤਨ ਪਰਤ ਰਹੇ ਹਨ। ਦੇਸ਼ ਦੀਆਂ ਸਰਕਾਰਾਂ ਨੂੰ ਕਿਸੇ ਵੀ ਵਿਦੇਸ਼ੀ ਤਾਕਤ ਨੂੰ ਆਪਣੇ ਦੇਸ਼ ਦੇ ਨਾਗਰਿਕਾਂ ਦੇ ਸਵੈਮਾਣ ਨੂੰ ਇਸ ਤਰ੍ਹਾਂ ਮਿੱਟੀ ’ਚ ਰੋਲਣ ਦਾ ਹੱਕ ਨਹੀਂ ਦੇਣਾ ਚਾਹੀਦਾ। ਇਸ ਤੋਂ ਵੀ ਵਧ ਕੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਦੇਸ਼ ਦੇ ਨਾਗਰਿਕਾਂ ਨੂੰ ਆਪਣੀ ਧਰਤੀ ਤੇ ਸੁਰੱਖਿਅਤ ਭਵਿੱਖ, ਰੁਜ਼ਗਾਰ ਤੇ ਬੁਨਿਆਦੀ ਸਹੂਲਤਾਂ ਦੇਣ ਦਾ ਬੰਦੋਬਸਤ ਕਰੇ। ਇਸ ਨਾਜ਼ੁਕ ਮੌਕੇ ਤੇ ਦੇਸ਼ ਨਿਕਾਲੇ ਦੇ ਸ਼ਿਕਾਰ ਪਰਵਾਸੀਆਂ ਪ੍ਰਤੀ ਸਮਾਜਿਕ ਅਲਹਿਦਗੀ ਤੇ ਤ੍ਰਿਸਕਾਰ ਨਾਲੋਂ ਵੱਧ ਇਸ ਨੂੰ ਪੰਜਾਬ ਦੇ ਸਮੁੱਚੇ ਸੰਕਟ ਦੇ ਅੰਗ ਵਜੋਂ ਵਿਚਾਰਨਾ ਬੇਹੱਦ ਮਹੱਤਵਪੂਰਨ ਹੈ।
*ਸੰਪਰਕ: 1-514-576-4373
**ਸੰਪਰਕ: 1-438-924-2052