ਸੀਰੀਜ਼ ਨੂੰ ਪਸੰਦ ਕਰਨ ਲਈ ਦਰਸ਼ਕਾਂ ਦਾ ਧੰਨਵਾਦ: ਆਰਿਅਨ ਖ਼ਾਨ
ਆਰਿਅਨ ਖ਼ਾਨ ਦੀ ਓਟੀਟੀ ਪਲੈਟਫਾਰਮ ’ਤੇ ਰਿਲੀਜ਼ ਹੋਈ ਪਲੇਠੀ ਸੀਰੀਜ਼ ‘ਦਿ ਬੈ***ਡਜ਼ ਆਫ ਬੌਲੀਵੁੱਡ’ ਨੂੰ ਦੁਨੀਆਂ ਭਰ ਵਿੱਚ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਹੈ। ਇਸ ’ਤੇ ਖ਼ੁਸ਼ੀ ਪ੍ਰਗਟ ਕਰਦਿਆਂ ਆਰਿਅਨ ਨੇ ਆਖਿਆ ਕਿ ਲੋਕਾਂ ਵੱਲੋਂ ਦਿੱਤੇ ਪਿਆਰ ਤੋਂ ਉਹ ਬਹੁਤ ਖ਼ੁਸ਼ ਹੈ। ਨੈੱਟਫਲਿਕਸ ’ਤੇ ਜਾਣਕਾਰੀ ਅਨੁਸਾਰ ਇਹ ਸੀਰੀਜ਼ ਅਦਾਕਾਰ ਸ਼ਾਹਰੁਖ਼ ਖ਼ਾਨ ਦੇ ਪੁੱਤਰ ਆਰਿਅਨ ਖ਼ਾਨ ਨੇ ਬਣਾਈ ਹੈ ਜਿਸ ’ਚ ਬਿਲਾਲ ਸਿੱਦੀਕੀ ਅਤੇ ਮਾਨਵ ਚੌਹਾਨ ਸਹਿ-ਨਿਰਮਾਤਾ ਹਨ। ਇਸ ਸੀਰੀਜ਼ ਵਿੱਚ ਬੌਲੀਵੁੱਡ ’ਚ ਨਾਮ ਕਮਾਉਣ ਲਈ ਗਲੈਮਰ ਅਤੇ ਸੰਘਰਸ਼ ਦੋਵਾਂ ਨੂੰ ਦਿਖਾਇਆ ਗਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਆਰਿਅਨ ਨੇ ਕਿਹਾ ਕਿ ਇਸ ਸੀਰੀਜ਼ ਨੂੰ ਦੁਨੀਆਂ ਭਰ ’ਚੋਂ ਬਹੁਤ ਪਿਆਰ ਮਿਲਿਆ ਹੈ। ਇਹ ਸੀਰੀਜ਼ ਕਈ ਮੁਲਕਾਂ ’ਚ ਹਿੱਟ ਹੋਈ ਹੈ। ਇਹ ਉਸ ਦੀ ਕਹਾਣੀ ਨਾਲ ਸ਼ੁਰੂ ਹੋਈ ਸੀ ਪਰ ਹੁਣ ਇਹ ਦਰਸ਼ਕਾਂ ਦੀ ਅਮਾਨਤ ਹੈ। ਉਸ ਨੇ ਕਿਹਾ ਕਿ ਇਹ ਸਭ ਨੈੱਟਫਲਿਕਸ ਸਦਕਾ ਸੰਭਵ ਹੋਇਆ ਹੈ। ਇਸ ਮੰਚ ਨਾਲ ਇਹ ਸੀਰੀਜ਼ ਦੁਨੀਆਂ ਭਰ ਵਿੱਚ ਦਰਸ਼ਕਾਂ ਦੇ ਘਰਾਂ ਤੱਕ ਪੁੱਜੀ ਹੈ। ਇਸ ਵਿੱਚ ਬੌਬੀ ਦਿਓਲ, ਲਕਸ਼ਿਆ, ਮੋਨਾ ਸਿੰਘ, ਮਨੀਸ਼ ਚੌਧਰੀ ਆਦਿ ਨੇ ਅਹਿਮ ਭੂਮਿਕਾ ਨਿਭਾਈ ਹੈ।