ਤਕਨੀਕੀ ਸਿੱਖਿਆ ਤੇ ਰੌਸ਼ਨ ਭਵਿੱਖ
ਅੱਜ ਦੇ ਵਿਗਿਆਨਕ ਯੁੱਗ ਵਿੱਚ ਸਿੱਖਿਆ ਸਿਰਫ਼ ਕਿਤਾਬੀ ਪੜ੍ਹਾਈ ਤੱਕ ਸੀਮਤ ਨਹੀਂ ਰਹੀ ਸਗੋਂ ਇਹ ਵਿਹਾਰਕ ਗਿਆਨ ਅਤੇ ਤਕਨੀਕੀ ਹੁਨਰ ਦੀ ਮਹੱਤਤਾ ਨੂੰ ਸਮਝਣ ਦਾ ਸਮਾਂ ਹੈ। ਤਕਨੀਕੀ ਸਿੱਖਿਆ ਸਿਰਫ ਸਿੱਖਿਆ ਦਾ ਇੱਕ ਨਵਾਂ ਅੰਗ ਨਹੀਂ ਸਗੋਂ ਕੌਮ ਦੀ ਉਸਾਰੀ...
ਅੱਜ ਦੇ ਵਿਗਿਆਨਕ ਯੁੱਗ ਵਿੱਚ ਸਿੱਖਿਆ ਸਿਰਫ਼ ਕਿਤਾਬੀ ਪੜ੍ਹਾਈ ਤੱਕ ਸੀਮਤ ਨਹੀਂ ਰਹੀ ਸਗੋਂ ਇਹ ਵਿਹਾਰਕ ਗਿਆਨ ਅਤੇ ਤਕਨੀਕੀ ਹੁਨਰ ਦੀ ਮਹੱਤਤਾ ਨੂੰ ਸਮਝਣ ਦਾ ਸਮਾਂ ਹੈ। ਤਕਨੀਕੀ ਸਿੱਖਿਆ ਸਿਰਫ ਸਿੱਖਿਆ ਦਾ ਇੱਕ ਨਵਾਂ ਅੰਗ ਨਹੀਂ ਸਗੋਂ ਕੌਮ ਦੀ ਉਸਾਰੀ ਲਈ ਸਭ ਤੋਂ ਮਜ਼ਬੂਤ ਕੜੀ ਹੈ। ਇਸ ਸੰਦਰਭ ਵਿੱਚ ਆਈ.ਟੀ.ਆਈ. (Industrial Training Institute) ਅਹਿਮ ਭੂਮਿਕਾ ਨਿਭਾਅ ਰਹੀ ਹੈ। ਤਕਨੀਕੀ ਸਿੱਖਿਆ ਵਿਦਿਆਰਥੀਆਂ ਨੂੰ ਵਿਗਿਆਨਕ ਸੋਚ, ਤਰਕਸ਼ੀਲ ਵਿਸ਼ਲੇਸ਼ਣ ਤੇ ਵਿਹਾਰਕ ਹੁਨਰ ਸਿਖਾਉਂਦੀ ਹੈ। ਆਈ.ਟੀ.ਆਈ. ਉਹ ਸਿੱਖਿਆ ਸੰਸਥਾ ਹੈ ਜਿੱਥੇ ਵਿਦਿਆਰਥੀਆਂ ਨੂੰ ਵੱਖ-ਵੱਖ ਪੱਧਰ ’ਤੇ ਤਕਨੀਕੀ ਸਿੱਖਿਆ ਅਧੀਨ ਬਿਜਲੀ ਦਾ ਕੰਮ, ਫਿੱਟਰ, ਵੈਲਡਰ, ਪਲੰਬਰ, ਮਕੈਨਿਕ, ਡਰੈੱਸ ਮੇਕਿੰਗ, ਕੰਪਿਊਟਰ ਅਪਰੇਟਰ, ਡੀਜ਼ਲ ਇੰਜਣ ਮੁਰੰਮਤ, ਇਲੈਕਟ੍ਰਾਨਿਕਸ, ਕਾਰਪੈਂਟਰੀ ਆਦਿ ਵਿੱਚ ਵਿਹਾਰਕ ਤਜਰਬੇ ਨਾਲ ਸਿੱਖਿਆ ਦਿੱਤੀ ਜਾਂਦੀ ਹੈ। ਇਹ ਸਿੱਖਿਆ ਉਨ੍ਹਾਂ ਨੌਜਵਾਨਾਂ ਲਈ ਇੱਕ ਸੁਨਹਿਰੀ ਮੌਕਾ ਹੈ ਜੋ ਦਸਵੀਂ ਜਾਂ ਬਾਰ੍ਹਵੀਂ ਜਮਾਤ ਤੋਂ ਬਾਅਦ ਤੁਰੰਤ ਕਿਸੇ ਰੁਜ਼ਗਾਰਯੋਗ ਹੁਨਰ ਦੀ ਸਿੱਖਿਆ ਲੈ ਕੇ ਆਪਣਾ ਭਵਿੱਖ ਸੰਵਾਰਨਾ ਚਾਹੁੰਦੇ ਹਨ।
ਅੱਜ ਜਿਹੜਾ ਦੇਸ਼ ਤਕਨੀਕੀ ਤੌਰ ’ਤੇ ਮਜ਼ਬੂਤ ਹੈ, ਉਹੀ ਦੁਨੀਆ ਵਿੱਚ ਵਿਕਾਸ ’ਚ ਅੱਗੇ ਹੈ। ਜਾਪਾਨ, ਜਰਮਨੀ, ਦੱਖਣੀ ਕੋਰੀਆ ਅਤੇ ਚੀਨ ਵਰਗੇ ਦੇਸ਼ਾਂ ਨੇ ਤਕਨੀਕੀ ਸਿੱਖਿਆ ’ਚ ਮਜ਼ਬੂਤੀ ਨਾਲ ਹੀ ਉਦਯੋਗ ਅਤੇ ਵਿਕਾਸ ਦੇ ਖੇਤਰ ਵਿੱਚ ਨਾਮ ਕਮਾਇਆ ਹੈ। ਇਸ ਦੇ ਉਲਟ ਜਿਹੜੇ ਦੇਸ਼ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਹਨ ਉਹ ਹਾਲੇ ਵੀ ਰੁਜ਼ਗਾਰ ਦੀਆਂ ਸਮੱਸਿਆਵਾਂ ਅਤੇ ਗਰੀਬੀ ਨਾਲ ਜੂਝ ਰਹੇ ਹਨ। ਪਰ ਆਈ.ਟੀ.ਆਈ. ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਵਿਦਿਆਰਥੀਆਂ ਨੂੰ ਸਿਰਫ਼ ਸਿਧਾਂਤਕ ਗਿਆਨ ਹੀ ਨਹੀਂ ਦਿੰਦੀ ਬਲਕਿ ਉਨ੍ਹਾਂ ਨੂੰ ਅਜਿਹੇ ਤਕਨੀਕੀ ਹੁਨਰ ਤੋਂ ਜਾਣੂ ਕਰਵਾਉਂਦੀ ਹੈ ਜੋ ਉਨ੍ਹਾਂ ਨੂੰ ਸਿੱਧੇ ਤੌਰ ’ਤੇ ਰੁਜ਼ਗਾਰ ਨਾਲ ਜੁੜਨ ਦੇ ਮੌਕੇ ਪ੍ਰਦਾਨ ਕਰਦਾ ਹੈ।
ਅੱਜ ਦੇ ਸਮੇਂ ਵਿੱਚ ਜਦੋਂ ਬੇਰੁਜ਼ਗਾਰੀ ਦੀ ਸਮੱਸਿਆ ਬੇਹੱਦ ਵਧ ਰਹੀ ਹੈ ਤਾਂ ਆਈ.ਟੀ.ਆਈ. ਹਰ ਪੜ੍ਹੇ-ਲਿਖੇ ਨੌਜਵਾਨ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਹੋਣ ਦਾ ਮੌਕਾ ਦਿੰਦੀ ਹੈ। ਇਸ ਸੰਸਥਾ ਰਾਹੀਂ ਸਿੱਖਿਆ ਪ੍ਰਾਪਤ ਕਰਕੇ ਵਿਦਿਆਰਥੀ, ਸਰਕਾਰੀ ਤੇ ਨਿੱਜੀ ਦੋਵੇਂ ਖੇਤਰਾਂ ਵਿੱਚ ਹੀ ਰੁਜ਼ਗਾਰ ਪ੍ਰਾਪਤ ਕਰ ਸਕਦੇ ਹਨ। ਉਦਾਹਰਣ ਵਜੋਂ ਰੇਲਵੇ, ਬਿਜਲੀ ਬੋਰਡ, ਸਰਕਾਰੀ ਵਰਕਸ਼ਾਪਾਂ, ਮੈਨੂਫੈਕਚਰਿੰਗ ਯੂਨਿਟਾਂ ਤੇ ਪ੍ਰਾਈਵੇਟ ਇੰਡਸਟਰੀਆਂ ਵਿੱਚ ਹਮੇਸ਼ਾ ਆਈ.ਟੀ.ਆਈ. ਪਾਸ ਵਿਦਿਆਰਥੀਆਂ ਦੀ ਮੰਗ ਰਹਿੰਦੀ ਹੈ। ਇਸ ਤੋਂ ਇਲਾਵਾ ਜਿਹੜੇ ਵਿਦਿਆਰਥੀ ਖੁਦ ਦਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ, ਉਹ ਵੀ ਆਈ.ਟੀ.ਆਈ. ਦੀ ਸਿੱਖਿਆ ਨਾਲ ਸਫਲਤਾ ਨਾਲ ਇਹ ਕਾਰਜ ਕਰ ਸਕਦੇ ਹਨ। ਇੱਕ ਵੈਲਡਰ, ਇਲੈਕਟ੍ਰੀਸ਼ੀਅਨ ਜਾਂ ਮਕੈਨਿਕ ਨਿੱਜੀ ਪੱਧਰ ’ਤੇ ਸੇਵਾਵਾਂ ਦੇ ਕੇ ਆਰਥਿਕ ਤੌਰ ’ਤੇ ਆਤਮ-ਨਿਰਭਰ ਹੋ ਸਕਦਾ ਹੈ। ਆਈ.ਟੀ.ਆਈ. ਸਿੱਖਿਆ ਦੇ ਨਾਲ ਸਿਰਫ਼ ਹੁਨਰ ਹੀ ਨਹੀਂ ਆਉਂਦਾ ਸਗੋਂ ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਮਿਹਨਤ ਦੀ ਲਗਨ ਵੀ ਪੈਦਾ ਹੁੰਦੀ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਅੱਜ ਅਨੇਕਾਂ ਹੀ ਵਿਦਿਆਰਥੀ ਉੱਚ ਡਿਗਰੀਆਂ ਲੈਣ ਦੇ ਬਾਵਜੂਦ ਬੇਰੁਜ਼ਗਾਰੀ ਦੀ ਦਲਦਲ ਵਿੱਚ ਫਸੇ ਹੋਏ ਹਨ ਜਦਕਿ ਆਈ.ਟੀ.ਆਈ. ਪਾਸ ਵਿਦਿਆਰਥੀ ਛੋਟੀ ਉਮਰ ਵਿੱਚ ਹੀ ਤਜਰਬੇਕਾਰ ਬਣ ਜਾਂਦੇ ਹਨ ਤੇ ਜਿਨ੍ਹਾਂ ਦੇ ਹੱਥ ਵਿੱਚ ਕਲਾ ਆ ਜਾਂਦੀ ਹੈ ਉਹ ਕਦੇ ਵੀ ਬੇਰੁਜ਼ਗਾਰ ਨਹੀਂ ਰਹਿੰਦੇ। ਤਕਨੀਕੀ ਸਿੱਖਿਆ ਹੀ ਇੱਕ ਅਜਿਹਾ ਮਾਰਗ ਹੈ ਜੋ ਅੱਜ ਪੜ੍ਹੇ-ਲਿਖੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਦੇ ਹਨੇਰੇ ’ਚੋਂ ਕੱਢ ਕੇ ਖ਼ੁਦਮੁਖਤਿਆਰੀ ਦੀ ਰੌਸ਼ਨੀ ਵੱਲ ਲੈ ਕੇ ਜਾ ਸਕਦਾ ਹੈ। ਇਸ ਲਈ ਮਾਪਿਆਂ ਅਤੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਆਈ.ਟੀ.ਆਈ. ਜਿਹੀ ਤਕਨੀਕੀ ਸਿੱਖਿਆ ਵੱਲ ਪ੍ਰੇਰਿਤ ਕਰਨ ਤਾਂ ਜੋ ਉਹ ਆਪਣੇ ਜੀਵਨ ਵਿੱਚ ਕਿਸੇ ਹੋਰ ਉੱਤੇ ਨਿਰਭਰ ਨਾ ਰਹਿਣ।
ਸਾਡੇ ਸਮਾਜ ਵਿੱਚ ਹਾਲੇ ਵੀ ਬਹੁਤੇ ਲੋਕ ਆਈ.ਟੀ.ਆਈ. ਦੀ ਪੜ੍ਹਾਈ ਨੂੰ ਸਸਤੀ ਤੇ ਘੱਟ ਅਹਿਮੀਅਤ ਵਾਲੀ ਸਮਝਦੇ ਹਨ, ਪਰ ਹਕੀਕਤ ਵਿੱਚ ਇਹ ਇੱਕ ਅਜਿਹਾ ਮੰਚ ਹੈ ਜੋ ਵਿਦਿਆਰਥੀ ਨੂੰ ਸਿੱਧਾ ਰੁਜ਼ਗਾਰ ਦੇ ਮੌਕਿਆਂ ਵੱਲ ਲਿਜਾਂਦਾ ਹੈ। ਨਵੀਂ ਮਸ਼ੀਨੀ, ਆਧੁਨਿਕ ਲੈਬਾਂ ਅਤੇ ਡਿਜੀਟਲ ਸਿੱਖਿਆ ਦੇ ਪ੍ਰਬੰਧ ਨਾਲ ਇਹ ਸਿੱਖਿਆ ਹੁਣ ਸਮੇਂ ਦੀ ਲੋੜ ਦੇ ਅਨੁਕੂਲ ਬਣ ਰਹੀ ਹੈ। ਭਵਿੱਖ ਤਕਨੀਕੀ ਸਿੱਖਿਆ ਦਾ ਹੀ ਹੈ ਅਤੇ ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਇਸ ਸੁਨਹਿਰੀ ਮੌਕੇ ਦਾ ਪੂਰਾ-ਪੂਰਾ ਲਾਭ ਲੈਣ। ਆਟੋਮੋਬਾਈਲ, ਕੰਪਿਊਟਰ, ਉਸਾਰੀ ਕਾਰਜ ਜਾਂ ਮਸ਼ੀਨਾਂ ਬਣਾਉਣ ਤੇ ਮੁਰੰਮਤ ਦਾ ਕੰਮ, ਚਾਹੇ ਕੋਈ ਵੀ ਖੇਤਰ ਹੋਵੇ ਆਈ.ਟੀ.ਆਈ. ਦੀ ਸਿੱਖਿਆ ਵਾਲੇ ਵਿਦਿਆਰਥੀ ਹਮੇਸ਼ਾ ਅੱਗੇ ਹੀ ਰਹਿਣਗੇ। ਇਸ ਲਈ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਆਈ.ਟੀ.ਆਈ. ਸਿਰਫ਼ ਇੱਕ ਡਿਪਲੋਮਾ ਨਹੀਂ ਸਗੋਂ ਜੀਵਨ ਦਾ ਇੱਕ ਅਜਿਹਾ ਹਥਿਆਰ ਹੈ ਜੋ ਉਨ੍ਹਾਂ ਨੂੰ ਰੁਜ਼ਗਾਰ, ਇੱਜ਼ਤ ਅਤੇ ਆਤਮ -ਨਿਰਭਰਤਾ ਦੇ ਰਾਹ ’ਤੇ ਲੈ ਕੇ ਜਾਂਦਾ ਹੈ। ਆਈ.ਟੀ.ਆਈ. ਸਿੱਖਿਆ ਸਾਡੇ ਦੇਸ਼ ਦੇ ਵਿਕਾਸ ਦੀ ਰੀੜ੍ਹ ਦੀ ਹੱਡੀ ਹੈ ਅਤੇ ਜਿਹੜਾ ਵਿਦਿਆਰਥੀ ਇਸ ਰਾਹ ’ਤੇ ਚੱਲਦਾ ਹੈ ਉਹ ਨਾ ਸਿਰਫ਼ ਆਪਣਾ ਭਵਿੱਖ ਸੰਵਾਰਦਾ ਹੈ ਸਗੋਂ ਦੇਸ਼ ਦੀ ਤਰੱਕੀ ਵਿੱਚ ਵੀ ਮਹੱਤਵਪੂਰਣ ਯੋਗਦਾਨ ਪਾਉਂਦਾ ਹੈ। ਬੱਚਿਆਂ ਨੂੰ ਇਹ ਪ੍ਰੇਰਿਤ ਕਰਨ ਦੀ ਲੋੜ ਹੈ ਕਿ ਉਹ ਆਈ.ਟੀ.ਆਈ. ਦੀ ਸਿੱਖਿਆ ਲੈ ਕੇ ‘ਕੰਮ ਕਰ ਕੇ ਕਮਾਉਣ’ ਦੀ ਸੋਚ ਅਪਣਾਉਣ ਅਤੇ ਤਕਨੀਕੀ ਸਿੱਖਿਆ ਦੀ ਬਦੌਲਤ ਆਪਣੇ ਜੀਵਨ ਨੂੰ ਕਾਮਯਾਬੀ ਦੇ ਰਾਹ ’ਤੇ ਲੈ ਕੇ ਜਾਣ..!
ਸੰਪਰਕ: 94172-41037

