ਫਿਲਮ ‘ਸਰਦਾਰ ਜੀ-3’ ਦਾ ਟੀਜ਼ਰ ਰਿਲੀਜ਼
ਮੁੰਬਈ: ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫਿਲਮ ‘ਸਰਦਾਰ ਜੀ-3’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਫਿਲਮਸਾਜ਼ ਅਮਰ ਹੁੰਦਲ ਵੱਲੋਂ ਨਿਰਦੇਸ਼ਿਤ ਇਹ ਫਿਲਮ 27 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਫਿਲਮ ’ਚ ਦਿਲਜੀਤ ਦੋਸਾਂਝ ਨਾਲ ਨੀਰੂ ਬਾਜਵਾ, ਮਾਨਵ ਵਿੱਜ, ਜੈਸਮੀਨ ਬਾਜਵਾ ਤੇ ਸਪਨਾ ਪੱਬੀ ਮੁੱਖ ਭੂਮਿਕਾਵਾਂ ’ਚ ਹਨ। ਫਿਲਮ ’ਚ ਦਿਲਜੀਤ ਦੋਸਾਂਝ ਭੂਤਾਂ ਨੂੰ ਕਾਬੂ ਕਰਦੇ ਨਜ਼ਰ ਆਉਣਗੇ ਤੇ ਉਨ੍ਹਾਂ ਨੂੰ ਯੂਕੇ ਸਥਿਤ ਮਹਿਲ ’ਚੋਂ ਭੂਤ ਫੜਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਟੀਜ਼ਰ ਦੀ ਸ਼ੁਰੂਆਤ ਹਥਿਆਰਬੰਦ ਸਿਪਾਹੀਆਂ ਦੀ ਟੀਮ ਵੱਲੋਂ ਭੂਤ ਬੰਗਲੇ ’ਚ ਪਹੁੰਚਣ ਨਾਲ ਹੁੰਦੀ ਹੈ, ਜਿਨ੍ਹਾਂ ਨੂੰ ਇਕ ਆਤਮਾ ਪਲਕ ਝਪਕਦੇ ਹੀ ਚਿੱਤ ਕਰ ਦਿੰਦੀ ਹੈ। ਬੰਗਲੇ ਦਾ ਮਾਲਕ ਦਿਲਜੀਤ ਨੂੰ ਬੁਲਾਉਣ ਦਾ ਫ਼ੈਸਲਾ ਕਰਦਾ ਹੈ। ਇਸ ਮਗਰੋਂ ਬੰਗਲੇ ’ਚ ਰਹਿਣ ਵਾਲੀਆਂ ਡੈਣਾਂ ਮੈਡੀਕਲ ਕਿੱਟ, ਮੇਕਅਪ ਬਾਕਸ ਅਤੇ ਹੋਰ ਚੀਜ਼ਾਂ ਮੰਗਦੀਆਂ ਹਨ। ਅੰਤ ’ਚ ਦਿਲਜੀਤ ਭੂਤ ਨਾਲ ਲੜਦਾ ਨਜ਼ਰ ਆਉਂਦਾ ਹੈ। ਦਿਲਜੀਤ ਭੂਤ ਨੂੰ ਕਹਿੰਦਾ ਹੈ ਕਿ ਉਹ ਲੜਨ ਦਾ ਜਿਗਰਾ ਰੱਖਦਾ ਹੈ ਕਿਉਂਕਿ ਉਸ ਨੇ ਉਸ ਨੂੰ ਬੁਲਾਉਣ ਸਮੇਂ ‘ਸਰਦਾਰ’ ਨਾਲ ‘ਜੀ’ ਨਹੀਂ ਲਗਾਇਆ। ਦਿਲਜੀਤ ਦੋਸਾਂਝ ਨੇ ਇੰਸਟਾਗ੍ਰਾਮ ’ਤੇ ਫਿਲਮ ਦਾ ਟੀਜ਼ਰ ਸਾਂਝਾ ਕੀਤਾ ਹੈ। 2015 ਵਿੱਚ ਆਈ ‘ਸਰਦਾਰ ਜੀ’ ਪੰਜਾਬੀ ਫਿਲਮ ਇੰਡਸਟਰੀ ਦੀ ਬਹੁਤ ਮਕਬੂਲ ਫ੍ਰੈਂਚਾਇਜ਼ੀ ਹੈ, ਜਿਸ ਨੂੰ ਰੋਹਿਤ ਜੁਗਰਾਜ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਸੀ। ਇਸ ਮਗਰੋਂ 2016 ਵਿੱਚ ਇਸ ਦਾ ਅਗਲਾ ਭਾਗ ਸਰਦਾਰ ਜੀ-2 ਆਇਆ ਸੀ, ਜਿਸ ਨੂੰ ਵੀ ਰੋਹਿਤ ਜੁਗਰਾਜ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਸੀ। -ਏਐੱਨਆਈ