‘120 ਬਹਾਦਰ’ ਦਾ ਟੀਜ਼ਰ ਰਿਲੀਜ਼
ਸਾਲ 1962 ’ਚ ਹੋਈ ਭਾਰਤ-ਚੀਨ ਜੰਗ ਦੀ ਝਲਕ ਪੇਸ਼ ਕਰਦੀ ਅਦਾਕਾਰ ਫ਼ਰਹਾਨ ਅਖ਼ਤਰ ਦੀ ਫਿਲਮ ‘120 ਬਹਾਦਰ’ ਦਾ ਟੀਜ਼ਰ ਅੱਜ ਰਿਲੀਜ਼ ਕੀਤਾ ਗਿਆ। ਇਸ ਫਿਲਮ ਰਾਹੀਂ ਫ਼ਰਹਾਨ ਨੇ ਪੰਜ ਸਾਲਾਂ ਬਾਅਦ ਵੱਡੇ ਪਰਦੇ ’ਤੇ ਵਾਪਸੀ ਕੀਤੀ ਹੈ। ਇਸ ਫਿਲਮ ’ਚ ਫਰਹਾਨ ਨੇ ਪਰਮਵੀਰ ਚੱਕਰ ਜੇਤੂ ਅਤੇ ਭਾਰਤੀ ਫੌਜ ਦੇ ਇਤਿਹਾਸ ਦੀ ਮਸ਼ਹੂਰ ਹਸਤੀ, ਮੇਜਰ ਸ਼ੈਤਾਨ ਸਿੰਘ ਭੱਟੀ ਦਾ ਕਿਰਦਾਰ ਨਿਭਾਇਆ ਹੈ। ਫ਼ਰਹਾਨ ਦੇ ਨਾਲ ਅਦਾਕਾਰਾ ਰਾਸ਼ੀ ਖੰਨਾ ਦੀ ਵੀ ਵਿਸ਼ੇਸ਼ ਝਲਕ ਵੇਖਣ ਨੂੰ ਮਿਲੇਗੀ। ਰੇਜ਼ਾਂਗ ਲਾ ਦੀ ਮਹਾਨ ਲੜਾਈ ਬਾਰੇ ਜਾਣੂ ਕਰਵਾਉਂਦਾ ਇਹ ਟੀਜ਼ਰ ਭਾਰਤ ਅਤੇ ਚੀਨ ਵਿਚਕਾਰ ਵਧਦੇ ਤਣਾਅ ਨਾਲ ਸ਼ੁਰੂ ਹੁੰਦਾ ਹੈ, ਜਿਸ ਤੋਂ ਬਾਅਦ ਫਰਹਾਨ ਦਾ ਕਿਰਦਾਰ ਐਲਾਨ ਕਰਦਾ ਹੈ, ‘‘ਹਮ ਪੀਛੇ ਨਹੀਂ ਹਟੇਂਗੇ।’’ ਇਸ ਦੇ ਨਾਲ ਹੀ ਭਾਰਤੀ ਸੈਨਿਕਾਂ ਦੀ ਹਿੰਮਤ ਅਤੇ ਕੁਰਬਾਨੀ ਭਰੀ ਗੂੰਜ ਸੁਣਾਈ ਦਿੰਦੀ ਹੈ, ‘‘ਯੇ ਵਰਦੀ ਸਿਰਫ ਹਿੰਮਤ ਹੀ ਨਹੀਂ, ਬਲੀਦਾਨ ਭੀ ਮਾਂਗਤੀ ਹੈ।’’ ਇਹ ਟੀਜ਼ਰ ਚਾਰਲੀ ਕੰਪਨੀ ਦੇ ਉਨ੍ਹਾਂ 13 ਕੁਮਾਊਂ ਰੈਜੀਮੈਂਟ ਦੇ 120 ਸੈਨਿਕਾਂ ਨੂੰ ਸ਼ਰਧਾਂਜਲੀ ਹੈ, ਜੋ ਕਿ ਤਿੰਨ ਹਜ਼ਾਰ ਚੀਨੀ ਸੈਨਿਕਾਂ ਵਿਰੁੱਧ ਆਪਣੀ ਜ਼ਮੀਨ ’ਤੇ ਡਟ ਕੇ ਖੜ੍ਹੇ ਰਹੇ। ਫਰਹਾਨ ਨੇ ਇੰਸਟਾਗ੍ਰਾਮ ’ਤੇ ਦੱਸਿਆ, ‘‘120 ਬਹਾਦਰ’ ਇੱਕ ਸੱਚੀ ਕਹਾਣੀ ’ਤੇ ਆਧਾਰਿਤ ਹੈ।’’ ਫਿਲਮ ਦਾ ਪੋਸਟਰ ਰਿਲੀਜ਼ ਹੋਣ ਤੋਂ ਇਕ ਦਿਨ ਬਾਅਦ ਇਹ ਟੀਜ਼ਰ ਜਾਰੀ ਕੀਤਾ ਗਿਆ ਹੈ। ਫਿਲਮ ਦੀ ਸ਼ੂਟਿੰਗ ਲੱਦਾਖ, ਰਾਜਸਥਾਨ ਅਤੇ ਮੁੰਬਈ ਵਿੱਚ ਕੀਤੀ ਗਈ ਹੈ। ਫਿਲਮ ਦਾ ਨਿਰਦੇਸ਼ਨ ਰਜਨੀਸ਼ ਰਾਜ਼ੀ ਘਈ ਵੱਲੋਂ ਕੀਤਾ ਗਿਆ ਹੈ ਅਤੇ ਰਿਤੇਸ਼ ਸਿਧਵਾਨੀ, ਫਰਹਾਨ ਅਖਤਰ ਅਤੇ ਅਮਿਤ ਚੰਦਰਾ ਇਸ ਫਿਲਮ ਦੇ ਨਿਰਮਾਤਾ ਹਨ। ਇਹ ਫਿਲਮ 21 ਨਵੰਬਰ, 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।