ਸੁਪਰਸਟਾਰ ਰਜਨੀਕਾਂਤ 75 ਸਾਲ ਦੇ ਹੋਏ
ਸੁਪਰਸਟਾਰ ਰਜਨੀਕਾਂਤ, ਜਿਸ ਨੂੰ ਪਿਆਰ ਨਾਲ ‘ਥਲਾਈਵਾ’ ਵਜੋਂ ਜਾਣਿਆ ਜਾਂਦਾ ਹੈ, ਨੇ ਸ਼ੁੱਕਰਵਾਰ ਨੂੰ ਆਪਣਾ 75ਵਾਂ ਜਨਮ ਦਿਨ ਮਨਾਇਆ। ਇਸ ਮੌਕੇ ਜਿਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ, ਉਥੇ ਦੱਖਣੀ ਭਾਰਤੀ ਫਿਲਮ ਉਦਯੋਗ ਦੇ ਪ੍ਰਸ਼ੰਸਕਾਂ ਅਤੇ ਸਾਥੀ ਕਲਾਕਾਰਾਂ ਨੇ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਸ ਪ੍ਰਸਿੱਧ ਕਲਾਕਾਰ ਨੇ ਕੀਰਤੀਮਾਨ ਸਥਾਪਤ ਕੀਤੇ ਹਨ। ਥਲਾਈਵਾ ਦੇ ਨਾਂ ਨਾਲ ਮਸ਼ਹੂਰ ਇਸ ਸੁਪਰਸਟਾਰ ਨੇ ਆਪਣੇ ਅਭਿਨੈ ਅਤੇ ਆਪਣੀ ਵੱਖਰੀ ਸ਼ੈਲੀ ਨਾਲ ਕਈ ਪੀੜੀਆਂ ਦੇ ਦਰਸ਼ਕਾਂ ’ਤੇ ਆਪਣੀ ਛਾਪ ਛੱਡੀ। ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਮੰਚ ’ਐਕਸ’ ’ਤੇ ਪੋਸਟ ’ਚ ਕਿਹਾ, ‘‘ਰਜਨੀਕਾਂਤ ਨੂੰ ਉਨ੍ਹਾਂ ਦੀ 75ਵੀਂ ਵਰ੍ਹੇਗੰਢ ਦੇ ਵਿਸ਼ੇਸ਼ ਮੌਕੇ ’ਤੇ ਹਾਰਦਿਕ ਸ਼ੁੱਭਕਾਮਨਾਵਾਂ। ਉਨ੍ਹਾਂ ਦੇ ਅਭਿਨੈ ਨੇ ਕਈ ਪੀੜੀਆਂ ਦਾ ਮਨੋਰੰਜਨ ਕੀਤਾ ਹੈ। ਉਨ੍ਹਾਂ ਨੂੰ ਲੋਕਾਂ ਦਾ ਭਰਪੂਰ ਪਿਆਰ ਅਤੇ ਪ੍ਰਸ਼ੰਸਾ ਮਿਲੀ ਹੈ।’’ ਉਨ੍ਹਾਂ ਕਿਹਾ ਕਿ ਰਜਨੀਕਾਂਤ ਨੇ ਆਪਣੇ ਕੰਮ ਨਾਲ ਕਈ ਕੀਰਤੀਮਾਨ ਸਥਾਪਤ ਕੀਤੇ ਹਨ। ਇਹ ਸਾਲ ਉਨ੍ਹਾਂ ਲਈ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਫਿਲਮ ਜਗਤ ’ਚ ਉਨ੍ਹਾਂ 50 ਸਾਲ ਪੂਰੇ ਕੀਤਾ ਹਨ ਅਤੇ ਉਹ ਉਨ੍ਹਾਂ ਦੇ ਲੰਮੇ ਅਤੇ ਨਿਰੋਗ ਜੀਵਨ ਦੀ ਕਾਮਨਾ ਕਰਦੇ ਹਨ। ਇਸ ਦੇ ਨਾਲ ਹੀ ਟੌਲੀਵੁੱਡ ਤੋਂ ਲੈ ਕੇ ਕੌਲੀਵੁੱਡ ਤੱਕ ਕਮਲ ਹਾਸਨ, ਧਨੁਸ਼ ਅਤੇ ਮੋਹਨ ਲਾਲ ਵਰਗੀਆਂ ਪ੍ਰਮੁੱਖ ਹਸਤੀਆਂ ਨੇ ਵਧਾਈਆਂ ਦਿੱਤੀਆਂ ਹਨ। ਕਮਲ ਹਾਸਨ ਨੇ ਆਪਣੇ ‘ਐਕਸ’ ਹੈਂਡਲ ’ਤੇ ਆਪਣੇ ਦੋਸਤ ਅਤੇ ਸਹਿ-ਕਲਾਕਾਰ ਲਈ ਦਿਲ ਟੁੰਬਣ ਵਾਲਾ ਨੋਟ ਲਿਖਿਆ, ‘‘ਸ਼ਾਨਦਾਰ ਜੀਵਨ ਦੇ 75 ਸਾਲ। ਮਹਾਨ ਸਿਨੇਮਾ ਦੇ 50 ਸਾਲ। ਜਨਮ ਦਿਨ ਮੁਬਾਰਕ, ਮੇਰੇ ਦੋਸਤ।” ਦਾਦਾ ਸਾਹਿਬ ਫਾਲਕੇ ਪੁਰਸਕਾਰ ਜੇਤੂ ਅਦਾਕਾਰ ਮੋਹਨਲਾਲ ਨੇ ਰਜਨੀਕਾਂਤ ਲਈ ਸੁੰਦਰ ਸੰਦੇਸ਼ ਲਿਖਿਆ, ਜਿਸ ਵਿੱਚ ਸਿਨੇਮਾ ਵਿੱਚ ਅਦਾਕਾਰ ਦੇ 50 ਸਾਲਾਂ ਦੀ ਸ਼ਾਨ ਨੂੰ ਯਾਦ ਕੀਤਾ ਗਿਆ।
