‘ਸਨੀ ਸੰਸਕਾਰੀ ਕੀ ਤੁਲਸੀ ਕੁਮਾਰੀ’ ਨੂੰ ਦਰਸ਼ਕਾਂ ਦਾ ਮੱਠਾ ਹੁੰਗਾਰਾ
ਅਦਾਕਾਰ ਵਰੁਣ ਧਵਨ ਅਤੇ ਜਾਨ੍ਹਵੀ ਕਪੂਰ ਦੀ ਫਿਲਮ ‘ਸਨੀ ਸੰਸਕਾਰੀ ਕੀ ਤੁਲਸੀ ਕੁਮਾਰੀ’ ਨੂੰ ਰਿਲੀਜ਼ ਦੇ ਪਹਿਲੇ ਦਿਨ ਦੋ ਅਕਤੂਬਰ ਨੂੰ ਛੁੱਟੀ ਕਾਰਨ ਵੱਡੀ ਗਿਣਤੀ ਲੋਕ ਦੇਖਣ ਪੁੱਜੇ ਸਨ। ਤੀਜੇ ਦਿਨ ਫਿਲਮ ਨੂੰ ਦਰਸ਼ਕਾਂ ਦਾ ਮੱਠਾ ਹੁੰਗਾਰਾ ਮਿਲਿਆ। ਟਰੇਡ ਐਨਾਲਿਸਟ ਤਰਨ ਆਦਰਸ਼ ਅਨੁਸਾਰ ਇਸ ਫਿਲਮ ਨੇ ਹਾਲੇ ਤਕ ਕਰੀਬ 23.92 ਕਰੋੜ ਦੀ ਕਮਾਈ ਕੀਤੀ ਹੈ। ਆਦਰਸ਼ ਅਨੁਸਾਰ ਸ਼ਨਿਚਰਵਾਰ ਨੂੰ ਭਾਵੇਂ ਵੱਡੀ ਗਿਣਤੀ ਦਰਸ਼ਕ ਦੇਖਣ ਪੁੱਜੇ ਪਰ ਇਹ ਗਿਣਤੀ ਉਮੀਦ ਨਾਲੋਂ ਕਾਫ਼ੀ ਘੱਟ ਰਹੀ। ਫਿਲਮ ਨੇ ਰਿਲੀਜ਼ ਦੇ ਤੀਜੇ ਦਿਨ 7.80 ਕਰੋੜ ਦੀ ਕਮਾਈ ਕੀਤੀ ਹੈ। ਇਸ ਸਬੰਧੀ ਆਦਰਸ਼ ਨੇ ‘ਐਕਸ’ ਉੱਪਰ ਲਿਖਿਆ ਹੈ ਕਿ ‘ਸਨੀ ਸੰਸਕਾਰੀ ਕੀ ਤੁਲਸੀ ਕੁਮਾਰੀ’ ਨੂੰ ਦੇਖਣ ਲਈ ਸ਼ਨਿਚਰਵਾਰ ਨੂੰ ਵੀ ਵੱਡੀ ਗਿਣਤੀ ਦਰਸ਼ਕ ਨਹੀਂ ਪੁੱਜੇ। ਇਸ ਦਿਨ ਦਰਸ਼ਕਾਂ ਦੀ ਗਿਣਤੀ ’ਚ ਸ਼ੁੱਕਰਵਾਰ ਨਾਲੋਂ ਮਹਿਜ਼ 29.78 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਇਹ ਵਾਧਾ ਭਾਵੇਂ ਸ਼ੁੱਕਰਵਾਰ ਨਾਲੋਂ ਚੰਗਾ ਸੀ ਪਰ ਇਹ ਗਿਣਤੀ ਵੀਰਵਾਰ ਨਾਲੋਂ ਕਾਫ਼ੀ ਘੱਟ ਹੈ। ਇਸ ਫਿਲਮ ਨੇ ਵੀਰਵਾਰ ਨੂੰ 10.11 ਕਰੋੜ ਦੀ ਕਮਾਈ ਕੀਤੀ ਸੀ। ਅਗਲੇ ਦਿਨ ਸ਼ੁੱਕਰਵਾਰ ਨੂੰ 6.01 ਕਰੋੜ ਅਤੇ ਸ਼ਨਿਚਰਵਾਰ ਨੂੰ 7.80 ਕਰੋੜ ਦੀ ਕਮਾਈ ਕੀਤੀ ਹੈ।