‘ਸਨੀ ਸੰਸਕਾਰੀ ਕੀ ਤੁਲਸੀ ਕੁਮਾਰੀ’ ਨੇ ਪਹਿਲੇ ਦਿਨ 10 ਕਰੋੜ ਕਮਾਏ
ਰੋਮਾਂਟਿਕ ਕਾਮੇਡੀ ਫਿਲਮ ‘ਸਨੀ ਸੰਸਕਾਰੀ ਕੀ ਤੁਲਸੀ ਕੁਮਾਰੀ’ ਨੇ ਰਿਲੀਜ਼ ਦੇ ਪਹਿਲੇ ਦਿਨ ਘਰੇਲੂ ਬਾਕਸ ਆਫਿਸ ’ਤੇ 10.11 ਕਰੋੜ ਦੀ ਕਮਾਈ ਕੀਤੀ ਹੈ। ਫਿਲਮਕਾਰਾਂ ਨੇ ਇਸ ਦਾ ਖ਼ੁਲਾਸਾ ਰਿਲੀਜ਼ ਦੇ ਅਗਲੇ ਦਿਨ ਸ਼ੁੱਕਰਵਾਰ ਨੂੰ ਕੀਤਾ ਹੈ। ਇਸ ਫਿਲਮ ਦੀ 2 ਅਕਤੂਬਰ ਨੂੰ ਦਸਹਿਰੇ ਦੀ ਛੁੱਟੀ ਸਦਕਾ ਚੰਗੀ ਸ਼ੁਰੂਆਤ ਹੋਈ ਹੈ। ਇਸ ਵਿੱਚ ਵਰੁਣ ਧਵਨ, ਜਾਨ੍ਹਵੀ ਕਪੂਰ, ਸਾਨਿਆ ਮਲਹੋਤਰਾ ਅਤੇ ਰੋਹਿਤ ਸਰਾਫ ਨੇ ਮੁੱਖ ਕਿਰਦਾਰ ਨਿਭਾਏ ਹਨ। ਇਸ ਦਾ ਨਿਰਦੇਸ਼ਨ ਸ਼ਸ਼ਾਂਕ ਖੇਤਾਨ ਨੇ ਕੀਤਾ ਹੈ ਜਦੋਂਕਿ ਨਿਰਮਾਤਾ ਕਰਨ ਜੌਹਰ ਦਾ ਧਰਮਾ ਪ੍ਰੋਡਕਸ਼ਨ ਹੈ। ਇਹ ਫਿਲਮ ਮੁਲਕ ਭਰ ਦੇ ਸਿਨੇਮਾ ਘਰਾਂ ਵਿੱਚ ਵੀਰਵਾਰ ਨੂੰ ਰਿਲੀਜ਼ ਕੀਤੀ ਗਈ ਸੀ। ਰਿਲੀਜ਼ ਦੇ ਪਹਿਲੇ ਦਿਨ ਛੁੱਟੀ ਹੋਣ ਕਰ ਕੇ ‘ਸਨੀ ਸੰਸਕਾਰੀ ਕੀ ਤੁਲਸੀ ਕੁਮਾਰੀ’ ਨੇ ਬਾਕਸ ਆਫਿਸ ’ਤੇ 10.11 ਕਰੋੜ ਦੀ ਕਮਾਈ ਕੀਤੀ ਹੈ। ਫ਼ਿਲਮ ‘ਕੰਤਾਰਾ: ਚੈਪਟਰ 1’ ਦੇ ਨਾਲ ਇੱਕੋ ਦਿਨ ਰਿਲੀਜ਼ ਹੋਣ ਕਰ ਕੇ ਵੀ ਇਸ ਦੀ ਕਮਾਈ ਪ੍ਰਭਾਵਿਤ ਹੋਈ ਹੈ। ਇਸ ਦਾ ਵੱਡਾ ਅਸਰ ਖ਼ਾਸ ਕਰ ਕੇ ਦੱਖਣੀ ਭਾਰਤ ਵਿੱਚ ਪਿਆ ਹੈ। ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਇਹ ਫਿਲਮ ਸ਼ਨਿਚਰਵਾਰ ਅਤੇ ਐਤਵਾਰ ਨੂੰ ਕਿੰਨੀ ਕਮਾਈ ਕਰਦੀ ਹੈ। ਇਸ ਫਿਲਮ ਵਿੱਚ ਸਨੀ ਅਤੇ ਤੁਲਸੀ ਬਚਪਨ ਦੇ ਦੋਸਤ ਹੁੰਦੇ ਹਨ ਜੋ ਕਾਫ਼ੀ ਸਾਲਾਂ ਬਾਅਦ ਦਿੱਲੀ ਵਿੱਚ ਇਕੱਠੇ ਹੁੰਦੇ ਹਨ।